Share on Facebook

Main News Page

ਗਿਆਨੀ ਗੁਰਬਚਨ ਸਿੰਘ ਭਿੰਡਰਾਂ (ਦਮਦਮੀ ਟਕਸਾਲ) ਦਾ ਲਿਖਿਆ ‘ਸ੍ਰੀ ਗੁਰਮੁਖਿ ਪ੍ਰਕਾਸ਼’ ਜਾਂ ਮਨਮਤ ਪ੍ਰਕਾਸ਼ ?
-: ਪ੍ਰੋ. ਇੰਦਰ ਸਿੰਘ 'ਘੱਗਾ'
PROF. INDER SINGH GHAGGA·SATURDAY, AUGUST 13, 2016

ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ ਦਾ ਲਿਖਿਆ ‘ਸ੍ਰੀ ਗੁਰਮੁਖਿ ਪ੍ਰਕਾਸ਼’ ਅਤੇ ਗੁਰਬਾਣੀ ਪਾਠ ਦਰਸ਼ਨ ਜਿਸ ਨੂੰ ਉਹ ਸੰਤ ਸੁੰਦਰ ਸਿੰਘ ਜੀ ਦਾ ਪਵਿੱਤ੍ਰ ਜੀਵਨ ਕਹਿੰਦੇ ਹਨ, ਭੀ ਇੱਕ ਅਜਿਹੀ ਲਿਖਤ ਹੈ, ਜੋ ਬਿੱਪਰੀ ਚਾਲਾਂ ਦੀ ਰਹਿ ਗਈ ਕਮੀਂ ਨੂੰ ਪੂਰਾ ਕਰਦੀ ਹੈ। ਇਸੇ ਲਿਖਤ ਨੂੰ ਆਧਾਰ ਬਣਾ ਕੇ ਦਮਦਮੀ ਟਕਸਾਲ ਨੇ ਆਪਣੀ ਮਰਿਆਦਾ ਬਣਾਈ ਹੋਈ ਹੈ, ਜਿਸ ਦਾ ਪੰਥਕ ‘ਸਿੱਖ ਰਹਿਤ ਮਰਿਆਦਾ’ ਨਾਲ ਨੇੜੇ ਦਾ ਵੀ ਵਾਸਤਾ ਨਹੀਂ। ਟਕਸਾਲ ਦੀ ਇਹ ਮਰਿਆਦਾ ਜੇ ਤਾਂ ਉਨ੍ਹਾਂ ਦੇ ਆਪਣੇ ਦਾਇਰੇ ਵਿੱਚ ਹੀ ਰਹੇ ਤਾਂ ਕੋਈ ਗੱਲ ਨਹੀਂ, ਪਰ ਜਦੋਂ ਭੀ ਇਸ ਨੂੰ ਸਾਰੇ ਪੰਥ ਉਪਰ ਠੋਸਣ ਦੇ ਯਤਨ ਕੀਤੇ ਜਾਂਦੇ ਹਨ, ਤਾਂ ਪੰਥ ਦੀ ਏਕਤਾ ਅਤੇ ਇਕਸਾਰਤਾ ਨੂੰ ਢਾਅ ਲੱਗਦੀ ਹੈ, ਤੇ ਬਹੁਤ ਤਰ੍ਹਾਂ ਦੇ ਫੁੱਟ ਪਾਊ ਝਗੜੇ ਉਤਪੰਨ ਹੁੰਦੇ ਹਨ।

ਨਾਮ ਜਪਣਾ, ਕਿਰਤ ਕਰਨਾ, ਵੰਡ ਛਕਣਾ ਸਿੱਖੀ ਦੇ ਮੁੱਢਲੇ ਅਤੇ ਸੁਨਹਿਰੀ ਅਸੂਲ ਹਨ। ਗ੍ਰਹਿਸਤ-ਧਾਰਨ ਕਰਨਾ ਸੱਭ ਤੋਂ ਵੱਡਾ ਧਰਮ ਹੈ। ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਕੁਦਰਤੀ ਦੁੱਖ ਸੁੱਖ ਸਮੇਂ ਅਡੋਲ ਰਹਿਣਾ, ਸਿੱਖਿਆ ਬੱਚੇ ਤੋਂ ਵੀ ਲੈ ਲੈਣੀ ਪਰ ਅੰਧ ਵਿਸ਼ਵਾਸੀ ਹੋ ਕੇ ਕਿਸੇ ਬੁੱਢੇ ਮਗਰ ਭੀ ਨਹੀਂ ਲੱਗਣਾ, ਕਿਸੇ ਵੀ ਸਮੱਸਿਆ ਨੂੰ ਵਿਚਾਰਾਂ ਕਰ ਕੇ ਹੱਲ ਕਰਨਾ, ਗੁਰਬਾਣੀ ਨੂੰ ਪੜ੍ਹਨਾ, ਸਮਝਣਾ, ਵਿਚਾਰਨਾ ਅਤੇ ਉਸ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰਨੀ, ਸਮਾਜਿਕ ਬੁਰਾਈਆਂ ਨੂੰ ਤਿਆਗਣਾ, ਜੀਵਨ ਨੂੰ ਮੰਜ਼ਿਲ ਨਹੀਂ ਮਾਰਗ ਸਮਝਣਾ, ਮਾਰਗ-ਪਾਂਧੀਆਂ ਨਾਲ ਸੋਹਣਾ ਵਿਹਾਰ, ਮਿਲਵਰਤਣ ਅਤੇ ਸਹਾਇਤਾ ਲੈਣ/ਦੇਣ ਦਾ ਨਾਮ ਹੀ ਸਿੱਖੀ ਹੈ।

ਸਿੱਖੀ ਸਾਡੀ ਜਾਂ ਤੁਹਾਡੀ ਨਹੀਂ। ਇਹ ਤਾਂ ਜਿਸ ਨੇ ਸਾਜੀ, ਜਾਂ ਨਿਭਾਈ, ਉਸ ਦੀ ਹੈ। ਹਾਂ ਇਸ ਨੂੰ ਖੋਰਾ ਲਾਉਣ ਵਾਲਾ, ਇਸ ਦੇ ਸੁਨਹਿਰੀ ਸਿਧਾਂਤਾਂ ਨੂੰ ਮਲੀਆ-ਮੇਟ ਕਰਨ ਵਾਲਾ, ਇਸ ਨੂੰ ਰੋਜ਼ੀ-ਰੋਟੀ ਦਾ ਵਸੀਲਾ ਸਮਝਣ ਵਾਲਾ, ਆਮ ਜੰਤਾ ਨੂੰ ਸਜ਼ਾਂ ਦੇ ਰਿਹਾ ਬਿਪਰ ਤਬਕਾ ਹੈ। ਪਹਿਲਾਂ ਤਾਂ ਉਹ ਧਰਮ ਦੇ ਨਾਂ ’ਤੇ, ਭੇਖ ਅਤੇ ਪਖੰਡ ਕਰ ਕੇ ਲੁੱਟਣ ਦਾ ਸਾਧਨ ਬਣਾਉਂਦਾ ਹੈ ਤੇ ਇਸ ਤੋਂ ਵੱਡਾ ਅਨਰਥ ਇਹ ਕਿ ਸਿੱਖੀ ਵੱਲੋਂ ਦੂਰ ਕਰ ਕੇ ਪੁੱਠੇ ਰਸਤੇ ਤੋਰ ਦਿੰਦਾ ਹੈ। ਇਹ ਇਸ ਤਰ੍ਹਾਂ ਹੈ ਕਿ ਕੋਈ ਅੰਨ੍ਹੇਂ ਨੂੰ ਖੂਹ ਵਿੱਚ ਡਿੱਗਣ ਤੋਂ ਬਚਾਉਣ ਦੇ ਥਾਂ, ਜਾਣ ਬੁੱਝ ਕੇ ਵਿੱਚ ਧੱਕਾ ਦੇ ਰਿਹਾ ਹੋਵੇ। ਕਿਸੇ ਨੂੰ ਸਰੀਰਕ ਤੌਰ ’ਤੇ ਖਤਮ ਕਰਨ ਵਾਲੇ ਨੂੰ ਦੁਨੀਆਂ ਭਰ ਦੀਆਂ ਅਦਾਲਤਾਂ ਸਜ਼ਾ ਦਿੰਦੀਆਂ ਹਨ, ਪਰ ਜਿਹੜੇ ਕਿਸੇ ਨੂੰ ਆਤਮਿਕ ਤੌਰ ’ਤੇ ਮਾਰ ਦਿੰਦੇ ਹਨ, ਉਨ੍ਹਾਂ ਨੂੰ ਸਜ਼ਾ ਤਾਂ ਕੀ ਮਿਲਣੀ ਹੈ, ਸਗੋਂ ਧਰਮੀਂ, ਆਗੂ, ਸਤਿਕਾਰਯੋਗ, ਜਾਂ ਪਰਉਪਕਾਰੀ ਕਰ ਕੇ ਜਾਣੇ ਜਾਂਦੇ ਹਨ। ਹਨੇਰ ਸਾਈਂ ਦਾ।

ਮੱਧ ਦੀਆਂ ਅਰਦਾਸਾਂ ਕਰਨ ਵਾਲੇ ਇਹ ਲੁੱਟਦੇ ਭੀ ਮੱਧ ਵਰਗ ਨੂੰ ਹੀ ਹਨ, ਕਿਉਂਕਿ ਉਪਰਲਾ (ਵਿਦਵਾਨ) ਤਬਕਾ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਫਸਦਾ, ਤੇ ਥੱਲੇ ਵਾਲੇ (ਗਰੀਬਾਂ) ਕੋਲ ਇਨ੍ਹਾਂ ਨੂੰ ਦੇਣ ਲਈ ਕੁੱਝ ਨਹੀਂ ਹੁੰਦਾ। ਇਹ ਵਿਦਵਾਨਾਂ ਨਾਲ ਵਿਚਾਰ ਗੋਸ਼ਟੀ ਨਹੀਂ ਕਰ ਸਕਦੇ ਅਤੇ ਗਰੀਬਾਂ ਦੀ ਅਧਿਆਤਮਿਕ ਤੌਰ ’ਤੇ ਕੋਈ ਮਦਦ ਕਰਨੀ ਨਹੀਂ ਚਾਹੁੰਦੇ। ਕਈ ਸੱਜਣ ਇਹ ਭੀ ਕਹਿੰਦੇ ਹਨ, ਕਿ ‘‘ਜੀ ਇਹ ਵੀ ਪਰਚਾਰ ਤਾਂ ਸਿੱਖੀ ਦਾ ਹੀ ਕਰਦੇ ਹਨ।ੂ ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਕੜਾਹ ਪ੍ਰਸ਼ਾਦ ਤਾਂ ਕੜਾਹ ਪ੍ਰਸ਼ਾਦ ਹੀ ਹੈ, ਪਰ ਵਿਦਵਾਨ ਕੜਾਹ ਪ੍ਰਸ਼ਾਦ ਨੂੰ ਪਰਵਾਨ ਕਰਾ ਕੇ ਗੁਰੂ ਦੀ ਮਿਹਰ, ਗੁਰੂ ਦੀ ਬਖ਼ਸ਼ਿਸ਼, ਗੁਰੂ ਦੀ ਕ੍ਰਿਪਾ ਸਮਝਕੇ ਛਕ ਦੇ ਹਨ। ਪਰ ਜਦੋਂ ਉਸੇ ਕੜਾਹ ਪ੍ਰਸ਼ਾਦ ਨੂੰ ਸੀਤ-ਪ੍ਰਸ਼ਾਦ (ਜੂਠ) ਵਿੱਚ ਤਬਦੀਲ ਕੀਤਾ ਜਾਂਦਾ ਹੈ, ਤਾਂ ਅੱਖਾਂ ਮੀਟੀ ਭਾਵੇਂ ਕੋਈ ਖਾ ਲਵੇ, ਪਰ ਦੇਖ ਕੇ ਮੱਖੀ ਨਿਗਲਣੀ ਬਹੁਤ ਕਠਿਨ ਹੈ।

ਸਾਡੇ ਗੁਰੂ ਜੀ ਕਰਾਮਾਤ ਨੂੰ ਕਹਿਰ ਕਹਿੰਦੇ ਹਨ, ਜਾਂ ਵੱਧ ਤੋਂ ਵੱਧ ਨਾਟਕ ਚੇਟਕ ਸਮਝਦੇ ਹਨ। ਚਲੀਹੇ ਕੱਟਣੇ, ਗਰਮ ਜਾਂ ਠੰਢੇ ਤਪ ਸਾਧਣੇ, ਮੋਨ ਧਾਰਨ ਕਰਨਾ, ਇੱਛਾ-ਪੂਰਤੀ ਲਈ (ਪਾਠ) ਮੰਤ੍ਰ ਜਾਪ, ਅੰਨ ਦਾ ਤਿਆਗ, ਸਮਾਧੀਆਂ ਲਾਉਣੀਆਂ, ਸ੍ਵਰਗ ਦਾ ਲਾਲਚ, ਨਰਕਾਂ ਦਾ ਭੈ, ਵਰ ਜਾਂ ਸਰਾਪ ਮੰਨਣਾ, ਸਰੀਰਕ ਪਵਿੱਤ੍ਰਤਾ, ਪ੍ਰਤੱਖ ਦਰਸ਼ਨ, ਬਿਬਾਨ ਚੜ੍ਹ ਕੇ ਸੱਚ-ਖੰਡ ਪਿਆਨੇ, ਗ੍ਰਹਿਸਤ ਧਾਰਨ ਨਾ ਕਰਨਾ, ਹਵਨਾਂ ਵਾਕੁਰ ਸਪੈਸ਼ਲ ਸਮੱਗਰੀਆਂ ਦੀ ਮੰਗ, ਕਿਸੇ ਖਾਸ ਜਗ੍ਹਾ ਵੱਸਣ ਕਰ ਕੇ ਮੁਕਤੀ ਲੋਚਣੀ, ਕੁੱਝ ਖਾਸ ਰੰਗਾਂ ਦਾ ਤਿਆਗ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਮਨ ਮਰਜ਼ੀ ਨਾਲ ਪੰਨੇ ਦੇ ਅੱਗੇ ਪਿੱਛੇ ਜਾਂ ਵਿਚਕਾਰੋਂ ਸ਼ਬਦ ਨੂੰ ਵਧੀਆ ਜਾਂ ਕਰੜਾ ਮੰਨ ਕੇ ਚੁਣਨਾ ਜਾਂ ਪੜ੍ਹਨਾ, ਗੁਰੂਆਂ, ਸਿੱਖਾਂ ਜਾਂ ਮਾਤਾਵਾਂ ਨੂੰ ਪਿਛਲੇ ਜਨਮਾਂ ਦੇ ਅਵਤਾਰੀ ਸਿੱਧ ਕਰਨਾ, ਗ੍ਰਹਿਸਤੀ ਜੀਵਨ ਨੂੰ ਤਿਲਾਂਜਲੀ ਦੇਣਾ, ਗੁਰਬਾਣੀ ਨੂੰ ਸਿਰਫ਼ ਤੇ ਸਿਰਫ਼ ਪੜ੍ਹਨਾ ਪਰ ਵਿਚਾਰਨਾ ਨਹੀਂ, ਆਰਤੀਆਂ ਉਤਾਰਨੀਆਂ, ਦੇਹਧਾਰੀ ਦਰਸ਼ਨਾਂ ਦੇ ਫਲ ਮਿਲਣੇ, ਸੱਚਖੰਡ ਦਰਸ਼ਨ, ਸਿਰਫ਼ ਅੰਮ੍ਰਿਤ-ਪਾਨ ਕਰਨ ਦੇ ਸੰਸਕਾਰ ਸਮੇਂ ਹੀ ਆਤਮ ਗਿਆਨ ਹੋ ਜਾਣਾ, ਮੰਗ ਕੇ ਖਾਣਾ ਅਤੇ ਸ੍ਰੀ ਗੁਰਮੁਖ ਪ੍ਰਕਾਸ਼ ਦੀਆਂ ਹੋਰ ਬਹੁਤ ਸਾਰੀਆਂ ਊਣਤਾਈਆਂ ਇਹ ਮੰਗ ਕਰਦੀਆਂ ਹਨ ਕਿ ਸਾਨੂੰ ਹੋਰ ਜਿੱਥੇ ਕਿਤੇ ਭਾਵੇਂ ਫਿੱਟ ਕਰ ਦਿਉ, ਪਰ ਗੁਰੂ ਦੇ ਸਿੱਖਾਂ ਨੇ ਸਾਨੂੰ ਕਿਸੇ ਨੂੰ ਭੀ ਨੇੜੇ ਨਹੀਂ ਢੁੱਕਣ ਦੇਣਾ।

ਸਿੱਖ ਧਰਮ ਵਿੱਚ ਆ ਚੁੱਕੀਆਂ ਕੁਰੀਤੀਆਂ ਅਤੇ ਮਹੰਤਾਂ, ਸਾਧਾਂ, ਪੁਜਾਰੀਆਂ ਰਾਹੀਂ ਫੈਲਾਏ ਜਾ ਰਹੇ ਬਿਪਰਵਾਦ ਨੂੰ ਠੱਲ੍ਹ ਪਾਉਣ ਲਈ, ਸਿੰਘ ਸਭਾ ਲਹਿਰ ਅਤੇ ਚੀਫ਼ ਖਾਲਸਾ ਦੀਵਾਨ ਦੇ ਸਾਂਝੇ ਯਤਨਾ ਸਦਕਾ ਵੀਹਵੀਂ ਸਦੀ ਦੇ ਸ਼ੁਰੂ ਵਿੱਚ ‘ਸਿੱਖ ਰਹਿਤ ਮਰਿਆਦਾ’ ਬਨਾਉਣ ਦੇ ਉਪਰਾਲੇ ਸ਼ੁਰੂ ਹੋਏ। ਯਾਦ ਰਹੇ ਪੰਥਕ ਸਿੱਖ ਰਹਿਤ ਮਰਿਆਦਾ ਪੂਰੇ 13 ਸਾਲਾਂ ਦੀ ਮਿਹਨਤ ਬਾਅਦ ਸੰਨ 1945 ਈ: ਨੂੰ ਨੇਪਰੇ ਚਾੜ੍ਹੀ ਗਈ ਸੀ। ਇਸੇ ਹੀ ਸਮੇਂ 1933 ਈ: ਤੋਂ ਲੈ ਕੇ 1935 ਈ: ਤੱਕ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਗੁਰਮੁਖ ਪ੍ਰਕਾਸ਼ ਗ੍ਰੰਥ ਵੀ ਮੁਕੰਮਲ ਕਰ ਲਿਆ ਸੀ। ਗਿਆਨੀ ਗੁਰਬਚਨ ਸਿੰਘ 1921 ਈ: ਤੋਂ ਲੈ ਕੇ 1930 ਈ: ਤੱਕ ਗਿਆਨੀ ਸੁੰਦਰ ਸਿੰਘ ਹੋਰਾਂ ਦੇ ਨਾਲ ਰਹਿ ਚੁੱਕੇ ਸਨ ਅਤੇ 1930 ਈ: ਵਿੱਚ ਸੁੰਦਰ ਸਿੰਘ ਦੇ ਅਕਾਲ ਚਲਾਣੇ ਮਗਰੋਂ ਉਨ੍ਹਾਂ ਦੀ ਗੱਦੀ ’ਤੇ ਬਿਰਾਜਮਾਨ ਹੋਏ। ਬੇਸ਼ੱਕ ਮਾਇਆ ਦੇ ਲਿਸ਼ਕਾਰਿਆਂ ਵਿੱਚ ਉਲਝੇ ਡੇਰੇਦਾਰ, ਪਖੰਡੀ ਸਾਧ, ਇੱਥੋਂ ਤੱਕ ਕਿ ਅਕਾਲ ਤਖਤ ਦੇ ਜਥੇਦਾਰ ਵੀ ਸ੍ਰੀ ਗੁਰਮੁਖ ਪ੍ਰਕਾਸ਼ ਦੀ ਸਲਾਹੁਣਾ ਭੂਮਿਕਾ ਵਿੱਚ ਕਰਦੇ ਹਨ, ਪਰ ਸਮਝਦਾਰ ਸਿੱਖ ਵਿਦਵਾਨ ਕਦੇ ਵੀ ਇਸ ਤਰ੍ਹਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ, ਸਗੋਂ ਇਨ੍ਹਾਂ ਦਾ ਖੰਡਨ ਕਰਨ ਲਈ ਯਥਾ-ਸ਼ਕਤ ਯੋਗਦਾਨ ਪਾਉਂਦੇ ਰਹਿੰਦੇ ਹਨ। ਡੇਰੇ ਦਾ ਮੁਖੀ ‘‘ਵੱਡੇ ਸੰਤਾਂ’’ ਦੀ ਬਰਸੀ ਇਸ ਲਈ ਹੀ ਮਨਾਉਣੀ ਚਾਲੂ ਕਰਦਾ ਹੈ, ਕਿ ਅਗਾਂਹ ਉਸ ਨੇ ਭੀ ਆਪਣੀ ਬਰਸੀ ਮਨਾਉਣ ਦੀ ਪਿਰਤ ਪਾਉਣੀ ਹੁੰਦੀ ਹੈ।

ਗਿਆਨੀ ਗੁਰਬਚਨ ਸਿੰਘ, ਭਾਈ ਬੁੱਧ ਸਿੰਘ ਜੀ ਰਚਿਤ ‘ਖਾਲਸਾ ਸ਼ਤਕ’ ਪੰ: 521, ਅਤੇ ‘‘ਸੰਤ’’ ਨਿਹਾਲ ਸਿੰਘ ਕੇਸਰੀ ਦੀ ਰਚਨਾ ਪੰ: 475, ਆਪਣੇ ਨਾਮ ਥੱਲੇ ਲਿਖ ਕੇ, ਲਿਖਤ ਚੋਰੀ ਕਰਨ ਦੇ ਜੁਰਮ ਤੋਂ ਬਰੀ ਨਹੀਂ ਹੋ ਸਕਦੇ। ਇਥੇ ਇਹ ਬਿਲਕੁਲ ਨਾ ਸਮਝਿਆ ਜਾਵੇ, ਕਿ ਐਵੇਂ ਕਿਸੇ ਨੂੰ ਨੀਵਾਂ ਦਿਖਾਉਣ ਲਈ ਜਾਂ ਸਿਰਫ਼ ਕਿੰਤੂ-ਪ੍ਰੰਤੂ ਕਰਨ ਲਈ ਹੀ ਲਿਖਿਆ ਗਿਆ ਹੈ। ਇਹ ਤਾਂ ਤੱਤ ਗਿਆਨ ਵਿੱਚ ਖਰੜ-ਗਿਆਨ ਰਲਾਉਣ ਦੀਆਂ ਚਾਲਾਂ ਨੂੰ ਠੱਲ੍ਹ ਪਾਉਣ ਦਾ ਨਿਮਾਣਾ ਜਿਹਾ ਯਤਨ ਹੈ। ਇਹ ਪੜ੍ਹ ਕੇ ਜਿਸ ਨੂੰ ਵੀ ਔਖਿਆਈ ਮਹਿਸੂਸ ਹੋ ਰਹੀ ਹੈ ਜਾਂ ਕੋਈ ਗੁਰਮੁਖ ਪਿਆਰਾ ਇਹ ਜਾਣਨਾ ਚਾਹੇ ਕਿ ਇਹ ਵਾਕਿਆ ਹੀ ਸੱਚ ਹੈ ਤਾਂ ਨਾਲ ਲਗਾਈ ਜਾ ਰਹੀ ਸੂਚੀ ਵਿੱਚ ਪੰ: ਨੰ: ਦਿੱਤੇ ਗਏ ਹਨ, ਆਪ ਦੇਖਣ/ਪੜ੍ਹਨ ਦੀ ਖੇਚਲ ਕਰ ਸਕਦੇ ਹਨ। ਇਸ ਸੂਚੀ ਤੋਂ ਬਿਨਾਂ ਹੋਰ ਭੀ ਬਹੁਤ ਕਮੀਆਂ ਹਨ, ਜਿਵੇਂ ਕਿ ਗੁਰਬਾਣੀ ਲਿਖਣ ਵਿੱਚ ਅਸ਼ੁੱਧਤਾ (ਪੰ: 130, 148, 598, 599), ਇਤਿਹਾਸ ਖੋਜਣ ਤੋਂ ਬਿਨਾਂ ਹੀ ਘਟਨਾਵਾਂ ਬਿਆਨ ਕਰੀ ਜਾਣਾ। ਜਿਵੇਂ ਕਿ ਗੁਰੂ ਨਾਨਕ ਆਗਮਨ ਕੱਤੇ ਦੀ ਪੁੰਨਿਆਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਬਾਲਾ ਵਰਗੀਆਂ ਗ਼ਲਤ ਗੱਲਾਂ ਦਾ ਪ੍ਰਚਾਰ ਆਦਿ।

ਸੰਪਰਦਾਈ ਗਿਆਨੀਆਂ ਨੂੰ ਨਿਮਰਤਾ ਸਹਿਤ ਹਦਾਇਤ ਕੀਤੀ ਜਾਂਦੀ ਹੈ, ਕਿ ਸਨਾਤਨੀ ਪ੍ਰਭਾਵ ਅਤੇ ਕੰਨ ਰਸੀ ਵਾਲੀਆਂ ਫੋਕੀਆਂ ਕਹਾਣੀਆਂ ਨੂੰ ਛੱਡ ਕੇ, ਤੱਤ ਗਿਆਨ ਦਾ ਪ੍ਰਚਾਰ ਕਰਨਾ, ਅਤੇ ਤੱਤ ਖਾਲਸਾ ਨੂੰ ਇਹ ਸੂਚਨਾ ਦੇ ਤੌਰ ’ਤੇ ਦੱਸ ਰਹੇ ਹਾਂ, ਕਿ ਅਸਲੀਅਤ ਵਿੱਚ ਕਿੰਨਾ ਕੁੱਝ ਨਕਲੀ ਰਲਾਇਆ ਗਿਆ ਸੀ/ਹੈ, ਤੇ ਉਹ ਭੀ ਸਿੱਖੀ ਦੇ ਮਹਾਂਰਥੀਆਂ ਵੱਲੋਂ। ਪ੍ਰਮਾਤਮਾ ਮਿਹਰ ਕਰੇ ਜੋ ਸਾਨੂੰ ਸਿੱਖੀ ਦੇ ਉ੍ਯੱਚੇ ਅਤੇ ਨਿਆਰੇ ਅਸੂਲਾਂ ਦੀ ਸੋਝੀ ਹੋਵੇ, ਗੁਰੂ ਗ੍ਰੰਥ ਸਾਹਿਬ ਉ੍ਯੱਪਰ ਸ਼ਰਧਾ ਅਤੇ ਵਿਸ਼ਵਾਸ ਹੋਵੇ, ਖਾਲਸਾ ਪੰਥ ਦੀ ਏਕਤਾ ਤੇ ਮਜ਼ਬੂਤੀ ਲਈ ਯਤਨਸ਼ੀਲ ਰਹਿੰਦੇ ਹੋਏ ਜੀਵਨ ਸਫ਼ਲਾ ਕਰੀਏ।

ਗਿਆਨੀ ਗੁਰਬਚਨ ਸਿੰਘ ਦਾ ਲਿਖਿਆ ਸ੍ਰੀ ਗੁਰਮੁਖਿ ਪ੍ਰਕਾਸ਼ ਪੜ੍ਹ ਕੇ ਆਮ ਸਿੱਖ ਬ੍ਰਾਹਮਣਵਾਦ ਦੇ ਉਸ ਗਹਿਰੇ ਸਮੁੰਦਰ ਵਿੱਚ ਗਰਕ ਹੋ ਜਾਵੇਗਾ, ਜਿੱਥੋਂ ਸਾਨੂੰ ਗੁਰੂ ਜੀ ਨੇ ਕੱਢਿਆ ਸੀ। ਸਿੱਖੀ ਤਾਂ ਇੱਕ ਜੀਵਨ-ਜਾਂਚ ਹੈ। ਇਸ ਵਿੱਚ ਲਗਾਈਆਂ ਅਣਹੋਣੀਆਂ ਪਾਬੰਦੀਆਂ, ਨਾ ਨਿਭਣਯੋਗ-ਹੱਠ ਕਰ ਕੇ ਕੀਤੀਆਂ ਰਸਮਾਂ, ਮਨੁੱਖਤਾ ਅਤੇ ਸਿੱਖੀ ਤੋਂ ਦੂਰ ਕਰਨ ਵਾਲੀਆਂ ਹਨ। ਕਿਸੇ ਨੂੰ ਮਾਰਨ ਲਈ ਜ਼ਹਿਰ ਨੂੰ ਖੰਡ ਦੀ ਪਰਤ ਵਿੱਚ ਜਾਂ ਖੁਰਾਕ ਵਿੱਚ ਰਲਾਉਣਾ ਹੁੰਦਾ ਹੈ। ਇਸੇ ਕਰ ਕੇ ਹੀ ਸ੍ਰੀ ਗੁਰਮੁਖਿ ਪ੍ਰਕਾਸ਼ ਵਿੱਚ ਕੁੱਝ ਗੱਲਾਂ ਬਾਬਤ ਗੁਰਬਾਣੀ ਅਤੇ ਵਾਰਾਂ ਭਾਈ ਗੁਰਦਾਸ ਜੀ ਵਿੱਚੋਂ ਭੀ ਹਵਾਲੇ ਦਿੱਤੇ ਗਏ ਹਨ, ਜੋ ਆਮ ਇਨਸਾਨ ਦਾ ਮਨ ਟੁੰਬਦੇ ਹਨ। ਇਸ ਦੇ ਨਾਲ ਨਾਲ ਭਾਈ ਸੰਤੋਖ ਸਿੰਘ ਜੀ ਦੇ ਕਹਿਣ ਮੁਤਾਬਿਕ ‘ਸਾਰ ਸਮੱਗਰੀ’ ਵਿੱਚ ਰਲਿਆ ਉਹ ‘ਦੂਸ਼ਿਤ ਮਾਦਾ’ ‘ਜਗ੍ਹਾ ਜਗ੍ਹਾ’ ਅਤੇ ‘ਵਾਰ ਵਾਰ’ ਲਿਖਿਆ ਗਿਆ ਹੈ, ਜੋ ਸਧਾਰਨ ਸਿੱਖ ਕਰ ਹੀ ਨਹੀਂ ਸਕਦਾ, ਅਤੇ ਸਿੱਖੀ ਵਿਚਾਰਧਾਰਾ ਦੀ ਵਿਰੋਧਤਾ ਹੁੰਦੀ ਹੈ, ਜਿਸ ਨਾਲ ਫੋਕੀਆਂ ਰੀਤਾਂ, ਡਰ, ਵਹਿਮ, ਭਵਿੱਖਬਾਣੀਆਂ, ਜ਼ਾਤ-ਪਾਤ, ਸੁੱਚ-ਜੂਠ, ਪਵਿੱਤਰ-ਅਪਵਿੱਤਰ ਵਰਗੀਆਂ ਮਾਰੂ ਰੁਚੀਆਂ ਦਿਲ ਵਿੱਚ ਸਮਾਧੀਆਂ ਲਾ ਕੇ ਬੈਠ ਜਾਣਗੀਆਂ।

ਜਿਨ੍ਹਾਂ ਨੇ ਸਿੱਖੀ ਪ੍ਰਚਾਰ ਦਾ ਬੁਰਕਾ ਸਿਰਫ਼ ਰੋਜ਼ੀ-ਰੋਟੀ ਦੀ ਖ਼ਾਤਿਰ ਜਾਂ ਲੁੱਟਣ ਦੀ ਸਕੀਮ ਅਧੀਨ ਪਾਇਆ ਹੈ, ਜਾਂ ਜਿਹੜੇ ਸਿਰਫ਼ ਪੂਜਾ-ਦਕਸ਼ਣਾ (ਦੇ ਕੇ) ਨਾਲ ਸੁਰਗਾਂ ਦੀ ਲਾਲਸਾ ਕਰਦੇ ਹਨ, ਉਨ੍ਹਾਂ ਨੂੰ ਤਾਂ ਬੇਸ਼ੱਕ ਸ੍ਰੀ ਗੁਰਮੁਖ ਪ੍ਰਕਾਸ਼ ਠੀਕ ਲੱਗਦਾ ਹੋਵੇ, ਪਰ ਜਿਹੜੇ ਗੁਰਮੁਖ ਆਪ ਗੁਰਬਾਣੀ ਪੜ੍ਹ ਕੇ ਨਾਮ, ਦਾਨ, ਇਸ਼ਨਾਨ ਦੀ ਰਮਜ਼ ਸਮਝਦੇ ਹੋਏ, ਮੀਰੀ-ਪੀਰੀ, ਦੇਗ਼-ਤੇਗ਼, ਸੰਤ-ਸਿਪਾਹੀ, ਭਗਤੀ-ਸ਼ਕਤੀ, ਰਾਜ-ਜੋਗ ਵਾਲੀ ਅਵਸਥਾ ਮਾਣਦੇ ਹੋਏ, ਜੀਵਨ-ਮੁਕਤ ਹੋਣਾ ਲੋਚਦੇ ਹਨ ਉਹ ‘ਸ੍ਰੀ ਗੁਰਮੁਖਿ ਪ੍ਰਕਾਸ਼’ ਵਾਲੀ ‘ਦੂਸ਼ਿਤ ਸਮੱਗਰੀ’ ਨਾਲ ਕਤਈ ਸਹਿਮਤ ਨਹੀਂ ਹੋਣਗੇ।

******

ਸ੍ਰੀ ਗੁਰਮੁਖਿ ਪ੍ਰਕਾਸ਼ ਦੇ ਕੁੱਝ ਪੰਨੇ ਨੰ. ਜਿੱਥੇ ‘ਦੂਸ਼ਿਤ ਸਮੱਗਰੀ’ ਦੇਖੀ ਜਾ ਸਕਦੀ ਹੈ

ਗੁਰਦਵਾਰੇ ਦਾ ਨਿਸ਼ਾਨ ਸਾਹਿਬ ਸੁਨਹਿਰੀ ਖੰਡੇ ਦਾ :- 10
ਚਰਨਾਂ ਨਾਲ ਮੱਕਾ ਫੇਰਨਾ :- 18
ਅੰਤ ਸਮੇਂ ਗੁਰੂ ਨਾਨਕ ਦੇਵ ਜੀ ਦੀ ਦੇਹ ਨਹੀਂ ਮਿਲੀ :- 19
ਬਾਲੇ ਨੇ ਜਨਮ ਸਾਖੀ ਲਿਖੀ :- 22
ਜੋਗਾ ਸਿੰਘ ਦੀ ਰਾਖੀ :- 81
ਗੋਡੇ ਅਤੇ ਪੈਰ ਜੋੜ ਕੇ ਮੂਤੇ ਅਤੇ ਥੁੱਕੇ ਤਾਂ ਡਰ ਮਿਟੇ :- 81
ਗੁਰੂ ਨੇ ਸਿੱਖਾਂ ਨੂੰ ਕੇਸਾਂ ਤੋਂ ਫੜ੍ਹ ਕੇ ਨਰਕਾਂ ਵਿੱਚੋਂ ਕੱਢਣਾ :- 91
ਭੇਟ ਕੀਤੇ ਅੰਬਾਂ ਨੂੰ ਫਿਰ ਬ੍ਰਿਛਾਂ ਨਾਲ ਜੋੜ ਦੇਣਾ :- 77
ਸ਼ਿਕਾਰ ਕੀਤੇ ਜੀਵਾਂ ਨੂੰ ਫਿਰ ਜ਼ਿੰਦਾ ਕਰਨਾ :- 77
ਕੀਰਤੀਆ ਦੇ ਪਿਤਾ ਨੂੰ ਰਿੱਛ ਜੂਨ ਤੋਂ ਛੁਡਾਉਣਾ :- 77
ਅੰਮ੍ਰਿਤ/ਪਤਾਸ਼ਿਆਂ ਵਾਲਾ ਚਿੜਾ ਚਿੜੀ ਯੁੱਧ :- 78
ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤੇ ਦੀ ਪੂਰਨਮਾਸ਼ੀ ਨੂੰ :- 16, 244
ਗੁਰੂ ਨਾਨਕ ਦੇਵ ਜੀ ਦੇ ਸਾਥੀ ਮਰਦਾਨਾ ਅਤੇ ਬਾਲਾ :- 18, 528
285 ਛੇਕਾਂ ਵਾਲਾ ਗੰਗਾਸਾਗਰ :- 87, 542
‘ਕੈ’ ਦੀ ਜਗ੍ਹਾ ‘ਕੇ’ ਕਹਿਣ ’ਤੇ ਤਮਾਚਾ :- 80, 457
ਧੂਫ, ਕੁੰਭ, ਜਲ, ਦੀਵਾ, ਘਿਉ ਜ਼ਰੂਰੀ :- 108, 381
ਸ਼ਰਾਬ ਦੇ ਨਾਲ ਨਾਲ ਮਾਸ ਦਾ ਬੰਧਨ :- 123, 476
ਇਕ ਲੱਤ ਭਾਰ ਹੋ ਕੇ ਸੁਖਮਨੀ ਪੜ੍ਹਨਾ :- 129, 449
ਚਾਲੀ ਦਿਨ ਗੁਰ ਮੰਤ੍ਰ, ਚਾਲੀ ਦਿਨ ਮੂਲ ਮੰਤ੍ਰ :- 143, 441
ਦਵਾਈ ਨਹੀਂ ਵਰਤਣੀ :- 145, 256
ਮੱਛੀਆਂ ਦੀ ਰੀਸ ਕਰ ਕੇ ਪਾਣੀ ਵਿੱਚ ਤਪ ਕਰਨਾ :- 151, 247
ਸਤਿਗੁਰਾਂ ਦੇ ਪਰਤੱਖ ਦਰਸ਼ਨ :- 155, 601
ਔਰੰਗੇ ਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਜਗ੍ਹਾ ਧਰਤੀ ਵਿੱਚ ਤੇੜ ਦਿਸਣੀ :- 59
ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ :- 62
ਬਿਆਸ ਵਿੱਚੋਂ 13 ਦਿਨਾਂ ਬਾਅਦ ਗੁਰਬਾਣੀ ਦੇ ਪੰਨੇ ਸੁੱਕੇ ਨਿਕਲਣੇ :- 63
ਦੇਗਚੇ ਵਿੱਚੋਂ ਸੂਰ ਨਿਕਲਣੇ :- 69
ਤੇਗ ਦਾ ਵਾਰ ਚੱਲਣ ਤੋਂ ਪਹਿਲਾਂ ਸਿਰ ਧੜ ਨਾਲੋਂ ਜੁਦਾ ਹੋਣਾ :- 70
ਦਸਮੇਸ਼ ਜੀ ਨੇ ਪਾਣੀ ਭਰਦੀਆਂ ਨਾਰਾਂ ਦੀਆਂ ਗਾਗਰਾਂ ਤੋੜਨੀਆਂ :- 73
ਨੌਹਰ ਪਿੰਡ ਮਰੇ ਕਬੂਤਰ ਜ਼ਿੰਦਾ ਕਰਨੇ :- 93
ਸੁਹੇਵਾ ਪਿੰਡ ਵਿੱਚ ਜੰਡ ਨੂੰ ਪਿੱਪਲ ਖਾਏ ਤਾਂ ਖਾਲਸਾ ਰਾਜ ਹੋਵੇ :- 93
ਜਲ ਵਿੱਚ ਖੜ੍ਹ ਕੇ ਤਪ ਕਰਨਾ :- 101
ਮਾਤਾ ਸਾਹਿਬ ਦੇਵਾਂ ਪਿਛਲੇ ਜਨਮ ਵਿੱਚ ਰਾਜੇ ਸਤਸੰਧ ਦੀ ਧੀ ਸੀ :- 101
ਦਸਮੇਸ਼ ਜੀ ਦਾ ਘੋੜੇ ਸਮੇਤ ਸੱਚਖੰਡ ਪਿਆਨਾ :- 103
25 ਬਿਬੇਕੀ ਸਿੱਖ ਪਖੰਡਵਾਦ :- 107
ਪੰਜ ਪਿਆਰੇ ਪੰਜ ਭਗਤਾਂ ਦੇ ਅਵਤਾਰ ਸਨ :- 112
ਮੰਗਤੇ ਨੂੰ ਦਾਨ ਤੇ ਪੰਛੀਆਂ ਨੂੰ ਪਾਣੀ :- 125
ਤੀਰਥ ਭਰਮਣ :- 126
ਜੰਮਦੇ ਸਾਰ ਕੱਛ ਤੇ ਕੜਾ ਪਾਉਣਾ :- 131
ਦੋ ਸਾਲ ਦਾ ਗਾਤਰੇ ਕ੍ਰਿਪਾਨ, ਦਿਨ ਰਾਤ ਵਾਹਿਗੁਰੂ ਜਾਪ :- 132
ਸੱਤਵੇਂ ਸਾਲ ਲਗ ਕੰਨਾ ਵਿਚਾਰ ਕੇ ਪਾਠ ਕਰਨਾ :- 135
ਬਾਲ ਲੀਲਾ ਸਮਾਪਤੰ :- 138
ਭੂਤ ਭਵਿਖ ਦੇ ਜਾਨਣਹਾਰੇ :- 147
ਭਾਂਡਿਆਂ ਦੀ ਜੂਠ ਪੀਣਾ :- 150
ਅੰਮ੍ਰਿਤ ਛਕਣ ਸਮੇਂ ਹੀ ਆਤਮ-ਗਿਆਨੀ ਹੋ ਜਾਣਾ :- 177
ਦਸਮੇਸ਼ ਜੀ ਵਾਂਗ ਹੀ ਬਾਮ੍ਹਣ ਦੇ ਠਾਕੁਰ ਰੋੜ੍ਹਨੇ :- 181
ਚਾਲੀ ਸਿੰਘਾਂ ਨੇ ਚਾਲੀ ਦਿਨ ਸਵਾ-ਸਵਾ ਲੱਖ ਮੂਲਮੰਤ੍ਰ ਕੀਤਾ :- 205
ਰਹਿਰਾਸ ਪੰਜ ਗ੍ਰੰਥੀ ਅਨੁਸਾਰ ਪੜ੍ਹਨੀ ਹੈ :- 210
ਜੱਥੇ ਦੇ ਸ਼ਬਦ ਗਾਇਨ ਸਮੇਂ ਰੁੱਖਾਂ ਤੋਂ ਰਸ ਚੋਣਾ ਤੇ ਪੰਛੀਆਂ ਨੇ ਰੁਕਣਾ :- 224
ਅੰਮ੍ਰਿਤ ਦੇਣ ਸਮੇਂ ਦਸਮੇਸ਼ ਜੀ ਨੇ ਸੀਸ ਕੱਟ ਕੇ ਹੱਥ ਵਿੱਚ ਫੜ੍ਹੇ :- 232
ਪਠਾਣਾਂ ਨੂੰ ਸ਼ਹੀਦ ਦਿੱਸਣੇ ਤੇ ਪਾਗਲ ਹੋ ਕੇ ਕੱਪੜੇ ਫਾੜਨੇ :- 250
ਦਰਿਆ ਦੀ ਛੱਲ ਦਾ ਪਾਣੀ ਨੀਵੇਂ ਥਾਂ ਗਿਆ ਨਹੀ ਉ੍ਯੱਚੇ ਥਾਂ ਚੜ੍ਹ ਗਿਆ:- 251
ਗੁਰੂ ਅਮਰਦਾਸ ਜੀ ਨੇ ਕਿੱਲੀ ਫੜ੍ਹ ਕੇ ਤਪ ਕੀਤਾ :- 260
ਸੁਖਮਨੀ ਸੁਣ ਕੇ ਸੱਪ ਨੇ ਮਰ ਜਾਣਾ :- 264
ਬੀਬੀ ਜੀ ਦੀ ਇਹ ਵਡਿਆਈ ਸੀ ਕਿ ਸ਼ਾਦੀ ਨਹੀਂ ਕੀਤੀ :- 269
ਅਖੰਡ ਪਾਠ ਸਮੇਂ ਸਪੈਸ਼ਲ ਸਮੱਗਰੀ :- 271
ਕਿਰਤ ਨਾ ਕਰਨ ਨੂੰ ਸਲਾਹੁਣਾ :- 275
ਗੁਰੂ ਕੇ ਲੰਗਰ ਵਿੱਚ ਸਾਧੂਆਂ ਦੀ ਪੰਗਤ ਅਲੱਗ ਲਾਉਣੀ :- 345
ਅਰਦਾਸ ਮਗਰੋਂ ਆਰਤੀ :- 352
ਛੇ ਮਹੀਨੇ ਦੀਆਂ ਸਮਾਧੀਆਂ ਲਾਉਣੀਆਂ :- 355

ਸਤਿਗੁਰ ਕੀ ਕਾਸ਼ੀ ਵਸਣ ਦਾ ਫਲ :- 370
ਸਿੱਖ ਨੇ ਅੰਬ ਰਾਹ ਵਿੱਚ ਚੂਪ ਲੈਣਾ ਤੇ ਗੁਠਲੀ ਲੈ ਜਾਣਾ :- 380
ਸੁਖਮਨੀ ਪੜ੍ਹਨ ਨਾਲ ਸਭ ਸੁਖ ਮਿਲਣੇ :- 402
ਸੱਤ ਅਖੰਡ ਪਾਠ ਕਰਾਉਣੇ :- 418
ਪੰਦਰਾਂ ਅਖੰਡ ਪਾਠ ਕਰਾਉਣੇ :- 444
ਮੱਧ ਦੀ ਅਰਦਾਸ/ਕਥਾ :- 421
ਸੁਚੈ ਦੇ ਅਰਥ ਸੁੱਚ ਦੀ ਜਗ੍ਹਾ ਸੋਚਣਾ ਕਰਨੇ :- 423
ਮੁਕਤੀ-ਲਾੜੀ ਵਿਆਹੁਣਾ :- 428
ਮਹੋਛੇ ਕਰ ਕੇ ਵਿਹਲੜ ਸਾਧਾਂ ਨੂੰ ਖੁਆਉਣਾ :- 434
ਮ੍ਰਿਤਕ ਰਸਮ ਦਸਵੇਂ ਮੁਕਾਵੇ :- 444
ਮਾਲਾ ਮੰਤ੍ਰ :- 457
ਮਨੀ ਸਿੰਘ ਨੂੰ ਸੰਪਰਦਾਇ ਚਲਾਉਣ ਨੂੰ ਕਿਹਾ :- 458
ਬੇਨਤੀ ਚੌਪਈ ਤੀਰ ਸਤੱਦ੍ਰਵ ਤੱਕ ਵੀਚਾਰੇ :- 471
ਅੰਮ੍ਰਿਤ ਛਕਾਉਣ ਸਮੇਂ ਮੂਲਮੰਤ੍ਰ ਪਉੜੀ ਸਮੇਤ ਪੜ੍ਹਾਉਣਾ :- 471
ਸਰੀਰਕ ਪਵਿੱਤਰਤਾ :- 504
ਸ਼ੰਤਾਂ ਦੇ ਇਸ਼ਨਾਨ ਜਲ ਨਾਲ ਰਾਜੀ ਹੋਣਾ, ਰਾਜੇ ਨੇ :- 523
ਅਕਾਲ ਕੁਟੀਆ, ਗੁਰੂਆਂ ਨੂੰ ਅਵਤਾਰੀ ਸਿੱਧ ਕਰਨਾ :- 543
ਛੱਬੀ ਅਖੰਡ ਪਾਠ ਪ੍ਰਕਾਸ਼ ਕਰਨਾ :- 554
ਹੰਸ ਸਮਾਨ ਬ੍ਰਿਤੀ ਪਾਣੀ ਛੱਡ ਦੁੱਧ ਛਕਣਾ :- 555
ਹਰ ਪੂਰਨਮਾਸ਼ੀ ਨੂੰ ਅਖੰਡ ਪਾਠ :- 570
ਕਛਹਿਰੇ ਉਪਰ ਵਸਤੂ ਨਹੀਂ ਪਾਉਣਾ :- 577
ਹੱਥ ਵਿੱਚ ਤੀਰ ਰੱਖਣਾ :- 577
ਮੂਲਮੰਤ੍ਰ ਸਲੋਕ ਸਮੇਤ :- 596
ਅਖੰਡ ਪਾਠ ਤੇ ਆਸਾ ਦੀ ਵਾਰ ਇਕੱਠੇ ਚੱਲਣੇ :- 597
ਸਿੱਖ-ਪੰਥ ਤੋਂ ਵੱਖਰੀ ਮਰਿਆਦਾ ਥਾਪਣੀ :- 604
ਫਰੀਦਕੋਟੀ ਟੀਕਾ :- 617
ਗੁਰੂ ਨਹੀਂ ਸਗੋਂ ਸਿੰਘ ਰਖਵਾਲੇ :- 623
ਸਵਾ ਲੱਖ ਵਾਹਿਗੁਰੂ :- 624
ਜਥੇ ਦੇ ਸਿੰਘਾਂ ਨੂੰ ਸੁੱਖੇ ਦੀ ਮਨਾਹੀ ਨਹੀਂ :- 631
ਇਹ ਤੇਜ ਸੁਭਾਉ ਤੇ ਲੜਾਕੇ ਵੀ ਹੋ ਸਕਦੇ ਹਨ :- 634
ਗਜ਼ਾ ਕਰਨਾ/ਮੰਗ ਖਾਣਾ :- 634
ਇਹ ਸੰਪਰਦਾਈ ਰੀਤ ਹੈ ਤੇ ਸੰਪਰਦਾਈ ਅਰਥ ਕਰਨੇ ਹਨ :- 640, 641
ਸਪਤਾਹਿਕ ਪਾਠ :- 561, 601
ਛੱਤੀ ਅੱਖਰਾ ਜਾਪ (ਮਹਾਂ-ਮੰਤਰ) :- 76, 267, 326
ਬਿਬਾਨ ਚੜ੍ਹਕੇ ਸੱਚ ਖੰਡ ਪਿਆਨਾ :- 173, 399, 579
ਪੱਚੀ ਗੁਰੂ ਗ੍ਰੰਥ ਸਾਹਿਬ ਇਕੱਠੇ ਪ੍ਰਕਾਸ਼ ਕਰਨੇ :- 413, 414, 416 (ਮਹਾਤਮ ਪੰ: 419)
ਸੰਤ-ਦਰਸ ਫਲ :- 430, 436, 523
ਸੱਚ ਖੰਡ ਦਰਸ਼ਨ :- 166, 379, 573, 590
ਗੁਰੂ ਦੇ ਖੂਹ ਤੋਂ ਮਾਸ਼ਕੀ ਪਾਣੀ ਨਾ ਭਰਨ ਦੇਣਾ ਅਤੇ ਬੋਕਾ ਪਾਣੀ :- 314, 328
ਹਰਾ, ਲਾਲ, ਭਗਵਾਂ, ਸੂਹਾ ਰੰਗ ਤਿਆਗਣਾ :- 321, 475
ਗੁਰੂ ਹਰਿ ਕ੍ਰਿਸ਼ਨ ਜੀ ਅਤੇ ਰਾਮ ਰਾਇ ਜੀ ਦੀ ਪਰਖ ਸਮੇਂ ਮੰਜੇ ਦੇ ਪਾਵੇ ਵਿੱਚ
ਸੂਈ ਖੁੱਭਣੀ :- 54
ਬਿਦੇਹੀ ਟਕਸਾਲੀਏ, ਕਾਣਾ ਦਿਓ ਕੱਢਣਾ, ਗੈਰ ਅੰਮ੍ਰਿਤਧਾਰੀ ਦੇ ਹੱਥੋਂ ਪ੍ਰਸ਼ਾਦਾ ਨਾ ਛਕਣਾ :- 93
ਹਰ ਰੋਜ਼ ਮੂਲਮੰਤ੍ਰ ਦੀ 33 ਮਾਲਾ, ਜਾਂ ਪੰਜ ਸੁਖਮਨੀ, ਜਾਂ 25 ਜਪੁਜੀ, ਜਾਂ ਪੰਜ ਗ੍ਰੰਥੀ, ਜਾਂ 25 ਹਜ਼ਾਰ ਵਾਹਿਗੁਰੂ ਮੰਤ੍ਰ ਜਪਣਾ ਕਰੋ :- 577, 615
ਪਾਠੀ ਦੀ ਅਪਵਿਤ੍ਰਤਾ ਕਰ ਕੇ ਰੋਗ ਨਾ ਹਟਣਾ ਤੇ ਉਸ ਰੋਗ ਨੂੰ ਆਪਣੇ ਉ੍ਯੱਪਰ ਲੈ ਲੈਣਾ :- 580
ਗਰਮੀ ਸਮੇਂ ਰੇਤ ਦੇ ਟਿੱਬੇ ਤੇ, ਠੰਢ ਸਮੇਂ ਪਾਣੀ ਵਿੱਚ ਤਪ ਕਰਨ ਨੂੰ ਦੁੱਖ-ਸੁੱਖ ਸਮਤਾ ਸਿੱਧ ਕਰਨਾ :- 601
ਮਾਤਾ ਗੰਗਾ ਜੀ ਨੇ ਬਾਬੇ ਬੁੱਢਾ ਜੀ ਪਾਸੋਂ ਪੁੱਤਰ ਪ੍ਰਾਪਤੀ ਦਾ ਵਰ ਲਿਆ : 31,36
ਸਵਾ ਲੱਖ ਜਪੁ ਜੀ :- 49, 123, 152, 153, 227, 422, 449, 599, 601, 603, 620, 621
ਛੱਤੀ ਲੱਖ ਮੂਲਮੰਤ੍ਰ :- 48, 123, 128, 129, 449, 601, 619, 620, 624
ਗੋਇੰਦਵਾਲ ਜਪੁਜੀ ਪਾਠ ਕਰ ਕੇ ਚੁਰਾਸੀ ਕੱਟਣੀ :-127, 346, 541, 619
ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਆਪਣੀ ਇੱਛਾ ਅਨੁਸਾਰ ਲੈਣਾ :- 130, 148, 236, 598, 599, 615
ਗੁਰੂ ਗ੍ਰੰਥ ਸਾਹਿਬ ਦੇ ਭੋਗ-ਉਪ੍ਰੰਤ ਫਿਰ ਜਪੁਜੀ ਜ਼ਰੂਰੀ :- 180, 282, 383
ਪੱਚੀ ਦਿਨ ਮੋਨ ਧਾਰਨ ਕਰਨਾ :- 181, 253, 277, 356, 403, 441
ਮੂਲਮੰਤ੍ਰ ਦਾ ਸੰਪਟ ਲਾਕੇ ਪਾਠ ਕਰਨਾ :- 204, 362, 363, 460, 584, 604, 612
ਸੁੰਦਰ ਸਿੰਘ ਨੂੰ 1914 ਈ: ਵਿਚ ਕਨਖਲ ਵਿਖੇ 243 ਸਾਲ ਦੇ ਸੰਤ ਨਾਲ ਮਿਲਾਪ :- 231
101 ਅਖੰਡਪਾਠ ਕਰਨੇ :- 275, 436, 440, 463, 465, 621, 636
ਪਾਠ ਸੁਨਣ ਮਗਰੋਂ ਬ੍ਰਿਕਤੀਆਂ ਨੇ ਤਨ ਦੇ ਬਸਤ੍ਰ ਲਾਹੁਣੇ, ਕੁਟੀਆ ਪਾਉਣੀਆਂ, ਬਨਵਾਸ ਲੈਣਾ :- 282, 286
ਗੁਰ-ਸ਼ਬਦ ਦੀ ਵਿਆਖਿਆ ਤੋਂ ਪਹਿਲਾਂ ਕੱਚੀ ਬਾਣੀ ਵਾਲਾ ਮੰਗਲਾਚਰਨ ਜ਼ਰੂਰੀ :- 574

ਗਿਆਨੀ ਸੁੰਦਰ ਸਿੰਘ ਲਈ ਨਾਮ ਦੇਣਾ: ਮੁਰਾਰੇ, ਸ੍ਰੀ ਸੰਤ, ਦੀਨ ਦਿਆਨ, ਗੁਸਾਈਂ, ਸੁਆਮੀ, ਅੰਤਰਜਾਮੀ, ਹਰਿ ਸੰਤ, ਸੰਤ ਅਗਾਧ ਅਪਾਰ, ਸੰਤ ਸਿਰਤਾਜ, ਅਕਾਲ-ਰੂਪ, ਪ੍ਰਭੂ, ਨਾਥ, ਸਾਈਂ, ਹਰਿਜੀ, ਮਰਿਆਦਾ ਪ੍ਰਸ਼ੋਤਮ, ਸੁਆਮੀ :- 346, 355, 378, 398, 435, 436, 442, 411, 433, 453, 459, 496, 501, 519, 520, 540, 583, 593


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top