Share on Facebook

Main News Page

ਪਾਠ-ਭੇਦ ‘ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ॥"
-: ਹਰਜਿੰਦਰ ਸਿੰਘ ‘ਘੜਸਾਣਾ’

ਸਮੱਗਰ ਗੁਰਬਾਣੀ ਅੰਦਰ ਲਫ਼ਜ਼ ‘ਬੁਡਿ’ ਜੋ ਪ੍ਰਾਕ੍ਰਿਤ ਵਿੱਚੋਂ ਇਸਤਰੀ ਲਿੰਗ ਦੀ ਸੰਜੁਕਤ ਕਿਰਿਆ ਬਣ ਕੇ ਕੇਵਲ ਇਕ ਵਾਰ ਆਇਆ ਹੈ :
ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਉ॥ (ਪੰ:/੮੦੨)
ਬੁਡਿ ਗਈ-(ਸੰਜੁਕਤ ਕਿਰਿਆ) ਡੁੱਬ ਗਈ।

ਉਪਰੋਕਤ ਲਫ਼ਜ਼ ਗੁਰਬਾਣੀ ਅੰਦਰ ਕਿਧਰੇ ‘ਬੁਡਿ’ ਤੋਂ ‘ਬੂਡੀ’ ਗੁਰਮਤਿ-ਕਾਵਿ ਪ੍ਰਬੰਧ ਅਧੀਨ ਬਣ ਕੇ ਤਕਰੀਬਨ ਚਾਰ ਕੁ ਵਾਰ ਨਜ਼ਰੀਂ ਪੈਂਦਾ ਹੈ :

(ੳ) ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥ (ਪੰ:/੭੫)
(ਅ) ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥ (ਪੰ:/੩੩੩)
(ੲ) ਬੂਡੀ ਘਰੁ ਘਾਲਿਓ ਗੁਰ ਕੈ ਭਾਇ ਚਲੋ ॥ (ਪੰ:/ ੬੮੯)
(ਸ) ਜਲਿ ਤਰਤੀ ਬੂਡੀ ਜਲ ਮਾਹੀ ॥੨॥ (ਪੰ:/੧੨੭੫)

ਪੰਗਤੀ ‘ਅ’ ਨੂੰ ਛੱਡ ਕੇ ਤਿੰਨਾ ਪੰਗਤੀਆਂ ਵਿੱਚ ‘ਬੂਡੀ’ ਲਫ਼ਜ਼ ਸਧਾਰਨ ਵਿਸ਼ੇਸ਼ਣ ਅਤੇ ਕਿਤੇ ਸੰਬੋਧਨੀ ਵਿਸ਼ੇਸ਼ਣ ਬਣ ਕੇ ਆ ਰਿਹਾ ਹੈ, ਅਰਥ-ਭਾਵ ਹੈ ‘ਡੁੱਬੀ ਹੋਈ’,’ਹੇ ਦੁਈ ਭਾਵ ਵਿੱਚ ਡੁੱਬੀ ਹੋਈਏ’।
ਹੋਰ ਵੀ ਐਸੇ ਸ਼ਬਦ ਗੁਰਬਾਣੀ ਅੰਦਰ ਮਿਲਦੇ ਹਨ,ਜਿਵੇਂ: ‘ਬੁਡੇ, ਬੂਡੰ, ਬੂਡਾ, ਬੂਡੈ, ਬੂਡੋ, ਬੂਡੌ’ ਆਦਿ। ਐਪਰ ਅਰਥ ਸਮਸਰ ਹਨ, ਅਰਥਾਂ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ।

ਇਥੋਂ ਤਕ ਵੀਚਾਰ ਵਿੱਚ ਅਸਾਂ ਇਹ ਸਮਝਿਆ ਕਿ ‘ਬੂਡੀ’ ਸ਼ਬਦ ਦਾ ਅਰਥ ‘ਡੁੱਬਣਾ’ ਹੈ, ਹੋਰ ਕਿਸੇ ਅਰਥ ਭਾਵ ਵਿੱਚ ਉਕਤ ਲਫ਼ਜ਼ ਪ੍ਰਯੋਗ ਨਹੀਂ ਹੋਇਆ।

ਹੁਣ,ਲਈਏ ਵੀਚਾਰ-ਅਧੀਨ ਇਕ ਪੰਗਤੀ ‘ਰਾਗ ਗਉੜੀ ਭਗਤ ਬਾਣੀ ਕਬੀਰ ਜੀ’ ਵਿੱਚੋਂ, ਜੋ ‘ਗਉੜੀ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੩੩ ‘ਤੇ ਦਰਜ਼ ਹੈ :

ਦਹ ਦਿਸ ਬੂਡੀ ਪਵਨੁ ਝੁਲਾਵੈ ਡੋਰਿ ਰਹੀ ਲਿਵ ਲਾਈ ॥੩॥

ਉਪਰੋਕਤ ਪੰਗਤੀ ਵਿੱਚ ਲਫ਼ਜ਼ ‘ਬੂਡੀ’ ਵੀਚਾਰ ਮੰਗਦਾ ਹੈ। ਇਸ ਸੰਬੰਧ ਵਿੱਚ ਪਹਿਲਾਂ ਹੋਰ ਵਿਦਵਾਨਾਂ ਦੇ ਵੀਚਾਰਾਂ ਨੂੰ ਪ੍ਰਸਪਰ ਕਰਨਾ ਜ਼ਰੂਰੀ ਹੈ :

ਦਹ ਦਿਸਿ ਬੂਡੀ ਪਵਨੁ ਝੁਲਾਵੈ॥..’ਬੂਡੀ’ ਅਸ਼ੁੱਧ ਪਾਠ ਦਾ ਪਰਚਾਰ, ਅਰਥ ਬੋਧ ਤੋਂ ਅਨਜਾਣ ਤੇ ਖੋਜ-ਪੜਤਾਲ ਤੋਂ ਕੰਨੀ ਕਤਰਾਉਣ ਵਾਲੇ ਸੰਪ੍ਰਦਾਈ ਪਾਠੀਆਂ ਦੀ ਕਿਰਪਾ ਨਾਲ ਬਹੁਤ ਜਾਦੇ ਹੋਇਆ ਹੈ। ਟੀਕਾਕਾਰ ਵਿੱਦਵਾਨਾਂ ਨੇ ਭੀ ਗਲਤ ਛਪੇ ਪਾਠ ਦੇ ਅਰਥ ਭਾਵੇਂ ‘ਗੁੱਡੀ’ ਹੀ ਕਰ ਦਿੱਤੇ ਹਨ। ਪਰ ਸੁੱਧ ਪਦ ਖੋਜ-ਲੱਭਣ ਦੀ ਖੇਚਲ ਕਦੀ ਵੀ ਕਿਸੇ ਨਹੀਂ ਕੀਤੀ। ਇਸੇ ਕਰਕੇ, ਇਸ ਸੰਬੰਧ ਵਿੱਚ ਬੁਹਤੇ ਪੁਰਾਤਨ ਸੰਚਿਆਂ ਦੇ ਹਵਾਲੇ ਦੇਣੇ ਜ਼ਰੂਰੀ ਸਮਝੇ ਗਏ ਹਨ।” (ਪਾਠ-ਭੇਦਾਂ ਦੀ ਸੂਚੀ ਪੰਨਾ 89,1977)

"ਪੁਰਾਤਨ ਹਥ ਲਿਖਤੀ ਸਰੂਪਾਂ ਵਿਚ ‘ਬੂਡੀ’ ਦੀ ਥਾ ‘ਗੂਡੀ’ ਪਾਠ ਮਿਲਦਾ ਹੈ ਜੋ ਕਿ ਪ੍ਰਕਰਣ ਅਨੁਸਾਰ ਠੀਕ ਹੈ। ਪਰ ਇਸ ਨੂੰ ਬਦਲਣ ਦਾ ਅਧਿਕਾਰ ਕਿਸੇ ਇਕ ਵਿਅਕਤੀ ਨੂੰ ਨਹੀਂ ਹੈ। ਲਿਖਾਰੀਆਂ ਜਾਂ ਪ੍ਰੈਸ ਦੀਆਂ ਗਲਤੀਆਂ ਪੰਥਕ ਪੱਧਰ 'ਤੇ ਸੋਧਣੀਆਂ ਹੀ ਲਾਭਦਾਇਕ ਹੋ ਸਕਦੀਆਂ ਹਨ।” (ਗਿ. ਹਰਬੰਸ ਸਿੰਘ ਜੀ ਨਿਰਣੈਕਾਰ, ਪੋਥੀ ਚਉਥੀ ਪੰ.471)

ਉਪਰੋਕਤ ਵੀਚਾਰਾਂ ਨਾਲ ਦਾਸ ਭੀ ਸਹਿਮਤੀ ਜਤਾਉਂਦਾ ਹੈ। ਚੂੰਕਿ, ਪ੍ਰਕਰਣ ਮੂਜਬ ਭੀ ‘ਬੂਡੀ’ ਪਾਠ ਇਸਤਲਾਹੀ ਨਹੀਂ ਬੈਠਦਾ। ਇਸ ਪੰਗਤੀ ਵਿੱਚ ਭਗਤ ਕਬੀਰ ਜੀ ਨੇ ‘ਡੋਰ’, ਗੁੱਡੀ, ਪੰਤਗ’ ਆਦਿ ਲਫ਼ਜ਼ ਵਰਤ ਕੇ ‘ਪੰਤਗ’ ਦੀ ਤਸ਼ਬੀਹ ਦੇ ਕੇ ਸਮਝਾਇਆ ਹੈ ਕਿ ‘ਜਿਵੇਂ ਕੋਈ ਆਕਾਸ਼ ‘ਤੇ ਪੰਤਗ ਚੜਾਉਂਦਾ ਹੈ, ਪੰਤਗ ਨਾਲ ਲੱਗੀ ਡੋਰ ਹਵਾ ਵਿੱਚ ਦਸੀਂ ਪਾਸੀਂ ਦੌੜਦੀ ਹੈ, ਜਿਵੇਂ ਪਤੰਗ ਉਡਾਉਣ ਵਾਲੇ ਦੀ ਲਿਵ ਡੋਰ (ਗੁੱਡੀ) ਵਿੱਚ ਲੱਗੀ ਰਹਿੰਦੀ ਹੈ, ਭਾਵੇਂ ੳਹ ਇਕ ਥਾਂ ‘ਤੇ ਸਥਿਰ ਹੀ ਖੜ੍ਹਾ ਰਹਿੰਦਾ ਹੈ। ਇਸ ਤਰ੍ਹਾਂ ਹੀ ਜੀਵਨ ਵਿੱਚ ਨਾਮ ਆਸਰੇ ਰਹਿ ਕੇ ਮਾਇਕੀ ਲਹਿਰਾਂ ਤੋਂ ਅਸੀਂ ਬਚ ਰਹੇ ਹਾਂ।’

ਸੋ, ਦਰੁਸੱਤ ਪਾਠ ‘ਗੂਡੀ’ ਹੈ ‘ਬੂਡੀ’ ਨਹੀਂ। ਦਾਸ ਪਾਸ ਮੌਜੂਦ ੫ ਬੀੜਾਂ ਵਿੱਚ ਭੀ ਪਾਠ ‘ਗੂਡੀ’ ਮਿਲਦਾ ਹੈ। ਜੋ ਕਿ, ਪ੍ਰਕਰਣ, ਵਿਸ਼ਾ ਮੂਜਬ ਦਰੁਸੱਤ ਹੈ। ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਦਵਾਨਾਂ ਦਾ ਪੈਨਲ ਬਣਾ ਕੇ ਸੁਧਾਈ ਕਰਨੀ ਚਾਹੀਦੀ ਹੈ।

ਦਾਸ ਪਾਸ ਉਪਲਬੱਧ ਬੀੜਾਂ ਦੀ ਉਕਤ ਪੰਗਤੀ ਦੀ ਫੋਟੋ ਭੀ ਨੱਥੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਕੋਈ ਖ਼ੋਜੀ ਸਜੱਣ, ਹੋਰ ਕੋਈ ਸਾਰਥਕ ਵੀਚਾਰ ਦਿੰਦਾ ਹੈ ਤਾਂ ਉਹ ਕਸਵੱਟੀ ‘ਤੇ ਲਾ ਕੇ ਕਬੂਲਿਆ ਜਾ ਸਕਦਾ ਹੈ।

ਭੁੱਲ-ਚੁਕ ਦੀ ਖਿਮਾਂ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top