Share on Facebook

Main News Page

ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਸੰਗਤ ਟੀ ਵੀ ਉੱਤੇ ‘ਪੰਥ’ ਅਤੇ ‘ਸਿੱਖ ਰਹਤ ਮਰਯਾਦਾ’ ਬਾਰੇ ਚਰਚਾ 'ਤੇ ਕੁੱਝ ਸਵਾਲ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਮਿਤੀ 7/24/2016 ਨੂੰ ਸੰਗਤ ਟੀ ਵੀ ਉੱਤੇ ਪ੍ਰੋਗ੍ਰਾਮ ਸਵਾਲਾਂ ਦੇ ਜਵਾਬ ਸੁਣਿਆਂ। ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਨੂੰ ਵੀ ਪੈਨਲ ਵਿੱਚ ਬਿਠਾਇਆ ਗਿਆ ਅਤੇ ਉਹ ਆਪਣੀ ਲਿਖੀ ‘ਰਹਤ ਮਰਯਾਦਾ ਦੀ ਵਿਆਖਿਆ’ ਪੁਸਤਕ ਵੀ ਮਸ਼ਹੂਰੀ ਵਜੋਂ ਦਿਖਾ ਰਹੇ ਸਨ। ਜੋ ਗੱਲਾਂ ਪੈਨਲ ਵਲੋਂ ਕਹੇ ਅਨੁਸਾਰ ਉੱਭਰ ਕੇ ਸਾਮ੍ਹਣੇ ਆਈਆਂ ਉਹ ਨੁਕਤੇ ਵਾਰ ਹੇਠ ਲਿਖੇ ਅਨੁਸਾਰ ਹਨ:-

1. ‘ਸਿੱਖ ਰਹਤ ਮਰਯਾਦਾ’ ਪੰਥ ਪ੍ਰਵਾਨਤ ਹੈ।
2. ‘ਸਿੱਖ ਰਹਤ ਮਰਯਾਦਾ’ ਵਿੱਚ ਪੰਥ ਤੋਂ ਬਿਨਾਂ ਕੋਈ ਦੂਜੀ ਧਿਰ , ਭਾਵੇਂ. ਤਖ਼ਤਾਂ ਦੇ ਜਥੇਦਾਰ ਹੋਣ, ਫੇਰ ਬਦਲ ਨਹੀਂ ਕਰ ਸਕਦੀ।
3. ਸਿੱਖ ਰਹਤ ਮਰਯਾਦਾ ਗੁਰਬਾਣੀ ਦਾ 14 ਵਰ੍ਹੇ ਮੰਥਨ ਕਰਕੇ ਬਣਾਈ ਹੈ।
4. ਸਿੱਖ ਰਹਤ ਮਰਯਾਦਾ ਸਾਰੇ ਸਿੱਖਾਂ ਨੂੰ ਇਕੱਠੇ ਰੱਖਣ ਲਈ ਬਣਾਈ ਸੀ।
5. ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਉੱਤੇ ਗੁਰ ਸ਼ਬਦ ਦੇ ਗਿਆਨ ਨਾਲ਼ ਤਰਕ ਕਰਨ ਵਾਲ਼ਿਆਂ ਉੱਤੇ ਕਟਾਖ਼ਸ਼ ਕੀਤਾ ਗਿਆ।
6. ਰਾਗਮਾਲ਼ਾ ਪੜ੍ਹਨ ਵਾਲ਼ੇ ਵੀ ਸਿੱਖ ਅਤੇ ਨਾ ਪੜ੍ਹਨ ਵਾਲ਼ੇ ਵੀ ਸਿੱਖ ਅਖਵਾਉਣ ਦੇ ਹੱਕਦਾਰ ਹਨ।
7. ਸਿੱਖ ਬੀਬੀਆਂ ਦੇ ਚਿਹਰੇ ਉੱਤੇ ਅਣਚਾਹੇ ਆਏ ਵਾਲ਼ਾਂ ਬਾਰੇ ਵਿਚਾਰ।

ਆਓ ਸਿੱਖ ਵਿਦਵਾਨਾਂ ਵਲੋਂ ਦਿੱਤੇ ਉਪਰੋਕਤ ਵਿਚਾਰਾਂ ਨੂੰ ਦੂਰ ਦ੍ਰਿਸ਼ਟੀ ਨਾਲ਼ ਇੱਕ-ਇੱਕ ਕਰਕੇ ਵਿਚਾਰੀਏ-

ਨੁਕਤਾ ਨੰਬਰ 1: ‘ਸਿੱਖ ਰਹਤ ਮਰਯਾਦਾ’ ਪੰਥ ਪ੍ਰਵਾਨਤ ਹੈ।

ਪੈਨਲ ਨੇ ਕਿਹਾ ਕਿ ਸਿੱਖ ਰਹਤ ਮਰਯਾਦਾ ਪੰਥ ਪ੍ਰਵਾਨਤ ਹੈ। ਸਕੱਤ੍ਰ ਵਲੋਂ ਗੁਲਸ਼ਨ ਜੀ ਨੂੰ ਪੁੱਛੇ ‘ਪੰਥ ਕੀ ਹੈ’ ਦੇ ਪ੍ਰਸ਼ਨ ਦਾ ਉੱਤਰ ਉਹ ਟਾਲ਼ ਗਏ। ਉਂਝ ਪੰਥ ਜਾਂ ਪੰਧ ਦਾ ਅਰਥ ਹੈ ‘ਰਸਤਾ’। ਜਿਵੇਂ- ਮੰਨੈ ਮਗੁ ਨ ਚਲੈ ਪੰਥੁ॥ (ਜਪੁ)। ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ॥ (ਗਗਸ 964/16)। ਪਾਵ ਜੁਲਾਈ ਪੰਧ ਤਉ ਨੈਣੀ ਦਰਸੁ ਦਿਖਾਲਿ॥ (ਗਗਸ 761/11)। ਕਿਸੇ ‘ਪੰਥ’ ਉੱਤੇ ਚੱਲਣ ਵਾਲ਼ਾ ‘ਪੰਥੀ’ ਕਹਾਉਂਦਾ ਹੈ, ਪੰਥ ਨਹੀਂ, ਅਤੇ ‘ਪੰਧ’ ਉੱਤੇ ਚੱਲਣ ਵਾਲ਼ਾ ‘ਪਾਂਧੀ’। ਜੋਗੀਆਂ ਦੇ 12 ਪੰਥਾਂ ਵਿੱਚੋਂ ਇੱਕ ‘ਆਈ’ ਪੰਥ ਹੈ। ਇਸ ਪੰਥ ਉੱਤੇ ਚੱਲਣ ਵਾਲ਼ੇ ਨੂੰ ਵੱਡੇ ਬਾਬਾ ਨਾਨਕ ਨੇ ‘ਜਪੁ’ ਬਾਣੀ ਵਿੱਚ ‘ਆਈ ਪੰਥੀ’ ਕਿਹਾ ਹੈ ਨਾ ਕਿ ‘ਆਈ ਪੰਥ’। ਸਿੱਖੀ ਦੇ ਪੰਥ ਉੱਤੇ ਚੱਲਣ ਵਾਲ਼ਾਂ ਸਿੱਖ ਪੰਥੀ, ਨਾਨਕ ਦੇ ਰਸਤੇ ਉੱਤੇ ਚੱਲਣ ਵਾਲ਼ਾ ‘ਨਾਨਕ ਪੰਥੀ’ ਅਤੇ ਖ਼ਾਲਸਈ ਰਸਤੇ ਉੱਤੇ ਚੱਲਣ ਵਾਲ਼ਾ ‘ਖ਼ਾਲਸਾ ਪੰਥੀ’ ਹੁੰਦਾ ਹੈ। ਇਵੇਂ ਹੀ ‘ਕਬੀਰ ਪੰਥੀ’ ਉਹ ਹੈ ਜੋ ਕਬੀਰ ਜੀ ਦੇ ਦੱਸੇ ਰਸਤੇ ਉੱਪਰ ਚਲਦਾ ਹੈ। ‘ਸਿੱਖ ਪੰਥ’ ਸਿੱਖਾਂ ਲਈ ਬਣਾਇਆ ਇੱਕ ਰਸਤਾ ਹੈ, ਪ੍ਰਾਣੀਆਂ ਦਾ ਸਮੂਹ ਨਹੀਂ। ਸਿੱਖ ਰਹਤ ਮਰਯਾਦਾ ਕਿਤਾਬਚੇ ਦੇ ਕਿਸੇ ਪੰਨੇ ਉੱਤੇ ਇਹ ਨਹੀਂ ਲਿਖਿਆ ਕਿ ਇਹ ਮਰਯਾਦਾ ‘ਪੰਥ ਪ੍ਰਵਾਨਤ’ ਹੈ। ਸਿੱਖ ਪੈਨਲ ਕੋਲ਼ ਅਜਿਹਾ ਕੋਈ ਸਬੂਤ ਹੈ ਤਾਂ ਜ਼ਰੂਰ ਸਾਂਝਾ ਕੀਤਾ ਜਾਵੇ। ਇਹ ਜ਼ਰੂਰ ਲਿਖਿਆ ਹੈ ਕਿ ਇਹ ਸ਼੍ਰੋ. ਕਮੇਟੀ ਵਲੋਂ ਪ੍ਰਵਾਨਤ ਹੈ।

ਮੰਨ ਲਓ ਸਿੱਖ ਪੈਨਲ ਦੇ ਵਿਦਵਾਨ ਸ਼੍ਰੋ. ਕਮਟੀ ਵਲੋਂ ਬਣਾਈ 25 ਮੈਂਬਰੀ ਸੱਬ-ਕਮੇਟੀ ਨੂੰ ਹੀ ਭਰਮ ਵਿੱਚ ‘ਪੰਥ’ ਕਹਿੰਦੇ ਹੋਣ। ਸਵਾਲ ਇਹ ਹੈ ਕਿ ਰਹਤ ਮਰਯਾਦਾ ਵਿੱਚ 25 ਮੈਂਬਰੀ ‘ਸੱਬ-ਕਮੇਟੀ’ ਨੂੰ ਕਿਤੇ ਵੀ ਪੰਥ ਨਹੀਂ ਲਿਖਿਆ ਗਿਆ। ਸਿੱਖ ਪੈਨਲ ਨੇ ਇਸ ਕਮੇਟੀ ਨੂੰ ਸਿੱਖ ਪੰਥ ਦਾ ਦਰਜਾ ਆਪਣੇ ਕੋਲ਼ੋਂ ਕਿਵੇਂ ਦੇ ਦਿੱਤਾ? ਸ਼੍ਰੋ. ਕਮੇਟੀ ਨੇ ‘ਪੰਥ’ ਨਹੀਂ ਬਣਾਇਆ ਸੀ ਸਗੋਂ 25 ਮੈਂਬਰੀ ‘ਸੱਬ-ਕਮੇਟੀ’ ਬਣਾਈ ਸੀ। ਰਹਤ ਮਰਯਾਦਾ ਦੇ ਪੰਨਾਂ ਨੰਬਰ 2 ਉੱਤੇ ਲਿਖਿਆ ਹੈ- “ਰਹਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ ਹੇਠ ਲਿਖੇ ਮੈਂਬਰਾਂ ਦੀ ਸੱਬ-ਕਮੇਟੀ ਬਣਾਈ ਸੀ”।

ਸਿੱਖ ਪੈਨਲ ਨੇ 25 ਮੈਂਬਰੀ ਸੱਬ ਕਮੇਟੀ ਨੂੰ ਭਾਵੇਂ ਭਰਮ ਵਿੱਚ ਪੰਥ ਕਿਹਾ ਹੈ ਪਰ ਇਸ ਪੰਥ ਨੂੰ ਸ਼੍ਰੋ. ਕਮੇਟੀ ਨੇ ਕਿਵੇਂ ਖੁੱਡੇ ਲਾਈਨ ਲਾਇਆ, ਇਸ ਬਾਰੇ ਵੀ ਵਿਚਾਰ ਕਰਦੇ ਹਾਂ-

ੳ.) ਰਹਤ ਮਰਯਾਦਾ ਕਮੇਟੀ ਦੇ 4 ਸਮਾਗਮ 4-5 ਅਕਤੂਬਰ 1931, 3 ਅਤੇ 31 ਜਨਵਰੀ 1932 ਨੂੰ ਹੋਏ। ਰਹਤ ਮਰਯਾਦਾ ਕਿਤਾਬਚੇ ਦੇ ਪੰਨਾਂ 3 ਉੱਤੇ ਲਿਖਿਆ ਹੈ ਕਿ ਇਨ੍ਹਾਂ 4 ਸਮਾਗਮਾਂ ਵਿੱਚ 25 ਮੈਂਬਰੀ ਸੱਬ ਕਮੇਟੀ ਦੇ ਕੇਵਲ 14 ਮੈਬਰਾਂ ਨੇ ਭਾਗ ਲਿਆ ਜਿਨ੍ਹਾਂ ਦੇ ਨਾਂ ਵੀ ਪੰਨਾਂ ਨੰਬਰ 3 ਉੱਤੇ ਲਿਖੇ ਗਏ ਹਨ। ਹੁਣ ਸਿੱਖ ਪੈਨਲ ਨੂੰ ਪ੍ਰਸ਼ਨ ਹੈ ਕਿ ਤੁਹਾਡੇ ਕਲ਼ਪੇ ਪੰਥ ਦੇ 11 ਮੈਂਬਰ ਕਿਉਂ ਰੁੱਸ ਗਏ ? ਤੁਹਾਡਾ ਪੰਥ ਤਾਂ ਸੁੰਗੜ ਗਿਆ। ਜੇ ਪੰਥ ਹੀ ਦੋ ਫਾੜ ਹੋ ਗਿਆ ਤਾਂ ਇਹ ਮਰਯਾਦਾ ਕਿਹੜੇ ਪੰਥ ਦੀ ਬਣਾਈ ਹੈ?

ਅ.) ਸਿੱਖ ਪੈਨਲ ਦੇ ਪੰਥ ਨੂੰ ਇੱਕ ਝਟਕਾ ਲੱਗਾ! 14 ਮੈਂਬਰਾਂ ਦੇ ਪੰਥੀਆਂ ਦਾ ਬਣਾਇਆ ਖਰੜਾ ਜਦੋਂ ਸ਼੍ਰੋ. ਕਮੇਟੀ ਨੂੰ ਸੌਂਪਿਆ ਤਾਂ ਉਹ ਕਮੇਟੀ ਨੇ ਪ੍ਰਵਾਨ ਕਿਉਂ ਨਹੀਂ ਕੀਤਾ? ਕੀ ਸ਼੍ਰੋ. ਕਮੇਟੀ ਦੀਆਂ ਭਾਵਨਾਵਾਂ ਅਨੁਸਾਰ ਇਹ ਖਰੜਾ ਨਹੀਂ ਸੀ ਬਣਿਆਂ? ਜੇ ਸ਼ੋ. ਕਮੇਟੀ ਨੇ ਅਜਿਹਾ ਕਰਨਾ ਸੀ ਤਾਂ ਉਹ ਆਪਣੀਆਂ ਭਾਵਨਾਵਾਂ ਨੂੰ ਪਹਿਲਾਂ ਹੀ ਲਿਖ ਕੇ ਸੱਬ ਕਮੇਟੀ ਨੂੰ ਦੇ ਦਿੰਦੀ ਕਿ ਇਨ੍ਹਾਂ ਨੂੰ ਖਰੜੇ ਵਿੱਚ ਜ਼ਰੂਰ ਸ਼ਾਮਲ ਕਰਿਓ। ਸ਼੍ਰੋ. ਕਮੇਟੀ ਨੇ ਸਿੱਖ ਪੈਨਲ ਦੇ ਕਲ਼ਪੇ ਪੰਥ ਦੀ ਤੌਹੀਨ ਕਰ ਦਿੱਤੀ। ਵੱਡਾ ਕੌਣ ਹੋਇਆ? ਪੈਨਲ ਦਾ ਕਲ਼ਪਿਆ ਪੰਥ ਜਾਂ ਸ਼੍ਰੋ. ਕਮੇਟੀ? ਕਮੇਟੀ ਨੂੰ ਕਲ਼ਪੇ ਪੰਥ ਉੱਤੇ ਵਿਸ਼ਵਾਸ ਹੀ ਨਹੀਂ ਰਿਹਾ।

ੲ.) ਸਿੱਖ ਪੈਨਲ ਦੇ ਕਲ਼ਪੇ ਪੰਥ ਨੂੰ ਇੱਕ ਹੋਰ ਵੱਡਾ ਝਟਕਾ! ਸ਼੍ਰੋ. ਕਮੇਟੀ ਵਲੋਂ ਖਰੜਾ ਰੱਦ ਕਰਨ ਪਿੱਛੋਂ ਇਸ ਨੇ 8 ਮਈ, 1932 ਨੂੰ ਆਪੂੰ ਬਣਾਈ ਪਹਿਲੀ ਸੱਬ ਕਮੇਟੀ ਨੂੰ ਇੱਕ ਪਾਸੇ ਕਰ ਕੇ ਇੱਕ ਨਵੀਂ ਕਮੇਟੀ ਦੇ ਹੱਥਾਂ ਵਿੱਚ ਖਰੜਾ ਦੇ ਦਿੱਤਾ। ਇੱਸ ਕਮੇਟੀ ਵਿੱਚ ਸੱਬ ਕਮੇਟੀ ਦੇ ਕੇਵਲ 2 ਮੈਂਬਰ (25 ਮੈਂਬਰਾਂ ਵਿੱਚੋਂ) ਲਏ ਜਦੋਂ ਕਿ 8 ਮੈਂਬਰ ਪਹਿਲਾਂ ਚੁਣੇ ਪੰਥ( ਸੱਬ-ਕਮੇਟੀ) ਤੋਂ ਬਾਹਰੋਂ ਬੁਲਾਏ ਗਏ। ਰਹਤ ਮਰਯਾਦਾ ਸੱਬ-ਕਮੇਟੀ ਦੀ ਇਹ ਸੱਭ ਤੋਂ ਵੱਡੀ ਨਿਰਾਦਰੀ ਸੀ ਜਿਸ ਉੱਤੇ ਸ਼੍ਰੋ. ਕਮੇਟੀ ਨੇ ਆਪਣਾ ਵਿਸ਼ਵਾਸ਼ ਵੀ ਗੁਆ ਦਿੱਤਾ। ਸੱਬ-ਕਮੇਟੀ ਦੇ ਕਨਵੀਨਰ ਨੂੰ ਵੀ ਇਸ ਨਵੀਂ ਬਣਾਈ ਕਮੇਟੀ ਤੋਂ ਬਾਹਰ ਦਾ ਪੰਥ (ਰਸਤਾ) ਦਿਖਾ ਦਿੱਤਾ ਗਿਆ। ਇਨ੍ਹਾਂ ਨਵੇਂ 8 ਮੈਂਬਰਾਂ ਦੇ ਅਤੇ ਪੁਰਾਣੇ 2 ਮੈਂਬਰਾਂ ਦੇ ਨਾਂ ਰਹਤ ਮਰਯਾਦਾ ਕਿਤਾਬਚੇ ਦੇ ਪੰਨਾਂ 4 ਉੱਤੇ ਦਰਜ ਹਨ। ਹੁਣ ਸਿੱਖ ਪੈਨਲ ਦੱਸੇ ਕਿ ਉਹ ਕਿਹੜੇ ਪੰਥ ਦੀ ਗੱਲ ਕਰਦੇ ਹਨ? ਇਸ 2 ਮੈਂਬਰੀ ਚੁਣੇ ਪੰਥ ਦੀ ਕਿ ਨਵੇਂ ਬਣਾਏ 8 ਮੈਂਬਰੀ ਪੰਥ ਦੀ? ਸਿੱਖ ਪੈਨਲ ਦਾ ਕਿਹੜਾ ‘ਪੰਥ’ ਹੈ ਜੋ ਖਰੜੇ ਨੂੰ ਪ੍ਰਵਾਨਦਾ ਹੈ? ਸ਼੍ਰੋ. ਕਮੇਟੀ ਦੀ ਇਸ ਕਾਰਵਾਈ ਤੋਂ ਸਿੱਟਾ ਕੱਢਣਾਂ ਔਖਾ ਨਹੀਂ ਕਿ ਇਸ ਨੇ ਬ੍ਰਾਹਮਣਵਾਦੀ ਜਥੇਬੰਦੀਆਂ, ਜਿਨ੍ਹਾਂ ਦੇ ਮਹੰਤਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਸਮੇਂ ਗੁਰਦੁਆਰਿਆਂ ਵਿੱਚੋਂ ਸ਼੍ਰੋ. ਕਮੇਟੀ ਨੇ ਜ਼ੋਰ ਨਾਲ਼ ਬਾਹਰ ਕੱਢਿਆ ਗਿਆ ਸੀ, ਅਤੇ ਸ਼੍ਰੋ. ਕਮੇਟੀ ਵਿੱਚ ਅੰਗ੍ਰੇਜ਼ ਸਰਕਾਰ ਦੇ ਪਿੱਠੂ ਸ਼ਾਮਲ ਕੀਤੇ 36 ਮੈਂਬਰਾਂ ਨੇ ਖਰੜੇ ਵਿੱਚ ਬ੍ਰਾਹਮਣਵਾਦੀ ਅੰਸ਼ਾਂ ਨੂੰ ਸ਼ਾਮਲ ਕਰਨ ਵਿੱਚ ਆਪਣਾ ਅਸਰ ਰਸੂਖ਼ ਵਰਤਿਆ।

ਸ.) ਹੁਣ ਸੱਬ-ਕਮੇਟੀ ਨੂੰ ਪਤਾ ਲੱਗ ਚੁੱਕਾ ਸੀ ਕਿ ਸ਼੍ਰੋ. ਕਮੇਟੀ ਵਲੋਂ ਖਰੜੇ ਵਿੱਚ ਕਰਾਈਆਂ ਤਬਦੀਲੀਆਂ ਉੱਤੇ ਉਹ ਕਿੰਤੂ ਪ੍ਰੰਤੂ ਨਹੀਂ ਕਰ ਸਕਦੀ ਨਹੀਂ।
26 ਸਤੰਬਰ 1932 ਨੂੰ ਸ਼੍ਰੋ. ਕਮੇਟੀ ਨੇ ਹੁਣ ਤਕ ਬਣਾਏ ਖਰੜੇ ਨੂੰ ਮੁੜ ਇੱਕ ਹੋਰ ਕਮੇਟੀ ਦੇ ਸਪੁਰਦ ਕਰ ਦਿੱਤਾ। ਇਸ ਕਮੇਟੀ ਵਿੱਚ ਸਬ-ਕਮੇਟੀ ਦੇ 7 ਅਤੇ ਬਾਹਰੋਂ 2 ਮੈਂਬਰ ਲਏ ਗਏ। ਹੁਣ ਸਿੱਖ ਪੈਨਲ ਨੂ ਪ੍ਰਸ਼ਨ ਹੈ ਕਿ ਉਹ ਦੱਸੇ ਕਿ ਹੁਣ ਉਨ੍ਹਾਂ ਦਾ ਕਲ਼ਪਿਆ ਪੰਥ 7 ਮੈਂਬਰੀ ਹੈ ਜਾਂ ਫਿਰ 2 ਮੈਂਬਰੀ? ਜਿਸ ਪੰਥ ਉਤੇ ਸ਼੍ਰੋ. ਕਮੇਟੀ ਨੂੰ ਆਪੂੰ ਵਿਸ਼ਵਾਸ ਨਹੀਂ ਰਿਹਾ ਉਹ ਰਹਤ ਮਰਯਾਦਾ ਨੂੰ ਪ੍ਰਵਾਨਤ ਕਿਵੇਂ ਕਰ ਸਕਦਾ ਹੈ? ਇਨ੍ਹਾਂ ਨਵੇਂ ਅਤੇ ਪੁਰਾਣੇ ਮੈਂਬਰਾਂ ਦੇ ਨਾਂ ਰਹਤ ਮਰਯਾਦਾ ਕਿਤਾਬਚੇ ਦੇ ਪੰਨਾਂ 4 ਉੱਤੇ ਦਰਜ ਹਨ।

ਹ.) ਖਰੜਾ ਸ਼੍ਰੋ. ਕਮਟੀ ਨੂੰ 1 ਅਕਤੂਬਰ 1932 ਨੂੰ ਸੌਪ ਦਿੱਤਾ ਗਿਆ। ਇਹ ਵੀ ਕਲ਼ਪੇ ਪੰਥ ਤੋਂ ਪ੍ਰਵਾਨ ਨਹੀਂ ਸੀ ਕਿਉਂਕਿ ਪ੍ਰਵਾਨਗੀ ਦਾ ਅਧਕਾਰ ਸ਼੍ਰੋ. ਕਮੇਟੀ ਕੋਲ਼ ਸੀ।

ਕ.) ਇਹ ਖਰੜਾ ਇੱਸ ਉੱਤੇ ਪਈਆਂ ਬ੍ਰਾਹਮਣਵਾਦ ਦੀਆਂ ਸੱਟਾਂ ਤੋਂ 4 ਸਾਲ ਸ਼੍ਰੋ. ਕਮੇਟੀ ਕੋਲ਼ ਆਰਾਮ ਕਰਦਾ ਰਿਹਾ। ਇਨ੍ਹਾਂ 4 ਸਾਲਾਂ ਵਿੱਚ ਸੱਬ-ਕਮੇਟੀ ਵਲੋਂ ਕੋਈ ਕੰਮ ਨਹੀਂ ਕੀਤਾ ਗਿਆ। ਕੀ ਇਸ ਖਰੜੇ ਨੂੰ ਕਿਸੇ ਪੰਥ ਨੇ ਪ੍ਰਵਾਨਗੀ ਦਿੱਤੀ? ਨਹੀਂ। ਸ਼੍ਰੋ. ਕਮੇਟੀ ਨੇ ਇਸ ਨੂੰ 12 ਅਕਤੂਬਰ 1936 ਨੂੰ ਮਤਾ ਨੰਬਰ 149 ਰਾਹੀਂ ਪ੍ਰਵਾਨਗੀ ਦੇ ਕੇ ਕਿਤਾਬਚਾ ਰੱਖ ਲਿਆ।

ਖ.) ਸੰਨ 1936 ਵਿੱਚ ਖਰੜਾ ਇੱਕ ਕਿਤਾਬਚਾ (ਡਾਕੂਮੈਂਟ) ਬਣ ਗਿਆ ਸੀ। ਪਰ ਸੰਨ 1945 ਵਿੱਚ ਇਸ ਕਿਤਾਬਚੇ ਵਿੱਚ ਬ੍ਰਾਹਮਣਵਾਦੀ ਅੰਸ਼ਾਂ ਵਾਲ਼ੀਆਂ ਹੋਰ ਤਬਦੀਲੀਆਂ ਕਰਨ ਲਈ ਇੱਕ 7 ਮੈਂਬਰੀ ਨਵੀਂ ਕਮੇਟੀ ਬਣਾਈ ਗਈ ਜਿਸ ਨਾਲ਼ ਸਿੱਖ ਪੈਨਲ ਵਲੋਂ ਕਲ਼ਪੇ ਪੰਥ( ਸੱਬ-ਕਮੇਟੀ) ਦੀ ਮੁੜ ਨਿਰਾਦਰੀ ਕੀਤੀ ਗਈ ਜਦੋਂ ਇਸ ਕਮੇਟੀ ਦੇ ਕੇਵਲ 4 ਮੈਂਬਰ ਅਤੇ ਬਾਹਰੋਂ 3 ਮੈਂਬਰ ਨਵੇਂ ਲਏ ਗਏ। ਇਸ ਨਵੀਂ ਕਮੇਟੀ ਵਲੋਂ ਸੰਨ 1936 ਵਿੱਚ ਪ੍ਰਵਾਨ ਕੀਤੀ ਰਾਗਮਾਲ਼ਾ ਨਾ ਪੜ੍ਹ ਕੇ ਮੁੰਦਾਵਣੀ ਉੱਤੇ ਹੀ ਪਾਠ ਦੀ ਸੰਪੂਰਨਤਾ ਕਰਨ ਵਾਲ਼ੀ ਮੱਦ ਨੂੰ ਬਦਲ ਕੇ ਲਿਖ ਦਿੱਤਾ ਕਿ ਰਾਗਮਾਲ਼ਾ ਪੜ੍ਹ ਲਈ ਜਾਵੇ ਤਾਂ ਵੀ ਠੀਕ ਹੈ ਤੇ ਨਾ ਪੜ੍ਹੀ ਜਾਵੇ ਤਾਂ ਵੀ ਠੀਕ ਹੈ। ਇੱਕ ਨਵਾਂ ਕਲ਼ੇਸ਼, ਕਲ਼ਪੇ ਪੰਥ ਵਲੋਂ, ਸਿੱਖਾਂ ਵਿੱਚ ਪਾ ਦਿੱਤਾ ਗਿਆ। ਇਸ ਤੋਂ ਬਿਨਾਂ ਸ਼ਾਮ ਦੀ ਬਾਣੀ ਦੇ ਪਾਠ ਵਿੱਚ ਸੰਨ 1936 ਵਾਲ਼ੇ ਪ੍ਰਵਾਨਤ ਕਿਤਾਬਚੇ ਵਿੱਚ ਘੁਸੇੜੇ ਬ੍ਰਾਹਮਣਵਾਦੀ ਅੰਸ਼ਾਂ ਵਿੱਚ ਵਾਧਾ ਕਰਦੇ ਹੋਏ ਤਬਦੀਲੀ ਕੀਤੀ ਗਈ ਕਿ ਰਾਮਾਇਣ ਵਿੱਚੋਂ ਵੀ ਦੋ ਹੋਰ ਰਚਨਾਵਾਂ - ਪਾਇ ਗਹੇ ਜਬ ਤੇ ਤੁਮਰੇ--- ਅਤੇ ਸਗਲ ਦੁਆਰ ਕਉ ਛਾਡਿ ਕੇ---- ਜੋੜੀਆਂ ਜਾਂਦੀਆਂ ਹਨ ਤਾਂ ਜੁ ਸਿੱਖਾਂ ਨੂੰ ਰਾਮਾਇਣ ਪੜ੍ਹਨੀ ਨਾ ਭੁੱਲ ਜਾਵੇ। ਇਨ੍ਹਾਂ ਰਚਨਾਵਾਂ ਦੇ ਮੁੱਕਣ ਤੇ ਲਿਖਿਆ ਹੈ-‘ਇਤਿ ਸ੍ਰੀ ਰਾਮਾਇਣ ਸਮਾਪਤਮੰ’ (ਦੇਖੋ ਦਸ਼ਮ ਗ੍ਰੰਥ ਪੰਨਾਂ 254, ਰਾਮਾਵਤਾਰ ਛੰਦ ਨੰਬਰ 863 ਅਤੇ 864)। ਹੁਣ ਸਿੱਖ ਪੈਨਲ ਦੇ ਵਿਦਵਾਨ ਦੱਸਣ ਕਿ ਉਨ੍ਹਾਂ ਦਾ ਕਲ਼ਪਿਆ 1945 ਵਾਲ਼ਾ ਪੰਥ ਸਿੱਖਾਂ ਨੂੰ ਨਿੱਤ-ਨੇਮ ਵਿੱਚ ਰਾਮਾਇਣ ਪੜ੍ਹਾਉਣ ਲਈ ਬਣਿਆਂ ਸੀ? ਕੀ ਕਲ਼ਪਿਆ ਸਿੱਖ ਪੰਥ ਸਿੱਖਾਂ ਨੂੰ ਧੁਰ ਕੀ ਸੱਚੀ ਬਾਣੀ ਸਿਖਾਉਣ ਲਈ ਬਣਾਇਆ ਸੀ ਜਾਂ ਸ਼੍ਰੀ ਰਾਮ ਚੰਦਰ ਦੀ ਰਾਮਾਇਣ ਦੇ ਸ਼ਲੋਕ ਪੜ੍ਹਾਉਣ ਲਈ? ਸਿੱਖ ਪੈਨਲ ਕੋਲ਼ ਇਸ ਦਾ ਕੀ ਉੱਤਰ ਹੈ? ਕੀ ਸਿੱਖਾਂ ਨੂੰ ਇਸ ਮਨਮਤਿ ਵਲ ਪਾਉਣ ਵਾਲ਼ੀ ਸੱਬ-ਕਮੇਟੀ ਸੀ ਜਾਂ ਪੰਥ?

ਸਿੱਟਾ: ਸਿੱਖ ਰਹਤ ਮਰਯਾਦਾ ਕੇਵਲ ਸ਼੍ਰੋ. ਕਮੇਟੀ ਤੋਂ ਪ੍ਰਵਾਨਤ ਹੈ ਕਿਸੇ ਪੰਥ ਤੋਂ ਜਾਂ ਤਖ਼ਤ ਤੋਂ ਨਹੀਂ। ਜੇ ਸਿੱਖ ਪੈਨਲ ਫਿਰ ਵੀ ਪੰਥ ਪ੍ਰਵਾਨਤ ਕਹਿੰਦਾ ਹੈ ਤਾਂ ਉਹ ਕਲ਼ਪਿਆ ਪੰਥ ਸ਼੍ਰੋ ਕਮੇਟੀ ਹੀ ਹੈ । ਬੇਨਤੀ ਹੈ ਕਿ ਅੱਗੇ ਤੋਂ ਕਹੋ ਕਿ ਇਹ ਰਹਤ ਮਰਯਾਦਾ ਸ਼੍ਰੋ ਕਮੇਟੀ ਤੋਂ ਪ੍ਰਵਾਨਤ ਹੈ, ਜਿਸ ਦਾ ਸਬੂਤ ਰਹਤ ਮਰਯਾਦਾ ਵਿੱਚ ਹੀ ਦਿੱਤਾ ਗਿਆ ਹੈ।

ਨੁਕਤਾ ਨੰਬਰ 2: ‘ਸਿੱਖ ਰਹਤ ਮਰਯਾਦਾ’ ਵਿੱਚ ਪੰਥ ਤੋਂ ਬਿਨਾਂ ਕੋਈ ਦੂਜੀ ਧਿਰ , ਭਾਵੇਂ. ਤਖ਼ਤਾਂ ਦੇ ਜਥੇਦਾਰ ਹੋਣ, ਫੇਰ ਬਦਲ ਨਹੀਂ ਕਰ ਸਕਦੀ।

ਸਿੱਖ ਪੈਨਲ ਨੇ ਕਿਹਾ ਕਿ ਰਹਤ ਮਰਯਾਦਾ ਨੂੰ ਪੰਥ ਹੀ ਬਦਲ ਸਕਦਾ ਹੈ ਕੋਈ ਹੋਰ ਨਹੀਂ। ਕਲ਼ਪੇ ‘ਪੰਥ’ ਦੀ ਹਾਲਤ ਉੱਪਰ ਨੁਕਤਾ ਨੰਬਰ ਇੱਕ ਵਿੱਚ ਬਿਆਨ ਕੀਤੀ ਜਾ ਚੁੱਕੀ ਹੈ। ਕਦੇ ਪੰਥ 14 ਮੈਂਬਰੀ, ਕਦੇ ਪੰਥ 2 ਮੈਂਬਰੀ, ਕਦੇ ਪੰਥ 7 ਮੈਂਬਰੀ, ਕਦੇ ਪੰਥ 4 ਮੈਂਬਰੀ- ਕਿਹੜਾ ਪੰਥ ਬਦਲੇਗਾ? ਜਾਪਦਾ ਹੈ ਕਿ ਪੈਨਲ ਨੇ ਸ਼੍ਰੋ. ਕਮੇਟੀ ਨੂੰ ਪੰਥ ਨਹੀਂ ਮੰਨਿਆਂ ਤੇ ਉਹ ਵੀ ਰਹਤ ਮਰਯਾਦਾ ਬਦਲ ਨਹੀਂ ਸਕਦੀ। ਇਸ ਅਗਿਆਨਤਾ ਦੇ ਹਨ੍ਹੇਰੇ ਵਿੱਚੋਂ ਪੈਨਲ ਨੂੰ ਕੱਢਣ ਲਾਈ ਏਨਾ ਕਹਿਣਾ ਹੀ ਕਾਫ਼ੀ ਹੈ ਕਿ ਸ਼੍ਰੋ. ਕਮਟੀ ਨੇ 1945 ਵਾਲ਼ੀ ਰਹਤ ਮਰਯਾਦਾ ਵਿੱਚ ਲਿਖੀ ਕੀਰਤਨ ਵਾਲ਼ੀ ਮੱਦ ਵਿੱਚ ਤਬਦੀਲੀ ਕਰਕੇ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਪੜ੍ਹਨ ਨੂੰ ਵੀ ਮਾਨਤਾ ਦੇ ਦਿੱਤੀ ਹੈ। ਪੈਨਲ ਅੱਗੇ ਬੇਨਤੀ ਹੈ ਕਿ ਉਹ ਆਪਣਾ ਪੱਖ ਇਸ ਤਬਦੀਲੀ ਬਾਰੇ ਪੇਸ਼ ਕਰਨ। ਕੀ ਇਹ ਤਬਦੀਲੀ ਪੰਥ ਨੇ ਕੀਤੀ ਹੈ? ਕੀ ਇਹ ਤਬਦੀਲੀ ਤੁਹਾਨੂੰ ਪ੍ਰਵਾਨ ਹੈ? ਜੇ ਇਹ ਪ੍ਰਵਾਨ ਹੈ ਤਾਂ ਕਹੋ ਕਿ ਸ਼੍ਰੋ. ਕਮੇਟੀ ਹੀ ਕਲ਼ਪਿਆ ਪੰਥ ਹੈ। ਸ਼੍ਰੋ. ਕਮੇਟੀ ਨੇ ਰਹਤ ਮਰਯਾਦਾ ਬਣਾਈ ਹੈ ਤੇ ਉਸ ਨੇ ਹੀ ਤਬਦੀਲੀ ਕਰ ਦਿੱਤੀ ਹੈ।

ਨੁਕਤਾ ਨੰਬਰ 3: ਸਿੱਖ ਰਹਤ ਮਰਯਾਦਾ ਗੁਰਬਾਣੀ ਦਾ 14 ਵਰ੍ਹੇ ਮੰਥਨ ਕਰਕੇ ਬਣਾਈ ਹੈ।

ਪੈਨਲ ਨੇ ਕਿਹਾ ਕਿ ਰਹਤ ਮਰਯਾਦਾ 14 ਸਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਮੰਥਨ ਕਰਕੇ ਬਣਾਈ ਹੈ ਤੇ ਇਹ ਗੱਲ ਖ਼ਾਸ ਕਰਕੇ ਗੁਲਸ਼ਨ ਜੀ ਵਲੋਂ ਕਹੀ ਗਈ ਜੋ ਆਪਣੀ ਲਿਖੀ ਰਹਤ ਮਰਯਾਦਾ ਦੀ ਵਿਆਖਿਆ ਵਾਲ਼ੀ ਪੁਸਤਕ ਦੀ ਮਸ਼ਹੂਰੀ ਵੀ ਕਰ ਰਹੇ ਸਨ। ਬੇਨਤੀ ਹੈ ਕਿ ਧੁਰ ਕੀ ਬਾਣੀ ਦੇ ਮੰਥਨ ਵਿੱਚ ਦੁਰਗਾ ਦੇਵੀ/ਸ਼ਿਵ ਸਹੰਸਰਨਾਮਾ ਦਾ ਜਾਪੁ, ਮਹਾਂਕਾਲ਼ ਦੇਵਤੇ ਅੱਗੇ ਬੇਨਤੀ ਚੌਪਈ, ਇੱਕ ਕਵਿਤਾ 10 ਸਵੱਯੇ, ਰਾਮਾਇਣ ਦੀ ਕਥਾ ਵਿਚੋਂ ਪਾਇਂ ਗਹੇ ਜਬ ਤੇ ਤੁਮਰੇ-- ਅਤੇ ਸਗਲ ਦੁਆਰ ਕਉ ਛਾਡਿ ਕੈ--‘ਵਾਰ ਦੁਰਗਾ ਕੀ’ ਵਿੱਚੋਂ ਪ੍ਰਿਥਮ ਭਗਉਤੀ (ਜਦੋਂ ਕਿ ਧੁਰ ਕੀ ਬਾਣੀ ਵਿੱਚ 400 ਤੋਂ ਉੱਪਰ, ਵਾਰਾਂ ਵਿੱਚ, ਪਉੜੀਆਂ ਦਰਜ ਹਨ ਜਿਨ੍ਹਾਂ ਵਿੱਚੋਂ ਕੋਈ ਵੀ ਆਪ ਜੀ ਦੇ ਕਲ਼ਪੇ ਪੰਥ ਨੂੰ ਪਸੰਦ ਨਹੀਂ ਆਈ ਅਤੇ ਉਹ ਦੁਰਗਾ ਮਾਈ ਪਾਰਬਤੀ ਦੀ ਸਿਫ਼ਤਿ ਵਾਲੀ ਪਉੜੀ ਉੱਤੇ ਲੱਟੂ ਹੋ ਗਿਆ) ਇਹ ਸੱਭ ਕੱਚੀਆਂ ਰਚਨਾਵਾਂ ਕਿੱਥੋਂ ਆ ਗਈਆਂ? ਇਹ ਤਾਂ ਧੁਰ ਕੀ ਬਾਣੀ ਵਿੱਚ ਹੈ ਹੀ ਨਹੀਂ, ਫਿਰ 14 ਸਾਲ ਕਿਸ ਗ੍ਰੰਥ ਦਾ ਮੰਥਨ ਕੀਤਾ? ਕਿਹੜੇ ਰਹਤਨਾਮਿਆਂ ਨੇ ਧੁਰ ਕੀ ਬਾਣੀ ਤੋਂ ਬਾਹਰ ਝਾਕਣਾ ਸਿਖਾਇਆ? ਸਪੱਸ਼ਟ ਕਰੋਗੇ?

ਨੁਕਤਾ ਨੰਬਰ 4: ਸਿੱਖ ਰਹਤ ਮਰਯਾਦਾ ਸਾਰੇ ਸਿੱਖਾਂ ਨੂੰ ਇਕੱਠੇ ਰੱਖਣ ਲਈ ਬਣਾਈ ਸੀ।

ਸਿੱਖ ਪੈਨਲ ਨੇ ਕਿਹਾ ਕਿ ਸਿੱਖ ਰਹਤ ਮਰਯਾਦਾ ਸਾਰੇ ਸਿੱਖਾਂ ਵਿੱਚ ਏਕਤਾ ਕਰਨ ਲਈ ਬਣਾਈ ਹੈ। ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਅਪ੍ਰਵਾਨਤ ਰਚਨਾਵਾਂ ਨੂੰ ਸਿੱਖਾਂ ਦੇ ਨਿੱਤਨੇਮ ਵਿੱਚ ਜੋੜਨ ਨਾਲ਼ ਕਿਹੜੀ ਏਕਤਾ ਦੀ ਗੱਲ ਹੋਈ ਹੈ? ਇਹ ਤਾਂ ਬ੍ਰਾਹਮਣਵਾਦੀ ਸੋਚ ਵਲੋਂ ਸਿੱਖਾਂ ਤੋਂ ਲਿਆ ਬਦਲਾ ਹੈ ਕਿਉਂਕਿ ਸਿੱਖਾਂ ਨੇ ਸੰਨ 1920-25 ਵਿੱਚ ਬ੍ਰਾਹਮਣਵਾਦੀ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਧੱਕੇ ਮਾਰ ਕੇ ਸ਼ਹੀਦੀਆਂ ਦੇ ਕੇ ਬਾਹਰ ਕੱਢਿਆ ਸੀ ਤੇ ਰਹਤ ਮਰਯਾਦਾ 6 ਸਾਲ ਬਾਅਦ ਬਣਨੀ ਸ਼ੁਰੂ ਹੋਈ ਸੀ ਜਦੋਂ ਕੇ. ਬੀ. ਹੈੱਡਗਵਾਰ ਦੀ ਪ੍ਰਧਾਨਗੀ ਹੇਠ ਆਰ. ਐੱਸ. ਐੱਸ. ਦਾ ਦਫ਼ਤਰ ਜਥੇਬੰਦਕ ਤੌਰ ਤੇ ਸੰਨ 1925 ਵਿੱਚ ਹੀ ਖੁੱਲ੍ਹ ਗਿਆ ਸੀ। ਜਦ ਹਰ ਡੇਰੇ ਦੀ ਆਪਣੀ-ਆਪਣੀ ਰਹਤ ਮਰਯਾਦਾ ਬਣ ਚੁੱਕੀ ਹੈ ਤਾਂ ਸਿੱਖ ਰਹਤ ਮਰਯਾਦਾ ਨੇ ਕਿਹੜੀ ਏਕਤਾ ਕਰਾਈ ਹੈ? ਸਿੱਖਾਂ ਦੇ ਦੋ ਤਖ਼ਤਾਂ ਦੀ ਮਰਯਾਦਾ ਆਪੋ ਆਪਣੀ ਹੈ ਤਾਂ ਏਕਤਾ ਕਿੱਥੇ ਰਹਿ ਗਈ? ਰਹਤ ਮਰਯਾਦਾ ਨੇ ਤਾਂ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ਼ ਜੋੜਨਾ ਸੀ ਪਰ ਇਸ ਨੇ ਤਾਂ ਸਿੱਖਾਂ ਦਾ ਇੱਕ ਹੋਰ ਸ਼ਰੀਕ ਗੁਰੂ ਖੜ੍ਹਾ ਕਰਨ ਵਿੱਚ ਪੂਰਾ ਯੋਗਦਾਨ ਪਾਇਆ ਹੈ ਤੇ ਸਿੱਖਾਂ ਨੂੰ ਦੁਵਿਧਾ ਵਿੱਚ ਪਾਇਆ ਹੋਇਆ ਹੈ। ਸੰਨ 1945 ਵਿੱਚ ਰਾਗਮਾਲ਼ਾ ਦਾ ਸੰਕਟ ਖੜ੍ਹਾ ਕਰ ਕੇ ਸਿੱਖਾਂ ਵਿੱਚ ਕੀ ਰਹਤ ਮਰਯਾਦਾ ਨੇ ਏਕਤਾ ਬਣਾਈ ਹੈ ਕਿ ਵੰਡੀਆਂ ਪਾਈਆਂ ਹਨ?

ਨੁਕਤਾ ਨੰਬਰ 5: ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ਾਂ ਉੱਤੇ ਗੁਰ ਸ਼ਬਦ ਦੇ ਗਿਆਨ ਨਾਲ਼ ਤਰਕ ਕਰਨ ਵਾਲ਼ਿਆਂ ਉੱਤੇ ਕਟਾਖ਼ਸ਼ ਕੀਤਾ ਗਿਆ।

ਕੁੱਝ ਸੱਜਣ ਸ਼੍ਰੀ ਗੁਰ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਰਹਤ ਮਰਯਾਦਾ ਨੂੰ ਪੰਥ ਪ੍ਰਵਾਨਤ ਨਹੀਂ ਮੰਨਦੇ ਕਿਉਂਕਿ ਇਹ ਸ਼੍ਰੋ. ਕਮੇਟੀ ਦੁਆਰਾ ਹੀ ਪ੍ਰਵਾਨਤ ਹੈ ਜਿਵੇਂ ਕਿ ਰਹਤ ਮਰਯਾਦਾ ਕਿਤਾਬਚੇ ਵਿੱਚ ਲਿਖਤ ਤੋਂ ਸਪੱਸ਼ਟ ਹੈ। ਅਜਿਹੇ ਸੱਜਣਾ ਉੱਤੇ ਕਟਾਖ਼ਸ਼ ਕਰਦਿਆਂ ਪੈਨਲ ਵਲੋਂ ਕਿਹਾ ਗਿਆ ਕਿ ਜੇ ਇਹ ਪੰਥ ਪ੍ਰਵਾਨਤ ਸਾਬਤ ਹੋ ਜਾਏ ਤਾਂ ਫਿਰ ਉਹ ਸੱਜਣ ਇਸ ਵਿੱਚ ਹੋਰ ਨੁਕਸ ਕੱਢਣੇ ਸ਼ੁਰੂ ਕਰ ਦੇਣਗੇ। ਅਜਿਹਾ ਕਹਿਣ ਨਾਲ਼ ਕੋਈ ਸੁਆਦ ਵਾਲ਼ੀ ਗੱਲ ਨਹੀਂ ਬਣੀ। ਨੁਕਸ ਨਿਕਲ਼ਦੇ ਰਹਿਣਗੇ ਜਦੋਂ ਤਕ ਜਾਗਰੂਕ ਸਿੱਖਾਂ ਕੋਲ਼ ਸ਼ਬਦ ਗੁਰੂ ਦਾ ਗਿਆਨ ਹੈ। ਜੋ ਵੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਬ੍ਰਾਹਮਣਵਾਦੀ ਸੋਚ ਨਾਲ਼ ਠੇਸ ਪਹੁੰਚਾਵੇ ਉਹ ਕਤੱਈ ਪ੍ਰਵਾਨ ਕਰਨ ਯੋਗ ਨਹੀਂ ਹੈ। ਰਹਤ ਮਰਯਾਦਾ ਦੇ ਬ੍ਰਾਹਮਣਵਾਦੀ ਅੰਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਵਾਨ ਨਹੀਂ ਤਾਂ ਸਿੱਖਾਂ ਨੂੰ ਕਿਵੇਂ ਪ੍ਰਵਾਨ ਹੋਣਗੇ? ਰਹਤ ਮਰਯਾਦਾ ਵਿੱਚੋਂ ਬ੍ਰਾਹਮਣਵਾਦੀ ਅੰਸ਼ ਕੱਢੇ ਜਾਣ ਤੇ ਇਹ ਸੱਭ ਨੂੰ ਪ੍ਰਵਾਨ ਹੋਵੇਗੀ। ਰਹਤ ਮਰਯਾਦਾ ਵੱਡੀ ਨਹੀਂ , ਸ਼ਬਦ ਗੁਰੂ ਵੱਡਾ ਹੈ।

ਨੁਕਤਾ ਨੰਬਰ 6: ਰਾਗਮਾਲ਼ਾ ਪੜ੍ਹਨ ਵਾਲ਼ੇ ਵੀ ਸਿੱਖ ਅਤੇ ਨਾ ਪੜ੍ਹਨ ਵਾਲ਼ੇ ਵੀ ਸਿੱਖ ਅਖਵਾਉਣ ਦੇ ਹੱਕਦਾਰ ਹਨ।

ਸਿੱਖ ਪੈਨਲ ਵਲੋਂ ਕਿਹਾ ਗਿਆ ਕਿ ਰਾਗਮਾਲ਼ਾ ਪੜ੍ਹਨ ਜਾਂ ਨਾ ਪੜ੍ਹਨ ਵਾਲ਼ੇ ਦੋਵੇਂ ਹੀ ਸਿੱਖ ਹਨ। ਜਦੋਂ ਰਾਗਮਾਲ਼ਾ ਪੜ੍ਹਨ ਤੋਂ ਬਿਨਾਂ ਵੀ ਸਰਦਾ ਹੈ ਤਾਂ ਇਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖਣ ਲਈ ਕਲ਼ਪੇ ਪੰਥ ਨੂੰ ਕਿੱਸ ਨੇ ਕਿਹਾ ਸੀ? ਕੀ ਕਲ਼ਪਿਆ ਪੰਥ ਰਹਤ ਮਰਯਾਦਾ ਰਾਹੀਂ ਸਿੱਖਾਂ ਵਿੱਚ ਝਗੜੇ ਪੈਦਾ ਕਰਨ ਲਈ ਬਣਿਆ ਸੀ? ਜੇ ਰਾਗਮਾਲ਼ਾ ਗੁਰਬਾਣੀ ਸੀ ਤਾਂ ਇਸ ਨੂੰ ਪੜ੍ਹਨ ਤੋਂ ਕਲ਼ਪੇ ਪੰਥ ਨੇ ਕਿਉਂ ਮਨ੍ਹਾਂ ਕੀਤਾ? ਜੇ ਮਨ੍ਹਾਂ ਕੀਤਾ ਹੈ ਤਾਂ ਮੰਨਣਾ ਪਵੇਗਾ ਇਹ ਗੁਰਬਾਣੀ ਨਹੀਂ। ਜੇ ਇਹ ਗੁਰਬਾਣੀ ਨਹੀਂ ਤਾਂ ਇਸ ਨੂੰ ਬੀੜਾਂ ਵਿੱਚ ਛਾਪਣ ਦਾ ਕੀ ਅਰਥ ਹੈ? ਜਿਹੜੀ ਰਚਨਾ ਕਲ਼ਪੇ ਪੰਥ ਨੇ ਹੀ ਪੜ੍ਹਨ ਤੋਂ ਮਨ੍ਹਾਂ ਕੀਤੀ ਹੈ ਤਾ ਇਸ ਨੂੰ ਪੜ੍ਹਨ ਵਾਲ਼ੇ ਸਿੱਖ ਕਿਵੇਂ ਹੋਏ? ਇਹ ਤਾਂ ਕਲ਼ਪੇ ਪੰਥ ਦੀ ਨਿਰਾਦਰੀ ਹੋਈ।

ਨੁਕਤਾ ਨੰਬਰ 7: ਸਿੱਖ ਬੀਬੀਆਂ ਦੇ ਚਿਹਰੇ ਉੱਤੇ ਅਣਚਾਹੇ ਆਏ ਵਾਲ਼ਾਂ ਬਾਰੇ ਵਿਚਾਰ।

ਸਿੱਖ ਬੀਬੀਆਂ ਦੇ ਚਿਹਰੇ ਉੱਤੇ ਅਣਚਾਹੇ ਵਾਲ਼ਾਂ ਬਾਰੇ ਪੈਨਲ ਵਿੱਚ ਇੱਕ ਸਿੱਖ ਬੀਬੀ ਵਲੋਂ ਇਨ੍ਹਾਂ ਨੂੰ ਰੱਬੀ ਦਾਤਿ ਸਮਝ ਕੇ ਇਸੇ ਤਰ੍ਹਾਂ ਹੀ ਰੱਖਣ ਤੇ ਜ਼ੋਰ ਦਿੱਤਾ ਗਿਆ ਜੋ ਠੀਕ ਨਹੀਂ ਸੀ। ਇਸ ਵਿਸ਼ੇ ਉੱਤੇ ਪੈਨਲ ਵਿੱਚੋਂ ਦੋ ਵਿਦਵਾਨਾਂ ਨੂੰ ਇਹ ਸਪੱਸ਼ਟ ਕਰਨਾ ਪਿਆ ਕਿ ਅਣਚਾਹੇ ਵਾਲ਼ਾਂ ਦਾ ਉੱਗਣਾ ਇੱਕ ਬੀਮਾਰੀ ਹੈ, ਜਿਸ ਦਾ ਯੋਗ ਡਾਕਟਰੀ ਇਲਾਜ ਕਰਵਾਉਣਾ ਬਣਦਾ ਹੈ ਤੇ ਇਹ ਜਵਾਬ ਠੀਕ ਸੀ।

ਸਿੱਖ ਪੈਨਲ ਦੇ ਮਾਨਯੋਗ ਵੀਰਾਂ ਨੂੰ ਸਵਾਲ਼ ਹੈ ਕਿ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਬਣਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਿੱਤ-ਨੇਮ (ਪਹਿਲੇ 13 ਪੰਨੇ ਛਾਪੇ ਦੀ ਬੀੜ) ਬਦਲਣ ਵਾਸਤੇ ਕੀ ਕਿਸੇ ਪੰਥ ਜਾਂ ਸ਼੍ਰੋ. ਕਮੇਟੀ ਨੂੰ ਕੋਈ ਅਧਿਕਾਰ ਹੈ? ਜੇ ਨਹੀਂ ਤਾਂ ਇਸ ਨੂੰ ਰਹਤ ਮਰਯਾਦਾ ਵਿੱਚ ਕਿਉਂ ਬਦਲ ਕੇ ਲਿਖਿਆ ਗਿਆ? ਕੀ ਕਲ਼ਪਿਆ ਪੰਥ/ਸ਼੍ਰੋ. ਕਮੇਟੀ ਵੱਡੀ ਹੈ ਕਿ ਪੰਜਵੇਂ ਗੁਰੂ ਜੀ? ਜੇ ਦਸਵੇਂ ਗੁਰੂ ਜੀ ਨੇ ਵੀ ਦਮਦਮੀ ਬੀੜ ਬਣਾਉਣ ਸਮੇਂ ਇਹੀ ਨਿੱਤਨੇਮ ਰੱਖਿਆ ਤਾਂ ਰਹਤ ਮਰਯਾਦਾ ਬਣਾਉਣ ਵਾਲ਼ਿਆਂ ਨੇ ਗੁਰੂ ਦੀ ਕਰਣੀ ਅਤੇ ਸੋਚ ਵਿਚ ਕਿਉਂ ਦਖ਼ਲ ਦਿੱਤਾ?

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top