Share on Facebook

Main News Page

ਨਿਤਨੇਮ ਦਾ ਰੱਟਣ
-: ਦਰਸ਼ਨ ਸਿੰਘ, ਵੁਲਵਰਹੈਂਪਟਨ, ਯੂ. ਕੇ.

ਆਮ ਤੌਰ 'ਤੇ ਨਿੱਤ-ਨੇਮ ਨਿਤਾਪ੍ਰਤੀ (ਹਰ ਰੋਜ਼) ਦੇ ਨੇਮ, ਪ੍ਰਤਿੱਗਯ, ਨਿਯਮ ਜਾਂ ਪ੍ਰਣ ਨੂੰ ਹੀ ਕਿਹਾ ਜਾਂਦਾ ਹੈ। ਸਿੱਖ ਜਗਤ ਵਿੱਚ ਗੁਰੂ ਦੇ ਨਾਮ ਤੇ ਮਨੁੱਖ ਦੇ ਆਪਣੇ ਹੀ ਬਣਾਏ ਗਏ ਨਿਤਾਪ੍ਰਤੀ ਧਾਰਮਿਕ ਕਰਮਾਂ ਨੂੰ ਨਿਤਨੇਮ ਮੰਨਿਆ ਜਾਂਦਾ ਹੈ। ਮਿਥੀ ਗੁਰਬਾਣੀ ਨੂੰ ਨਿਤਨੇਮ ਬਣਾ ਕੇ ਪੜ੍ਹਿਆ, ਸੁਣਿਆ ਤੇ ਗਾਵਿਆ ਤਾਂ ਬਹੁਤ ਜਾਂਦਾ ਹੈ, ਪਰ ਵੀਚਾਰਿਆ ਤੇ ਮੰਨਿਆ ਘਟ ਹੀ ਜਾਂਦਾ ਹੈ ਕਿਉਂਕਿ ਮਿਥੇ ਗਏ ਨਿਤਨੇਮ (ਦੇ ਕਰਮ ਕਾਂਡ) ਨੂੰ ਜਲਦੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਵਿੱਚ ਵੀਚਾਰਨ ਦਾ ਸਮਾ ਹੀ ਨਹੀਂ ਰਹਿ ਜਾਂਦਾ।

ਗੁਰਬਾਣੀ, ਜੋ ਮਨੁੱਖ ਦੇ ਬੰਧਨਾਂ ਤੋਂ ਮੁਕਤੀ ਦਾ ਮਾਰਗ ਹੈ, ਉਸਨੂੰ ਵੀਚਾਰੇ ਜਾਂ ਬੁੱਝੇ ਬਿਨਾ ਹੀ ਉਸ ਦੀ ਪੂਜਾ ਦਾ ਰਸਮੀ ਬੰਧਨ (ਕਰਮ ਕਾਂਡ) ਬਣਾ ਲਿਆ, ਮੁਕਤੀ ਨੂੰ ਹੀ ਬੰਧਨ ਬਣਾ ਲਿਆ, ਵਾੜ ਹੀ ਖੇਤੀ ਦਾ ਉਜਾੜਾ ਬਣ ਗਈ। ਇਸ ਹਕੀਕਤ ਨੂੰ ਚਾਹੇ ਕੋਈ ਕਬੂਲੇ ਯਾ ਨਾ, ਪਰ ਜਿਨੀ ਦੇਰ ਗੁਰਬਾਣੀ ਨੂੰ, ਵੀਚਾਰੇ ਬਿਨਾ ਰੱਟੀ ਜਾਣ ਦਾ ਨਿੱਤਨੇਮ ਬਣਿਆ ਰਹੇਗਾ, ਉਨੀ ਦੇਰ ਨਾ ਗੁਰੂ ਨਾਲ ਕੋਈ ਸਾਂਝ ਪੈਣੀ ਹੈ, ਨਾ ਗੁਰਗਿਆਨ ਦੀ ਪ੍ਰਾਪਤੀ ਹੋਣੀ ਹੈ, ਨਾ ਹੀ ਉਸ ਨਾਲ ਕੋਈ ਪਿਆਰ ਉਪਜਣਾ ਹੈ, ਤੇ ਨਾ ਹੀ ਜੀਵਨ ਸਫਲ ਹੋਣਾ ਹੈ, ਕੇਵਲ ਦਿਖਾਵਾ ਹੀ ਦਿਖਾਵਾ ਤੇ ਝੂਠੀ ਵਾਹ ਵਾਹ ਹੀ ਪੱਲੇ ਰਹਿ ਜਾਵੇਗੀ, ਪਰ ਜਦੋਂ ਗੁਰਬਾਣੀ ਨੂੰ ਵੀਚਾਰਨਾ, ਬੁੱਝਣਾ ਤੇ ਅਮਲਾਉਣਾ ਸ਼ੁਰੂ ਕੀਤਾ ਤਾਂ ਇਹ ਅਖੌਤੀ ਨਿਤਨੇਮ (ਦਾ ਬੰਧਨ) ਸਮੇ ਦੀ ਬਰਬਾਦੀ ਹੀ ਜਾਪੇਗਾ, ਸਮੁਚੀ ਗੁਰਬਾਣੀ ਨਾਲ ਪਿਆਰ ਪੈ ਜਾਵੇਗਾ ਤੇ ਜੀਵਨ ਆਧਾਰ ਬਣ ਕੇ ਸਾਰੇ ਬੰਧਨਾਂ ਤੋਂ ਮੁਕਤ ਕਰ ਦੇਵੇਗਾ। ਗੁਰਬਾਣੀ ਨੂੰ ਪੜ੍ਹ, ਬੁੱਝ ਕੇ ਮਨ ਵਸਾਉਣਾ ਕੋਈ ਕਰਮ ਕਾਂਡ ਨਹੀਂ ਹੈ, ਪਰ ਉਸ ਵਿਚੋਂ ਕੁੱਝ ਮਿਥੀ ਬਾਣੀ ਨੂੰ ਬਿਨਾ ਵੀਚਾਰੇ ਨਿੱਤਨੇਮ ਬਣਾ ਕੇ ਰੱਟੀ ਜਾਣਾ ਕਰਮ ਕਾਂਡ ਹੈ। 

ਇਹ ਅਖੌਤੀ ਨਿਤਨੇਮ ਦੇ ਬੰਧਨ ਠਾਠਾਂ, ਟਕਸਾਲਾਂ ਤੇ ਡੇਰੇਦਾਰਾਂ ਦੀ ਹੀ ਦੇਣ ਹੈ। ਜਦੋਂ ਮੰਨੇ ਜਾਂਦੇ ਮਹਾਂ ਪੁਰਖਾਂ ਦੇ ਜੀਵਨ ਪੜ੍ਹੇ ਤਾਂ ਵੇਖਿਆ ਕਿ ਪਹਿਲੀ ਗੱਲ ਜੋ ਉਹ ਕਿਸੇ ਵਿਅਕਤੀ ਨੂੰ ਪੁੱਛਦੇ ਸਨ ਉਹ ਇਹੀ ਸੀ ਕਿ ਭਾਈ ਤੇਰਾ ਨਿਤਨੇਮ ਕੀ ਹੈ? ਨਿਤਨੇਮ ਤੋਂ ਉਹਨਾਂ ਦਾ ਮਤਲਬ ਇਹ ਹੁੰਦਾ ਸੀ ਕਿ ਕਦੋਂ ਉਠਦਾ ਹੈਂ, ਇਸ਼ਨਾਨ ਕਰਕੇ ਕਿੰਨੀਆਂ ਬਾਣੀਆਂ ਪੜ੍ਹਦਾ ਹੈਂ ਤੇ ਕਿੰਨਾਂ ਸਿਮਰਨ (ਜਾਪ) ਕਰਦਾ ਹੈਂ? ਠਾਠਾਂ, ਦਰਬਾਰਾਂ ਤੇ ਟਕਸਾਲਾਂ ਤੇ ਇਸੇ ਤਰਾਂ ਦੇ ਨਿਤਨੇਮਾਂ ਦੇ ਕਰਮ ਕਾਂਡਾਂ ਨੂੰ ਦ੍ਰਿੜਾਇਆ ਜਾਂਦਾ ਹੈ। ਕਈ ਨਿਤਨੇਮੀਆਂ ਨੂੰ ਵੇਖਣ ਵਿੱਚ ਆਇਆ ਹੈ ਕਿ ਸਵੇਰੇ ਉਠ ਕੇ ਇਸ਼ਨਾਨ ਕਰਨਾ, ਕੰਮ ਤੇ ਜਾਣ ਲਈ ਤਿਆਰ ਹੁੰਦਿਆਂ, ਚਾਹ ਪਾਣੀ ਪੀਂਦਿਆਂ ਤੇ ਕਾਰ ਵਿੱਚ ਜਾਂਦਿਆਂ, ਮਿਥੇ ਹੋਏ ਜ਼ਬਾਨੀ ਯਾਦ ਕੀਤੇ ਪਾਠਾਂ ਦੇ ਰਟਣ ਦੀ ਕਿਰਿਆ ਹੀ ਉਹਨਾਂ ਦਾ ਨਿਤਨੇਮ ਬਣੀ ਹੋਈ ਹੈ ਪਰ ਇਸ ਨਾਲ ਜੀਵਨ ਵਿੱਚ ਕੋਈ ਸੁਧਾਰ ਨਹੀਂ ਹੁੰਦਾ, ਕਿਉਂਕਿ ਕੀਤੇ ਗੁਰਬਾਣੀ ਪਾਠਾਂ ਦੀ ਸੋਚ ਵੀਚਾਰ ਦਾ ਤਾਂ ਸਮਾ ਹੀ ਨਾ ਮਿਲਿਆ। ਸਿਖੀ ਤਾਂ ਨਾਮ ਹੀ ਗੁਰਸਿਖਿਆ ਦੀ ਵੀਚਾਰ ਦਾ ਹੈ, (ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ 465)

ਗੁਰਸਿਖਿਆ ਦੀ ਵੀਚਾਰ ਤੋਂ ਸਖਣਾ ਸਿੱਖ ਕਿਵੇਂ ਹੋ ਸਕਦਾ ਹੈ? ਸਿੱਖ ਦੀ ਨਿਸ਼ਾਨੀ ਰੇਖ ਭੇਖ, ਰੀਤਾਂ ਰਸਮਾਂ ਤੇ ਕਰਮ ਕਾਂਡ ਨਹੀਂ ਬਲਿਕੇ ਗੁਰ (ਗੁਰਬਾਣੀ ਦੀ) ਵੀਚਾਰ, ਗੁਰਬਾਣੀ ਦਾ ਗਿਆਨ ਹੈ। ਬਿਨਾ ਵੀਚਾਰੇ ਨਿਤਨੇਮ ਦੇ (ਕਰਮ ਕਾਂਡਾਂ ਦੇ) ਨਵੇਂ ਬੰਧਨ ਤਾਂ ਮਨੁੱਖ ਨੇ ਗਲ ਪਾ ਲਏ ਪਰ ਅੰਦਰ ਗਲ ਪਏ ਵਿਕਾਰਾਂ ਦੇ ਬੰਧਨਾਂ ਤੋਂ ਛੁਟਕਾਰਾ ਨਾ ਹੋ ਸਕਿਆ। ਗੁਰਬਾਣੀ ਦੇ ਸੰਪਰਕ ਨੇ ਜਗਾਇਆ:

ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥ 841 ਭਾਵ: ਬਾਹਰਲੇ ਕਰਮ ਕਾਂਡ ਕਰਨੇ ਤੇ ਰੋਜ਼ਾਨਾ ਆਪਣੇ ਇਸ਼ਟ ਦੀ ਪੂਜਾ (ਨਿਤਨੇਮ), ਆਤਮਿਕ ਜੀਵਨ ਦੀ ਸੂਝ ਬਿਨਾ ਇਹ ਸਾਰਾ ਉਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ। ਸਪਸ਼ਟ ਹੈ ਕਿ ਮਹੱਤਾ ਕੀਤੇ ਕਰਮ ਕਾਂਡ ਦੀ ਨਹੀਂ ਬਲਿਕੇ ਆਤਮਿਕ ਗਿਆਨ ਦੀ ਸੂਝ ਬੂਝ ਦੀ ਹੈ ਜਿਸ ਤੋਂ ਬਿਨਾ ਮਾਇਆ ਦੇ ਪਿਆਰ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਅਗਰ ਕਰਮ ਕਾਂਡਾਂ ਦੇ ਨਿਤਨੇਮ ਨਾਲ ਮਨੁੱਖ ਦੀ ਸੋਚ ਵਿੱਚ ਤਬਦੀਲੀ ਨਾ ਆਈ, ਆਤਮਿਕ ਗਿਆਨ ਦੀ ਸੂਝ ਨਾ ਹੋਈ ਤਾਂ ਇਹ ਕੀਤਾ ਸਾਰਾ ਅਖੌਤੀ ਨਿਤਨੇਮ ਦਾ ਕਰਮ ਕਾਂਡ ਨਿਸਫਲ ਤੇ ਸਮੇ ਦੀ ਬਰਬਾਦੀ ਹੀ ਹੈ। ਇਹ ਨਿਤਨੇਮ (ਦਾ ਕਰਮ ਕਾਂਡ) ਮਾਇਆ ਦੀ ਨੀਂਦ ਤੋਂ ਜਗਾਉਂਦਾ ਨਹੀਂ ਬਲਿਕੇ ਸੁਲਾਉਂਦਾ ਹੈ ਕਿਉਂਕਿ ਮਨ ਵੀਚਾਰਨ, ਬੁੱਝਣ ਤੇ ਮਨ ਵਸਾਉਣ ਦੇ ਉਦਮ ਵਲੋਂ ਸੌਂ ਹੀ ਜਾਂਦਾ ਹੈ। ਮਨ ਤਾਂ ਕੇਵਲ ਗੁਰਗਿਆਨ ਨੂੰ ਬੁੱਝ ਕੇ ਮਨ ਵਸਾਉਣ ਨਾਲ ਹੀ ਜਾਗੇਗਾ।

ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥ 793 ਜਿਸ ਗੁਰਗਿਆਨ ਨੇ ਜੀਵਨ ਸੁਧਾਰਨਾ ਸੀ, ਸਫਲ ਕਰਨਾ ਸੀ, ਉਹ ਤਾਂ ਪਾਗਲ ਮਨੁੱਖ ਨੇ ਪਾਇਆ ਹੀ ਨਾ ਤੇ ਜੀਵਨ ਬਿਰਥਾ ਗਵਾ ਲਿਆ। ਕਈਆਂ ਦਾ ਖਿਆਲ ਹੈ ਕਿ "ਵਾਹਿਗੁਰੂ" ਸ਼ਬਦ ਨਾਮ ਹੈ ਤੇ ਇਸ ਦੇ ਸਿਮਰਨ ਜਾਂ ਜਪਣ (ਰੱਟਣ) ਨੂੰ ਹੀ ਉਹਨਾਂ ਨੇ ਨਿਤਨੇਮ ਬਣਾਇਆ ਹੋਇਆ ਹੈ ਪਰ ਗੁਰਬਾਣੀ ਦਾ ਫੈਸਲਾ ਹੈ ਕਿ: ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥ 759 ਅਗਰ ਗੁਰਬਾਣੀ ਗੁਰਗਿਆਨ ਨੂੰ ਨਾਮ ਆਖਦੀ ਹੈ ਤੇ ਉਸ ਨੂੰ ਅੰਦਰ ਪੱਕਾ ਕਰਨਾ ਹੀ ਨਾਮ ਦੀ ਪ੍ਰਾਪਤੀ ਹੈ ਤਾਂ "ਵਾਹਿਗੁਰੂ" ਨਾਮ ਦੀ ਰੱਟ ਦਾ ਨਿਤਨੇਮ ਤਾਂ ਇੱਕ ਨਿਸਫਲ ਕਰਮ ਕਾਂਡ ਹੀ ਰਹਿ ਜਾਂਦਾ ਹੈ। ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ.  1239 ਗੁਰਬਾਣੀ (ਗੁਰਗਿਆਨ) ਹੀ ਨਾਮ ਹੈ ਜਿਸ ਨੂੰ ਪੜ੍ਹ, ਬੁੱਝ ਕੇ ਮਨ ਵਸਾਉਣ ਨਾਲ ਪੰਛੀ ਵਾਂਙ ਉਡਦੀ ਮਤ ਵੱਸ ਆ ਸਕਦੀ ਹੈ, ਮਨ ਨਿਰਮਲ ਤੇ ਅਡੋਲ ਹੋ ਸਕਦਾ ਹੈ, ਜੀਵਨ ਵਿੱਚ ਤਬਦੀਲੀ ਆ ਸਕਦੀ ਹੈ। ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥ 797 ਜੋ ਮਨੁੱਖ ਗੁਰਬਾਣੀ ਨੂੰ ਸੋਚ ਵੀਚਾਰ ਕੇ ਮਨ ਵਸਾ ਲੈਂਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਨਾਮ (ਹੁਕਮ, ਗੁਰ ਗਿਆਨ) ਟਿਕ ਜਾਂਦਾ ਹੈ ਕਿਉਂਕਿ ਗੁਰਬਾਣੀ ਹੀ ਨਾਮ ਹੈ ਪਰ ਮਨੁੱਖ ਦੀ ਦੁਬਿਧਾ ਵੇਖੋ ਕਿ ਉਹ ਗੁਰਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਵੀ ਪੜ੍ਹੀ ਜਾਂਦਾ ਹੈ ਤੇ "ਵਾਹਿਗੁਰੂ" ਸ਼ਬਦ ਨੂੰ ਨਾਮ ਮੰਨ ਕੇ ਉਸ ਦਾ ਨਿੱਤ ਰੱਟਣ ਵੀ ਕਰੀ ਕਰਾਈ ਜਾਂਦਾ ਹੈ। ਇਸ ਤਰਾਂ ਦੇ ਬਿਰਥੇ ਨਿਤਨੇਮ ਤੇ ਕਰਮ ਕਾਂਡਾਂ ਤੋਂ ਗੁਰਬਾਣੀ ਤਾਂ ਬਹੁਤ ਸੁਚੇਤ ਕਰਦੀ ਹੈ ਪਰ ਹੁਣ ਗੁਰੂ ਵੀਚਾਰਾ ਕੀ ਕਰੇ ਜੇ ਸਿਖਾਂ ਵਿੱਚ ਹੀ ਚੂਕ ਹੈ। ਗੁਰੂ ਤਾਂ ਬਾਰ ਬਾਰ ਸੁਚੇਤ ਕਰਦਾ ਹੈ ਕਿ: ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥ 216 ਹਰੀ ਦੇ ਨਾਮ (ਗੁਰਗਿਆਨ, ਹੁਕਮ) ਨੂੰ ਮਨ ਵਸਾਏ ਬਿਨਾ ਇਹ ਜਪ, ਤਪ ਤੇ ਸੰਜਮ ਦੇ ਕਰਮ ਕਾਂਡ ਵਿਅਰਥ ਹਨ। ਗੁਰਬਾਣੀ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ:

ਸਗਲੇ ਕਰਮ ਧਰਮ ਜੁਗ ਸੋਧੇ ॥ ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥ ਕਹੁ ਨਾਨਕ ਜਉ ਸਾਧਸੰਗੁ ਪਾਇਆ ॥ ਬੂਝੀ ਤ੍ਰਿਸਨਾ ਮਹਾ ਸੀਤਲਾਇਆ ॥ 913 (ਹੇ ਭਾਈ, ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ (ਕਰਮ ਕਾਂਡ) ਪਰਖ ਵੇਖੇ ਹਨ, ਪ੍ਰਭੂ ਦੇ ਨਾਮ (ਹੁਕਮ, ਗੁਰਗਿਆਨ) ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁਤਾ ਹੋਇਆ) ਇਹ ਮਨ ਜਾਗਦਾ ਨਹੀਂ। ਪਰ ਹੇ ਭਾਈ, ਜਦੋਂ (ਕਿਸੇ ਮਨੁੱਖ ਨੇ) ਸਾਧ (ਗੁਰੂ ਦੀ) ਸੰਗਤ ਪ੍ਰਾਪਤ ਕਰ ਲਈ (ਗੁਰਬਾਣੀ ਨੂੰ ਬੁੱਝ ਕੇ ਉਸ ਨਾਲ ਸਾਂਝ ਪਾ ਲਈ) ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਡਾ ਠਾਰ ਹੋ ਗਿਆ, ਭਾਵ ਜੀਵਨ ਬਦਲ ਗਿਆ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਧਰਮਾਂ ਦੇ ਸਾਰੇ (ਰਸਮੀ ਨਿਤਨੇਮ ਦੇ) ਕਰਮ ਕਾਂਡ ਪਰਖੇ ਜਾ ਚੁਕੇ ਹਨ ਅਤੇ ਉਹ ਮੋਹ ਮਾਇਆ ਦੀ ਨੀਂਦ ਵਿੱਚ ਸੁਤੇ ਮਨ ਨੂੰ ਜਗਾਉਣ ਵਿੱਚ ਨਿਸਫਲ ਹਨ ਪਰ ਗੁਰੂ ਦੀ ਗਲ ਤੇ ਮਨੁੱਖ ਦਾ ਯਕੀਨ ਨਹੀਂ ਬੱਝਦਾ। ਮਹੱਤਾ, ਮਿਥੀ ਹੋਈ ਗੁਰਬਾਣੀ ਨੂੰ ਜ਼ਬਾਨੀ ਯਾਦ ਕਰਕੇ ਬਾਰ ਬਾਰ ਪੜ੍ਹਨ ਦੀ ਨਹੀਂ, ਉਸ ਨੂੰ (ਬਿਨਾ ਵੀਚਾਰੇ) ਨਿਤਨੇਮ ਬਨਾਉਣ ਦੀ ਨਹੀਂ, ਬਲਿਕੇ ਉਸ ਨੂੰ ਪੜ੍ਹ ਬੁੱਝ ਕੇ ਮਨ ਵਸਾਉਣ ਦੀ ਹੈ। ਮਿਥੀ ਗੁਰਬਾਣੀ ਨੂੰ ਨਿਤ ਬਾਰ ਬਾਰ ਉਹੀ ਮਨੁੱਖ ਰਟੇਗਾ ਜਿਸ ਨੇ ਉਸ ਨੂੰ ਸਮਝਿਆ ਨਹੀਂ, ਬੁੱਝਿਆ ਨਹੀਂ, ਪਰ ਜਿਸ ਨੇ ਉਸ ਨੂੰ ਪੜ੍ਹ, ਬੁੱਝ ਕੇ ਮਨ ਵਸਾ ਲਿਆ ਉਸ ਲਈ ਇਹ ਨਿਤਨੇਮ ਨਿਰਾਰਥਕ ਹੈ। ਕਿਤੇ ਪੜ੍ਹਨ ਵਿੱਚ ਨਹੀਂ ਆਇਆ ਹੈ ਕਿ ਗੁਰੂ ਵਿਅਕਤੀ ਜਾਂ ਭਗਤ ਵੀ ਨਿੱਤ ਸਵੇਰੇ ਉਠ ਕੇ ਮਿਥੀ ਹੋਈ ਗੁਰਬਾਣੀ ਦਾ ਨਿਤਨੇਮ ਕਰਦੇ ਸਨ, ਇਸ ਲਈ ਜੋ ਕਰਮ ਕਾਂਡ ਉਹ ਆਪ ਨਹੀਂ ਕਰਦੇ ਸਨ ਉਸ ਦੇ ਬੰਧਨ ਬਣਾ ਕੇ ਉਹ ਕਿਸੇ ਹੋਰ ਦੇ ਗਲ ਕਿਵੇਂ ਪਾ ਸਕਦੇ ਹਨ? ਉਹਨਾਂ ਨੇ ਪੜ੍ਹ ਬੁੱਝ ਕੇ ਭਾਵ ਨੂੰ ਮਨ ਵਸਾ ਲਿਆ ਅਤੇ ਜਦੋਂ ਪੜ੍ਹੀ ਬੁੱਝੀ ਗਲ ਦਾ ਭਾਵ ਮਨ ਅੰਦਰ ਵਸ ਜਾਏ ਤਾਂ ਉਸ ਨੂੰ ਬਾਰ ਬਾਰ ਪੜ੍ਹਨ ਦੀ ਲੋੜ ਨਹੀਂ ਰਹਿ ਜਾਂਦੀ ਕਿਉਂਕਿ ਉਹ ਜੀਵਨ ਦਾ ਆਧਾਰ ਬਣ ਜਾਂਦੀ ਹੈ। ਕਾਜੀ ਮੁਲਾਂ ਹੋਵਹਿ ਸੇਖ ॥ ਜੋਗੀ ਜੰਗਮ ਭਗਵੇ ਭੇਖ ॥ ਕੋ ਗਿਰਹੀ ਕਰਮਾ ਕੀ ਸੰਧਿ ॥ ਬਿਨੁ ਬੂਝੇ ਸਭ ਖੜੀਅਸਿ ਬੰਧਿ ॥ 1168

ਜੇ ਕੋਈ ਬੰਦੇ ਕਾਜ਼ੀ, ਮੁੱਲਾਂ, ਸ਼ੇਖ ਬਣ ਜਾਣ (ਇਸ ਵਿੱਚ ਸਿੱਖ ਜਗਤ ਦੀ ਅਖੌਤੀ ਧਰਮ ਸ਼੍ਰੇਣੀ ਵੀ ਆ ਜਾਂਦੀ ਹੈ), ਕੋਈ ਜੋਗੀ ਜੰਗਮ ਬਣ ਕੇ ਭਗਵੇ ਕਪੜੇ ਪਹਿਨ ਲੈਣ, ਕੋਈ ਗ੍ਰਿਹਸਤੀ ਬਣ ਕੇ ਪੂਰਾ ਕਰਮ ਕਾਂਡੀ ਹੋ ਜਾਏ ਇਹਨਾਂ ਵਿਚੋਂ ਹਰੇਕ ਨੂੰ ਦੋਸ਼ੀਆਂ ਵਾਂਙ ਬੰਨ੍ਹ ਕੇ ਅਗੇ ਲਾ ਲਿਆ ਜਾਵੇਗਾ ਜਦ ਤਕ ਇਹ ਨਾਮ (ਹੁਕਮ, ਗੁਰਗਿਆਨ) ਦੀ ਕਦਰ ਨਹੀਂ ਸਮਝਿਆ। ਸਪਸ਼ਟ ਹੈ ਕਿ ਰਸਮੀ ਨਿਤਨੇਮ ਦੇ ਨਿਰੇ ਕਰਮ ਕਾਂਡ ਨੇ ਕੁੱਝ ਨਹੀਂ ਸਵਾਰਨਾ, ਪਰ ਨਾਮ (ਹੁਕਮ, ਗੁਰਗਿਆਨ) ਨੂੰ ਬੁੱਝ ਕੇ ਤੇ ਮਨ ਵਸਾ ਕੇ ਹੀ ਜੀਵਨ ਦੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥ 88

ਗੁਰਬਾਣੀ ਦਾ ਹੀ ਫੁਰਮਾਨ ਹੈ ਕਿ ਜਿਨ੍ਹਾਂ ਨੇ ਗੁਰਬਾਣੀ ਦੀ ਵੀਚਾਰ ਨਹੀਂ ਕੀਤੀ (ਨਿਤ ਤੋਤਾ ਰੱਟਣ ਹੀ ਕੀਤਾ ਹੈ) ਉਹ ਗੁਰਗਿਆਨ ਬਿਨਾ ਸੰਸਾਰ ਵਿੱਚ (ਅਧਿਆਤਮਿਕ ਤੌਰ ਤੇ) ਮੁਰਦਾ ਹੀ ਮੰਨੇ ਜਾਂਦੇ ਹਨ। ਇਥੋਂ ਇਹੀ ਸਪਸ਼ਟ ਹੁੰਦਾ ਹੈ ਕਿ ਜੋ ਨਿੱਤ ਮਿਥੀਆਂ ਬਾਣੀਆਂ ਦਾ (ਵੀਚਾਰ ਬਿਨਾ) ਪਾਠ ਕਰਦਾ ਹੈ, ਉਸ ਨੇ ਗੁਰਬਾਣੀ ਨੂੰ ਜਾਣਿਆ ਨਹੀਂ, ਬੁਝਿਆ ਨਹੀਂ, ਤੇ ਅਧਿਆਤਮਿਕ ਤੌਰ ਤੇ ਉਹ ਅੰਨ੍ਹਾ ਜਾਂ ਮੁਰਦਾ ਹੀ ਮੰਨਿਆ ਜਾਂਦਾ ਹੈ ਕਿਉਂਕਿ ਜਿਸ ਦਿਨ ਗੁਰਬਾਣੀ ਦੀ ਵੀਚਾਰ ਕਰ ਲਈ, ਗੁਰਬਾਣੀ ਨਾਲ ਸਾਂਝ ਪਾ ਲਈ, ਉਸ ਦਿਨ ਉਹ ਸੁਜਾਖਾ ਹੋ ਕੇ ਅਧਿਆਤਮਿਕ ਤੌਰ ਤੇ ਜੀਅ ਉਠੇਗਾ ਤੇ ਇਹਨਾਂ ਕਰਮ ਕਾਂਡਾਂ ਦੇ ਬੰਧਨਾਂ ਦੀ ਕੈਦ ਤੋਂ ਮੁਕਤੀ ਪਾ ਲਵੇਗਾ। ਯਾਦਗਾਰ ਤਾਜ਼ਾ ਕਰਨ ਲਈ ਤਾਂ ਮੁੜ ਆਪਣੀ ਮਰਜ਼ੀ ਅਨੁਸਾਰ ਗੁਰਬਾਣੀ ਪਾਠ ਕਿਤੋਂ ਵੀ, ਕਿਨਾ ਵੀ, ਕਿਤੇ ਵੀ ਤੇ ਕਦੇ ਵੀ ਪੜਿਆ, ਸੁਣਿਆ ਤੇ ਮੁੜ ਵੀਚਾਰਿਆ ਜਾ ਸਕਦਾ ਹੈ ਪਰ ਉਸ ਨੂੰ ਬਿਨਾ ਵੀਚਾਰੇ ਰੱਟਣ ਦਾ ਨਿਤਨੇਮ ਨਹੀਂ ਬਣਾਇਆ ਜਾ ਸਕਦਾ।

ਵੇਖਣ ਵਿੱਚ ਆਵੇਗਾ ਕਿ ਠਾਠਾਂ, ਟਕਸਾਲਾਂ ਤੇ ਡੇਰਿਆਂ ਨਾਲ ਜੁੜੇ ਸੇਵਕ ਮਿਥੇ ਹੋਏ ਨਿਤਨੇਮ ਦਾ ਮਾਣ ਕਰਦੇ ਨਹੀਂ ਥਕਦੇ ਕਿਉਂਕਿ ਇਹ ਮਿਥੇ ਪਾਠਾਂ ਦਾ ਤੋਤਾ ਰਟਣ ਤੇ ਜਾਪਾਂ ਦਾ ਨਿਤਨੇਮ ਇਹਨਾਂ ਦੇ ਅਖੌਤੀ ਸਾਧਾਂ, ਸੰਤਾਂ ਤੇ ਬਾਬਿਆਂ ਦੀ ਹੀ ਦੇਣ ਹੈ। ਉਹ ਨਹੀਂ ਚਹੁੰਦੇ ਕਿ ਕਿਸੇ ਨੂੰ ਗੁਰਬਾਣੀ ਦਾ ਗਿਆਨ ਹਾਸਲ ਹੋਵੇ ਕਿਉਂਕਿ ਉਹਨਾਂ ਦੀ ਉਪਜੀਵਕਾ ਤੇ ਪ੍ਰਭਤਾ ਲੋਕਾਂ ਦੀ ਅਗਿਆਨਤਾ ਤੇ ਹੀ ਨਿਰਭਰ ਹੈ। ਇਹੀ ਕਾਰਨ ਹੈ ਕਿ (ਬਿਨਾ ਵੀਚਾਰੇ) ਮਿਥੀਆਂ ਬਾਣੀਆਂ ਦਾ ਨਿਤਨੇਮੀ ਘਟ ਹੀ ਸੂਝਵਾਨ ਹੁੰਦਾ ਹੈ ਕਿਉਂਕਿ ਉਸ ਕੋਲ ਨਾ ਤਾਂ ਬੁੱਝਣ (ਵੀਚਾਰਨ ਦਾ) ਦਾ ਸਮਾਂ ਹੀ ਹੁੰਦਾ ਹੈ ਤੇ ਨਾ ਉਹ ਇਹ ਔਖੀ ਘਾਟੀ ਚੜ੍ਹਨਾ ਹੀ ਚਹੁੰਦਾ ਹੈ। ਉਹ ਕੇਵਲ ਰਸਮ ਨਿਭਾ ਕੇ ਹੀ ਪ੍ਰਸੰਨ ਚਿੱਤ ਹੋ ਜਾਂਦਾ ਹੈ, ਪਰ ਗੁਰਬਾਣੀ ਦਾ ਫੁਰਮਾਨ ਹੈ ਕਿ ਬੁੱਝੇ ਬਿਨਾ ਜਨਮ ਬਿਰਥਾ ਹੀ ਚਲਾ ਜਾਂਦਾ ਹੈ ਭਾਈ ਰੇ ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥ (33) ਬਿਨਾ ਬੁੱਝੇ ਕਰਮ ਕਾਂਡ ਕਰੀ ਜਾਣੇ ਸਮੇ ਦੀ ਬਰਬਾਦੀ ਹੈ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ 791

ਗੁਰਬਾਣੀ ਨੂੰ ਵੀਚਾਰੇ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ ਤੇ ਮਨੁੱਖ ਖੁਆਰ ਹੁੰਦਾ ਰਹਿੰਦਾ ਹੈ ਪਰ ਇਹਨਾਂ ਡੇਰਾਵਾਦੀਆਂ ਨੂੰ ਜਿਨੀਆਂ ਮਰਜ਼ੀ ਦਲੀਲਾਂ ਤੇ ਗੁਰ ਪ੍ਰਮਾਣ ਦੇ ਕੇ ਸਮਝਾਵਣ ਦੀ ਕੋਸ਼ਿਸ਼ ਕੀਤੀ ਜਾਵੇ, ਉਹ ਕਦੇ ਮੰਨਣ ਨੂ ਤਿਆਰ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਨਾਲੋਂ ਉਹਨਾਂ ਨੂੰ ਆਪਣੇ ਬਾਬਿਆਂ ਦੇ ਬਚਨਾਂ ਤੇ ਜ਼ਿਆਦਾ ਭਰੋਸਾ ਹੁੰਦਾ ਹੈ। ਗੁਰਬਾਣੀ ਵਿਚੋਂ ਚੁਣਵੀਆਂ ਬਾਣੀਆਂ ਨੂੰ ਨਿਤਨੇਮ ਬਨਾਉਣਾ ਹੀ ਗੁਰਬਾਣੀ ਦੀ ਵੀਚਾਰ ਤੇ ਰੋਕ ਬਣ ਜਾਂਦੀ ਹੈ ਕਿਉਂਕਿ ਫਿਰ ਬਾਕੀ ਬਾਣੀ ਪੜ੍ਹਨ ਦਾ ਸਮਾ ਹੀ ਨਹੀਂ ਮਿਲਦਾ ਤੇ ਉਸ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਗੁਰਬਾਣੀ ਦੀ ਵੀਚਾਰ ਹੀ ਗੁਰਬਾਣੀ ਨਾਲ ਪਿਆਰ ਪੈਦਾ ਕਰ ਸਕਦੀ ਹੈ, ਉਸ ਦੇ ਕੇਵਲ ਰੱਟਣ ਦੀ ਬੰਦਿਸ਼ ਅਕੇਵਾਂ ਤੇ ਹੰਕਾਰ ਪੈਦਾ ਕਰੇਗੀ, ਕਿਉਂਕਿ ਬੰਦਿਸ਼ ਹੀ ਬੰਧਨ ਹੈ ਜੋ ਫਿਰ ਨਿਸਫਲ ਕਰਮ ਕਾਂਡ ਵਿੱਚ ਬਦਲ ਜਾਂਦੀ ਹੈ ਅਤੇ ਜਿਸ ਨੂੰ ਫਿਰ ਗੁਰਬਾਣੀ ਪ੍ਰਵਾਨ ਨਹੀਂ ਕਰਦੀ। (1) ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ 551 (2) ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162

ਕਰਮ ਕਾਂਡਾਂ ਨਾਲ ਫਿਟਕਾਰਯੋਗ ਹੰਕਾਰ ਹੀ ਪੈਦਾ ਹੋਵੇਗਾ। (3) ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥ ਅਨਿਕ ਕਰਮ ਕਰਿ ਥਾਕਿਆ ਭਾਈ ਫਿਰਿ ਫਿਰਿ ਬੰਧਨ ਪਾਇ ॥ 608 ਗੁਰਗਿਆਨ ਬਿਨਾ ਕੀਤੇ ਅਨੇਕਾਂ ਕਰਮ ਕਾਂਡ ਬੰਧਨ ਹੀ ਬਣ ਜਾਂਦੇ ਹਨ ਤੇ ਪਏ ਹੋਏ ਭਰਮਾਂ ਤੋਂ ਛੁਟਕਾਰਾ ਨਹੀਂ ਹੁੰਦਾ। (4) ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ 1075 ਅਨੇਕਾਂ ਕੀਤੇ ਕਰਮ ਕਾਂਡ ਪੈਰਾਂ ਦੀਆਂ ਜੰਜੀਰਾਂ ਹੀ ਬਣ ਜਾਂਦੇ ਹਨ …. ਆਦਿਕ … ਗੁਰਬਾਣੀ, ਜਦੋਂ ਮਰਜ਼ੀ, ਜਿਨੀ ਮਰਜ਼ੀ, ਜਿਥੋਂ ਮਰਜ਼ੀ, ਜਿਥੇ ਮਰਜ਼ੀ, ਪੜ੍ਹੀ ਜਾ ਸਕਦੀ ਹੈ, ਕੋਈ ਬੰਦਿਸ਼ ਨਹੀਂ, ਬਸ਼ਰਤੇ ਕੇ ਉਹ ਸੋਚ ਵੀਚਾਰ ਕੇ ਮਨ ਵਸਾਈ ਜਾਵੇ। ਨਾਮ (ਹੁਕਮ, ਗੁਰਗਿਆਨ) ਤੋਂ ਬਿਨਾ ਬਾਕੀ ਮਨੁੱਖ ਦੇ ਮਿਥੇ ਹੋਏ ਕਰਮ ਕਾਂਡ ਸਭ ਹੰਕਾਰ ਦਾ ਪ੍ਰਗਟਾਵਾ ਤੇ ਫਿਟਕਾਰ ਯੋਗ ਹਨ। ਜਦੋਂ ਵੀ ਕੋਈ ਦੂਸਰੇ ਨੂੰ ਉਸ ਦੇ ਨਿਤਨੇਮ ਬਾਰੇ ਪੁਛਦਾ ਦਸਦਾ ਹੈ, ਅਸਲ ਵਿੱਚ ਉਸ ਪਿਛੇ ਉਸ ਦੀ ਆਪਣੀ ਹੀ ਵਡਿਆਈ ਕਰਨ ਦੀ ਖਾਹਿਸ਼ ਛੁਪੀ ਹੁੰਦੀ ਹੈ। ਉਸ ਨੂੰ ਆਪਣਾ ਨਿਤਨੇਮ ਦਸਣ ਦੀ ਇਛਾ ਹੁੰਦੀ ਹੈ। ਇਸ ਤਰਾਂ ਪਰਤੀਤ ਹੁੰਦਾ ਹੈ ਜਿਵੇਂ ਨਿਤਨੇਮ ਇੱਕ ਲੋਕ ਪਚਾਰਾ, ਜਾਂ ਹੰਕਾਰ ਦਾ ਪ੍ਰਗਟਾਵਾ ਹੀ ਬਣ ਗਿਆ ਹੈ। ਗੁਰਬਾਣੀ ਦਾ ਨਿਤਨੇਮ ਗੁਰੂ ਦੀ ਖੁਸ਼ੀ ਲਈ ਨਹੀਂ ਹੈ, ਉਹ ਆਪਣੇ ਨਿਜੀ ਮਨ ਦੀ ਸਾਧਨਾ ਲਈ ਹੈ, ਆਪਣੇ ਜੀਵਨ ਸੁਧਾਰ ਲਈ ਹੈ, ਪਰ ਗੁਰਬਾਣੀ ਨੂੰ ਬੁੱਝੇ ਬਿਨਾ ਮਜਬੂਰ ਹੋ ਕੇ ਗਲੋਂ ਗਲਾਵਾਂ ਲ੍ਹਾਉਣ ਲਈ ਨਿਤਨੇਮ ਬਣਾ ਕੇ ਰੱਟਣ ਨਾਲ ਜੀਵਨ ਜਾਂ ਮਨ ਦਾ ਸੁਧਾਰ ਕਿਵੇਂ ਹੋ ਸਕਦਾ ਹੈ? ਇਹ ਬਿਨਾ ਬੁੱਝੇ ਗੁਰਬਾਣੀ ਦੇ ਮਿਥੇ ਨਿਤਨੇਮ ਦਾ ਹੀ ਫਲ ਹੈ ਕਿ ਕੱਚੀ ਤੇ ਸੱਚੀ ਬਾਣੀ ਦੀ ਪਰਖ ਬਿਨਾ, ਸਾਲਾਂ ਪ੍ਰਤੀ ਦਸਮ ਗ੍ਰੰਥ ਦੀਆਂ ਬਾਣੀਆਂ ਦੀ ਮਿਲਾਵਟ ਤੋਂ ਅਨਜਾਣ ਰਹੇ ਤੇ ਹੁਣ ਉਹਨਾਂ ਨੂੰ ਸ਼ਰਮ ਤੇ ਅਭਿਮਾਨ ਛੱਡਣ ਨਹੀਂ ਦਿੰਦਾ।

ਲੰਮੇ ਲੰਮੇ ਨਿਤਨੇਮ ਕਰਨ ਵਾਲਿਆਂ ਧਾਰਮਕ ਲੋਕਾਂ ਦੇ ਕੁਕਰਮੀ ਕਾਰਨਾਮਿਆਂ ਤੇ ਕਰਤੂਤਾਂ ਦੀਆਂ ਵੀਡੀਉ ਇੰਟਰਨੈੱਟ 'ਤੇ ਅਕਸਰ ਵੇਖੀਆਂ ਜਾ ਸਕਦੀਆਂ ਹਨ ਅਤੇ ਜਿਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ, ਬਿਨਾ ਵੀਚਾਰ ਕੀਤੇ, ਨਿਤਨੇਮ ਕਿਨੇ ਵਿਅਰਥ ਹਨ। ਗੁਰਦੁਆਰਿਆਂ ਵਿੱਚ ਕੀਰਤਨ ਸੁਣਦਿਆਂ, ਗੁਟਕਾ ਖੋਲ ਕੇ ਨਿਤਨੇਮ ਵੀ ਕਰੀ ਜਾਣ ਦੀ ਇੰਟਰਨੈੱਟ ਤੇ ਵੀਡਿੀਉ ਦੇਖ ਕੇ ਲੋਕਾਂ ਦੀ ਅਗਿਆਨਤਾ ਕਾਰਨ ਦੁਬਿਧਾ ਤੇ ਤਰਸ ਆਉਂਦਾ ਹੈ। ਇਹ ਸਾਰੀਆਂ ਭੁੱਲਾਂ ਮਿਥੀ ਗੁਰਬਾਣੀ ਦੇ ਨਿਤਨੇਮ ਨੂੰ ਬਿਨਾ ਵੀਚਾਰੇ ਰਟੀ ਜਾਣ ਦਾ ਹੀ ਕਾਰਨ ਹਨ। ਇਹੀ ਦੁਖਾਂਤ ਮਨੁੱਖ ਦੀ ਰਸਮੀ ਤੇ ਨਿਤਨੇਮ ਦੀ ਤਰਕਹੀਣ ਅਰਦਾਸ ਦਾ ਹੈ। ਅਰਦਾਸ ਮਨੁੱਖ ਦੀ ਨਿਜੀ ਭਾਵਨਾ ਹੈ ਜਿਸ ਦਾ ਕਿਸੇ ਦੂਜੇ ਨਾਲ ਕੋਈ ਸੰਬੰਧ ਨਹੀਂ। ਰਸਮੀ ਅਰਦਾਸ ਵਿੱਚ ਸਰੀਰਾਂ ਦੀ ਹਜ਼ੂਰੀ ਤਾਂ ਬਹੁਤ ਹੁੰਦੀ ਹੈ ਪਰ ਮਨ ਦੀ ਹਜ਼ੂਰੀ ਕਿਸੇ ਵਿਰਲੇ ਦੀ ਹੀ ਹੁੰਦੀ ਹੈ ਤੇ ਮਨ ਦੀ ਹਜ਼ੂਰੀ ਬਿਨਾ … ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥ ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥ 84

ਅਰਦਾਸ ਦਾ ਕਾਰਨ ਅਲੋਪ ਹੋ ਗਿਆ ਤੇ ਅਰਦਾਸ ਇੱਕ ਰਸਮ ਹੀ ਬਣ ਗਈ, ਕਿਉਂਕਿ ਰਸਮ ਉਦੋਂ ਹੀ ਬਣਦੀ ਹੈ ਜਦੋਂ ਵਿਚੋਂ ਸਚਾਈ ਜਾਂ ਕਾਰਨ ਅਲੋਪ ਹੋ ਜਾਵੇ। ਕੀ ਗੁਰੂ ਕਾਲ ਵਿੱਚ ਇਹ ਰਸਮੀ ਅਰਦਾਸ ਹੋਇਆ ਕਰਦੀ ਸੀ? ਕੀ ਗੁਰਬਾਣੀ ਵਿੱਚ ਰਸਮੀ ਅਰਦਾਸ ਦਾ ਸੰਕਲਪ ਹੈ? ਵੀਚਾਰਨ ਵਾਲੀ ਗਲ ਹੈ ਕਿ ਜਦੋਂ ਅਜੇ ਰਸਮੀ ਅਰਦਾਸ ਹੋਂਦ ਵਿੱਚ ਨਹੀਂ ਆਈ ਸੀ, ਤਾਂ ਉਦੋਂ ਪੁਰਾਤਨ ਸਿੱਖ ਕਿਹੜੀ ਮਿਥੀ ਅਰਦਾਸ ਕਰਿਆ ਕਰਦੇ ਸਨ? ਕੀ ਗੁਰੂ ਸਾਹਿਬਾਨ ਵੀ ਰਸਮੀ ਅਰਦਾਸ ਕਰਿਆ ਕਰਦੇ ਸਨ? ਅਰਦਾਸ ਨਿੱਜੀ ਹੈ ਤੇ ਕਰਤੇ ਪੁਰਖ ਅਗੇ ਨਿਰਬਲ ਹੋਇ ਮਨ ਦੀ ਆਤਮਿਕ ਬਲ ਲਈ ਬੇਨਤੀ, ਜੋਦੜੀ ਜਾਂ ਦੁਆ ਕਰਨ ਦਾ ਨਾਮ ਹੈ ਜਿਸ ਦੀ ਕੋਈ ਬੋਲੀ ਜਾਂ ਵਿਧਾਨ ਨਹੀਂ ਹੈ। ਅਰਦਾਸ ਮੰਗ ਨਹੀਂ, ਆਪਾ ਸਮਰਪਣ ਹੈ। ਅਰਦਾਸ, ਦੁੱਖ, ਮਿਹਨਤ, ਮਜਦੂਰੀ ਜਾਂ ਉਦਮ ਤੋਂ ਬਚਣ ਦਾ ਉਪਾਉ ਨਹੀਂ। ਅਰਦਾਸ ਨਾਲ ਕੁਦਰਤ ਦੇ ਨਿਯਮ ਨਹੀਂ ਬਦਲਦੇ, ਬਲਿਕੇ ਮਨ ਦੀ ਸਤਿੱਥੀ ਬਦਲਦੀ ਹੈ, ਮਨ ਨੂੰ ਹਾਲਾਤ ਦਾ ਸਾਹਮਣਾ ਕਰਨ ਦੇ ਲਈ ਬਲ ਮਿਲਦਾ ਹੈ ਪਰ, ਇਹ ਕੌੜਾ ਸੱਚ ਹੈ, ਕਿ ਮਨੁੱਖ ਨੇ ਉਸ ਨੂੰ ਨਿਤਨੇਮ ਬਣਾ ਕੇ ਇੱਕ ਨਿਸਫਲ ਕਰਮ ਕਾਂਡ (ਬੰਧਨ) ਵਿੱਚ ਹੀ ਬਦਲ ਦਿੱਤਾ। ਸੰਸਾਰ ਵਿੱਚ ਜਿਨੇ ਗੁਰਬਾਣੀ ਪਾਠ, ਅਖੌਤੀ ਜਾਪ ਤੇ ਅਰਦਾਸਾਂ ਦੇ ਨਿਤਨੇਮ ਹੋ ਰਹੇ ਹਨ, ਉਹਨਾਂ ਨਾਲ ਤਾ ਸਿੱਖ ਜਗਤ ਵਿੱਚ ਗਿਆਨ ਕੀ ਆਂਧੀ ਆ ਜਾਣੀ ਚਾਹੀਦੀ ਸੀ, ਪਰ ਵੇਖਣ ਵਿੱਚ ਅਗਿਆਨਤਾ ਹੀ ਫੈਲ ਰਹੀ ਹੈ, ਕਿਉਂਕਿ ਗੁਰਬਾਣੀ ਨੂੰ ਨਿਤਨੇਮ ਬਣਾ ਕੇ ਰਟੀ ਤਾਂ ਸਾਰੇ ਜਾਂਦੇ ਹਨ ਪਰ ਵੀਚਾਰ ਕੋਈ ਵਿਰਲਾ ਹੀ ਕਰਦਾ ਹੈ 

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥935


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top