Share on Facebook

Main News Page

ਅੰਮ੍ਰਿਤ ਸਰੁ (ਸਰੋਵਰ) ਕੀ ਹੈ ?
-: ਡਾ. ਹਰਜਿੰਦਰ ਸਿੰਘ ਦਿਲਗੀਰ

1564 ਵਿਚ ਭਾਈ ਜੇਠਾ (ਮਗਰੋਂ ਗੁਰੂ ਰਾਮਦਾਸ) ਜੀ ਨੇ ਸਿੱਖ ਨਗਰ ‘ਚੱਕ’ (ਮਗਰੋਂ ਗੁਰੂ ਦਾ ਚਕ, ਚੱਕ ਰਾਮਦਾਸ ਅਤੇ ਹੁਣ ਅੰਮ੍ਰਿਤਸਰ) ਵਸਾਉਣ ਵਾਸਤੇ ਜ਼ਮੀਨ ਖ਼ਰੀਦੀ। ਕਿਸੇ ਵੀ ਨਵੇਂ ਨਗਰ ਦੀ ਸਭ ਤੋਂ ਪਹਿਲੀ ਜ਼ਰੂਰਤ ਪਾਣੀ ਦੀ ਹੁੰਦੀ ਹੈ ਇਸ ਕਰ ਕੇ ਗੁਰੂ ਸਾਹਿਬ ਨੇ ਸੰਤੋਖਸਰ ਸਰੋਵਰ ਵਾਲੀ ਜਗਹ ‘ਤੇ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ ਛੇਤੀ ਹੀ ਉਨ੍ਹਾਂ ਨੂੰ ਇਸ ਨਵੇਂ ਨਗਰ ਨੂੰ ਵਸਾਉਣ ਦੀ ਕਾਰਵਾਈ ਵਿੱਚੇ ਛੱਡ ਕੇ ਵਾਪਿਸ ਗੋਇੰਦਵਾਲ ਜਾਣਾ ਪਿਆ। ਪਰ ਉਹ 1574 ਵਿਚ ਪੱਕਾ ਇੱਥੇ ਹੀ ਰਹਿਣ ਲਗ ਪਏ। ਹੁਣ ਉਨ੍ਹਾਂ ਨੇ ਫਿਰ ਇਕ ਤਲਾਅ ਪੁਟਾਉਣਾ ਸ਼ੁਰੂ ਕੀਤਾ। ਪਰ ਉਨ੍ਹਾਂ ਨੇ ਸੰਤੋਖਸਰ ਨੂੰ ਵਿੱਚੇ ਛੱਡ ਕੇ ਉਸ ਦੀ ਜਗਹ ਅੰਮ੍ਰਿਤਸਰ ਤਲਾਅ ਪੁਟਾਉਣਾ ਸ਼ੁਰੂ ਕਰ ਦਿੱਤਾ।

ਸੋ, ਪਹਿਲਾਂ ਅੰਮ੍ਰਿਤਸਰ ਤਿਆਰ ਹੋਇਆ ਤੇ ਫਿਰ 1578 ਵਿਚ ਸੰਤੋਖਸਰ ਸਰੋਵਰ ਵੀ ਤਿਆਰ ਕਰਵਾ ਲਿਆ ਗਿਆ। ਹੁਣ ਲੋਕਾਂ ਵਾਸਤੇ ਪਾਣੀ ਦਾ ਮਸਲਾ ਹੱਲ ਹੋ ਗਿਆ ਸੀ। ਮਗਰੋਂ ਸੰਗਤ ਹੋਰ ਵਧ ਜਾਣ ਕਾਰਨ ਗੁਰੂ ਜੀ ਨੇ ਰਾਮਸਰ ਵੀ ਤਿਆਰ ਕਰਵਾਇਆ। ਇਸ ਮਗਰੋਂ ਜੰਗਲ ਦੇਸ (ਹੁਣ ਮਾਲਵਾ) ਅਤੇ ਹਰੀਕੇ ਵੱਲੋਂ ਆਉਣ ਵਾਲੀ ਸੰਗਤ ਵਾਸਤੇ ਤਰਨਤਾਰਨ ਵਾਲਾ ਸਰੋਵਰ ਵੀ ਤਿਆਰ ਕਰਵਾ ਲਿਆ। ਹੁਣ ਲੋਕਾਂ ਨੂੰ ਨਹਾਉਣ ਜਾਂ ਕਪੜੇ ਧੋਣ ਵਾਸਤੇ ਪਾਣੀ ਦੀ ਮੁਸ਼ਕਿਲ ਨਹੀਂ ਰਹੀ ਸੀ। ਇਹ ਤਲਾਅ/ ਸਰੋਵਰ ਪਾਣੀ ਦਾ ਮਸਲਾ ਹੱਲ ਕਰਨ ਵਾਸਤੇ ਸਨ ਤੇ ਮੀਂਹ ਦੇ ਪਾਣੀ ਦੀ ਸੰਭਾਲਣ ਵਾਸਤੇ, ਨਾ ਕਿ ਇਨ੍ਹਾਂ ਦੀ ਕੋਈ ਧਾਰਮਿਕ ਅਹਮੀਅਤ ਸੀ; ਇਹ ਕੋਈ ਅਖੌਤੀ ‘ਅੰਮ੍ਰਿਤ’ ਵਾਸਤੇ ਨਹੀਂ ਸਨ।

ਮਗਰੋਂ ਬ੍ਰਾਹਮਣ, ਨਿਰਮਲਾ ਤੇ ਉਦਾਸੀ ਲਿਖਾਰੀਆਂ ਨੇ ਸਾਜ਼ਿਸ਼ ਹੇਠ ਇਨ੍ਹਾਂ ਪਾਣੀਆਂ ਨੂੰ ਪਵਿੱਤਰ ਤੇ ਅੰਮ੍ਰਿਤ ਕਹਿਣ ਦਾ ਦੰਭ ਕਰਨਾ ਸ਼ੁਰੂ ਕਰ ਦਿੱਤਾ। ਇਸ ਪਿੱਛੇ ਉਨ੍ਹਾਂ ਦੀ ਇਕ ਹੋਰ ਵੱਡੀ ਸਾਜ਼ਿਸ਼ ਇਹ ਵੀ ਸੀ ਕਿ ਇਸ ਨੂੰ ਹਿੰਦੂ ਅਸਥਾਨ ਗਰਦਾਨਿਆ ਜਾਵੇ। ਇਸ ਸਾਜ਼ਸ਼ ਹੇਠ ਉਨ੍ਹਾਂ ਨੇ ਇਹ ਕਹਾਣੀ ਘੜੀ ਗਈ ਕਿ ਇਹ ਉਸੇ ਛੱਪੜ ਵਾਲੀ ਜਗਹ ’ਤੇ ਬਣਾਇਆ ਗਿਆ ਜਿੱਥੋਂ ਕਾਂ ਡੁਬਕੀ ਲਾ ਕੇ ਹੰਸ ਬਣ ਜਾਂਦੇ ਸਨ। ਇਸ ਗੱਪ ਨੂੰ ਲੋਕਾਂ ਵਿਚ ਮਨਜ਼ੂਰ ਕਰਵਾਉਣ ਵਾਸਤੇ ਇਹ ਕਹਾਣੀ ਵੀ ਘੜ ਲਈ ਗਈ ਕਿ ਇੱਥੇ ਮਨੋਕਲਪਿਤ ਰਜਨੀ ਨਾਂ ਦੀ ਇਕ ਔਰਤ ਦੇ ਪਿੰਗਲੇ ਪਤੀ ਦਾ ਕੋਹੜ ਤੇ ਅਪਾਹਜ-ਪੁਣਾ (ਅਖੌਤੀ ਤੌਰ ’ਤੇ) ਦੂਰ ਹੋਇਆ ਸੀ।

ਇਹ ਗੱਪ ਬ੍ਰਾਹਮਣ ਲੇਖਕ ਨੇ ਇਹ ਸੋਚ ਕੇ ਘੜੀ ਸੀ ਕਿ ਇਸ ਨੂੰ ਕਿਸੇ ‘ਪ੍ਰਾਚੀਨ’ ਹਿੰਦੂ ਮੰਦਰ ਜਾਂ ਮਿਥਹਾਸ ਨਾਲ ਜੋੜ ਕੇ ਇਸ ’ਤੇ ਹਿੰਦੂਆਂ ਦਾ ਹੱਕ ਬਣਾ ਦਿੱਤਾ ਜਾਵੇ ਅਤੇ ਇਕ ਬੇਰੀ ਨੂੰ ਦੁਖਭੰਜਨੀ ਬੇਰੀ ਦਾ ਦੇਣਾ ਅਤੇ ਹਰਦੁਆਰ ਦੀ ਤਰਜ਼ ’ਤੇ ਦਰਬਾਰ ਸਾਹਿਬ ਦੀਆਂ ਪੌੜੀਆਂ ਨੂੰ ‘ਹਰਿ ਕੀ ਪੌੜੀ’ ਨਾਂ ਦੇਣਾ ਵੀ ਇਸ ਸਰੋਵਰ ਨੂੰ ਹਿੰਦੂਆਂ ਦੀ ਬਣਾ ‘ਪ੍ਰਾਚੀਨ ਜਗਹ’ ਬਣਾ ਦੇਣ ਦੀ ਸਾਜ਼ਿਸ਼ ਦਾ ਹਿੱਸਾ ਸੀ। ਇੰਞ ਹੀ ਸੰਤੋਖਸਰ ਸਰੋਵਰ ਦੀ ਪੁਟਾਈ ਵੇਲੇ ਇੱਥੋਂ ਇਕ ‘ਜੋਗੀ’ ਨਿਲਿਆ ਜੋ ‘ਸਮਾਧੀ ਵਿਚ ਲੀਨ’ ਸੀ। ਇਹ ਗੱਪ ਵੀ ਬ੍ਰਾਹਮਣ ਲੇਖਕਾਂ ਨੇ ਇਹ ਸੋਚ ਕੇ ਘੜੀ ਸੀ ਕਿ ਸੰਤੋਖਸਰ ਨੂੰ ਵੀ ਕਿਸੇ ‘ਪ੍ਰਾਚੀਨ’ ਹਿੰਦੂ ਮੰਦਰ ਜਾਂ ਮਿਥਹਾਸ ਨਾਲ ਜੋੜ ਕੇ ਇਸ ’ਤੇ ਹਿੰਦੂਆਂ ਦਾ ਹੱਕ ਕਾਇਮ ਕਰ ਦਿੱਤਾ ਜਾਵੇ।


ਟਿੱਪਣੀ: ਡਾ. ਦਿਲਗੀਰ ਵੱਲੋਂ ਬਹੁਤ ਹੀ ਸਟੀਕ ਜਾਣਕਾਰੀ ਦਿੱਤੀ ਗਈ ਹੈ, ਜੋ ਇੱਕ ਇਤਿਹਾਸਿਕ ਤੱਥ ਹੈ। ਗੁਰਬਾਣੀ ਅੰਦਰ ਵੀ "ਅੰਮ੍ਰਿਤ ਸਰੁ" ਬਾਰੇ ਲਿਖਿਆ ਗਿਆ ਹੈ, ਤੇ ਜਿਸ ਕਰਕੇ ਬਹੁਤਾਤ ਲੋਕ ਗੁਰਬਾਣੀ ਦੀ ਜਾਣਕਾਰੀ ਨਾ ਹੋਣ ਕਰਕੇ ਭੁਲੇਖਾ ਖਾਂਦੇ ਨੇ, ਕਿ ਖੌਰੇ ਗੁਰੂ ਸਾਹਿਬ ਨੇ ਕਿਸੇ ਨਹਾਉਣ ਵਾਲੇ ਸਰੋਵਰ ਦੀ ਗੱਲ ਕੀਤੀ ਹੈ। ਗੁਰਬਾਣੀ ਵਿੱਚ ਜਿੱਥੇ ਵੀ "ਅੰਮ੍ਰਿਤ ਸਰੁ" ਜਾਂ ਸਰੋਵਰ ਦੀ ਗੱਲ ਆਈ ਹੈ, ਉਹ ਗੁਰੂ ਲਈ, ਗੁਰ ਉਪਦੇਸ਼ ਲਈ ਹੈ। ਥੱਲੇ ਦਿੱਤੇ ਪ੍ਰਮਾਣ ਇਸ ਗੱਲ ਦੀ ਤਸਦੀਕ ਕਰਦੇ ਹਨ:

- ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥ ...SGGS ਸਫ਼ਾ 40
- ਸਤਿਗੁਰੁ ਹੈ ਅੰਮ੍ਰਿਤ ਸਰੁ ਸਾਚਾ ਮਨੁ ਨਾਵੈ ਮੈਲੁ ਚੁਕਾਵਣਿਆ ॥ ...SGGS ਸਫ਼ਾ 113
- ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥ ...SGGS ਸਫ਼ਾ 234
- ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥ ...SGGS ਸਫ਼ਾ 250
- ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ ...SGGS ਸਫ਼ਾ 492
- ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥ ...SGGS ਸਫ਼ਾ 1011
- ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥ ...SGGS ਸਫ਼ਾ 1045

ਪਰ, ਜੇ ਗੁਰਬਾਣੀ ਦੇ ਦਿੱਤੇ ਪ੍ਰਮਾਣਾਂ ਜਾਂ ਡਾ. ਦਿਲਗੀਰ ਵੱਲੋਂ ਦਿੱਤੇ ਇਤਿਹਾਸਿਕ ਤੱਥਾਂ ਤੋਂ ਬਾਅਦ ਵੀ ਜੇ ਕੋਈ ਅੜੀ ਕਰੀ ਜਾਵੇ ਕਿ "ਆ ਦੇਖੋ ਜੀ ਸਾਡੇ ਸਰੋਵਰਾਂ ਬਾਰੇ ਕੀ ਕਰਹੀ ਜਾਂਦੇ ਆ..." ਤਾਂ ਉਨ੍ਹਾਂ ਭੋਲੇ (ਮੂਰਖਾਂ) ਦਾ ਕੋਈ ਇਲਾਜ ਨਹੀਂ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top