ਅੰਮ੍ਰਿਤ
(ਅ+ਮ੍ਰਿਤ) ਦਾ ਲਫ਼ਜ਼ੀ ਮਾਅਨਾ ਹੈ : ਮੌਤ ਤੋਂ ਪਰੇ;
ਯਾਨਿ ਅੰਮ੍ਰਿਤ ਉਸ ਨੂੰ ਕਹਿੰਦੇ ਹਨ ਜੋ ਇਨਸਾਨ ਨੂੰ
ਮੌਤ ਤੋਂ ਮੁਕਤ ਕਰ ਦੇਂਦਾ ਹੈ।
ਹਿੰਦੂ ਮਿਥਹਾਸ ਮੁਤਾਬਿਕ, ਦੇਵਤੇ ਅਤੇ ਰਾਖਸ਼ਾਂ ਨੇ ਇਕੱਠਿਆਂ ਹੋ
ਕੇ ਸਮੁੰਦਰ ਰਿੜਕਣਾ ਸ਼ੁਰੂ ਕਰ ਦਿੱਤਾ ਅਤੇ ਅਖੌਤੀ 'ਅੰਮ੍ਰਿਤ' ਤਿਆਰ ਕੀਤਾ। ਜਦੋਂ ਇਹ
ਅਖੌਤੀ 'ਅੰਮ੍ਰਿਤ' ਤਿਆਰ ਹੋ ਗਿਆ ਤਾਂ ਦੋਹਾਂ (ਰਾਖਸ਼ਾਂ ਅਤੇ ਦੇਵਤਿਆਂ) ਵਿਚ ਇਸ ਗੱਲ
ਤੋਂ ਲੜਾਈ ਹੋ ਗਈ ਕਿਉਂ ਕਿ ਦੋਵੇਂ ਹੀ ਇਸ ਅਖੌਤੀ ਅੰਮ੍ਰਿਤ ਦੇ ਪੂਰੀ ਤਰ੍ਹਾਂ ਮਾਲਕ ਬਣਨਾ
ਚਾਹੁੰਦੇ ਸਨ ਅਤੇ ਉਸ ਦੀ ਵਰਤੋਂ ਕਰਨਾ ਚਾਹੁੰਦੇ ਸਨ। ਇਸ ਕਰ ਕੇ ਦੋਹਾਂ ਵਿਚ ਬਹੁਤ ਜ਼ਿਆਦਾ
‘ਲੜਾਈ’ ਹੋਈ। ਲੜਾਈ ਦੇ ਦੌਰਾਨ ਸਾਰਾ ਅਖੌਤੀ ਅੰਮ੍ਰਿਤ ਡੁੱਲ ਗਿਆ ਅਤੇ ਕੋਈ ਵੀ ਹੁਣ
ਅਖੌਤੀ ਅੰਮ੍ਰਿਤ ਪੀ ਕੇ ਅਮਰ ਨਹੀਂ ਹੋ ਸਕਦਾ ਸੀ। ਬ੍ਰਾਹਮਣ ਬਹੁਤ ਜ਼ਿਆਦਾ ਚਾਲਾਕ ਸਨ।
ਹੁਣ ਉਨ੍ਹਾਂ ਨੇ ਅਮਰ ਹੋਣ ਦੀ ਵਾਸਤੇ ਆਤਮਾ ਦੀ ਇਕ ਸਰੀਰ ਤੋਂ ਦੂਜੇ ਸਰੀਰ ਵਿਚ ਜਾਣ ਦੀ
ਮਿੱਥ ਬਣਾ ਲਈ। ਬ੍ਰਾਹਮਣਾਂ ਨੇ ਇਹ ਚਾਲਾਕੀ ਖੇਡੀ ਕਿ ਆਤਮਾ ਕਦੇ ਨਹੀਂ ਮਰਦੀ ਅਤੇ ਇਹ ਇਕ
ਸਰੀਰ ਤੋਂ ਦੂਜੇ ਵਿਚ ਦਾਖ਼ਿਲ ਹੋ ਜਾਂਦੀ ਹੈ। ਇਸ ਲਈ, ਅਜੇ ਵੀ, ਹਰ ਕੋਈ ਅਮਰ ਹੋ ਸਕਦਾ
ਹੈ। ਪਰ ਦੂਜੇ ਪਾਸੇ, ਇਸ ਦਾ ਇਕ ਇਹ ਮਤਲਬ ਵੀ ਨਿਕਲਦਾ ਹੈ ਕਿ ਆਤਮਾ ਪ੍ਰਮਾਤਮਾ ਦਾ ਹਿੱਸਾ
ਨਹੀਂ ਹੈ ਅਤੇ ਇਹ ਕਦੇ ਵੀ ਆਪਣੇ ਮੂਲ (ਰੱਬ) ਨਾਲ ਨਹੀਂ ਮਿਲ ਸਕਦੀ (ਦੋਵੇਂ ਗੱਲਾਂ ਸਿੱਖ
ਫ਼ਲਸਫ਼ੇ ਦੇ ਉਲਟ ਹਨ)।
ਅੰਮ੍ਰਿਤ ਦਾ
ਮਤਲਬ, ਸਿੱਖ ਧਰਮ ਵਿਚ, ਹਿੰਦੂ ਸਿਧਾਂਤਾਂ ਤੋਂ ਵੱਖਰਾ ਹੈ। ਸਿੱਖ ਧਰਮ ਸਦਾ
ਜਿਊਂਦੇ ਰਹਿਣ ਦੀ ਅਤੇ ਆਤਮਾ ਦੀ ਦੂਜੇ ਜਿਸਮ ਵਿਚ ਬਦਲੀ ਦੀ ਮਿੱਥ ਨੂੰ ਰੱਦ ਕਰਦਾ ਹੈ।
ਸਿੱਖ ਧਰਮ ਮੁਤਾਬਿਕ ਇਨਸਾਨਾਂ ਦੀ ਜ਼ਿੰਦਗੀ ਦੀ ਮਿਆਦ ਵਾਹਿਗੁਰੂ ਵੱਲੋਂ ਨੀਅਤ ਹੁੰਦੀ ਹੈ।
ਇਨਸਾਨੀ ਜਿਸਮ ਪੰਜ ਤੱਤਾਂ ਦਾ ਬਣਦਾ ਹੈ ਅਤੇ ਇਨਸਾਨ ਦੀ ਮੌਤ ਤੋਂ ਬਾਅਦ ਇਹ ਪੰਜੇ ਤੱਤ
ਆਪਣੇ-ਆਪਣੇ ਮੂਲ ਵਿਚ ਸਮਾ ਜਾਂਦੇ ਹਨ। ਸਰੀਰ ਵਿਚਲੀ ਆਤਮਾ ਵੀ ਪ੍ਰਮਾਤਮਾ ਵਿਚ ਮਿਲ ਜਾਂਦੀ
ਹੈ। ਸਿੱਖ ਫ਼ਲਸਫ਼ੇ ਵਿਚ ਪ੍ਰਮਾਤਮਾ ਦਾ ਨਾਂ ਜਪਣਾ ਹੀ 'ਅੰਮ੍ਰਿਤ ਪੀਣਾ' ਹੈ ਕਿਉਂਕਿ ਇਹ
ਮਰਨ ਦੇ ਡਰ ਤੋਂ ਆਜ਼ਾਦ ਕਰਦਾ ਹੈ।
ਏਕੋ ਵੇਖਾ ਅਵਰੁ ਨ ਬੀਆ॥ ਗੁਰ ਪਰਸਾਦੀ
ਅੰਮ੍ਰਿਤੁ ਪੀਆ॥ ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੂਖਿ ਸਮਾਵਣਿਆ॥ ਰਤਨੁ ਪਦਾਰਥੁ ਪਲਰਿ
ਤਿਆਗੈ॥ (ਸਫ਼ਾ 113-114)
ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ
ਸੁਖੁ ਪਾਈਐ ਸਭ ਤਿਖਾ ਬੁਝਾਈ॥ (ਸਫ਼ਾ 318)
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ
ਜੀਉ॥ (ਸਫ਼ਾ 598)
ਸਿੱਖ ਧਰਮ ਵਿਚ ਅੰਮ੍ਰਿਤ ਕੋਈ ਤਰਲ ਚੀਜ਼ ਜਾਂ ਦੁਆਈ ਨਹੀਂ ਹੈ, ਕਿ
ਜੋ ਮਨੁੱਖ ਨੂੰ ਸਦਾ ਲਈ ਰਹਿਣ ਵਾਲਾ ਬਣਾਉਂਦਾ ਹੈ। ਇਹ ਸਿਰਫ਼ ਰੱਬ (ਤੇ ਉਸ ਦੀ ਬਾਣੀ) ਹੀ
ਹੈ ਜੋ ਅੰਮ੍ਰਿਤ ਹੈ। ਕੁਝ ਲੇਖਕਾਂ ਨੇ ਸਿੱਖ ਧਰਮ ਵਿਚ ਦਾਖਲੇ
ਦੀ ਰਸਮ, 'ਖੰਡੇ ਦੀ ਪਾਹੁਲ', ਨੂੰ ਵੀ 'ਅੰਮ੍ਰਿਤ' ਕਿਹਾ ਹੈ। ਇਹ ਲਫ਼ਜ਼ ਸਹੀ ਨਹੀਂ ਹੈ।
ਅਸਲ ਲਫ਼ਜ਼ ਖੰਡੇ ਦੀ ਪਾਹੁਲ ਹੀ ਹੈ ਜੋ ਪੰਜ ਪਿਆਰਿਆਂ ਵੱਲੋਂ ਦਿੱਤੀ ਜਾਂਦੀ ਹੈ।
ਸਿੱਖੀ ਵਿਚ ਗੁਰਬਾਣੀ ਨੂੰ ਅੰਮ੍ਰਿਤ ਬਾਣੀ ਵੀ ਕਿਹਾ ਜਾਂਦਾ ਹੈ। ਯਾਨਿ ਗੁਰਬਾਣੀ ਦਾ ਦੂਜਾ
ਨਾਂ 'ਅੰਮ੍ਰਿਤ' ਵੀ ਹੈ। ਸਿੱਖਾਂ ਦੀ ਕੌਮੀ ਅਰਦਾਸ ਵਿਚ 'ਅੰਮ੍ਰਿਤਸਰ
ਦੇ ਇਸ਼ਨਾਨ' ਦਾ ਮਾਅਨਾ 'ਗੁਰਬਾਣੀ ਵਿਚ ਚੁੱਭੀ ਲਾਉਣਾ',
ਉਸ ਵਿਚ ਡੁੱਬ ਜਾਣਾ, ਯਾਨਿ ਉਸ ਨੂੰ 'ਮਨ ਵਿਚ ਵਸਾਉਣਾ' ਹੈ,
ਨਾ ਕਿ ਅੰਮ੍ਰਿਤਸਰ ਸਰੋਵਰ ਹੈ।