Share on Facebook

Main News Page

ਜੇ ਇਕੱਲਾ ਵੀ ਰਹਿ ਜਾਵਾਂ, ਤਾਂ ਵੀ ਆਪਣੇ ਸ਼ਬਦ ਗੁਰੂ ਦੀ ਵਡਿਆਈ ਲਈ ਕੂਕਦਾ ਰਹਾਂਗਾ
-:
ਪ੍ਰੋ. ਦਰਸ਼ਨ ਸਿੰਘ ਖਾਲਸਾ

ਅੱਜ ਬਾਦਲ ਕਾਲੀ ਦਲ ਦੀ ਕਾਲੀ ਸਿਆਹ ਸਿਆਸਤ ਦੇ ਜ਼ਾਲਮ ਹੱਥਾਂ ਵਿੱਚ ਆਕੇ ਸਿੱਖ ਕੌਮ ਵਿੱਚ ਵਿਸਫੋਟਕ ਹਾਲਾਤ ਪੈਦਾ ਹੋ ਚੁਕੇ ਹਨ । ਦੂਜੇ ਪਾਸੇ ਕਉੜੀ ਸਚਾਈ ਹੈ ਕੇ “ਹਰ ਸ਼ਾਖ ਪੇ ਉਲੂ ਬੈਠਾ ਹੈ” ਗੁਰੁ ਰਾਖਾ ਹੋਵੇ, ਆਪਣੀ ਲੀਡਰੀ ਚਮਕਾਉਣ ਅਤੇ ਅਪਣੀ ਸਿਆਸੀ ਰੋਟੀ ਸੇਕਣ ਦੇ ਚਹਾਵਾਣ ਹੀ ਬਹੁਤਾਤ ਵਿਚ ਇਕੱਠੇ ਹੋਇ ਦਿਸਦੇ ਹਨ, ਬਹੁਤੇ ਚਿਹਰੇ ਧਰਮ ਲਈ ਨਹੀਂ, ਬਲਕਿ ਧਰਮ ਨੂੰ ਈਸ਼ੁ ਬਣਾ ਕੇ ਪਵਿੱਤਰ ਸਿੱਖੀ ਜਜ਼ਬਾਤ ਨਾਲ ਖਿਲਵਾੜ ਕਰ ਰਹੇ ਹਨ ਕੋਈ ਸਧਾਰਣ ਸਿਖ ਭੀ ਇਓਂ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਕਰ ਸਕਦਾ ਜਿਵੇ ਆਏ ਦਿਨ ਹੋ ਰਹੀ ਹੈ, ਸਾਡਾ ਬੀਤਿਆ ਦਸਦਾ ਹੈ ਕੇ ਗੁਰੂ ਪਿਆਰੀ ਕੌਮ ਕੁਰਬਾਨੀਆਂ ਸ਼ਹੀਦੀਆਂ ਦੇਂਦੀ ਹੈ ਅਤੇ ਵੱਕਤ ਸ਼ਨਾਸ਼ ਲੋਕ ਵੱਕਤ ਤੇ ਆ ਟਪਕਦੇ ਅਤੇ ਕੌਮੀ ਜਜ਼ਬਾਤਾਂ ਦੇ ਸੌਦੇ ਕਰ ਜਾਂਦੇ ਹਨ। ਗੁਰੂ ਆਵਾਜ਼ਾਂ ਦੇਂਦਾ ਰਹਿ ਜਾਂਦਾ ਹੈ।

ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥ ਜਿਤੁ ਦੋਹੀ ਸਜਣ ਮਿਲਨਿ ਲਹੁ ਮੁੰਧੇ ਵੀਚਾਰੁ ॥


ਪਰ ਏਕਤਾ ਦੇ ਮਿੱਠੇ ਸ਼ਬਦ ਜਾਲ ਵਿੱਚ ਫੱਸ ਕੇ ਸਾਨੂੰ ਦੁਰਜਨ ਮਿਤਰ ਦੀ ਪਛਾਣ ਭੀ ਨਹੀਂ ਰਹਿੰਦੀ ਅਤੇ ਕੌਮੀ ਸੰਘਰਸ਼ ਵਿਚ ਹੋਈਆਂ ਸਾਰੀਆਂ ਕੁਰਬਾਨੀਆਂ ਬੇਅਰਥ ਗੁਆ ਲੈਂਦੇ ਹਾਂ ਅਤੇ ਆਖਰ ਫਿਰ ਓਹੋ ਉਲੂ ਹੀ ਸ਼ਾਖਾ 'ਤੇ ਕਾਬਜ਼ ਬੈਠੇ ਦਿਸੇ ਹਨ, ਪਤਾ ਨਹੀਂ ਕਦੋਂ ਤਕ “ਪਰਜਾ ਅੰਧੀ ਗਿਆਨ ਬਿਨ” ਰਹੇਗੀ ਅਤੇ ਰਾਜੇ ਪਾਪ ਕਮਾਂਵਦੇ ਰਹਿਣਗੇ”।

ਸਿੰਘੋ ਧਿਆਨ ਨਾਲ ਦੇਖੋ ਤੁਹਾਡੇ ਅੱਜ ਦੇ ਬਹੁਤੇ ਮਤੇ ਉਹਨਾ ਹੀ ਜ਼ਾਲਮਾ ਦੇ ਦਰਬਾਰਾਂ ਵਿਚ ਹੱਥ ਜੋੜ ਬੇਨਤੀਆਂ ਕਰਦੇ ਹੀ ਦਿਸਦੇ ਹਨ, ਜਿਹਨਾ ਹਥਾਂ ਨੇ ਸਿਖੀ ਸਿਧਾਂਤ ਅਤੇ ਸਿੱਖੀ ਸਰੂਪ ਨੂੰ ਖਤਮ ਕਰਨ ਲਈ ਕੌਮੀ ਸ਼ਹਾਰਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਂਦ ਨੂੰ ਹੱਥ ਪਾਇਆ ਹੋਇਆ ਹੈ, ਇਸ ਜ਼ਾਲਮ ਹੱਥ ਦੀ ਇਕ ਇਕ ਉਂਗਲ ਪਛਾਣੋ ਜੋ ਵੱਖ ਵੱਖ ਰੂਪ ਵਿਚ ਕੰਮ ਕਰ ਰਹੀ ਹੈ।

ਮੈ ਕਹਿੰਦਾ ਹਾਂ ਸੌਦਾ ਸਾਧ ਦਾ ਗੁਰੂ ਦਸਮ ਪਾਤਸ਼ਾਹ ਜੀ ਦੇ ਸਰੂਪ ਦੀ ਨਕਲ ਦਾ ਸਵਾਂਗ ਰਚਨਾ ਗੁਰੂ ਦੀ ਘੋਰ ਬੇਅਦਬੀ ਹੈ, ਜੋ ਸਿੱਖ ਕੌਮ ਕੋਲੋਂ ਬਰਦਾਸ਼ਤ ਨਹੀਂ ਹੋਈ ਅਤੇ ਹੋਣੀ ਭੀ ਨਹੀਂ ਚਾਹੀਦੀ ਸੀ “ਗੁਰਸਿਖਾਂ ਕੇ ਮਨ ਭਾਵਦੀ ਗੁਰੁ ਸਤਿਗੁਰੁ ਕੀ ਵਡਿਆਈ”। ਕੌਮ ਨੇ ਇਸ ਕਾਲਖ ਨੂੰ ਹਮੇਸ਼ਾਂ ਲਈ ਅਪਣੇ ਵੇਹੜੇ ਵਿਚੋ ਕੱਢ ਦਿਤਾ ਪਰ ਕਾਲੀ ਸਿਆਹ ਸਿਆਸਤ ਨੇ ਆਪਣੇ ਵੋਟ ਬੈਂਕ ਲਈ ਅਪਣੇ ਲਾਏ ਹੋਏ ਪੰਜ ਦਰਵਾਜ਼ਿਆਂ ਰਾਹੀਂ ਮੁੜ ਘਰ ਵਿਚ ਲਿਆ ਵਾੜਿਆ।

ਧਿਆਨ ਨਾਲ ਦੇਖੋ ਇਸ ਜ਼ਾਲਮ ਹੱਥ ਦੀਆਂ ਕੁਛ ਉਂਗਲਾਂ ਆਰ.ਐਸ.ਐਸ. ਦੇ ਹੱਥ-ਠੋਕਾ ਬਣ ਚੁੱਕੇ ਕੁਝ ਸਿੱਖ ਚਿਹਰੇ ਜੋ ਸਿਖੀ ਦੇ ਤਖਤਾਂ ਅਤੇ ਅਸਥਾਨਾ 'ਤੇ ਕਾਬਜ਼ ਹਨ ਜਿਹਨਾ ਦੇ ਅਸਲ ਰੂਪ ਹੁਣ ਤੁਸਾਂ ਦੇਖ ਹੀ ਲਏ ਹਨ। ਓਹਨਾ ਵਲੋਂ ਜੁਗੋ ਜੁਗ ਅਟੱਲ ਗੁਰੁ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਬ੍ਰਹਮਨ ਇਜ਼ਮ ਦੀ ਪਦਾਇਸ਼ ਬਚਿਤਰ ਨਾਟਕ ਗ੍ਰੰਥ ਨੂੰ ਦਸਮ ਸ੍ਰੀ ਗੁਰੁ ਗ੍ਰੰਥ ਸਾਹਿਬ ਲਿਖ ਕੇ ਸਤਿਗੁਰੂ ਜੀ ਦੇ ਬਰਾਬਰ ਸਿੰਘਾਸਣ ਤੇ ਸਥਾਪਤ ਕਰਕੇ ਪੂਜ ਰਹੇ ਹਨ ਬਕਰਿਆਂ ਦੀਆਂ ਬਲੀਆਂ ਦੇਕੇ ਖੁਨ ਦੇ ਟਿਕੇ। ਸਿੱਖ ਨੂੰ ਹਿੰਦੂ ਅਤੇ ਆਚਰਣ-ਹੀਨ ਬਨਾਉਣ ਵਿੱਚ ਦੇਰ ਨਹੀਂ ਲੱਗਣੀ ਤੇ ਸਿੱਖੀ ਦੀ ਨਸਲਕੁਸ਼ੀ ਹੋ ਜਾਵੇਗੀ। ਕੀ ਇਹ ਗੁਰੁ ਗ੍ਰੰਥ ਅਤੇ ਪੰਥ ਦੀ ਬੇਅਦਬੀ ਨਹੀਂ? ਬੜੀ ਸਾਜਸ਼ ਨਾਲ ਪੰਜਾਬ ਨੂੰ ਖਾਨਾਜੰਗੀ ਵਿਚ ਧਕੇਲਨ ਲਈ ਪੰਜਾਬ ਵਿਚ ਗੁਰਬਾਣੀ ਦੀ ਬੇਅਦਬੀ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸਨੂੰ ਤੁਸੀਂ ਰੋਕ ਨਹੀਂ ਸਕਦੇ। ਸਿੱਖ ਦੁਸ਼ਮਣ ਜਿੱਥੋਂ ਮਰਜੀ ਦੁਕਾਨ ਤੋਂ ਗੁਰਬਾਣੀ ਗੁਟਕਾ ਖਰੀਦ ਕੇ ਬੇਅਦਬੀ ਕਰਕੇ ਸਿਖੀ ਨੂੰ ਚੈਲੰਜ ਕਰ ਸਕਦਾ ਹੈ। ਸਾਨੂੰ ਹਰ ਪਾਸਿਓਂ ਬੜੇ ਸੁਚੇਤ ਹੋਣ ਦੀ ਲੋੜ ਹੈ। ਕੀ ਤਖਤਾਂ ਤੇ ਹੋ ਰਹੀ ਬੇਅਦਬੀ ਬੇਅਦਬੀ ਨਹੀਂ? ਕੀ ਕਾਰਨ ਹੈ ਓਧਰ ਸਾਡੀ ਕੋਈ ਏਕ ਨੂਰ ਖਾਲਸਾ ਫੌਜ ਜਾਂ ਗੁਰੁ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਮੂਹ ਨਹੀਂ ਕਰ ਰਹੇ। ਸੋ, ਸਿੰਘੋ ਜਾਗੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਤੇ ਰੋਸ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲਿਓ ਆਪਣੇ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਚੇ ਸਿੰਘਾਸਣ ਦੇ ਦੁਆਲੇ ਭੀ ਇਕੱਤਰ ਹੋ ਜਾਵੋ।

ਵੀਰੋ ! ਸੱਚ ਜਾਣੋ, ਮੈਨੂੰ ਕਿਸੇ ਸਨਮਾਨ ਦੀ ਜ਼ਰੂਰਤ ਨਹੀਂ, ਮੈਨੂੰ ਕਿਸੇ ਅਖੌਤੀ ਦਸਮ ਗ੍ਰੰਥੀਏ ਪੰਥ ਦੀਆਂ ਧਮਕੀ ਭਰੀਆਂ ਚਿੱਠੀਆਂ ਦਾ ਵੀ ਕੋਈ ਭੈਅ ਨਹੀਂ ਹੈ। ਮੈਂ ਸੱਚੇ ਸਤਿਗੁਰ ਜੀ ਦੇ ਦਰ ਦਾ ਕੂਕਰ ਹਾਂ, ਜੇ ਇਕੱਲਾ ਵੀ ਰਹਿ ਜਾਵਾਂ ਤਾਂ ਵੀ ਆਪਣੇ ਸ਼ਬਦ ਗੁਰੂ ਦੀ ਵਡਿਆਈ ਲਈ ਕੂਕਦਾ ਰਹਾਂਗਾ ਅਤੇ ਸਤਿਗੁਰੂ ਦੇ ਸਨਮਾਨ ਦੀ ਕੀਮਤ 'ਤੇ ਕਿਸੇ ਨਾਲ ਸਮਝੌਤਾ ਨਹੀਂ ਕਰਾਂਗਾ। ਭਲੇ ਲੋਕੋ ! ਜਿਸਦੇ ਗੁਰੂ ਦੇ ਸਨਮਾਨ ਨੂੰ ਚੈਲੇਂਜ ਕੀਤਾ ਜਾ ਰਿਹਾ ਹੋਵੇ, ਉਸ ਸਿੱਖ ਦਾ ਕਾਹਦਾ ਸਨਮਾਨ ਹੈ । ਸਿੰਘੋ ! ਮੈਂ ਤੁਹਾਡੇ ਕੋਲੋਂ ਨਾ ਪੈਸਾ ਮੰਗਦਾ ਹਾਂ, ਨਾ ਸਨਮਾਨ ਮੰਗਦਾ ਹਾਂ। ਮੈਂ ਕੇਵਲ ਝੋਲੀ ਅੱਡ ਕੇ ਆਪਣੇ ਗੁਰੂ ਦਾ, ਤੁਹਾਡੇ ਗੁਰੂ ਦਾ ਸਨਮਾਨ ਮੰਗਦਾ ਹਾਂ।

ਵੀਰੋ ! ਆਪਣੇ ਵਿਰਸੇ ਨੂੰ ਸਪਸ਼ਟ ਹੋ ਕੇ ਸੰਭਾਲੋ। ਇਹ ਆਰ.ਐਸ.ਐਸ. ਦੀ ਸਾਜਸ਼ ਹੋ ਸਕਦੀ ਹੈ ਕੇ ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਦੀ ਨਸ਼ੀਨੀ ਨੂੰ ਚੈਲੇਂਜ ਕਰਕੇ ਧਰਮੇ ਨਹਿੰਗ ਵਰਗਾ ਜਾਂ ਨਾਮ ਧਾਰੀਆਂ ਵਰਗਾ ਆਖੇ ਕਿ ਗੱਦੀ ਗੁਰੂ ਗ੍ਰੰਥ ਨੂੰ ਨਹੀਂ ਦਿੱਤੀ ਗਈ।

ਸਿੰਘੋ ! ਗੱਦੀ ਇੱਕੋ ਇੱਕ ਅਟੱਲ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਦਿੱਤੀ ਗਈ ਹੈ। ਹਾਂ, ਖਾਲਸੇ ਨੂੰ 'ਗ੍ਰੰਥ' ਦੇ ਤਾਬਿਆਂ ਕੀਤਾ ਗਿਆ ਹੈ ਕਿਉਂਕਿ ਗੁਰੂ ਗ੍ਰੰਥ ਸਾਡਾ ਸਿੱਖੀ ਸਿਧਾਂਤ ਦਾ ਕੇਂਦਰ ਹੈ ਅਤੇ ਜਿਹੜਾ ਜੀਵਨ ਸ਼ਬਦ ਗੁਰੂ ਦੀ ਤਾਬਿਆਂ ਖੜਾ ਹੈ, ਉਹ ਸਿਧਾਂਤ ਨਾਲ ਪਰਣਾਇਆ ਪੰਥਕ ਹੈ।

ਸਿੰਘੋ ! ਤੁਹਾਨੂੰ ਯਾਦ ਹੋਵੇਗਾ ਕੇ ਅਕਾਲ ਤਖਤ ਦੀ ਪਦਵੀ ਤੋਂ ਦਾਸ ਨੇ 'ਤੇਜਾ ਸਿੰਘ ਸਮੁੰਦਰੀ ਹਾਲ' ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ, ਆਪ ਖ਼ੁਦ ਅਸਤੀਫ਼ਾ ਦੇ ਦਿੱਤਾ ਸੀ ਅਤੇ ਅੱਜ ਵੀ ਆਪਣੇ ਸ਼ਹਿਨ-ਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕੋ ਇੱਕ ਸਿੰਘਾਸਣ ਨੂੰ ਦੇਖਣ ਦੀ ਆਸ ਨਾਲ ਜੀਵਾਂਗਾ।

ਮੈਂ ਅੱਜ ਪੰਥ ਅਤੇ ਗ੍ਰੰਥ ਦੇ ਅਦਬ ਲਈ ਵਾਹਦ ਜ਼ਿੰਮੇਵਾਰ ਅਖਵਾਉਂਦੇ ਆਗੂਆਂ ਨੂੰ ਪੁੱਛਦਾ ਹਾਂ ਕਿ ਰਹਿਤ ਮਰਯਾਦਾ ਵਿੱਚ ਲਿਖੇ ਫ਼ੈਸਲੇ ਮੁਤਾਬਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਤੁਲ) ਕਿਸੇ ਗ੍ਰੰਥ ਜਾਂ ਪੋਥੀ ਦਾ ਪ੍ਰਕਾਸ਼ ਨਹੀਂ ਹੋ ਸਕਦਾ' ਇਉਂ ਕਿਸੇ ਹੋਰ ਗ੍ਰੰਥ ਦੀ ਬਰਾਬਰਤਾ ਪ੍ਰਵਾਨ ਨਹੀਂ ਕੀਤੀ ਗਈ, ਤਾਂ ਫਿਰ ਅੱਜ ਆਪਣਾ ਹੀ ਫ਼ੈਸਲਾ ਲਾਗੂ ਕਰਨ ਤੋਂ ਮੂੰਹ ਮੋੜ ਕੇ ਕਿਉਂ ਗੁਰੂ ਵੱਲੋਂ ਬੇਦਾਵੀਏ ਹੋ ਰਹੇ ਹੋ। ਅੱਗੇ ਵੱਧੋ ਤੇ ਆਪਣੀ ਬਨਾਈ ਹੋਈ 'ਸਿੱਖ ਰਹਿਤ ਮਰਯਾਦਾ' ਦਾ ਫ਼ੈਸਲਾ ਸਮੁੱਚੇ ਪੰਥਕ ਅਸਥਾਨਾਂ 'ਤੇ ਸਾਰੇ ਤਖਤਾਂ ਤੇ ਲਾਗੂ ਕਰੋ ਜਾਂ ਫਿਰ ਸਿਖ ਰਹਿਤ ਮਰੀਆਦਾ ਦੀ ਦੁਹਾਈ ਪਾਉਣੀ ਛੱਡ ਦੇਵੋ।

ਅੱਜ ਖਾਲਸਾ ਜਾਗ ਉਠਿਆ ਹੈ ਅਤੇ ਗੁਰੂ ਦੇ ਅਦਬ ਲਈ ਇੱਕ ਸ਼ਕਤੀ ਬਣ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਗੁਰੂ ਦੇ ਬਰਾਬਰ ਹੋਰਨਾਂ ਗ੍ਰੰਥਾਂ, ਮੂਰਤੀਆਂ ਤੇ ਵਿਅਕਤੀਆਂ ਦੇ ਲੱਗਦੇ ਸਿੰਘਾਸਣ ਉਠ ਜਾਣਗੇ ਅਤੇ ਇਹ ਗੁਰ-ਬਚਨ ਸਫ਼ਲ ਹੋਵੇਗਾ ;

ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ।। (ਗੁ.ਗ੍ਰੰ.ਸਾ. 465)

ਮੈਂ ਹਰ ਇੱਕ ਸਿੱਖ ਨੂੰ ਯਕੀਨ ਦਿਵਾਉਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਜਿਸ ਦਿਨ ਗੁਰੂ ਦਾ ਅਦਬ ਕਾਇਮ ਹੋਇਆ, ਬਾਈ ਮੰਜੀਆਂ ਚੁੱਕੀਆਂ ਗਈਆਂ, ਉਸ ਦਿਨ ਸਿੱਖ ਦਾ ਸਨਮਾਨ ਆਪੇ ਹੀ ਬਹਾਲ ਹੋ ਜਾਵੇਗਾ ਅਤੇ ਗੁਰੂ ਅਦਬ ਦੀ ਕੀਮਤ 'ਤੇ ਕੁਰਸੀਆਂ, ਪਦਵੀਆਂ ਤੇ ਡੇਰੇ ਬਣਾਈ ਬੈਠੇ ਧਾਰਮਿਕ ਤੇ ਸਿਆਸੀ ਲੀਡਰਾਂ ਦੇ ਪਸਾਰੇ ਆਪੇ ਹੀ ਸਮੇਟੇ ਜਾਣਗੇ। ਤੁਸੀਂ ਗੁਰੂ ਲਈ ਜਿਊਣਾ ਸਿੱਖੋ, ਗੁਰੂ ਤੁਹਾਡੇ ਨਾਲ ਬਚਨ ਕਰਦਾ ਹੈ;

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ।। ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ।। (ਗੁ.ਗ੍ਰੰ.ਸਾ. 286)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਦਾ ਕੂਕਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top