Share on Facebook

Main News Page

ਸ. ਸਤਿਨਾਮ ਸਿੰਘ ਖੰਡਾ ਦਾ ਭਾਸ਼ਣ ਅਤੇ ਕੁੱਝ ਸਵਾਲ ?
-: ਪ੍ਰੋ. ਕਸ਼ਮੀਰਾ ਸਿੰਘ USA

ਸ. ਸੁਖਦੇਵ ਸਿੰਘ ਬੱਬਰ ਦੇ ਸ਼ਹੀਦੀ ਦਿਨ ਉੱਤੇ ਇਕ ਸਮਾਗਮ ਵਿੱਚ ਸ. ਸਤਿਨਾਮ ਸਿੰਘ ਖੰਡਾ ਨੇ ਭਾਸ਼ਣ ਦਿੱਤਾ। ਪ੍ਰੋਗ੍ਰਾਮ ਅਕਾਲ ਚੈੱਨਲ ਟੀ ਵੀ ਨੇ 8/17/2016 ਨੂੰ ਦਿਖਾਇਆ ਗਿਆ। ਸਮਾਗਮ ਵਿੱਚ ਬੋਲਦਿਆਂ ਖੰਡਾ ਜੀ ਨੇ ਕਿਹਾ ਕਿ ਬੱਬਰ ਦੇ ਪਾਏ ਪੂਰਨਿਆਂ ਉੱਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰੀ (ਅਸਲ ਹੈ ਸ਼੍ਰੀ/ਸ਼ਿਰੀ) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, 2015 ਈਸਵੀ ਵਿੱਚ ਸਰੂਪ ਚੋਰੀ ਹੋਣ ਨਾਲ਼, ਲਗਾਤਾਰ ਹੋ ਰਹੀਆਂ ਹਨ। ਉਨ੍ਹਾਂ ਕਿਹਾ- ਇਹ ਘਟਨਾਵਾਂ ਦਿੱਲੀ ਤੋਂ ਆਉਂਦੇ ਹੁਕਮਾ ਨਾਲ਼ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗੁਰੂ ਸਰੂਪਾਂ ਨੂੰ ਤਾਂ ਸਿੱਖਾਂ ਵਲੋਂ ਸੰਭਾਲ਼ਿਆ ਨਹੀਂ ਜਾ ਰਿਹਾ ਤਾਂ ਖ਼ਾਲਸਾ ਰਾਜ ਕਿਵੇਂ ਸੰਭਾਲ਼ਿਆ ਜਾਵੇਗਾ?

ਮਾਨਯੋਗ ਖੰਡਾ ਜੀ ਨੂੰ ਨਿਮਰਤਾ ਸਹਿਤ ਕੁੱਝ ਪ੍ਰਸ਼ਨ:

ਖੰਡਾ ਜੀ, ਸਰੂਪਾਂ ਦੀ ਬੇਅਦਬੀ ਨੂੰ, ਜਿਸ ਨੂੰ ਤੁਸੀਂ ਗੁਰੂ ਜੀ ਦੀ ਹੋਈ ਸ਼ਹੀਦੀ ਵੀ ਕਿਹਾ ਹੈ, ਤੁਸੀਂ ਦਿੱਲੀ ਤੋਂ ਮਿਲ਼ਦੇ ਆਦੇਸ਼ਾਂ (ਹਿੰਦੂਤਵ/ਸਨਾਤਨਵਾਦ) ਨਾਲ਼ ਜੋੜ ਕੇ ਦੇਖਿਆ ਹੈ। ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੀਆਂ ਰਚਨਾਵਾਂ (ਜਾਪੁ, ਸਵੱਯੇ ਅਤੇ ਚੌਪਈ) ਨੂੰ ਤੁਸੀਂ ਅੰਮ੍ਰਿਤ ਸੰਚਾਰ ਸਮੇਂ ਹੁਣ ਤਕ ਪੜ੍ਹਦੇ ਆ ਰਹੇ ਹੋ ਉਹ ਕਿੱਸ ਦੇ ਆਦੇਸ਼ ਉੱਤੇ ਰਹਤ ਮਰਯਾਦਾ ਵਿੱਚ ਪਾਈਆਂ ਗਈਆਂ? ਕੀ ਇਨ੍ਹਾਂ ਰਚਨਾਵਾਂ ਨੂੰ ਹਿੰਦੂਤਵ ਵਲੋਂ ਮਿਲ਼ੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਧੁਰ ਕੀਆਂ ਬਾਣੀਆਂ ਨਾਲ਼ ਨਹੀਂ ਰਲ਼ਾਇਆ ਗਿਆ {ਰਹਤ ਮਰਯਾਦਾ ਸੰਨ 1931 ਵਿੱਚ ਬਣਨੀ ਸ਼ੁਰੂ ਹੋਈ ਜਦ ਨਿ ਆਰ ਐੱਸ ਐੱਸ ਦੀ ਸਥਾਪਨਾ ਸੰਨ 1925 ਵਿੱਚ 6 ਸਾਲ ਪਹਿਲਾਂ ਹੀ ਹੋ ਚੁੱਕੀ ਸੀ}?

ਇਹ ਗੱਲ ਤਾਂ ਆਮ ਬੰਦਾ ਵੀ ਸਮਝ ਸਕਦਾ ਹੈ ਕਿ- ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਮੁੱਕ ਗਈਆਂ ਸਨ ਕਿ ਰਹਤ ਮਰਯਾਦਾ ਰਾਹੀ ਸਿੱਖਾਂ ਦੇ ਨਿੱਤ-ਨੇਮ ਅਤੇ ਅੰਮ੍ਰਿਤ ਸੰਚਾਰ ਵਿੱਚ ਬਾਹਰੋਂ ਹੋਰ ਰਚਨਾਵਾਂ ਜੋੜਨੀਆਂ ਪਈਆਂ?

ਮਾਨਯੋਗ ਖੰਡਾ ਜੀ, ਅਜਿਹਾ ਕਰ ਕੇ ਸ਼੍ਰੋ. ਕਮੇਟੀ ਵਲੋਂ ਕੀ ਲਛਮਣ ਰੇਖਾ ਨਹੀਂ ਟੱਪੀ ਗਈ? ਜੇ ਇਹ ਬਾਹਰੀ ਰਚਨਾਵਾਂ ਸਿੱਖਾਂ ਲਈ ਅੰਮ੍ਰਿਤ ਸੰਚਾਰ ਲਈ ਜ਼ਰੂਰੀ ਸਨ, ਤਾਂ ਦਸਵੇਂ ਪਾਤਿਸ਼ਾਹ ਜੀ ਵਲੋਂ ਦਮਦਮੀ ਬੀੜ ਲਿਖਵਾਉਣ ਵੇਲੇ ਇਹ ਰਚਨਾਵਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀਆਂ ਹੋਣੀਆਂ ਸਨ ਤਾਂ ਜੁ ਇਹ ਸਦਾ ਲਈ ਸੰਭਾਲ਼ੀਆਂ ਜਾਂਦੀਆਂ। ਕੀ ਤੁਸੀਂ ਕਦੇ ਇਹ ਸੋਚ ਸਕਦੇ ਹੋ ਕਿ ਦਸਵੇਂ ਪਾਤਿਸ਼ਾਹ ਜੀ ਨੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਇਹ ਰਚਨਾਵਾਂ ਦਮਦਮੀ ਬੀੜ ਵਿੱਚ ਨਹੀਂ ਪਾਈਆਂ ਅਤੇ ਬਾਹਰ ਦੂਰ ਨੇੜੇ ਖਲਾਰ ਦਿੱਤੀਆਂ? ਜੇ ਅਜਿਹਾ ਨਹੀਂ ਸੋਚਿਆ ਜਾ ਸਕਦਾ ਤਾਂ ਸਿੱਖਾਂ ਨੂੰ ਇਨ੍ਹਾਂ ਰਚਨਾਵਾਂ ਦੀ ਕਿਉਂ ਲੋੜ ਪੈ ਗਈ? ਕੀ ਦਸਵੇਂ ਗੁਰੂ ਜੀ ਸਿੱਖਾਂ ਨੂੰ ਲੜਾਉਣ ਲਈ ਆਏ ਸਨ ਕਿ ਹਿੰਦੂਤਵ ਦੀ ਪਕੜ ਤੋਂ ਬਚਾਉਣ ਲਈ।

ਮਾਨਯੋਗ ਖੰਡਾ ਜੀ ! ਇਹ ਜਾਪੁ, ਚੌਪਈ ਅਤੇ ਸਵੱਯੇ ਦਸਵੇਂ ਗੁਰੂ ਜੀ ਦੀ ਦੇਣ ਨਹੀਂ ਸਗੋਂ ਉਸੇ ਹਿੰਦੂਤਵ ਦੀ ਦੇਣ ਹੈ ਜਿਹੜਾ ਆਪ ਜੀ ਦੇ ਖ਼ਿਆਲ ਅਨੁਸਾਰ ਅੱਜ ਸਰੂਪਾਂ ਦੀ ਬੇਅਦਬੀ ਕਰਵਾ ਰਿਹਾ ਹੈ। ਗੱਲ਼ ਸਿੱਖਾਂ ਨੂੰ ਹਿੰਦੂਤਵ ਵਲੋਂ ਆਪਸ ਵਿੱਚ ਭਰਾ-ਮਾਰੂ ਜੰਗ ਵਿੱਚ ਉਲਝਾਉਣ ਦੀ ਹੈ ਭਾਵੇਂ ਸੱਚੀਆਂ ਬਾਣੀਆਂ ਵਿੱਚ ਕੱਚੀਆਂ ਬਾਣੀਆਂ ਦਾ ਮਿਲ਼ਗੋਭਾ ਕਰ ਕੇ ਜਾਂ ਪਾਵਨ ਗੁਰ ਸਰੂਪਾਂ ਦੀ ਬੇਅਦਬੀ ਕਰਵਾ ਕੇ ਜਾਂ ਹੋਰ ਹਰ ਹੀਲਾ ਵਰਤ ਕੇ। ਦਸਵੇਂ ਪਾਤਿਸ਼ਾਹ ਜੀ ਨੇ ਸਿੱਖਾਂ ਨੂੰ ਹਿੰਦੂਤਵ ਤੋਂ ਬਚਾਉਣ ਲਈ ਕੇਵਲ ਤੇ ਕੇਵਲ ਇੱਕ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ ਜਾਂ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਦੇ?

ਖੰਡਾ ਜੀ, ਜੇ ਤੁਸੀਂ ਆਖੋ ਕਿ ਉਨ੍ਹਾਂ ਤਾਂ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ, ਤਾਂ ਫਿਰ ਤੁਸੀਂ ਅੰਮ੍ਰਿਤ ਸੰਚਾਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਕੱਚੀਆਂ ਰਚਨਾਵਾ ਕਿਉਂ ਪੜ੍ਹ ਰਹੇ ਹੋ? ਕੀ ਤੁਸੀਂ ਅਜਿਹਾ ਕਰ ਕੇ ਸਿੱਖਾਂ ਨੂੰ ਸ਼ਬਦ ਗੁਰੂ ਦੇ ਨਾਲ਼-ਨਾਲ਼ ਬਚਿੱਤ੍ਰ ਨਾਟਕ ਨਾਲ਼ ਵੀ ਨਹੀਂ ਜੋੜ ਰਹੇ?

ਜੇ ਆਖੋ ਕਿ ਇਹ ਰਚਨਾਵਾਂ ਅਸੀਂ ਆਪ ਨਹੀਂ ਪੜ੍ਹ ਰਹੇ ਸਗੋਂ ਸ਼੍ਰੋ. ਕਮੇਟੀ ਦੀ ਬਣਾਈ ਮਰਯਾਦਾ ਦੇ ਆਧਾਰ ਉੱਤੇ ਪੜ੍ਹ ਰਹੇ ਹਾਂ ਤਾਂ ਦੱਸੋ ਗੁਰੂ ਦਸਵੇਂ ਪਾਤਿਸ਼ਾਹ ਦੇ ਆਦੇਸ਼ ਵੱਡੇ ਹਨ ਕਿ ਸ਼੍ਰੋ. ਕਮੇਟੀ ਦੇ? ਕੀ ਇਹ ਰਹਤ ਮਰਯਾਦਾ ਬਣਾਉਣ ਵਾਲੀ ਓਹੀ ਸ਼੍ਰੋ. ਕਮੇਟੀ ਨਹੀਂ ਜਿਸ ਨੇ ਆਪ ਜੀ ਨੂੰ ਸ਼੍ਰੀ ਅਕਾਲ ਤਖ਼ਤ ਦੀ ਸੇਵਾ ਤੋਂ ਵੀ ਬਾਕੀ ਸਾਥੀਆਂ ਸਮੇਤ ਬਰਖ਼ਾਸਤ ਕਰ ਦਿੱਤਾ ਹੈ?

ਖੰਡਾ ਜੀ, ਜੇ ਤੁਸੀਂ ਕਹੋ ਕਿ ਇਹ ਰਹਤ ਮਰਯਾਦਾ ਤਾਂ ਪੰਥ ਨੇ ਬਣਾਈ ਹੈ, ਤਾਂ ਹੀ ਅਸੀਂ ਕੱਚੀਆਂ ਰਚਨਾਵਾਂ ਪੜ੍ਹ ਰਹੇ ਹਾਂ, ਤਾਂ ਦੱਸੋ ਤੁਹਾਨੂੰ ਪੰਥ ਵੱਡਾ ਹੈ ਕਿ ਗੁਰੂ? ਤੁਸੀ ਪੰਥ ਦੇ ਚੇਲੇ ਹੋ ਕਿ ਗੁਰੂ ਦੇ?

ਜੇ ਬੇਅਦਬੀ ਦੀਆਂ ਘਟਨਾਵਾਂ ਨੂੰ ਹਿੰਦੂਤਵ ਦੀ ਚਾਲ ਸਮਝ ਕੇ ਤੁਸੀਂ ਰੋਕਣ ਲਈ ਸਿੱਖਾਂ ਨੂੰ ਪ੍ਰੇਰਿਆ ਹੈ ਤਾਂ ਜਾਪੁ, ਸਵੱਯੇ, ਚੌਪਈ, ਪ੍ਰਿਥਮ ਭਗਉਤੀ ਵਾਲ਼ੀ ਮਾਈ ਦੁਰਗਾ ਦੇ ਪਾਠ ਵਾਲੀ ਅਰਦਾਸਿ ਦੇ ਪਾਠ ਵਿੱਚੋਂ, ਹਿੰਦੂਤਵ ਦੀ ਕੀਤੀ ਸਿੱਖਾਂ ਨੂੰ ਲੜਾਉਣ ਦੀ ਕੀਤੀ ਸਾਜਸ਼ ਵਿੱਚੋਂ, ਪਹਿਲਾਂ ਆਪ ਨਿਕਲ਼ੋ ਅਤੇ ਬਾਕੀ ਸਿੱਖਾਂ ਨੂੰ ਵੀ ਪ੍ਰੇਰੋ ਤਾਂ ਹੀ ਤੁਹਾਡਾ ਸਿੱਖ ਕੌਮ ਨੂੰ ਹਿੰਦੂਤਵ ਤੋਂ ਬਚਾਉਣ ਦਾ ਪਾਇਆ ਯੋਗਦਾਨ ਮੁੱਲਵਾਨ ਮੰਨਿਆਂ ਜਾਵੇਗਾ ਅਤੇ ਤੁਸੀਂ ਕੌਮ ਨੂੰ ਠੀਕ ਅਗਵਾਈ ਦੇਣ ਵਾਲ਼ਿਆਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੋ ਜਾਵੋਗੇ। ਇਸ ਸਮੇਂ ਤੁਹਾਡਾ ਨਾਂ ਹੈ, ਮਾਣ ਸਤਿਕਾਰ ਹੈ ਤੇ ਇਸ ਨੂੰ ਤੁਸੀਂ ਸਿੱਖਾਂ ਨੂੰ ਠੀਕ ਅਗਵਾਈ ਦੇਣ ਲਈ ਵਰਤੋ।

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top