Share on Facebook

Main News Page

ਸ਼੍ਰੋ. ਕਮੇਟੀ ਨੇ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਰਚਨਾਵਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹਨ ਦਾ ਪ੍ਰਾਪੇਗੰਡਾ ਸਿੱਖ ਰਹਤ ਮਰਿਯਾਦਾ ਰਾਹੀਂ ਕੀਤਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਗਿਆਨੀ ਜਗਤਾਰ ਸਿੰਘ ਜਾਚਕ ਨੇ ਠੀਕ ਹੀ ਕਿਹਾ ਹੈ ਕਿ ਪਿੰਡ ਸਭਰਾਵਾਂ ਵਿੱਚ 1897 ਈਸਵੀ ਵਿੱਚ ਬਚਿੱਤ੍ਰ ਨਾਟਕ ਤੋਂ ਨਵੇਂ ਨਾਂ ਉੱਤੇ ਬਣਾਏ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦਾ ਅਸਥਾਪਨ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੀ ਹੈ।

ਅਸਲ ਵਿੱਚ ਇਹ ਬੇਅਦਬੀ ਸੰਨ 1945 ਤੋਂ ਹੀ ਹੋ ਰਹੀ ਹੈ ਜਦੋਂ ਸ਼੍ਰੋ. ਕਮੇਟੀ ਨੇ ਹਿੰਦੂਤਵ ਦੇ ਪ੍ਰਭਾਵ ਹੇਠ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਰਚਨਾਵਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੜ੍ਹਨ ਦਾ ਪ੍ਰਾਪੇਗੰਡਾ ਸਿੱਖ ਰਹਤ ਮਰਯਾਦਾ ਰਾਹੀਂ ਕੀਤਾ ਸੀ। ਸ਼੍ਰੋ. ਕਮੇਟੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੋਣ ਕਰਕੇ ਸਿੱਖਾਂ ਨੂੰ ਇਸ ਦੀਆਂ ਕਾਰਵਾਈਆਂ ਉੱਤੇ ਕੋਈ ਸ਼ੱਕ ਨਹੀਂ ਪਿਆ ਸੀ। ਪਰ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਸਿੱਖ ਸੰਗਤਾਂ ਨੂੰ, ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਰਾਹੀਂ ਕੀਤੀ ਜਾ ਰਹੀ, ਸਿੱਖੀ ਦੀ ਬਰਬਾਦੀ ਪ੍ਰਤੀ ਸੁਚੇਤ ਕਰਨ ਤੋਂ ਪਤਾ ਲੱਗਾ ਹੈ ਕਿ ਇਸ ਕਮੇਟੀ ਨੇ ਵਾਕਿਆ ਹੀ ਅੰਮ੍ਰਿਤ ਵਿੱਚ ਜ਼ਹਿਰ ਘੋਲ਼ ਕੇ ਸਿੱਖਾਂ ਨੂੰ ਨਿੱਤ-ਨੇਮ ਰਾਹੀਂ ਪਿਲਾਉਣਾ ਸ਼ੁਰੂ ਕੀਤਾ ਹੋਇਆ ਸੀ। ਹੁਣ ਬਹੁਤ ਸਾਰੇ ਸਿੱਖ ਇਸ ਜ਼ਹਿਰ ਨੂੰ ਖਾਣ ਤੋਂ ਜਾਗਰੂਕ ਹੋ ਕੇ ਬਚਣ ਲੱਗ ਪਏ ਹਨ।

ਸੰਨ 1945 ਤੋਂ ਹੀ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੇ ਗੁਰਦੁਆਰਿਆਂ ਵਿੱਚ ਅਸਥਾਪਨ ਕੀਤੇ ਜਾਣ ਦੀ ਨੀਂਹ ਰੱਖੀ ਗਈ ਸੀ। ਲੱਗਭੱਗ 70 ਸਾਲਾਂ ਤੋਂ ਸਿੱਖਾਂ ਨੂੰ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਨਾਲ਼ ਪੂਰੀ ਤਰ੍ਹਾਂ ਜੋੜਨ ਲਈ ਸ਼੍ਰੋ. ਕਮੇਟੀ ਨੇ ਸਤਿਗੁਰੂ ਪਾਤਿਸ਼ਾਹਾਂ ਦਾ ਬਣਾਇਆ ਹੋਇਆ ਰੋਜ਼ਾਨਾ ਦਾ ਨਿੱਤ-ਨੇਮ ਭੰਗ ਕਰ ਕੇ ਸਿੱਖਾਂ ਨੂੰ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਦੁਰਗਾ ਅਤੇ ਮਹਾਂਕਾਲ਼ ਦੀ ਉਸਤਤਿ ਵਾਲ਼ੀਆਂ ਰਚਨਾਵਾਂ (ਜਾਪੁ, ਚੌਪਈ, ਸਵੱਯੇ, ਪ੍ਰਿਥਮ ਭਗਉਤੀ ਵਾਲ਼ੀ ਦੁਰਗਾ ਮਾਈ ਪਾਰਬਤੀ ਦੀ ਸਿਫ਼ਤਿ ਵਾਲ਼ੀ ਪਉੜੀ) ਨਵੇਂ ਬਣਾਏ ਨਿੱਤ-ਨੇਮ ਰਾਹੀਂ ਪੜ੍ਹਨੇ ਲਾਇਆ ਹੋਇਆ ਹੈ।

ਅੰਮ੍ਰਿਤ ਦੀਆਂ ਸੱਚੀਆਂ ਬਾਣੀਆਂ ਵਿੱਚ ਵੀ ਕੱਚੀਆਂ ਬਾਣੀਆਂ ਦਾ ਜ਼ਹਿਰ ਘੋਲ਼ ਘੋਲ਼ ਕੇ ਪਿਲਾਇਆ ਜਾਂਦਾ ਰਿਹਾ ਹੈ। ਇਨ੍ਹਾਂ ਰਚਨਾਵਾਂ ਤੋਂ ਬਿਨਾਂ ਸਿੱਖ ਰਾਗੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਹ ਸ਼ਿਵਾ ਬਰ ਮੋਹਿ, ਹੇ ਰਵਿ ਹੇ ਸਸਿ, ਮੁਰ ਪਿਤ ਪੂਰਬ ਕੀਅਸ ਪਯਾਨਾ ਆਦਿਕ ਅਨੇਕਾਂ ਰਚਨਾਵਾਂ ਪੜ੍ਹਦਿਆਂ ਕਦੇ ਸ਼੍ਰੋ ਕਮੇਟੀ ਨੇ ਰੋਕਿਆ ਤੱਕ ਨਹੀਂ ਕਿਉਂਕਿ ਸ਼੍ਰੋ. ਕਮੇਟੀ ਤਾਂ ਆਪ ਸਿੱਖਾਂ ਵਿੱਚ ਹਿੰਦੁਤਵ ਦੇ ਬੀਜ ਚੁੱਕੀ ਹੈ।

ਹੁਣ ਇਹ ਸਵਾਲ ਉੱਠਣੇ ਜ਼ਰੂਰੀ ਹਨ:

1. ਕੀ ਸ਼੍ਰੋ. ਕਮੇਟੀ ਪਿੰਡ ਸਭਰਾਵਾਂ ਦੇ ਗੁਰਦੁਆਰੇ ਵਿੱਚੋਂ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਚੁਕਵਾਏਗੀ? ਉੱਤਰ ਹੈ - ਬਿੱਲਕੁਲ ਨਹੀਂ।
ਇਸ ਦਾ ਕਾਰਣ ਇਹ ਹੈ ਕਿ ਸ਼੍ਰੋ. ਕਮੇਟੀ ਨੇ ਤਾਂ ਆਪ ਹੀ ਰਹਤ ਮਰਯਾਦਾ ਵਿੱਚ ਤਬਦੀਲੀ ਕਰ ਕੇ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਰਚਨਾਵਾਂ ਦਾ ਕੀਰਤਨ ਕਰਨ ਦੀ, ਰਾਗੀਆਂ ਨੂੰ ਆਗਿਆ ਵੀ ਦੇ ਦਿੱਤੀ ਹੈ।

2. ਕੀ ਸ਼੍ਰੀ ਅਕਾਲ ਤਖ਼ਤ ਵਲੋਂ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਚੁਕਵਾਇਆ ਜਾਵੇਗਾ? ਉੱਤਰ ਹੈ - ਨਹੀਂ।
ਕਾਰਣ ਇਹ ਹੈ ਕਿ ਜਥੇਦਾਰ ਤਾਂ ਆਪ ਹੀ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੇ ਪੜ੍ਹਨ ਅਤੇ ਪ੍ਰਚਾਰ ਕਰਨ ਦੇ ਹੱਕ ਵਿੱਚ ਹਨ। ਸੋਸ਼ਲ ਮੀਡੀਏ ਉੱਤੇ ਇੱਕ ਵੀਡੀਓ ਰਾਹੀਂ ਜਥੇਦਾਰ ਜੀ ਕਹਿ ਰਹੇ ਹਨ ਕਿ “ਸਿੱਖੋ! ਤੁਹਾਨੂੰ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਪੜ੍ਹਨਾ ਪਵੇਗਾ ਕਿਉਂਕਿ ਇਸ ਨੂੰ ਪੜ੍ਹੇ ਬਿਨਾ ਤੁਸੀਂ ਸਿਪਾਹੀ ਨਹੀਂ ਬਣ ਸਕਦੇ”। ਕੋਈ ਪੁੱਛਣ ਵਾਲ਼ਾ ਹੋਵੇ ਕਿ ਛੇਵੇਂ ਗੁਰੂ ਵੇਲ਼ੇ ਸਿੱਖਾਂ ਨੇ ਚਾਰ ਜੰਗ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਪੜ੍ਹ ਕੇ ਜਾਂ ਵਾਰ ਦੁਰਗਾ ਕੀ ਪੜ੍ਹ ਕੇ ਲੜੇ ਸਨ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਬਾਣੀ ਪੜ੍ਹ ਕੇ ਜਦੋਂ ਕਿ ਇਹਨਾਂ ਰਚਨਾਵਾਂ (ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ), ਵਾਰ ਦੁਰਗਾ ਕੀ) ਦਾ ਓਦੋਂ ਕੋਈ ਵਜੂਦ ਵੀ ਨਹੀਂ ਸੀ?

3. ਕੀ ਸਭਰਾਵਾਂ ਵਿੱਚ ਗੁਰਦੁਆਰੇ ਵਿੱਚੋਂ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਨੂੰ ਉਹ ਚੁਕਵਾਉਣਗੇ, ਜੋ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਪਾਵਨ ਪੱਤਰੇ ਸਿੱਖੀ ਦੇ ਦੁਸ਼ਮਣਾ ਵਲੋਂ ਗਲ਼ੀਆਂ ਵਿੱਚ ਖਿਲਾਰੇ ਜਾਣ ਉੱਤੇ ਵਿਰੋਧ ਪ੍ਰਦ੍ਰਸ਼ਨ ਕਰਦੇ ਰਹੇ ਸਨ?
ਉੱਤਰ ਹੈ - ਨਹੀਂ।
ਕਿਉਂਕਿ ਉਹ ਸੱਜਣ ਵੀ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਰਚਨਾਵਾਂ ਨੂੰ ਨਿੱਤ-ਨੇਮ ਵਿੱਚੋਂ ਕੱਢਣ ਦੇ ਵੀ ਹੱਕ ਵਿੱਚ ਨਹੀਂ ਹਨ। ਇਸੇ ਕਰਕੇ ਸੱਭ ਧਿਰਾਂ ਚੁੱਪ ਹਨ। ਜਾਚਕ ਜੀ ਦੇ ਕਹਿਣ ਅਨੁਸਾਰ ਮੂਕ-ਦਰਸ਼ਕ ਹਨ।

4. ਕੀ ਕੋਈ ਸਰਕਾਰ ਸਭਰਾਵਾਂ ਵਿੱਚ ਗੁਰਦੁਆਰੇ ਵਿੱਚੋਂ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦਾ ਅਸਥਾਪਨ ਬੰਦ ਕਰਵਾਏਗੀ? ਕਦੇ ਨਹੀਂ। ਕਿਉਂਕਿ ਕਿਸੇ ਸਰਕਾਰ ਨੇ ਅਜੇ ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਨੂੰ ਕੋਈ ਸਜ਼ਾ ਨਹੀਂ ਦਿਵਾਈ।

5. ਕੀ ਫਿਰ ਸਿੱਖ ਭਰਾ-ਮਾਰੂ ਜੰਗ ਵਿੱਚ ਉਲ਼ਝ ਜਾਣਗੇ? ਹਿੰਦੂਤਵ/ਬ੍ਰਾਹਮਣਵਾਦ/ਬਿੱਪਰਵਾਦ/ਮਨੂਵਾਦ ਤਾਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪਰਚਾਰ ਕਰਨ ਦੇ ਸਮੇਂ ਤੋਂ ਇਹੀ ਲੋਚਦਾ ਆ ਰਿਹਾ ਹੈ ਪਰ ਸਿੱਖ ਵੀਰੋ ਸੋਚੋ , ਇਸ ਤਰ੍ਹਾਂ ਨੁਕਸਾਨ ਦੋਹਾਂ ਪਾਸਿਓਂ ਸਿੱਖਾਂ ਦਾ ਹੀ ਹੋਣਾ ਹੈ, ਹਿੰਦੂਤਵ ਦਾ ਨਹੀਂ। ਇਸ ਜੰਗ ਵਿੱਚ ਨਾ ਉਲ਼ਝਿਓ।

ਫਿਰ ਕੀ ਹੋਣਾ ਚਾਹੀਦਾ ਹੈ?

ਸਿੱਖਾਂ ਨੂੰ ਪ੍ਰਣ ਕਰਨਾ ਪਵੇਗਾ ਕਿ ਉਹ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਗੇ। ਇਹ ਤਾਂ ਹੀ ਹੋ ਸਕੇਗਾ ਜੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨੀਆਂ ਇੱਕ ਦਮ ਬੰਦ ਕਰ ਦੇਣ ਅਤੇ ਅਰਦਾਸਿ ਵੀ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਬਾਣੀ ਵਿਚੋਂ ਕੋਈ ਅਰਦਾਸਿ ਵਾਲ਼ਾ ਸ਼ਲੋਕ ਪੜ੍ਹ ਕੇ ਧੰਨੁ ਧੰਨੁ ਕਹਿ ਕੇ ਦਸ ਗੁਰੂ ਸਾਹਿਬਾਨ ਦੇ ਨਾਂ ਲੈ ਕੇ ਹੀ ਸ਼ੁਰੂ ਕਰਨ, ਭਾਵ, ਪ੍ਰਿਥਮ ਭਗਉਤੀ ਵਾਲ਼ੀ ਪਉੜੀ ਨੂੰ ਪੜ੍ਹਨਾ ਤਿਆਗ ਦੇਣ ਕਿਉਂਕਿ ਇਹ ਵੀ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦਾ ਭਾਗ ਹੈ।

ਅੰਮ੍ਰਿਤ ਵਾਲ਼ੀਆਂ ਬਾਣੀਆਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਲੈਣ। ਜਿਹੜੇ ਸਿੱਖ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀਆਂ ਨਿੱਤ-ਨੇਮ ਅਤੇ ਅਰਦਾਸਿ ਵਿੱਚ ਪਾਈਆਂ ਰਚਨਾਵਾਂ ਨੂੰ ਪੜ੍ਹਨ ਦਾ ਮੋਹ ਨਹੀਂ ਛੱਡਣਗੇ ਉਹ ਗੁਰਦੁਆਰਿਆਂ ਵਿੱਚੋਂ ਬਚਿੱਤਰ ਨਾਟਕ ਗ੍ਰੰਥ (ਕਥਿਤ ਦਸਮ ਗ੍ਰੰਥ) ਦੀ ਅਸਥਾਪਨਾ ਬੰਦ ਨਹੀਂ ਕਰਾ ਸਕਣਗੇ, ਕਿਉਂਕਿ ਇਹ ਪਹਿਲਾ ਅਤੇ ਜ਼ਰੂਰੀ ਕਦਮ ਹੈ ਜੋ ਜ਼ਮੀਰ ਨੂੰ ਜਗਾ ਕੇ ਪੁੱਟਣਾ ਹੀ ਪਵੇਗਾ। ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top