ਗਾਏ ਸੁਨੈ ਆਂਖੇ ਮੀਚੈ ਪਾਈਐ ਨ ਪਰਮ ਪਦੁ
ਗੁਰ ਉਪਦੇਸੁ ਗਹਿ
ਜਉ ਲਉ ਨ ਕਮਾਈਐ
॥
{ਕਬਿਤ ਭਾਈ ਗੁਰਦਾਸ ਜੀ}
ਅੱਜ ਹਰ ਕੋਈ ਗਾ ਵੀ ਰਿਹਾ ਹੈ, ਸੁਣ ਵੀ ਰਿਹਾ ਹੈ, ਅੱਖਾਂ ਵੀ ਮੀਚ
ਰਿਹਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਕੀ ਉਹ ਕੀ ਗਾ ਰਿਹਾ ਹੈ, ਤੇ ਕੀ ਸੁਣ ਰਿਹਾ ਹੈ,
ਸਿਰਫ ਧੁਨਿ {ਨਾਦ} 'ਤੇ ਮਸਤ ਹੋਈ ਫਿਰਦਾ ਹੈ। ਭਲੇ ਸਾਹਮਣੇ ਵਾਲਾ ਜੋ ਵੀ ਬੋਲ ਰਿਹਾ ਹੋਵੇ,
ਉਸ ਨੂੰ ਅੱਖਾਂ ਮੀਚ ਕੇ ਪ੍ਰਵਾਣ ਕਰ ਲੈਂਦਾ ਹੈ, ਭਲੇ ਉਹ ਸਾਨੂੰ ਗੁਰੁ ਉਪਦੇਸ਼ ਤੋਂ ਕੋਹਾਂ
ਦੂਰ ਲੈ ਜਾ ਰਿਹਾ ਹੋਵੇ, ਬਸ
ਅਸੀਂ ਸਿਰਫ ਉਸਦੀ ਧੁਨਿ ਤੇ ਮਸਤ ਹੋਈ ਫਿਰਦੇ ਹਾਂ।
ਕਈ ਇਹੋ ਜਿਹੇ ਮਨੁੱਖ ਦੇਖਣ ਨੂੰ ਮਿਲਦੇ ਹਨ, ਜੋ ਗੁਰਦੁਆਰੇ ਜਾਂਦੇ ਹਨ
ਉਥੇ ਬਹਿ ਕੇ
ਕੀਰਤਨ, ਕਥਾ ਸੁਣਦੇ ਹਨ, ਪਰ ਜਦੋਂ ਉਹ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਘਰ ਨੂੰ ਪਰਤਦੇ
ਹਨ ਤੇ ਉਹਨਾਂ ਕੋਲ ਜਦੋਂ ਪੁਛੋ ਅੱਜ ਭਾਈ ਜੀ ਨੇ ਕਿਹੜਾ ਸ਼ਬਦ ਪੜਿਆ ਸੀ, ਮੂੰਹੋ ਬੋਲਤੀ
ਬੰਦ ਹੋ ਜਾਂਦੀ ਹੈ, ਸਿਰਫ ਇਹੋ ਹੀ ਮੁੱਖ ਤੋਂ ਨਿਕਲਦਾ ਹੈ ਸ਼ਬਦ ਨਹੀਂ ਪਤਾ ਕਿਹੜਾ ਲਾਇਆ
ਸੀ, ਪਰ ਹਾਂ ਇਹ ਪਤਾ ਹੈ ਸ਼ਬਦ ਦੀ ਟਯੂਨ {ਧੁਨਿ} ਬਹੁਤ ਵਧੀਆ ਲਾਈ ਸੀ।
ਅੱਜ ਇਹੀ ਹਾਲ ਸਾਡੇ ਕੌਮ ਦੇ ਆਗੂ ਵੀ ਕਰ ਰਹੇ ਹਨ, ਉਹ ਜੋ ਸਾਨੂੰ ਦਸ ਦੇ ਹਨ ਜਾਂ
ਸੁਣਾਂਦੇ ਹਨ, ਅਸੀਂ ਉਸ ਨੂੰ ਅੱਖਾਂ ਮੀਚ ਕੇ ਪ੍ਰਵਾਨ ਕਰ ਲੈਂਦੇ ਹਾਂ, ਭਾਵੇਂ ਉਹ ਸਾਨੂੰ
ਗੁਰੂ ਉਪਦੇਸ ਕੋਹਾਂ ਦੂਰ ਕਿਉਂ ਨ ਲੈ ਕੇ ਜਾ ਰਹੇ ਹੋਵਣ, ਭਾਵੇਂ ਉਹ ਸਾਨੂੰ ਗੁਰੂ ਦੇ
ਦੱਸੇ ਰਾਹ ਤੋਂ ਹੀ ਕਿਉਂ ਨ ਉਲਟ ਲੈ ਕੇ ਜਾ ਰਹੇ ਹੋਵਨ ਭਾਵ ਕਰਮਕਾਂਡਾਂ ਨਾਲ ਹੀ ਕਿਉਂ ਨ
ਜੋੜ ਰਹੇ ਹੋਵਣ, ਤਾਂ ਵੀ ਅਸੀਂ ਉਸ ਨੂੰ ਅੱਖਾਂ ਮੀਚ ਕੇ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ
ਹਾਂ।
ਮੁਖੋ ਬੋਲ ਤਾਂ ਨਿਕਲਣ ਜਦ ਅਸੀਂ ਆਪ ਕੁੱਝ ਪੜਿਆ ਹੋਵੇ, ਕਈ
ਤਾਂ ਪੜ ਕੇ ਵੀ ਗੂੰਗੇ ਬਣ ਕੇ
ਬੈਠੇ ਰਹਿੰਦੇ ਹਨ, ਮੁਖੋ ਬੋਲ ਹੀ ਨਹੀਂ ਕੱਢਦੇ, ਸਾਡੇ ਕੌਮ ਦੇ ਆਗੂਆਂ ਨੂੰ ਵੀ ਪਤਾ ਹੈ,
ਜੋ ਅਸੀਂ ਲੋਕਾਂ ਨੂੰ ਦਸ ਰਹੇ ਹਾਂ ਜਾਂ ਸੁਣਾ ਰਹੇ ਹਾਂ, ਉਹ ਸਹੀ ਨਹੀਂ ਹੈ, ਤਾਂ ਵੀ ਅਸੀਂ
ਸੁਣਾ ਰਹੇ ਹਾਂ, ਉਹਨਾਂ ਨੂੰ ਪਤਾ ਅਸੀਂ ਜੋ ਮਰਜੀ ਬੋਲ ਲਈਏ ਸਾਹਮਣੇ ਵਾਲਾ ਕੁੱਝ ਨਹੀਂ
ਬੋਲੇਗਾ, ਸਿਰਫ ਸਾਡੀ ਗੱਲਾਂ 'ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲਏਗਾ।
ਅੱਜ ਲੋੜ ਹੈ ਮੁਖੋਂ ਬੋਲ ਕੱਢਣ ਦੀ ਜੇ ਅਸੀਂ ਅੱਜ ਨ ਬੋਲੇ, ਨ ਜਾਗੇ, ਅਸੀਂ ਆਣ ਵਾਲੇ ਸਮੇਂ
ਵਿੱਚ ਸੁਤੇ ਰਹਿ ਜਾਵਾਂਗੇ,
ਉਠੋ ਸੁਤਿਓ, ਜਾਗੋ ਆਪਣੀ ਕੌਮ ਨੂੰ ਬਚਾ ਲੋ, ਬਚਾ ਲੋ ...