Share on Facebook

Main News Page

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੋਥੀ ਦਾ ਪ੍ਰਕਾਸ਼ ਕਰਨਾ ਗੁਰੂ ਗੋਬਿੰਦ ਸਿੰਘ ਨਾਲ ਵਾਅਦਾ ਖ਼ਿਲਾਫ਼ੀ ਹੈ...!
-: ਗੁਰਿੰਦਰਪਾਲ ਸਿੰਘ ਧਨੌਲਾ
9316176519

ਬਚਿਤ੍ਰ ਨਾਟਕ ਗ੍ਰੰਥ (ਆਖਿਆ ਜਾਂਦਾ ਦਸਮ ਗ੍ਰੰਥ), ਨਿਤਨੇਮ ਦੀਆਂ ਬਾਣੀਆਂ ,ਖੰਡੇ ਬਾਟੇ ਦੀ ਪਾਹੁਲ ਦੀ ਵਿਧੀ ਤੇ ਪੜੀਆਂ ਜਾਣ ਵਾਲੀਆਂ ਬਾਣੀਆਂ ਅਤੇ ਰਹਿਤ ਮਰਿਯਾਦਾ ਨੂੰ ਲੈ ਕੇ, ਅੱਜ ਸਿੱਖ ਪੰਥ ਵੰਡਿਆ ਪਿਆ ਹੈ। ਦੋਹੀਂ ਪਾਸੀਂ ਦਲੀਲਾਂ ਦੀ ਭਰਮਾਰ ਹੈ। ਜੇ ਕੋਈ ਜਗਿਆਸੂ ਸਿੱਖ ਜਾਂ ਕੋਈ ਹੋਰ ਬੰਦਾ ਮਸਲਾ ਸੁਲਝਾਉਣ ਵਾਸਤੇ ਗਲਤੀ ਨਾਲ ਟਿੱਪਣੀ ਕਰ ਬੈਠੇ ਜਾਂ ਸਵਾਲ ਪੁੱਛ ਲਵੇ ਤਾਂ ਇੱਕ ਪਾਸਿਓਂ ਫ਼ਤਵਾ ਮਿਲ ਜਾਂਦਾ ਹੈ ਕਿ ਇਹ ਮਿਸ਼ਨਰੀ ਹੈ, ਨਾਸਤਿਕ ਹੈ। ਦੂਜੇ ਪਾਸੇ ਵਾਲ਼ਿਆਂ ਨੂੰ ਨਾ ਸੂਤ ਆਵੇ ਤਾਂ ਉਹ ਆਖ ਦਿੰਦੇ ਹਨ ਇਹ ਸੰਪਰਦਾਈ ਹੈ, ਅੰਧਵਿਸ਼ਵਾਸੀ ਹੈ ਜਾਂ ਕਿਰਪਾਨਧਾਰੀ ਬ੍ਰਾਹਮਣ ਹੈ। ਇਸ ਕਰਕੇ ਆਮ ਸਿੱਖ ਇਸ ਹੜਬਾਂ ਦੇ ਭੇੜ ਤੋਂ ਦੂਰ ਰਹਿਣ ਵਿਚ ਹੀ ਭਲਾਈ ਸਮਝਦਾ ਹੈ। ਅਜਿਹੀ ਹੀ ਸੋਚ ਲੈ ਕੇ ਹੁਣ ਤੱਕ ਦਾਸ ਲੇਖਕ ਨੇ ਵੀ ਅਜਿਹੇ ਕਿਸੇ ਵਿਵਾਦ ਵਿੱਚ ਦਖਲ ਅੰਦਾਜ਼ੀ ਕਰਨ ਤੋਂ ਟਾਲਾ ਹੀ ਰੱਖਿਆ ਅਤੇ ਹਮੇਸ਼ਾਂ ਗੁਰੂ ਅੱਗੇ ਅਰਦਾਸ ਕੀਤੀ ਕਿ ਸਿੱਖਾਂ ਨੂੰ ਸੁਮੱਤ ਆਵੇ। ਲੇਕਿਨ ਕੱਲ ਜੋ ਕੁੱਝ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਪਿੰਡ ਸਭਰਾ ਵਿੱਚ ਵਾਪਰਿਆ, ਉਸ ਨੇ ਕਲਮ ਚੁੱਕਣ ਅਤੇ ਜਜ਼ਬਾਤ ਸਾਂਝੇ ਕਰਨ ਵਾਸਤੇ ਪ੍ਰੇਰਣਾਂ ਦਿੱਤੀ ਹੈ।

ਬਚਿਤ੍ਰ ਨਾਟਕ ਵਿੱਚ ਦਰਜ਼ ਰਚਨਾਵਾਂ ਨੂੰ ਕੋਈ ਗੁਰੂ ਗੋਬਿੰਦ ਸਿੰਘ ਦੀ ਲਿਖਤ ਮੰਨਦਾ ਹੈ ਜਾਂ ਉਸ ਨੂੰ ਗੁਰਬਾਣੀ ਦਾ ਦਰਜ਼ਾ ਦਿੰਦਾ ਹੈ ਜਾਂ ਕੋਈ ਮੂਲੋਂ ਹੀ ਦਸਮ ਗ੍ਰੰਥ ਨੂੰ ਰੱਦ ਕਰਦਾ ਹੈ ਅਤੇ ਇਸ ਵਿਚਲੀਆਂ ਰਚਨਾਵਾਂ ਨੂੰ ਅਸ਼ਲੀਲ ਆਖਦਾ ਹੈ, ਹੱਥਲਾ ਲੇਖ ਇਹਨਾਂ ਗੱਲਾਂ ਦਾ ਨਿਰਣਾ ਨਾ ਸਮਝਿਆ ਜਾਵੇ ਕਿਉਂਕਿ ਇਹ ਮਸਲਾ ਬੜਾ ਗੰਭੀਰ ਅਤੇ ਚਿੰਤਾ ਵਾਲਾ ਹੈ, ਜਿਸ ਨੇ ਕੌਮ ਨੂੰ ਸ਼ੀਆ ਸੁੰਨੀ ਵਾਲੀ ਨੌਬਤ ਉੱਤੇ ਲਿਆ ਖੜੇ ਕੀਤਾ ਹੈ। ਇਸ ਮਸਲੇ ਉੱਤੇ ਨਿਰਣਾ ਦੇਣਾ ਕਿਸੇ ਇੱਕ ਕਲਮ ਜਾਂ ਇੱਕ ਸਿਰ ਦੇ ਵੱਸ ਦੀ ਗੱਲ ਨਹੀਂ ਹੈ ਅਤੇ ਨਾਂ ਹੀ ਕਿਸੇ ਅਜਿਹੇ ਨਿਰਣੇ ਨੂੰ ਕੌਮੀਂ ਫੈਸਲਾ ਆਖਣਾ ਪੰਥ ਦੇ ਹਿੱਤ ਵਿੱਚ ਹੋ ਸਕਦਾ ਹੈ। ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਦਸਵੇਂ ਸਰੀਰ ਵਿੱਚ ਵਿਚਰਦਿਆਂ, ਇਸ ਸੰਸਾਰ ਤੋਂ ਸਰੀਰਕ ਰੂਪ ਵਿੱਚ ਅੰਤਿਮ ਵਿਦਾਇਗੀ ਲੈਣ ਤੋਂ ਪਹਿਲਾਂ, ਆਪਣੇ ਸਿੱਖਾਂ ਨੂੰ ਬੇਨਤੀ ਨਹੀਂ ਸਗੋਂ ਹੁਕਮ ਕੀਤਾ ਹੈ ‘‘ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿਖਣੁ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ’’ ਜਿਸ ਨਾਲ ਇਹ ਸਦੀਵ ਕਾਲ ਅਟੱਲ ਨਿਰਣਾ ਹੋ ਚੁੱਕਿਆ ਹੈ ਕਿ ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹਨ। ਜਿਸ ਨੂੰ ਕੋਈ ਚੈਲਿਜ ਨਹੀਂ ਕਰ ਸਕਦਾ। ਜਿਹੜਾ ਕਿੰਤੂ ਕਰਦਾ ਹੈ ਉਹ ਸਿਰੀ ਚੰਦ,ਦਾਤੂ ਦਾਸੂ ,ਪਿਰਥੀਏ ,ਰਾਮ ਰਾਇ ਜਾਂ ਧੀਰ ਮੱਲ ਦੀ ਸੰਤਾਨ ਤਾਂ ਹੋ ਸਕਦਾ ਹੈ, ਪਰ ਗੁਰੂ ਦਾ ਸਿੱਖ ਅਖਵਾਉਣ ਦਾ ਆਪਣਾ ਹੱਕ ਖਤਮ ਕਰ ਬੈਠਦਾ ਹੈ।

ਪੰਥਕ ਅਖਬਾਰ ਰੋਜ਼ਾਨਾ ਪਹਿਰੇਦਾਰ ਵਿੱਚ ਛਪੀ ਖਬਰ ਮੁਤਾਬਿਕ ਕੱਲ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਪਿੰਡ ਸਭਰਾ ਵਿਖੇ ਕੁੱਝ ਨਿਹੰਗ ਸਿੰਘਾਂ ਵੱਲੋਂ ਪਿੰਡ ਦੇ ਗੁਰਦਵਾਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰਨਾਟਕ ਪੋਥੇ ਦਾ ਪ੍ਰਕਾਸ਼ ਕਰਨ ਦਾ ਯਤਨ ਕੀਤਾ ਗਿਆ। ਜਿਸ ਨਾਲ ਮਹੌਲ ਬਹੁਤ ਤਲਖ਼ ਹੋ ਗਿਆ ਅਤੇ ਦਰਜਨਾਂ ਸਿਰ ਸਿਰਫ ਇਸ ਕਰਕੇ ਲਹਿਣੋਂ ਬਚ ਗਏ ਕਿ ਮੌਕੇ ਸਿਰ ਪੁਲਿਸ ਆ ਪਹੁੰਚੀ, ਨਹੀਂ ਤਾਂ ਰਤਾ ਜਿੰਨੀ ਵੀ ਦੇਰੀ ਨੇ ਕਈ ਘਰਾਂ ਵਿੱਚ ਸੱਥਰ ਵਿਛਾਅ ਦੇਣੇ ਸਨ। ਹੁਣ ਇੱਥੇ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਕਿਸੇ ਹੋਰ ਕਿਤਾਬ ਜਾਂ ਪੋਥੇ ਦਾ ਪ੍ਰਕਾਸ਼ ਕਰਨ ਦਾ ਵਿਰੋਧ ਕਰਦੇ ਹਨ, ਉਹ ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੁਕਮਾਂ ਉਤੇ ਪਹਿਰਾ ਦੇ ਰਹੇ ਹਨ। ਉਹਨਾਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਜੋ ਗੁਰੂ ਨੇ ਕਿਹਾ ਹੈ ਉਹਨਾਂ ਬਚਨਾਂ ਨੂੰ ਕਮਾ ਕੇ, ਗੁਰੂ ਦੀ ਖੁਸ਼ੀ ਹਾਸਿਲ ਕਰਨ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਚਾਹੁੰਦੇ ਹਨ ਉਹ ਵੀ ਇੱਕ ਸਮੇਂ ਆਪਣੀ ਥਾਂ ਉੱਤੇ ਸਹੀ ਜਾਪਣਗੇ। ਹੁਣ ਇਹ ਦਲੀਲ ਕਿਸੇ ਨੂੰ ਹਜ਼ਮ ਨਹੀਂ ਹੋਣੀ ਇਸ ਨੂੰ ਸਮਝਣ ਵਾਸਤੇ ਆਓ ਥੋੜਾ ਹੋਰ ਪਿਛੇ ਵੱਲ ਨੂੰ ਤੱਕੀਏ।

ਸਿੱਖਾਂ ਦੇ ਦੋ ਤਖਤ, ਹਰਿਮੰਦਿਰ ਸਾਹਿਬ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਨੰਦੇੜ, ਜਿਥੇ ਹਰ ਸਾਲ ਲੱਖਾਂ ਸਿੱਖ ਸ਼ਰਧਾ ਨਾਲ ਦਰਸ਼ਨ ਕਰਨ ਜਾਂਦੇ ਹਨ ਅਤੇ ਜੋੜ ਮੇਲੇ ਉੱਤੇ ਹਫਤੇ ਭਰ ਵਿੱਚ ਹੀ ਕਈ ਲੱਖ ਸਿੱਖ, ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਵਾਸਤੇ ਆਉਂਦੇ ਹਨ, ਪਰ ਇਹਨਾਂ ਦੋਹਾਂ ਅਸਥਾਨਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਚਿਤ੍ਰ ਨਾਟਕ ( ਦਸਮ ਗ੍ਰੰਥ) ਦਾ ਵੀ ਪ੍ਰਕਾਸ਼ ਕੀਤਾ ਜਾਂਦਾ ਹੈ। ਉਥੇ ਕਿੰਤੂ ਕਰਨਾ ਤਾਂ ਦੂਰ ਦੀ ਗੱਲ ਹੈ ਜੇ ਕੋਈ ਸੁਭਾਵਿਕ ਹੀ ਦਸਮ ਗ੍ਰੰਥ ਦੇ ਬਰਾਬਰ ਪ੍ਰਕਾਸ਼ ਬਾਰੇ ਕੋਈ ਸਵਾਲ ਕਰ ਲਵੇ ਤਾਂ ਜਾਨ ਬਚਾਉਣੀ ਮੁਸ਼ਕਿਲ ਹੋ ਜਾਂਦੀ ਹੈ। ਦਾਸ ਲੇਖਿਕ ਨਾਲ ਅਜਿਹਾ ਵਾਪਰ ਚੁੱਕਿਆ ਹੈ। ਅੱਜ ਤੱਕ ਕਿੰਨੇ ਸਿੱਖ ਅਜਿਹੇ ਹਨ, ਜਿਹਨਾਂ ਨੇ ਇਸ ਉੱਤੇ ਕਦੇ ਸਵਾਲ ਉਠਾਇਆ ਹੋਵੇ ਕਿ ਇਹਨਾਂ ਦੋ ਤਖਤਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਪ੍ਰਕਾਸ਼ ਕਿਉਂ ਕੀਤਾ ਹੋਇਆ ਹੈ? ਸਿਰਫ ਫੇਸਬੁੱਕ ਜਾਂ ਕੁੱਝ ਹੋਰ ਕਿਤਾਬਾਂ ਰਸਾਲਿਆਂ ਵਿੱਚ ਜਰੂਰ ਨੁਕਤਾਚੀਨੀ ਹੁੰਦੀ ਹੈ।

ਅੱਜ ਬਹੁਤ ਸਾਰੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਵਾਸਤੇ ਕੰਮ ਕਰ ਰਹੀਆਂ ਹਨ। ਕਿਸੇ ਜਗਾ ਡੇਰਿਆਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਇਸ ਕਰਕੇ ਰੋਕਿਆ ਜਾਂਦਾ ਹੈ ਕਿ ਬਰਾਬਰ ਸਮਾਧ ਬਣੀ ਹੋਈ ਹੈ। ਫਿਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਹੋਣਾ, ਜਿਸ ਨੂੰ ਗੁਰੂ ਦਾ ਦਰਜ਼ਾ ਹੀ ਨਾ ਹੋਵੇ, ਇਹ ਵੀ ਤਾਂ ਸਤਿਕਾਰ ਨੂੰ ਠੇਸ ਪਹੁੰਚਾਉਣ ਦੇ ਤੁਲ ਹੈ। ਕਿਸੇ ਸਤਿਕਾਰ ਸਭ ਨੇ ਅੱਜ ਤੱਕ ਇਹ ਮੁੱਦਾ ਨਹੀਂ ਉਠਾਇਆ ਹੈ। ਇਹਨਾਂ ਗੱਲਾਂ ਤੋਂ ਪ੍ਰਭਾਵਿਤ ਆਮ ਸਿੱਖ ਸਮਝਦਾ ਹੈ ਕਿ ਸ਼ਾਇਦ ਬਰਾਬਰ ਪ੍ਰਕਾਸ਼ ਨਾਲ ਕੋਈ ਅਵੱਗਿਆ ਨਹੀਂ ਹੁੰਦੀ, ਇਸ ਤੋਂ ਹੀ ਪ੍ਰਭਾਵਿਤ ਕੁਝ ਲੋਕ ਬਚਿਤ੍ਰ ਨਾਟਕ ( ਦਸਮ ਗ੍ਰੰਥ) ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਰਨ ਨੂੰ ਪੰਥ ਪ੍ਰਸਤੀ ਸਮਝਣ ਲੱਗ ਪਏ ਹਨ ਅਤੇ ਗੁਰੂ ਘਰ ਦੇ ਦੋਖੀਆਂ ਨੇ ਅਜਿਹੀ ਕਵਾਇਦ ਨੂੰ ਉਤਸ਼ਾਹ ਦੇਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇਸ ਨਾਲ ਸਿੱਖਾਂ ਵਿੱਚ ਤਰੇੜ ਪੈਦਾ ਹੁੰਦੀ ਹੈ ਅਤੇ ਸਿੱਖ ਖਾਨਾਂਜੰਗੀ ਦਾ ਸ਼ਿਕਾਰ ਹੁੰਦੇ ਹਨ। ਉਹਨਾਂ ਲੋਕਾਂ ਨੇ ਕੁੱਝ ਲਾਲਚ ਦੇ ਕੇ ਜਾਂ ਕੋਈ ਪ੍ਰਭਾਵ ਵਰਤਕੇ, ਕੁੱਝ ਸਿੱਖਾਂ ਦੀ ਅਕਲ ਉੱਤੇ ਪੜਦਾ ਪਾ ਦਿੱਤਾ ਹੈ ਅਤੇ ਉਹਨਾਂ ਤੋਂ ਅਜਿਹਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਸਿੱਖ ਖੁਦ ਗੁਰੂ ਗ੍ਰੰਥ ਸਾਹਿਬ ਦੀ ਪ੍ਰਭੂ ਸਤਾ ਨੂੰ ਚੈਲਿੰਜ ਕਰ ਰਹੇ ਹਨ।

ਜਿਹੜੇ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਜਦੋਂ ਨਿਤਨੇਮ ਵਿੱਚ ਹੁਣ ਤੱਕ ਉਹ ਰਚਨਾਵਾਂ ਸ਼ਾਮਲ ਹਨ, ਜਿਹੜੀਆਂ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਹਿੱਸਾ ਹਨ ਅਤੇ ਖੰਡੇ ਬਾਟੇ ਦੀ ਪਾਹੁਲ ਦੇਣ ਵੇਲੇ ਵੀ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚੋਂ ਬਾਣੀਆਂ ਪੜੀਆਂ ਜਾਂਦੀਆਂ ਹਨ, ਉਹਨਾਂ ਦੀ ਇਹ ਦਲੀਲ ਹੋਵੇਗੀ ਕਿ ਜੇ ਨਿਤਨੇਮ ਜਾਂ ਖੰਡੇ ਬਾਟੇ ਦੀ ਪਾਹੁਲ ਵੇਲੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਵਿੱਚੋਂ ਬਾਣੀ ਪੜੀ ਜਾਂਦੀ ਹੈ, ਫਿਰ ਬਰਾਬਰ ਪ੍ਰਕਾਸ਼ ਕਰਨ ਦਾ ਵੀ ਕੀਹ ਹਰਜ਼ ਹੈ। ਲੇਕਿਨ ਮੇਰੀ ਉਹਨਾਂ ਵੀਰਾਂ ਨੂੰ ਇੱਕ ਹੀ ਬੇਨਤੀ ਹੈ ਕਿ ਜਿਵੇ ਉੱਪਰ ਲਿਖਿਆ ਹੈ ਕਿ ਇਹ ਲੇਖ ਕਿਸੇ ਬਾਣੀ ਦੇ ਪੜ੍ਹਣ ਪੜਾਉਣ ਦਾ ਨਿਰਣਾ ਜਾਂ ਚਰਚਾ ਨਹੀਂ ਹੈ, ਪਰ ਜਿਸ ਗ੍ਰੰਥ ਨੂੰ ਗੁਰੂ ਦਾ ਦਰਜ਼ਾ ਹੀ ਨਹੀਂ ਹੈ, ਉਹ ਭਾਵੇਂ ਕਿਸੇ ਦੀ ਵੀ ਲਿਖਤ ਕਿਉਂ ਨਾ ਹੋਵੇ, ਉਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਵੀ ਤਰਾਂ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਇਹ ਤਾਂ ਰੂਹਾਨੀ ਮਾਮਲਾ ਹੈ ਦੁਨਿਆਵੀ ਪਾਸੇ ਵੀ ਵੇਖ ਲਵੋ, ਕਦੇ ਕਿਸੇ ਨੇ ਇੱਕ ਹੀ ਕੁਰਸੀ ਉੱਤੇ ਰਾਸ਼ਟਪਤੀ ਜਾਂ ਪ੍ਰਧਾਨ ਮੰਤਰੀ ਬੈਠੇ ਦੇਖੇ ਹਨ? ਦਰਜ਼ਾ-ਬ-ਦਰਜ਼ਾ ਸਤਿਕਾਰ ਰੱਖਣਾ ਹੀ ਪੈਂਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਪ੍ਰਕਾਸ਼ ਕਰਨ ਨਾਲ ਕੀਹ ਨੁਕਸਾਨ ਹੋਵੇਗਾ, ਇਹ ਵੀ ਸਮਝਣਾ ਲਾਜ਼ਮੀ ਹੈ।

ਮਿਸਾਲ ਦੇ ਤੌਰ ਉਤੇ ਜੇ ਅਸੀਂ ਅੱਜ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ, ਇਹ ਰਸਤਾ ਖੋਲ ਦਿੰਦੇ ਹਾਂ ਤਾਂ ਹੋਰ ਲੋਕਾਂ ਨੂੰ ਵੀ ਖੁੱਲ ਹੋ ਜਾਵੇਗੀ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਦੀ ਕਾਫੀ ਬਾਣੀ ਦਰਜ਼ ਹੈ, ਪਰ ਉਸ ਤੋਂ ਕਈ ਗੁਣਾਂ ਕਬੀਰ ਜੀ ਦੀਆਂ ਰਚਨਾਵਾਂ ਬੀਚਕ ਗ੍ਰੰਥ ਵਿਚ ਦਰਜ਼ ਹਨ, ਜਿਸ ਨੂੰ ਗਰੀਬ ਦਾਸੀਆਂ ਦੀ ਬਾਣੀ ਵੀ ਆਖਿਆ ਜਾਂਦਾ ਹੈ। ਜੇ ਭਲਾ ਕੱਲ ਨੂੰ ਕੁੱਝ ਸਿੱਖ ਇਹ ਕਹਿਣ ਕਿ ਅਸੀਂ ਭਗਤ ਕਬੀਰ ਸਾਹਿਬ ਵਾਲਾ ਗ੍ਰੰਥ ਵੀ ਆਪਣੇ ਗੁਰਦਵਾਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਹੈ ਤਾਂ ਸਾਡੇ ਕੋਲ ਕੀਹ ਜਵਾਬ ਹੋਵੇਗਾ ਕਿਉਂਕਿ ਦਸਮ ਗ੍ਰੰਥ ਹਮਾਇਤੀ ਵੀਰਾਂ ਮੁਤਾਬਿਕ ਬਚਿਤ੍ਰ ਨਾਟਕ (ਦਸਮ ਗ੍ਰੰਥ) ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਰਚਨਾ ਜਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਨਹੀਂ ਹੈ, ਜੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨ ਦੀ ਇਜ਼ਾਜ਼ਤ ਹੋਵੇਗੀ ਤਾਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾਂ ਹੀ ਦਰਜ਼ ਹੈ, ਫਿਰ ਉਹਨਾਂ ਦੇ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਸ਼ ਕਰਨ ਤੋਂ ਕੀਹ ਕਹਿਕੇ ਮਨਾਂ ਕੀਤਾ ਜਾਵੇਗਾ ? ਇੰਜ ਹੀ ਹੁਣੇ ਹੁਣੇ ਡੇਰੇ ਬੱਲਾਂ ਵੱਲੋਂ ਹੋਂਦ ਵਿੱਚ ਲਿਆਂਦੇ ‘‘ਅੰਮ੍ਰਿਤ ਬਾਣੀ’’ ਗ੍ਰੰਥ ਬਾਰੇ ਵੀ ਸਾਡੇ ਕੋਲ ਕੋਈ ਜਵਾਬ ਨਹੀਂ ਹੋਵੇਗਾ ਕਿਉਂਕਿ ਉਸ ਵਿੱਚ ਵੀ ਭਗਤ ਰਵਿਦਾਸ ਜੀ ਦੀ ਉਹ ਬਾਣੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ। ਜੇ ਉਹ ਵੀਰ ਵੀ ਕੱਲ ਨੂੰ ਇਹ ਕਹਿਣ ਕਿ ਅਸੀਂ ਵੀ ਬਰਾਬਰ ਪ੍ਰਕਾਸ਼ ਕਰਨਾ ਹੈ ਤਾਂ ਕਿਸ ਦਲੀਲ ਨਾਲ ਮਨਾਂ ਕੀਤਾ ਜਾਵੇਗਾ। ਜੇ ਨਹੀਂ ਮਨਾਂ ਕਰਾਂਗੇ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਵਾਲਾ ਦਰਜ਼ਾ ਕਿਵੇਂ ਬਹਾਲ ਰਹੇਗਾ?

ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵਾਰ ਜਦੋਂ ਸ਼ੁਰੂ ਸ਼ੁਰੂ ਵਿੱਚ ਬਚਿਤ੍ਰ ਨਾਟਕ (ਦਸਮ ਗ੍ਰੰਥ) ਬਾਰੇ ਸੰਵਾਦ ਸ਼ੁਰੂ ਹੋਇਆ ਸੀ ਕਿ ਇਹ ਗੁਰੂ ਬਾਣੀ ਹੈ ਜਾਂ ਨਹੀਂ ਤਾਂ ਹਿੰਦੂ ਸ਼ਿਵ ਸੈਨਾ ਪਟਿਆਲਾ ਵੱਲੋਂ ਬਿਆਨ ਆਇਆ ਸੀ ਕਿ ਸ਼ਿਵ ਸੈਨਾ ਮੰਦਰਾਂ ਵਿੱਚ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਪ੍ਰਕਾਸ਼ ਕਰੇਗੀ, ਭਾਵੇਂ ਕਿ ਸ਼ਿਵ ਸੈਨਾ ਅੱਜ ਤਕ ਸਾਰੇ ਮੰਦਰਾਂ ਵਿੱਚ ਰਮਾਇਣ, ਗੀਤਾ, ਵੇਦਾਂ, ਪੁਰਾਣਾਂ ਜਾਂ ਸਿਮਰਤੀਆਂ ਦਾ ਪ੍ਰਕਾਸ਼ ਨਹੀਂ ਕਰ ਸਕੀ, ਪਰ ਬਚਿਤ੍ਰ ਨਾਟਕ (ਦਸਮ ਗ੍ਰੰਥ) ਨਾਲ ਉਸ ਨੂੰ ਕੀਹ ਮੋਹ ਜਾਗਿਆ, ਜੋ ਉਸ ਨੇ ਅਜਿਹਾ ਬਿਆਨ ਦੇ ਦਿੱਤਾ ਸੀ। ਸੰਗਰੂਰ ਸ਼ਹਿਰ ਦੇ ਫੌਜੀ ਛਾਉਣੀ ਇਲਾਕੇ ਵਿੱਚ ਵੀ ਇੱਕ ਬਾਬਾ ਸਾਹਿਬ ਦਾਸ ਨਗਨ ਦੀ ਸਮਾਧ ਹੈ, ਜਿਥੇ ਹੁਣ ਤਾਂ ਬੇਸ਼ੱਕ ਅਲੱਗ ਕਮਰਿਆਂ ਵਿੱਚ ਹਨ, ਪਰ ਕੁੱਝ ਸਮਾਂ ਪਹਿਲਾਂ ਇੱਕ ਹੀ ਕਮਰੇ ਵਿੱਚ, ਇੱਕ ਹੀ ਚੰਦੋਏ ਹੇਠ ਗੁਰੂ ਗ੍ਰੰਥ ਸਾਹਿਬ ਅਤੇ ਰਮਾਇਣ ਦਾ ਬਾਰਬਰ ਪ੍ਰਕਾਸ਼ ਹੁੰਦਾ ਰਿਹਾ ਹੈ। ਸਾਨੂੰ ਰਮਾਇਣ ਉੱਤੇ ਕੋਈ ਕਿੰਤੂ ਨਹੀਂ ਬੇਸ਼ੱਕ ਹਰ ਮੰਦਿਰ ਵਿੱਚ ਪ੍ਰਕਾਸ਼ ਕੀਤਾ ਜਾਵੇ, ਹਰ ਹਿੰਦੂ ਆਪਣੇ ਘਰ ਕਰੇ, ਪਰ ਗੁਰੂ ਦਾ ਦਰਜ਼ਾ ਰਮਾਇਣ ਨੂੰ ਵੀ ਨਹੀਂ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਵਿਲੱਖਣ ਗ੍ਰੰਥ ਹਨ ਜਿਹਨਾਂ ਕੋਲ ਗੁਰੂ ਦਾ ਦਰਜ਼ਾ ਹੈ ਅਤੇ ਭਾਰਤ ਦੀ ਸਭ ਤੋਂ ਵੱਡੀ ਦੁਨਿਆਵੀ ਅਦਾਲਤ ਨੇ ਵੀ ਮੰਨਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਹਨ, ਇਸ ਕਰਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕੋ ਇੱਕ ਅਜਿਹੇ ਗ੍ਰੰਥ ਹਨ ਜਿਹਨਾਂ ਦੇ ਨਾਮ ਉੱਤੇ ਜਾਇਦਾਦ ਮਾਲ ਰਿਕਾਰਡ ਵਿੱਚ ਦਰਜ਼ ਹੋ ਸਕਦੀ ਹੈ, ਹੋਰ ਕਿਸੇ ਧਰਮ ਗ੍ਰੰਥ ਕੋਲ ਅਜਿਹੀ ਮਾਨਤਾ ਨਹੀਂ ਹੈ।

ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬਚਿਤ੍ਰ ਨਾਟਕ (ਦਸਮ ਗ੍ਰੰਥ) ਜਾਂ ਕਿਸੇ ਹੋਰ ਪੋਥੇ ਦਾ ਪ੍ਰਕਾਸ਼ ਕਰਨਾ ਜਾਇਜ ਸਮਝਦੇ ਹਨ, ਕੀਹ ਉਹ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ ਅਤੇ ਨਿਆਰੇਪਣ ਨੂੰ ਖਤਮ ਕਰਨਾ ਚਾਹੁੰਦੇ ਹਨ? ਉਹਨਾਂ ਨੂੰ ਇੱਕ ਖਿਆਲ ਰੱਖਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਇੱਕੋ ਇੱਕ ਗੁਰੂ ਹਨ, ਜਦੋਂ ਕੋਈ ਹੋਰ ਗ੍ਰੰਥ ਗੁਰੂ ਦਾ ਦਰਜ਼ਾ ਨਹੀਂ ਰੱਖਦਾ,ਫਿਰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕੋਈ ਗ੍ਰੰਥ ਕਿਵੇਂ ਕਰ ਸਕਦਾ ਹੈ,ਬੇਸ਼ੱਕ ਉਹ ਕਿਸੇ ਗੁਰੂ ਦੀ ਹੀ ਲਿਖਤ ਵੀ ਕਿਉਂ ਨਾ ਹੋਵੇ। ਜਦੋਂ ਗੁਰੂ ਸਾਹਿਬ ਨੇ ਕੁੱਝ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੀ ਨਹੀਂ ਕੀਤਾ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਸਬਦਾਂ ਨੂੰ ਹੀ ਗੁਰਬਾਣੀ ਦਾ ਦਰਜ਼ਾ ਦਿੱਤਾ ਹੈ, ਫਿਰ ਅਸੀਂ ਕੌਣ ਹਾਂ ਜਿਹੜੇ ਗੁਰੂ ਤੋਂ ਵੱਡੇ ਬਣ ਰਹੇ ਹਾਂ ਅਤੇ ਗੁਰੂ ਦੇ ਬਚਨ ਦੇ ਉਲਟੇ ਜਾ ਕੇ, ਕਿਸੇ ਹੋਰ ਪੋਥੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਅਤੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਦਾ ਨਿਰਾਦਰ ਕਰਨ ਉੱਤੇ ਤੁਲੇ ਹੋਏ ਹਾਂ। ਕੁੱਝ ਲੋਕ ਕਿਸੇ ਖਾਸ ਰਚਨਾ ਨਾਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਜੋੜਕੇ, ਕਿ ਉਹ ਇਸ ਦੀ ਕਥਾ ਕਰਦੇ ਹੁੰਦੇ ਸਨ, ਬਾਬਾ ਜਰਨੈਲ ਸਿੰਘ ਦੀ ਕੁਰਬਾਨੀ ਦਾ ਸਹਾਰਾ ਲੈ ਕੇ, ਖਤਨਾਕ ਖੇਡ ਖੇਡ ਰਹੇ ਹਨ, ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਜਰਨੈਲ ਸਿੰਘ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਸਨ।

ਇਸ ਵਾਸਤੇ ਸਾਰੇ ਪੰਥ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕੋਈ ਜਿਹੜੀ ਦਿਲ ਕਰਦਾ ਹੈ ਬਾਣੀ ਪੜ੍ਹੋ, ਕਿਸੇ ਨੂੰ ਦਲੀਲ ਨਾਲ ਸਮਝਾਓ, ਵਿਵਾਦ ਦੀ ਥਾਂ ਸੰਵਾਦ ਰਚਾਓ ਕਿੳਂਕਿ ਸਾਡਾ ਧਰਮ ਵਿਚਾਰ ਪ੍ਰਧਾਨ ਹੈ, ਇਥੇ ਅੰਧਵਿਸ਼ਵਾਸ਼ ਵਾਸਤੇ ਕੋਈ ਜਗਾ ਨਹੀਂ ਹੈ। ਕੁਝ ਮਸਲੇ ਅਜਿਹੇ ਹਨ ਜਿਹਨਾਂ ਦਾ ਹੱਲ ਹਾਲੇ ਸੰਭਵ ਨਹੀਂ, ਪਰ ਇੱਕ ਮੁੱਦੇ ਉੱਤੇ ਇੱਕਮਤ ਹੋ ਜਾਓ ਕਿ ਸਿੱਖਾਂ ਦੇ ਗੁਰੂ ਸਿਰਫ ਤੇ ਸਿਰਫ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਹੋਰ ਕੋਈ ਪੋਥੀ ਗੁਰੂ ਦਾ ਦਰਜ਼ਾ ਨਹੀਂ ਰੱਖਦੀ, ਭਾਵੇਂ ਉਹ ਕਿਸੇ ਗੁਰੂ ਸਾਹਿਬਾਨ ਦੀ ਲਿਖਤ ਵੀ ਕਿਉਂ ਨਾ ਹੋਵੇ। ਅਜਿਹਾ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ, ਫਿਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਪੋਥੀ ਦਾ ਪ੍ਰਕਾਸ਼ ਕਰਨਾ ਗੁਰੂ ਗੋਬਿੰਦ ਸਿੰਘ ਨਾਲ ਵਾਹਦਾ ਖ਼ਿਲਾਫ਼ੀ ਹੈ। ਆਓ ! ਗੁਰੂ ਦੇ ਹੁਕਮ ਨੂੰ ਸਮਝੀਏ ਗੁਰੂ ਦੀ ਮਤਿ ਵਿੱਚ ਚੱਲੀਏ। ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖੀਏ ਤੇ ਆਉਣ ਵਾਲੀਆਂ ਨਸਲਾਂ ਨੂੰ ਰੱਖਣ ਦੀ ਗੁੜ੍ਹਤੀ ਦੇਈਏ। ਕਲਗੀਵਾਲੇ ਦੀ ਹੁਕਮ ਅਦੂਲੀ ਤੋਂ ਬਚੀਏ।

ਗੁਰੂ ਰਾਖਾ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top