Share on Facebook

Main News Page

ਗੁਰਮਤਿ ਵਿਹੂਣੇ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਦੀਆਂ ਕੂੜ ਕਹਾਣੀਆਂ (ਅਖ਼ਬਾਰੀ ਰਿਪੋਰਟ)

ਗੁਰਮਤਿ ਵਿਹੂਣੇ ਗ੍ਰੰਥੀਆਂ ਵੱਲੋਂ ਇੱਕ ਵਾਰ ਫਿਰ ਸਿੱਖ ਵਿਦਵਾਨਾਂ ਉਪਰ ਆਪਣੇ ਕਹਿਰ ਢਾਹੁਣ ਦਾ ਸਿਲਸਿਲਾ ਜਾਰੀ ਰਖਦਿਆਂ ਸ. ਇੰਦਰ ਸਿੰਘ ਘੱਗਾ ਮਿਸ਼ਨਰੀ ਵਿਦਵਾਨ ਵਾਲੇ ਸਿੱਖ ਸੰਗਤ ਨੂੰ ਆਦੇਸ਼ ਜਾਰੀ ਕੀਤਾ ਗਿਆ ਕਿ ਉਹ ਇਸ ਸਿੱਖ ਵਿਦਵਾਨ ਨੂੰ ਪੰਥਕ ਸਟੇਜਾਂ ’ਤੇ ਨਾ ਬੋਲਣ ਦੇਣ, ਜਦ ਤੱਕ ਕਿ ਉਹ ਆਪਣੇ ਲਿਖੇ ਕਥਿਤ ਗੁਰਮਤਿ ਵਿਰੋਧੀ ਲੇਖ ਬਾਰੇ ਪਛਤਾਵਾ ਨਹੀਂ ਕਰਦੇ।

ਸ. ਇੰਦਰ ਸਿੰਘ ਘੱਗਾ ਦਾ ਨਾਂ ਪੰਥਕ ਸਫ਼ਾ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਲੰਮੇ ਸਮੇਂ ਤੋਂ ਵਿਦਵਤਾ ਪੂਰਵਕ ਸਿੱਖ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਗੁਰੂ ਆਸੇ ਨਾਲ ਜੋੜਨ ਦਾ ਉਪਰਾਲਾ ਕਰਨ ਵਾਲੇ ਸ. ਇੰਦਰ ਸਿੰਘ ਘੱਗਾ ਨੇ ਆਪਣੀ ਪੁਸਤਕ ‘ਸਾਡਾ ਬੇੜਾ ਇਉਂ ਗਰਕਿਆ’ ਵਿੱਚ ਕੀ ਅਜਿਹਾ ਲਿਖ ਦਿੱਤਾ ਹੈ ਕਿ ਅਕਾਲ ਤਖ਼ਤ ਦੇ ਮੁੱਖ ਪੁਜਾਰੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਉਨ੍ਹਾਂ ਵਿਰੁੱਧ ਆਦੇਸ਼ ਜਾਰੀ ਕਰਨਾ ਪੈ ਗਿਆ।

ਪਾਠਕ ਇਹ ਜਾਣਨ ਲਈ ਉਤਾਵਲੇ ਹੋਣਗੇ ਕਿ ਉਹ ਕਿਹੜੀ ਕਥਿਤ ਗੁਰਮਤਿ ਵਿਰੋਧੀ ਲਿਖਤ ਹੈ ਜਿਸ ਨੇ ਡੇਰਾਵਾਦੀਆਂ ਵਿਚ ਤਰਥੱਲੀ ਮਚਾ ਦਿੱਤੀ ਹੈ।

ਦਰਅਸਲ ਸ. ਇੰਦਰ ਸਿੰਘ ਘੱਗਾ ਦੀ ਇਹ ਕਿਤਾਬ ਕਰੀਬ ਡੇਢ ਸਾਲ ਪਹਿਲਾਂ 2005 ਤੋਂ ਗੁਰਮਤਿ ਸਟਾਲਾਂ ਉਪਰ ਉਪਲੱਬਧ ਹੈ। ਰੋਜ਼ਾਨਾ ਸਪੋਕਸਮੈਨ ਵੱਲੋਂ ਸ. ਘੱਗਾ ਦੇ ਮੋਬਾਈਲ ਫ਼ੋਨ ’ਤੇ ਸੰਪਰਕ ਕਰਨ ਉਪਰੰਤ ਉਨ੍ਹਾਂ ਦੇ ਲੜਕੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰਾ ਵਿਵਾਦ ਇਸ ਪੁਸਤਕ ਦੇ ਇੱਕ ਲੇਖ ‘ਕਲਰੁ ਖੇਤੁ ਲੈ ਕੂੜ ਜਮਾਇਆ’ ਕਰ ਕੇ ਹੀ ਹੈ। ਸ. ਘੱਗਾ ਦਾ ਇਹ ਲੇਖ ਭਿੰਡਰਾਂ ਵਾਲਾ ਟਕਸਾਲ ਦੇ ਰਹਿ ਚੁੱਕੇ ਮੁਖੀ ਸਾਧ ਗੁਰਬਚਨ ਸਿੰਘ ਦੀ ਲਿਖੀ ਪੁਸਤਕ ‘ਗੁਰਬਾਣੀ ਪਾਠ ਦਰਪਣ’ (ਐਡੀਸ਼ਨ 1969) ਵਿੱਚ ਸ਼ਾਮਲ ਗੁਰਮਤਿ ਵਿਰੋਧੀ ਅਤੇ ਅਡੰਬਰੀ ਮਰਿਆਦਾਵਾਂ ਨੂੰ ਟਿੱਪਣੀਆਂ ਸਹਿਤ ਉਜਾਗਰ ਕਰਦਾ ਹੈ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਟਕਸਾਲ ਦੀ ਇਸੇ ਹੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ਬਾਰੇ ਉਘੇ ਵਿਦਵਾਨ ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਵੀ ਆਪਣੀ ਸ਼ੁਰੂਆਤ ਕਿਤਾਬ ‘ਮਾਸ ਮਾਸ ਕਰ ਮੂਰਖ ਝਗੜੇ’ ਵਿੱਚ ਜ਼ਿਕਰ ਕੀਤਾ ਸੀ ਅਤੇ ਭਿੰਡਰਾਂਵਾਲੀ ਟਕਸਾਲ ਦੇ ਮੋਗੇ ਵਾਲੇ ਅਤੇ ਮਹਿਤੇ ਵਾਲੇ ਮੁਖੀਆਂ ਨੂੰ ਖੁੱਲ੍ਹੀ ਚਿੱਠੀ ਜਾਰੀ ਕੀਤੀ ਸੀ, ਜਿਸ ਦਾ ਉਹ ਅਜੇ ਤੱਕ ਕੋਈ ਜਵਾਬ ਨਹੀਂ ਦੇ ਸਕੇ।

ਸ. ਘੱਗਾ ਨੇ ਇਸੇ ਹੀ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਿਚਲੀਆਂ ਖ਼ਤਰਨਾਕ ਪੰਥ ਵਿਰੋਧੀ ਲਿਖਤਾਂ ਨੂੰ ਆਧਾਰ ਬਣਾ ਕੇ ਉਪਰੋਕਤ ਲੇਖ ਵਿੱਚ ਟਿੱਪਣੀਆਂ ਕਰ ਕੇ ਸਿੱਖ ਸੰਗਤ ਅੱਗੇ ਇਹ ਸੁਝਾਅ ਰੱਖਿਆ ਸੀ ਕਿ ਇੱਕ ਮਾਹਿਰ ਵਿਦਵਾਨਾਂ ਦਾ ਪੈਨਲ ਹੀ ਇਹੋ ਜਿਹੀਆਂ ਪੁਸਤਕਾਂ ਬਾਰੇ ਨਿਰਪੱਖ ਨਿਰਣਾ ਕਰੇ ਤਾਂ ਜੋ ਸੰਗਤ ਤੱਕ ਕੇਵਲ ਪ੍ਰਮਾਣਿਤ ਪੁਸਤਕਾਂ ਹੀ ਪਹੁੰਚ ਸਕਣ।

ਅਸਲ ਦੋਸ਼ੀ ਕੌਣ ਹੈ, ਸਾਧ ਗੁਰਬਚਨ ਸਿੰਘ ਜਾਂ ਸ. ਇੰਦਰ ਸਿੰਘ ਘੱਗਾ, ਇਹ ਨਿਰਣਾ ਤਾਂ ਸਾਧ ਗੁਰਬਚਨ ਸਿੰਘ ਦੀ ਲਿਖੀ ਪੁਸਤਕ ਵਿੱਚੋਂ ਕੁੱਝ ਕੁ ਹੇਠਾਂ ਲਿਖੀਆਂ ਤੁਕਾਂ ਪੜ੍ਹ ਕੇ ਪਾਠਕ ਸਹਿਜੇ ਹੀ ਅੰਦਾਜ਼ਾ ਲਗਾ ਲੈਣਗੇ। ਸਾਧ ਗੁਰਬਚਨ ਸਿੰਘ ਆਪਣੀ ਪੁਸਤਕ ਵਿੱਚ ਲਿਖਦੇ ਹਨ :

- ਸਿੱਖ ਗੁਰੂ ਸਾਹਿਬਾਨ ਲਵ-ਕੁਸ਼ ਦੇ ਵੰਸ਼ ਵਿੱਚੋਂ ਸਨ।
- ਪੰਜ ਪਿਆਰੇ ਵੀ ਵੱਖ-ਵੱਖ ਭਗਤਾਂ ਦੇ ਅਵਤਾਰ ਸਨ।
- ਗੁਰੂ ਹਰਿ ਗੋਬਿੰਦ ਜੀ ਦੇ 8 ਵਿਆਹ ਹੋਏ ਸਨ।
- ਖਾਲਸਾ ਪੰਥ ਗੁਰੂ ਨਾਨਕ ਸਾਹਿਬ ਨੇ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਲਾਇਆ ਸੀ।
- ਸੱਤਾ ਬਲਵੰਡ ਅਤੇ ਭੱਟਾਂ ਨੂੰ ਕਾਸ਼ੀ ਦੇ ਬ੍ਰਾਹਮਣਾਂ ਤੋਂ ਸ਼ਰਾਪ ਮਿਲਿਆ ਹੋਇਆ ਸੀ।
- ਬਾਬਾ ਫਰੀਦ ਜੀ 12 ਸਾਲ ਤੱਕ ਜੰਗਲ ਵਿੱਚ ਤਪ ਕਰਦੇ ਰਹੇ। ਜੂਆਂ ਪੈ ਗਈਆਂ ਮਾਤਾ ਨੇ ਕੱਢੀਆਂ ਅਤੇ ਪੱਤੇ ਖਾਣ ਤੋਂ ਰੋਕਿਆ। ਉਨ੍ਹਾਂ ਨੇ 12 ਸਾਲ ਖੂਹ ’ਚ ਪੁੱਠੇ ਲਟਕ ਕੇ ਤਪੱਸਿਆ ਕੀਤੀ।
- ਖਾਲਸਾ ਦੀ ਸਾਜਨਾ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ 13 ਮਹੀਨੇ ਤੱਕ ਇਕਾਂਤ ਵਾਸ ਕੀਤਾ ਸੀ। ਕਿਸੇ ਵੀ ਸਰੀਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ।
- ਪੰਜ ਪਿਆਰਿਆਂ ਨੂੰ ਸ਼ਰਾਪ ਮਿਲਿਆ ਹੋਇਆ ਸੀ। ਰੱਬ ਨੇ ਕਿਹਾ ਕਿ ਤੁਹਾਨੂੰ ਦਸਵੇਂ ਜਾਮੇ ਵਿੱਚ ਆ ਕੇ ਸਿਰ ਲੈ ਕੇ ਮੁਆਫ਼ ਕਰਾਂਗੇ।
- ਗੁਰੂ ਜੀ ਨੇ ਚਿੜੀ-ਚਿੜੇ ਨੂੰ ਅੰਮ੍ਰਿਤ ਪਾ ਕੇ ਦਿੱਤਾ। ਉਹ ਆਪਸ ਵਿੱਚ ਹੀ ਲੜ ਕੇ ਮਰ ਗਏ। ਜਿਸ ਕਰ ਕੇ ਮਾਤਾ ਜੀ ਨੇ ਬਾਅਦ ਵਿੱਚ ਆ ਕੇ ਅੰਮ੍ਰਿਤ ਵਿੱਚ ਪਤਾਸੇ ਪਾ ਕੇ ਅੰਮ੍ਰਿਤ ਨੂੰ ਸ਼ਾਂਤੀਦਾਇਕ ਬਣਾਇਆ।
- ਅੰਮ੍ਰਿਤ ਤਿਆਰ ਕਰਨ ਵੇਲੇ 5 ਪਿਆਰੇ ਬਾਣੀ ਦਾ ਪਾਠ ਕਰਨ। ਇਸ ਦੌਰਾਨ ਅਭਿਲਾਖੀ ਸੱਜਣ ਵਾਹਿਗੁਰੂ ਦਾ ਜਾਪ ਕਰਦੇ ਰਹਿਣ। (ਕਿਉਂ, ਅਭਿਲਾਖੀ ਸੱਜਣ ਗੁਰਬਾਣੀ ਦਾ ਪਾਠ ਕਿਉਂ ਨਹੀਂ ਸੁਣ ਸਕਦੇ?)
- ਸ੍ਰੀ ਰਾਮ ਚੰਦਰ ਜੀ ਨੇ ਖ਼ੁਸ਼ ਹੋ ਕੇ ਹਨੂੰਮਾਨ ਨੂੰ ਕਛਹਿਰਾ ਭੇਟ ਕੀਤਾ, ਜੋ ਬਾਅਦ ਵਿੱਚ ਸਿੱਖਾਂ ਨੂੰ ਮਿਲਿਆ।
- ਗੁਰੂ ਅੰਗਦ ਦੇਵ ਜੀ ਯਮ ਪੁਰੀ ਗਏ, ਉਥੇ ਉਨ੍ਹਾਂ ਨੂੰ ਕਾਲੇ ਮੂੰਹ ਵਾਲੇ ਲੋਕ ਮਿਲੇ। ਗਰਦਨਾਂ ਵਿੱਚ ਕਿੱਲ ਠੁਕੇ ਹੋਏ ਲੋਕ। ਸੂਰਾਂ ਦੇ ਮੂੰਹ ਵਾਲੇ ਲੋਕ ਮਿਲੇ। ਪਿਛਾਂਹ ਨੂੰ ਮੂੰਹ ਵਾਲੇ ਲੋਕ ਦੇਖੇ। ਲੜਕੀਆਂ ਆਦਮੀਆਂ ਦਾ ਮਾਸ ਵੱਢ ਵੱਢ ਖਾਂਦੀਆਂ ਤੱਕੀਆਂ।
- ਨੀਲਾ, ਪੀਲਾ, ਕਾਲਾ ਅਤੇ ਚਿੱਟਾ ਰੰਗ ਹੀ ਖਾਲਸੇ ਦੇ ਰੰਗ ਹਨ। ਹੋਰ ਰੰਗ ਨਹੀਂ ਪਹਿਨਣੇ।
- ਦਸਮ ਪਾਤਸ਼ਾਹ ਨੇ ਦਸਿਆ ਕਿ ਕੇਸ ਇਸ ਵਾਸਤੇ ਰੱਖੀਦੇ ਹਨ ਕਿ ਕੇਸਾਂ ਤੋਂ ਫੜ ਕੇ ਨਰਕਾਂ ਵਿੱਚ ਪਏ ਸਿੱਖਾਂ ਨੂੰ ਬਾਹਰ ਕੱਢ ਸਕੀਏ।
- ਜਿਸ ਨੇ ਇੱਕ ਵਾਰੀ ਅੰਮ੍ਰਿਤ ਛਕ ਲਿਆ, ਭਾਵੇਂ ਜਿੰਨੀਆਂ ਮਰਜ਼ੀ ਗ਼ਲਤੀਆਂ ਕਰੀ ਜਾਵੇ, ਉਹ 10 ਹਜ਼ਾਰ ਸਾਲ ਤੱਕ ਨਰਕਾਂ ਵਿੱਚ ਨਹੀਂ ਜਾਵੇਗਾ।
- ਬੀਬੀਆਂ ਨੂੰ ਅੰਮ੍ਰਿਤ ਤਿਆਰ ਕਰਨ ਵਾਲਿਆਂ ਵਿੱਚ ਸ਼ਾਮਲ ਨਹੀਂ ਕਰਨਾ।
- ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਭੂਤਾਂ ਦੇ ਝੁੰਡ ਦਿਖਾਏ। ਭੂਤਾਂ ਨੇ ਦਸਿਆ ਕਿ ਹੁਣ ਸਾਡੀ ਗਿਣਤੀ ਘੱਟ ਗਈ ਹੈ। ਜਦੋਂ ਦੇ ਚੌਥੇ ਪਾਤਸ਼ਾਹ ਨੇ ਲਾਵਾਂ ਉਚਾਰਣ ਕੀਤੀਆਂ ਹਨ ਜੋ ਪੜ੍ਹਦਾ ਹੈ, ਮੁਕਤ ਹੋ ਜਾਂਦਾ ਹੈ।
- ਵਿਸ਼ੇਸ਼ ਬਾਣੀਆਂ ਦੇ ਤਿੰਨ-ਤਿੰਨ ਵਾਰੀ ਪਾਠ ਕਰਨ ਨਾਲ ਵਿਗੜੇ ਕਾਰਜ ਸਫ਼ਲ ਹੋਣਗੇ।
- ਹੁਕਮਨਾਮਾ ਸਵੇਰ ਵੇਲੇ ਖੱਬੇ ਬੰਨੇ ਤੋਂ, ਦੁਪਹਿਰ ਵੇਲੇ ਮੱਧ ਤੋਂ ਅਤੇ ਸ਼ਾਮ ਵੇਲੇ ਨੂੰ ਹੇਠਾਂ ਤੋਂ ਲਵੋ।
- ਗੁਰੂ ਤੇਗ਼ ਬਹਾਦਰ ਸਾਹਿਬ ਨੇ ਤ੍ਰਿਬੇਣੀ ਵਿਖੇ ਅਖੰਡ ਪਾਠ ਕਰਵਾਇਆ ਤਾਂ ਪੁੱਤਰ ਦੀ ਦਾਤ ਪ੍ਰਾਪਤ ਹੋਈ।
- ਰਾਗਮਾਲਾ ਤੋਂ ਬਿਨਾਂ ਪਾਠ ਕਰਨ ਵਾਲੇ ਦੀ ਜੀਭ ਵਿੱਚ ਕੀੜੇ ਪੈ ਜਾਂਦੇ ਹਨ।
- ਸੋਹਿਲੇ ਦੇ ਪਾਠ ਤੋਂ ਪਹਿਲਾਂ ਚਾਰ ਸ਼ਬਦ ਪੜ੍ਹੋ। ਅਰਦਾਸ ਕਰੋ। ਚਾਰੇ ਪਾਸੇ ਲੋਹੇ ਦਾ ਕਿਲ੍ਹਾ ਬਣ ਜਾਂਦਾ ਹੈ। ਸਵੇਰੇ ਇਸ਼ਨਾਨ ਕਰ ਕੇ ਜਪੁ ਜੀ ਸਾਹਿਬ ਦਾ ਪਾਠ ਕਰਨ ਨਾਲ ਕਿਲ੍ਹਾ ਹੱਟ ਜਾਂਦਾ ਹੈ।

ਇਸ ਤੋਂ ਇਲਾਵਾ ਕਈ ਜਗ੍ਹਾ 'ਤੇ ਮਨਘੜਤ ਸਾਖੀਆਂ ਵਿੱਚ ਸੂਰਜ ਨੂੰ ਛਿਪਾਉਣ ਅਤੇ ਗਰਭਵਤੀ ਔਰਤ ਵੱਲੋਂ ਸ਼ੇਰ ਦਾ ਅਕਸ ਵੇਖਣ ’ਤੇ ਬਹਾਦਰ ਪੁੱਤਰ ਜੰਮਣ ਆਦਿਕ ਕਈ ਮਨੋਕਲਪਿਤ ਘਟਨਾਵਾਂ ਵੀ ਇਸ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਿੱਚ ਦਰਜ ਹਨ। ‘ਬ੍ਰਹਮ ਗਿਆਨੀ ਭਿੰਡਰਾਂ ਵਾਲੇ ਉਸ ਵੇਲੇ ਤਾਂ ਇੰਤਹਾ ਹੀ ਕਰ ਜਾਂਦੇ ਹਨ, ਜਦੋਂ ਉਹ ਪੰਨਾ 260 ’ਤੇ ਲਿਖਦੇ ਹਨ ਕਿ ਕਰਤਾਰਪੁਰੀ ਬੀੜ ਵਿੱਚ 1500 ਤੋਂ ਵੱਧ ਗ਼ਲਤੀਆਂ ਹਨ।

ਹੁਣ ਪਾਠਕ ਆਪ ਹੀ ਅੰਦਾਜ਼ਾ ਲਗਾਉਣ ਕਿ ਉਪਰੋਕਤ ਮਨ-ਘੜਤ ਗੁਰਮਤਿ ਵਿਰੋਧੀ ਲਿਖਤ ਲਿਖਣ ਵਾਲੇ ਦੋਖੀ ਸਾਧ ਗੁਰਬਚਨ ਸਿੰਘ ਹਨ ਜਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਸੰਗਤ ਵਿੱਚ ਉਜਾਗਰ ਕਰ ਕੇ ਸੱਚਾਈ ਪ੍ਰਗਟਾਉਣ ਵਾਲੇ ਸ. ਇੰਦਰ ਸਿੰਘ ਘੱਗਾ?

ਵੈਸੇ ਇਸ ਪੂਰੇ ਘਟਨਾਕ੍ਰਮ ’ਤੇ ਨਜ਼ਰ ਮਾਰੀ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਪੁਜਾਰੀਆਂ ਦਾ ਉਦੇਸ਼ ਹੱਕ, ਸੱਚ ਨੂੰ ਲਿਆਉਣਾ, ਬਿਲਕੁਲ ਵੀ ਨਹੀਂ, ਸਗੋਂ ਇਹ ਘਟਨਾ ਤਾਂ ਮਿਸ਼ਨਰੀ ਗ੍ਰੰਥੀਆਂ ਦੀ ਰੱਦ ਹੋਈ ਨਿਯੁਕਤੀ ਨਾਲ ਹੀ ਜੋੜ ਕੇ ਵੇਖੀ ਜਾਣੀ ਚਾਹੀਦੀ ਹੈ। ਟਕਸਾਲ ਦੀ ਪੈਦਾਇਸ਼ ਜਿਹੜੇ ਪੁਜਾਰੀ, ਸੂਝਵਾਨ ਮਿਸ਼ਨਰੀ ਗ੍ਰੰਥੀਆਂ ਨੂੰ ਹੀ ਸਹਿਣ ਨਹੀਂ ਕਰ ਸਕੇ। ਉਹ ਕਿਸ ਤਰ੍ਹਾਂ ਸਹਾਰ ਸਕਦੇ ਹਨ ਕਿ ਕੋਈ ਉਨ੍ਹਾਂ ਦੇ ਅਖੌਤੀ ਰਹਿਨੁਮਾ ਬਾਰੇ ਸੱਚਾਈ ਸੰਗਤ ਸਾਹਮਣੇ ਲਿਆਵੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top