Share on Facebook

Main News Page

ਇਸ ਸਦੀ ਦੇ ਬੇਖੌਫ "ਪੰਥ ਦਰਦੀ ਪ੍ਰਚਾਰਕ" ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ
-: ਇੰਦਰ ਜੀਤ ਸਿੰਘ ਕਾਨਪੁਰ

ਕਈ ਵਾਰ ਪ੍ਰੋਫੈਸਰ ਦਰਸ਼ਨ ਸਿੰਘ ਪ੍ਰਤੀ ਸਾਡੇ ਮਨ ਵਿਚ ਮੌਜੂਦ ਸਤਕਾਰ, ਜਦੋਂ ਸਾਡੀ ਕਲਮ ਰਾਹੀਂ ਕਾਗਜ 'ਤੇ ਉਤਰਦਾ ਹੈ ਤੇ ਅਸੀਂ ਉਨਾਂ ਨੂੰ ‘ਰਾਗੀ’ ਦਰਸ਼ਨ ਸਿੰਘ ਜਾਂ ਦਰਸ਼ਨ ਸਿੰਘ ‘ਰਾਗੀ’ ਕਹਿ ਕੇ ਸੰਬੋਧਿਤ ਕਰਨ ਵਾਲਿਆਂ ਦੀ ਆਲੋਚਨਾ ਦਾ ਸ਼ਿਕਾਰ ਹੋ ਜਾਂਦੇ ਹਾਂ। ਲੇਕਿਨ ਇਹ ਆਲੋਚਨਾ ਸਾਨੂੰ ਚੰਗੀ ਵੀ ਲਗਦੀ ਹੈ। ਅਸੀਂ ਉਨਾਂ ਦੇ ਪਿਛਲੱਗੂ ਜਾਂ ਅੰਧੇ ਸਮਰਥਕ ਨਹੀਂ ਹਾਂ। ਉਨਾਂ ਦਾ ‘ਸਮਰਥਨ’ ਅਤੇ ‘ਸਤਿਕਾਰ’ ਆਧਾਰ ਹੀਨ ਨਹੀਂ ਹੈ। ਅਸੀਂ ਉਨ੍ਹਾਂ ਆਲੋਚਕਾਂ ਕੋਲ਼ੋਂ ਕੁੱਝ ਸਵਾਲ ਕਰਦੇ ਹਾਂ, ਕਿ ਪ੍ਰੋਫੈਸਰ ਸਾਹਿਬ ਜੇ ਕੇਵਲ ਇਕ ‘ਰਾਗੀ’ ਮਾਤਰ ਹੀ ਹਨ ਤੇ -

- ਕੌਮ ਦਾ ਉਹ ਕਿਹੜਾ ਰਾਗੀ ਹੈ, ਜੋ ਪੰਥ ਲਈ ਇਕ ਸਾਲ ਜੇਲ ਦੀ ਕਾਲ ਕੋਠਰੀ ਵਿਚ ਡੱਕਿਆ ਰਹਿਆ ਹੋਵੇ ਤੇ ਉਸ ਉਪਰ ਕਈ ਮੁਕੱਦਮੇ ਠੋਕ ਦਿੱਤੇ ਗਏ ਹੋਣ?

- ਪੰਥ ਦਾ ਉਹ ਕਿਹੜਾ ਰਾਗੀ ਜਾਂ ਪ੍ਰਚਾਰਕ ਹੈ, ਜੋ ਅਕਾਲ ਤਖਤ ਦੇ ਅਖੌਤੀ ਸੇਵਾਦਾਰਾਂ ਦੇ ਨਾਲ ‘ਗੁਰਮਤਿ ਸਿਧਾਂਤਾਂ’ ਲਈ ਲੜਿਆ ਹੋਵੇ?

- ਪੰਥ ਦਾ ਉਹ ਕਿਹੜਾ ਰਾਗੀ ਹੈ, ਜੋ ਪ੍ਰਬੰਧਕਾਂ ਅਤੇ ਪ੍ਰਧਾਨਾਂ ਦੀ ਮਰਜੀ ਤੋਂ ਛੁੱਟ ਇੱਕ ਅਖੱਰ ਵੀ ਸਟੇਜ 'ਤੇ ਬੋਲਣ ਦੀ ਤਾਕਤ ਰਖਦਾ ਹੋਵੇ?

- ਅਕਾਲ ਤਖਤ ਦਾ ਉਹ ਕਿਹੜਾ ਸੇਵਾਦਾਰ ਹੈ, ਜਿਸਨੇ ‘ਸਰਬਤ ਖਾਲਸਾ’ ਬੁਲਾਉਣ ਲਈ ਸਦਾ ਦਿੱਤਾ ਹੋਵੇ? (ਇਸ ਦੇ ‘ਇੰਪਲੀਮੈਂਟ’ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਅਸਤੀਫਾ ਦੇਣਾ ਪਇਆ।)

- ਅਕਾਲ ਤਖਤ ਦਾ ਉਹ ਕਿਹੜਾ ਸੇਵਾਦਾਰ ਹੈ, ਜਿਸਨੇ ‘ਆਲ ਇੰਡੀਆ ਗੁਰਦੁਵਾਰਾ ੲੈਕਟ’ ਲਾਗੂ ਕਰਵਾਉਣ ਲਈ ਪੁਰਜੋਰ ਪੈਰਵੀ ਕੀਤੀ?

- ਅਕਾਲ ਤਖਤ ਦਾ ਉਹ ਕਿਹੜਾ ਸੇਵਾਦਾਰ ਹੈ, ਜਿਸਨੇ ਬਿਨਾ ਤਨਖਾਹ ਲਏ ਅਕਾਲ ਤਖਤ ਅਤੇ ਪੰਥ ਦੀ ਸੇਵਾ ਕੀਤੀ ਹੋਵੇ?

- ਅਕਾਲ ਤਖਤ ਦਾ ਉਹ ਕਿਹੜਾ ਜਥੇਦਾਰ ਹੈ, ਜਿਸਨੇ ਉਸ ਵੇਲੇ ਦੀ ਜਾਲਮ ਸਰਕਾਰ ਨਾਲ ਟਾਕਰਾ ਲੈ ਕੇ ‘ਨਵੀਂ ਸਿੱਖ ਪਨੀਰੀ’ ਨੂੰ ਝੂੱਠਿਆਂ ਮੁਕਾਬਲਿਆਂ ਵਿੱਚ ਕਤਲ ਕਰਨ ਦੀ ਗਲ ਦੇ ਵਿਰੋਧ ਵਿੱਚ ਆਵਾਜ਼ ਚੁੱਕੀ?

- ਕਿਹੜਾ ਰਾਗੀ ਹੈ, ਜਿਸਨੇ ਸਟੇਜ ਤੇ ‘ਪਸਰੀਚੇ’ ਵਰਗੇ ਡੀ.ਆਈ.ਜੀ. ਕੋਲ਼ੋਂ ‘ਸਿਰੋਪਾਉ’ ਲੈਣ ਤੋਂ ਸਾਰੀ ਸੰਗਤ ਵਿਚ ਇਨਕਾਰ ਕਰ ਦਿਤਾ ਹੋਵੇ? ਕਿਉਂਕਿ ਉਸ ਨੇ ਦਾਹੜਾ ਕਾਲਾ ਕੀਤਾ ਹੋਇਆ ਸੀ। (ਯੂ.ਟਿਉਬ 'ਤੇ ਆਪ ਇਸ ਦੀ ਵੀਡੀਉ ਵੇਖ ਸਕਦੇ ਹੋ)।

- ਕਿਹੜਾ ਰਾਗੀ ਹੈ ਜਿਸਨੇ ਹਜ਼ੂਰ ਸਾਹਿਬ ਤੇ ਦਸਮ ਗ੍ਰੰਥ ਨਾਮ ਦੀ ਉਸ "ਕੂੜ ਕਿਤਾਬ" ਅਗੇ ਮੱਥਾ ਟੇਕਣ ਅਤੇ ਉਸ ਸ੍ਹਾਮਣੇ ਕੀਰਤਨ ਕਰਨ ਤੋਂ ਇਨਕਾਰ ਕਰ ਦਿਤਾ ਹੋਵੇ?

- ਕਿਹੜਾ ਪਹਿਲਾ ਰਾਗੀ ਸੀ, ਜਿਸਨੇ ਕੀਰਤਨ ਦੀ ਇਕ ਨਵੀਂ ਤੇ ਪ੍ਰਭਾਵਸ਼ਾਲੀ ਸ਼ੈਲੀ ਤਿਆਰ ਕੀਤੀ? ਜਿਸ ਵਿਚ ਇਕ ਵਿਸ਼ੇ 'ਤੇ ਕੀਰਤਨ ਕਰਦਿਆਂ ਅਤੇ ਉਸ ਦੀ ਵਿਆਖਿਆਂ ਕਰਦਿਆਂ ਗੁਰਬਾਣੀ ਦੇ ਕਈ ਪ੍ਰਮਾਣਾਂ ਨੂੰ ਇਕ ਸਾਥ ਜੋੜਿਆ ਅਤੇ ਗਾਇਆ ਜਾਂਦਾ ਹੈ?

- ਕਿਹੜਾ ਰਾਗੀ ਹੈ, ਜੋ ‘ਸੱਚ’ ਅਤੇ ‘ਗੁਰਮਤਿ’ ਸਿਧਾਂਤ ਦੀ ਗਲ ਕਰਣ ਦੇ ਇਲਜਾਮ ਵਿੱਚ ਪੰਥ ਤੋਂ ਛੇਕ ਦਿੱਤਾ ਗਇਆ ਹੋਵੇ?

- ਅਕਾਲ ਤਖਤ ਦਾ ਉਹ ਕਿਹੜਾ ਸੇਵਾਦਾਰ ਹੈ, ਜੋ ਗੁਰੂ ਗ੍ਰੰਥ ਸਾਹਿਬ ਦੇ ਸਨਮਾਨ ਦੀ ਖਾਤਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਕ ਮਿਨਟ ਵਿੱਚ ਅਸਤੀਫਾ ਲਿੱਖ ਕੇ ਫੜਾ ਆਇਆ ਹੋਵੇ?

- ਕਿਹੜਾ ਰਾਗੀ ਹੈ, ਜੋ ਅਪਣਾ ਨਿਜੀ ਪੈਸਾ ਲਾ ਕੇ, ਹਰ ਸਾਲ ‘ਨਾਨਕਸ਼ਾਹੀ ਕੈਲੰਡਰ’ ਅਤੇ ਫ੍ਰੀ ਲਿਟਰੇਚਰ ਛਪਵਾ ਕੇ ਵੰਡਦਾ ਹੋਵੇ?

- ਪ੍ਰੋਫੈਸਰ ਸਾਹਿਬ ਨੂੰ ਕਰੋੜਪਤੀ ਰਾਗੀ ਕਹਿਣ ਵਾਲੇ ਵੀਰੋ, ਕੀ ਸੰਤ ਸਿੰਘ ਮਸਕੀਨ ਕਰੋੜਪਤੀ ਨਹੀਂ ਸਨ? ਉਨਾਂ ਨੂੰ ਤੇ ਕੌਮ ਨੇ ‘ਪੰਥ ਰਤਨ’ ਤੇ ‘ਬ੍ਰਹਮ ਗਿਆਨੀ’ ਦੀ ਉਪਾਧੀ ਦਿਤੀ, ਜਦ ਕੇ ਉਹ ‘ਦਸਮ ਗ੍ਰੰਥ ਦੇ ਪ੍ਰਚਾਰਕ’ ਤੇ ‘ਨਾਨਕਸ਼ਾਹੀ ਕੈਲੰਡਰ’ ਦੇ ਕਟੱੜ ਵਿਰੋਧੀ ਰਹੇ। ਪੰਥ ਨੂੰ ਜਾਗਰੂਕ ਕਰਨ ਵਿੱਚ ਆਪਣਾ ਸਾਰਾ ਜੀਵਨ ਲੇਖੇ ਲਾ ਦੇਣ ਵਾਲੇ ਪ੍ਰੋਫੈਸਰ ਸਾਹਿਬ ਨੂੰ ਕੌਮ ਕੋਲ਼ੋਂ ਕੀ ਮਿਲਿਆ? ਸਿਰਫ ਇਕ ‘ਰਾਗੀ’ ਦੀ ੳਪਾਧੀ?

- ਕਿਹੜਾ ਰਾਗੀ ਹੈ, ਜੋ ਡਾਂਗਾਂ, ਸੋਟੇ ਅਤੇ ਕਿਰਪਾਨਾਂ ਦਾ ਸ੍ਹਾਮਣਾ ਕਰਦਿਆਂ, ਆਪਣੀ ਜਾਨ ‘ਤੇ ਖੇਡ ਕੇ ਕੌਮ ਨੂੰ ‘ਸੁਚੇਤ’ ਕਰਨ ਵਿਚ ਜੁੱਟਿਆ ਹੋਵੇ?

- ਕਿਹੜਾ ਰਾਗੀ ਹੈ, ਜਿਸਨੇ ਕੌਮ ਦੇ ਵਿਦਵਾਨਾਂ ਅਤੇ ਬੁਧਜੀਵੀਆਂ ਨੂੰ ਇੱਕ ਛੱਤ ਹੇਠ ਇਕੱਠਾ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਹੋਵੇ। ਇਸ ਉਮਰ ਵਿੱਚ ਵੀ ਉਹ ਨਿਡਰਤਾ ਅਤੇ ਹਿੰਮਤ ਨਾਲ ‘ਸੱਚ ਦੀ ਗਲ’ ਕਹਿਣ ਤੋਂ ਡਰਦਾ ਨਾ ਹੋਵੇ?

ਮੇਰੇ ਵੀਰੋ! ਜੇ ਤੁਹਾਡੇ ਦਿਲ ਦੀ ਭੜਾਸ ਉਨਾਂ ਨੂੰ ‘ਰਾਗੀ’ ਕਹਿ ਕੇ ਹੀ ਨਿਕਲਦੀ ਹੈ ਤੇ ਬੇਸ਼ਕ ਕਹੋ। ‘ਰਾਗੀ’ ਸ਼ਬਦ ਕੋਈ ਮਾੜਾ ਨਹੀਂ। ਲੇਕਿਨ ਇਹ ਵੀ ਸੱਚ ਹੈ ਕਿ ਅੱਜ ਦੇ ਦੌਰ ਵਿੱਚ ਉਨਾਂ ਦੀ ਜਗ੍ਹਾ ਲੈਣ ਵਾਲਾ ਕੋਈ ਨਿਡਰ ਪ੍ਰਚਾਰਕ, ਪੰਥ ਦਰਦੀ, ਗੁਰਮਤਿ ਦਾ ਧਾਰਣੀ ਅਤੇ ਕੌਮ ਦਾ ਹਿਤੈਸ਼ੀ ਕੋਈ ਦੂਜਾ ਬੰਦਾ ਕੌਮ ਕੋਲ ਹੈ ਨਹੀਂ। ਜੇ ਹੈ, ਤਾਂ ਉਸ ਨੂੰ ਅੱਗੇ ਲਿਆਉ, ਅਸੀਂ ਉਸ ਦਾ ਵੀ ਉਨਾਂ ਹੀ ਸਤਿਕਾਰ ਕਰਾਂਗੇ, ਜਿਨਾਂ ਅਸੀਂ ਪ੍ਰੋਫੈਸਰ ਸਾਹਿਬ ਦਾ ਕਰਦੇ ਹਾਂ। ਜੇ ਛੋਟੀਆਂ ਛੋਟੀਆਂ ਨਿਜੀ ਗਲਾਂ ਨੂੰ ਲੈਕੇ ਉਂਗਲੀ ਚੁਕੀ ਜਾਵੇ ਤੇ ਦੁਨੀਆਂ ਦਾ ਕੋਈ ਵਡੇ ਤੋਂ ਵਡਾ ਬੰਦਾ ਵੀ ਪਾਕ ਸਾਫ ਨਹੀਂ ਨਿਕਲੇਗਾ। ਕਿਸੇ 'ਤੇ ਦੋਸ਼ ਲਾਉਣ ਵਾਲਾ ਵੀ ਕਈ ਵਿਕਾਰਾਂ ਦਾ ਪੁਤਲਾ ਹੋ ਸਕਦਾ ਹੈ। ਜੇ ਅਸੀਂ ਆਪਣੇ ਘਰ, ਆਪਣੇ ਨਿਜੀ ਪਰਿਵਾਰਿਕ ਜੀਵਨ ਵਲ ਝਾਤ ਮਾਰ ਕੇ ਵੇਖਿਏ, ਤਾਂ ਕੀ ਸਾਡੇ ਘਰ ਸਭ ਕੁੱਝ ਠੀਕ ਠਾਕ ਚਲ ਰਿਹਾ ਹੈ? ਨਹੀਂ ਨਾਂ। ਫੇਰ ਦੂਜੇ 'ਤੇ ਚਿਕੜ ਕਿਉਂ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top