Share on Facebook

Main News Page

ਬਚਿੱਤਰ ਨਾਟਕ {ਅਖੌਤੀ ਅਖੌਤੀ ਦਸਮ ਗ੍ਰੰਥ} ਵਿੱਚ 'ਭਗਉਤੀ' ਅਕਾਲਪੁਰਖ ਜਾਂ ਦੇਵੀ ?
-:
ਆਤਮਜੀਤ ਸਿੰਘ, ਕਾਨਪੁਰ

ਬਚਿੱਤਰ ਨਾਟਕ ਦੇ ਹਿਮਾਯਤੀ ਬਚਿੱਤਰ ਨਾਟਕ {ਅਖੌਤੀ ਦਸਮ ਗ੍ਰੰਥ} ਵਿੱਚ 'ਭਗਉਤੀ' ਨੂੰ ਅਕਾਲ ਪੁਰਖ ਮੰਨਦੇ ਹਨ ਆਉ ਇਸ ਬਚਿੱਤਰ ਨਾਟਕ ਦੀ ਭਗਉਤੀ ਨੂੰ ਵਿਚਾਰੀਏ ਕੀ ਇਹ 'ਭਗਉਤੀ' ਅਕਾਲ ਪੁਰਖ ਹੈ ਜਾਂ ਦੇਵੀ ਅਖੌਤੀ ਅਖੌਤੀ ਦਸਮ ਗ੍ਰੰਥ ਵਿੱਚ ਇੱਕ ਰਚਨਾ ਹੈ, ਉਸ ਉਪਰ ਵੱਡਾ ਸਿਰਲੇਖ ਹੈ, (ਵਾਰ ਸ੍ਰੀ ਭਗਉਤੀ ਜੀ ਕੀ), ਹੇਠਾਂ ਛੋਟਾ ਸਿਰਲੇਖ ਹੈ, (ਚੰਡੀ ਦੀ ਵਾਰ) ਇਸ ਪਿਛੋਂ ਇੱਕ ਲਾਈਨ ਹੈ, (ਸ੍ਰੀ ਭਗਉਤੀ ਜੀ ਸਹਾਇ) ਅਤੇ ਆਖਰ ਵਿੱਚ ਹੈ (ਵਾਰ ਸ੍ਰੀ ਭਗਉਤੀ ਜੀ ਕੀ॥ ਪਾਤਿਸ਼ਾਹੀ ੧੦॥) ਫਿਰ ਸ਼ੁਰੂ ਹੁੰਦੀ ਹੈ ਵਾਰ।

ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਭਗਉਤੀ ਦਾ ਅਰਥ, ਕਰਤਾਰ ਦਾ ਉਪਾਸ਼ਕ, ਦੁਰਗਾ ਦੇਵੀ, ਸ੍ਰੀ ਸਾਹਿਬ, ਖੜਗ, ਤਲਵਾਰ, ਮਹਾਂ ਕਾਲ ਅਤੇ ਇੱਕ ਛੰਦ ਵਜੋਂ ਹੈ।

ਵਿਚਾਰ ਦਾ ਵਿਸ਼ਾ ਹੈ ਕਿ ਇਸ, ਵਾਰ ਸ੍ਰੀ ਭਗਉਤੀ ਜੀ ਕੀ, ਵਿੱਚ ਜਿਸ ਭਗਉਤੀ ਨੂੰ ਸਹਾਇਤਾ ਲਈ ਅਰਜ਼ੋਈ ਕੀਤੀ ਗਈ ਹੈ, (ਸ੍ਰੀ ਭਗਉਤੀ ਜੀ ਸਹਾਇ) ਉਹ ਕੀ ਹੈ? ਵੈਸੇ ਤਾਂ ਛੋਟਾ ਸਿਰਲੇਖ (ਚੰਡੀ ਦੀ ਵਾਰ) ਕਾਫੀ ਕੁੱਝ ਇਸ਼ਾਰਾ ਕਰਦਾ ਹੈ, ਪਰ ਸਿੱਖੀ ਨੂੰ ਪੁਜਾਰੀਵਾਦ ਦਾ ਦੁਬੇਲ ਬਨਾਉਣ ਦੇ ਚਾਹਵਾਨ, ਜੋ ਭਗਉਤੀ ਨੂੰ ਹੀ ਅਕਾਲਪੁਰਖ ਜਾਂ ਵਾਹਿਗੁਰੂ ਬਣਾ ਰਹੇ ਹਨ, ਅਤੇ ਝੂਠ ਦੀ ਪੰਡ ਨੂੰ ਲੁਕੋਣ ਲਈ, ਦਸਮ ਪਾਤਸ਼ਾਹ, ਦਸਵੇਂ ਨਾਨਕ ਜੀ ਨਾਲ ਵੀ ਦਗਾ ਕਰ ਰਹੇ ਹਨ। ਉਨ੍ਹਾਂ ਨੇ ਝੂਠ ਦਾ ਏਡਾ ਵੱਡਾ ਅਡੰਬਰ ਖੜਾ ਕੀਤਾ ਹੋਇਆ ਹੈ ਕਿ ਆਮ ਸਿੱਖ ਦੀ ਸਮਝ ਵਿੱਚ ਹੀ ਨਹੀਂ ਆ ਰਿਹਾ ਕਿ ਕੀ ਕਰਨ, ਇਸ ਲਈ ਇਸ ਨੂੰ ਪੂਰੀ ਤਸੱਲੀ ਨਾਲ ਸਮਝਣਾ, ਅਸਲ ਨਿਰਣਾ ਰਚਨਾ ਦੇ ਆਧਾਰ ਤੇ ਕਰਨਾ ਬਣਦਾ ਹੈ, ਤਾਂ ਜੋ ਆਮ ਸਿੱਖ ਦੀ ਸਮਝ ਵਿੱਚ ਗੱਲ ਆ ਸਕੇ। ਆਉ ਵਿਚਾਰੀਏ:

ਪਹਿਲਾਂ, ਕਵੀ, ਪ੍ਰਭੂ ਦੀ ਮਹਿਮਾ ਕਰ ਕੇ ਵਾਰ ਦਾ ਆਰੰਭ ਕਰਦਾ ਹੈ,

ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੈਸਾਰੁ ਉਪਾਇਆ।
ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤੀ ਦਾ ਖੇਲੁ ਰਚਾਇ ਬਣਾਇਆ।

ਖੰਡੇ ਦਾ ਅਰਥ ਹੈ ਖੰਡ ਖੰਡ ਕਰਨ ਵਾਲਾ, ਟੀਕਾ ਕਾਰ ਅਨੁਸਾਰ ਖੰਡੇ ਦਾ ਅਰਥ ਹੈ ਮਾਇਆ, ਕਿਉਂਕਿ ਸ੍ਰਿਸ਼ਟੀ ਵਿੱਚ ਮਾਇਆ ਦਾ ਕੰਮ ਵੀ ਖੰਡ ਖੰਡ ਕਰਨਾ ਹੈ। ਫਿਰ ਪਰਮਾਤਮਾ ਨੇ ਬ੍ਰਹਮਾ, ਵਿਸ਼ਨੂ ਅਤੇ ਮਹੇਸ਼ (ਸ਼ਿਵ ਜੀ) ਬਣਾ ਕੇ ਕੁਦਰਤ ਦੀ ਖੇਡ ਸ਼ੁਰੂ ਕੀਤੀ। (ਜੋ ਕਿ ਸਰਾਸਰ ਹਿੰਦੂ ਮਤ ਦਾ ਸਿਧਾਂਤ ਹੈ) ਗੁਰਮਤ ਦਾ ਸਿਧਾਂਤ ਹੈ:

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥
2॥ (੪੭੫)

ਇਸ ਮਗਰੋਂ ਸਮੁੰਦਰ, ਪਹਾੜ, ਧਰਤੀ ਆਦਿ ਉਤਪੰਨ ਕੀਤੇ, ਫਿਰ ਦੇਵਤੇ ਅਤੇ ਦੈਂਤ ਬਣਾਏ। ਉਨ੍ਹਾਂ ਵਿੱਚ ਲੜਾਈ ਝਗੜਾ ਖੜਾ ਕਰ ਦਿੱਤਾ। ਫਿਰ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਵਾਇਆ। ਇਹ ਵੀ ਸਾਰਾ ਹਿੰਦੂ ਮਤ ਦਾ ਸਿਧਾਂਤ ਹੈ ਗੁਰਮਤ ਸਿਧਾਂਤ ਅਨੁਸਾਰ ਤਾਂ:

ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥ (੩)

ਇਵੇਂ ਸਤਿਯੁਗ ਬੀਤ ਗਇਆ ਅਤੇ ਤ੍ਰੇਤਾ ਯੁਗ ਆ ਗਇਆ। ਇਹ ਵੀ ਹਿੰਦੁ ਮਤ ਦਾ ਸਿਧਾਂਤ ਹੈ। ਗੁਰਮਤ ਤਾਂ ਸੇਧ ਦਿੰਦੀ ਹੈ:

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥ (੯੦੨)

ਇਸ ਰਚਨਾ ਅਨੁਸਾਰ (ਚੰਡੀ ਦੀ ਵਾਰ ਪੰਨਾਂ 278):

ਨੱਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ ॥ ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ ॥
ਜੀਤਿ ਲਏ ਤਿਨ ਦੇਵਤੇ ਤਿਹ ਲੋਕੀ ਰਾਜੁ ਕਮਾਇਆ ॥ ਵੱਡਾ ਬੀਰੁ ਅਖਾਇ ਕੈ ਸਿਰ ਉਪਰ ਛਤ੍ਰੁ ਫਿਰਾਇਆ ॥
ਦਿੱਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ ॥ ਡਰਿ ਕੈ ਹੱਥੇ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ ॥
ਪਾਸ ਦੁਰਗਾ ਦੇ ਇੰਦ੍ਰੁ ਆਇਆ ॥ 3॥

ਟੀਕਾ ਕਾਰ ਅਨੁਸਾਰ,

ਨਾਰਦ ਮੁਨੀ ਦੀ ਇਸਤ੍ਰੀ ਕਲ, ਸਭ ਦੇ ਸਿਰ ਚੜ੍ਹ ਕੇ ਨੱਚਣ ਲੱਗੀ, ਅਤੇ ਨਾਰਦ ਮੁਨੀ ਨੇ, ਇਸ ਨਾਚ ਨੂੰ ਤੇਜ ਕਰਨ ਲਈ, ਅਪਣਾ ਡਉਰੂ ਵਜਾਇਆ।
ਇਸ ਪਿਛੋਂ
ਪਰਮਾਤਮਾ ਨੈ ਦੇਵਤਿਆਂ ਦਾ ਹੰਕਾਰ ਦੂਰ ਕਰਨ ਲਈ, ਮਹਿਖਾਸੁਰ ਨਾਮ ਦਾ ਦੈਂਤ ਪੈਦਾ ਕੀਤਾ, ਜਿਸ ਨੇ ਦੇਵਤਿਆਂ ਨੂੰ ਜਿੱਤ ਕੇ, ਤਿੰਨਾਂ ਲੋਕਾਂ ਤੇ ਰਾਜ ਕੀਤਾ।
 ਉਸ ਨੇ ਇੰਦਰ ਨੂੰ ਸਵਰਗ ਵਿੱਚੋਂ ਕੱਢ ਦਿੱਤਾ, ਇੰਦਰ ਭੱਜ ਕੇ, ਸ਼ਿਵ ਜੀ ਦੇ ਨਿਵਾਸ ਅਸਥਾਨ, ਕੈਲਾਸ਼
ਪਰਬਤ ਤੇ ਜਾ ਕੇ ਦਿਨ ਗੁਜ਼ਾਰਨ ਲੱਗਾ। (ਇਸ ਵਿੱਚ ਕੁੱਝ ਵੀ ਗੁਰਮਤ ਅਨੁਸਾਰ ਨਹੀਂ ਹੈ) ਇੱਕ ਦਿਨ ਜਦ ਦੁਰਗਾ ਦੇਵੀ, ਨਦੀ ਤੇ ਅਸ਼ਨਾਨ ਕਰਨ ਆਈ ਤਾਂ, ਇੰਦਰ ਨੇ ਚੰਗਾ ਸਮਾ ਜਾਣ ਕੇ, ਅਪਣਾ ਦੁੱਖ ਦੁਰਗਾ ਦੇਵੀ ਨੂੰ ਸੁਣਾਇਆ।
ਦੁਰਗਾ ਦੇਵੀ ਨੇ ਅਪਣਾ, ਰਾਖਸ਼ਾਂ ਨੂੰ
ਖਾਣ ਵਾਲਾ ਸ਼ੇਰ ਮੰਗਵਾਇਆ, ਅਤੇ ਉਸ ਤੇ ਸਵਾਰ ਹੋ ਕੇ ਦੈਂਤਾਂ ਨੂੰ ਮਾਰਨ ਤੁਰ ਪਈ।

ਇਸ ਪਿਛੋਂ ਇਹ ਸਾਰੀ ਵਾਰ, ਸਪੱਸ਼ਟ ਤੌਰ 'ਤੇ ਦੁਰਗਾ ਦੇਵੀ ਦੀ ਹੈ, ਜਿਸ ਵਿੱਚ ਉਸ ਨੂੰ ਕਿਤੇ ਚੰਡਕਾ, ਕਿਤੇ ਚੰਡ, ਕਿਤੇ ਚੰਡਿ, ਕਿਤੇ ਭਵਾਨੀ, ਕਿਤੇ ਰਣ ਚੰਡੀ, ਕਿਤੇ ਕਾਲੀ ਦੇਵੀ, ਕਿਤੇ ਦੇਵਤਾ, ਕਿਤੇ ਕਾਲਕਾ, ਕਿਤੇ ਨੰਦਾ, ਕਿਤੇ ਦੁਰਗਸ਼ਾਹ, ਪਰ ਬਹੁਤੀ ਵਾਰੀ ਦੁਰਗਾ ਹੀ ਲਿਖਿਆ ਹੈ।

ਇਸ ਵਾਰ ਵਿੱਚੋਂ ਦੋ ਚੀਜ਼ਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ।

੧. ਇਕ ਪਾਤ੍ਰ ਸਿਰਜਿਆ ਗਇਆ ਹੈ, ਸ੍ਰਣਵਤ ਬੀਜ। ਜਿਸ ਦੇ ਲੜਾਈ ਵਿੱਚ ਜਿੰਨੇ ਵੀ ਤੁਪਕੇ ਲਹੂ ਦੇ ਧਰਤੀ ਤੇ ਡਿਗਦੇ ਹਨ, ਉਤਨੇ ਹੀ ਹੋਰ ਸ੍ਰਣਵਤ ਬੀਜ, ਜਵਾਨ ਹੋ ਕੇ, ਲੜਨ ਲਈ ਖੜੇ ਹੋ ਜਾਂਦੇ ਹਨ। ਜੋ ਗਪੌੜੇ ਤੋਂ ਵੱਧ ਕੁੱਝ ਵੀ ਨਹੀਂ ਹੋ ਸਕਦਾ, ਪਰ ਹਿੰਦੂ ਮਿਥਿਹਾਸ ਵਿੱਚ ਅਜਿਹੇ ਹੋਰ ਬਹੁਤ ਸਾਰੇ, ਕਲਪਨਾ ਤੋਂ ਪਰੇ ਦੇ ਪਾਤ੍ਰ ਮਿਲ ਜਾਂਦੇ ਹਨ।

੨. ਇੱਕ ਥਾਂ ਜ਼ਿਕਰ ਹੈ ਕਿ, ਲੜਾਈ ਵਿੱਚ, ਦੁਰਗਾ ਨੇ ਮਹਿਖੇ ਦੈਂਤ ਦੇ ਸਿਰ ਵਿੱਚ ਤਲਵਾਰ ਮਾਰੀ, ਜੋ ਮਹਿਖੇ ਦੈਂਤ ਨੂੰ ਚੀਰਦੀ ਘੋੜੇ, ਕਾਠੀ ਅਤੇ ਤਾਹਰੂ ਨੂੰ ਕੱਟਦੀ, ਧਰਤੀ ਨਾਲ ਟਕਰਾਈ, ਧਰਤੀ ਨੂੰ ਚੀਰਦੀ ਹੋਈ, ਧਰਤੀ ਨੂੰ ਚੁਕਣ ਵਾਲੇ ਬਲਦ ਦੇ ਸਿੰਗਾਂ ਵਿੱਚ ਵੱਜੀ, ਉਸ ਨੂੰ ਚੀਰਦੀ ਹੋਈ ਕੱਛੂ ਦੇ ਸਿਰ ਤੇ ਜਾ ਲੱਗੀ। ਕੀ ਇਸ ਵਿੱਚ ਕੁੱਝ ਵੀ ਸਿੱਖੀ ਸਿਧਾਂਤ ਅਨੁਸਾਰ ਹੈ? ਇਸੇ ਵਾਰ ਦੀ ਵਕਾਲਤ ਕਰਨ ਵਾਲੇ ਕਹਿੰਦੇ ਹਨ ਕਿ ਗੁਰੂ ਸਾਹਿਬ ਨੇ ਸਿੰਘਾਂ ਵਿੱਚ ਜੋਸ਼ ਭਰਨ ਲਈ, ਇਸ ਵਾਰ ਦੀ ਰਚਨਾ ਕੀਤੀ। ਕੀ ਅਜਿਹੇ, ਬਿਨਾ ਸਿਰ ਪੈਰ ਦੇ ਗਪੌੜਿਆਂ ਨਾਲ ਯੋਧਿਆਂ ਵਿੱਚ ਅਣਖ ਪੈਦਾ ਹੁੰਦੀ ਹੈ? ਜੇ ਅਜਿਹਾ ਹੈ ਤਾਂ ਅੱਜ ਕਲ ਦੀਆਂ ਸਟੰਟ ਫਿਲਮਾਂ, ਇਸ ਨਾਲੋਂ ਬਹੁਤ ਵਧੀਆ ਕੰਮ ਕਰ ਸਕਦੀਆਂ ਹਨ, ਪਰ ਅਣਖ, ਸਵੈਮਾਨ ਦਾ ਸਬੰਧ ਸੱਚ ਨਾਲ ਹੁੰਦਾ ਹੈ, ਨਾਟਕ ਬਾਜੀਆਂ ਨਾਲ ਨਹੀਂ। ਇਹ ਕੇਵਲ਼ ਬੇਵਕੂਫ ਬਨਣ ਦਾ ਸਾਧਨ ਹੈ? ਸਾਰੀ ਵਾਰ ਵਿੱਚ ਸਿਰਫ ਇੱਕ ਵਾਰੀ ਲਫਜ਼ ਭਗਉਤੀ ਆਇਆ ਹੈ, ਪਰ ਉਹ ਤਲਵਾਰ ਲਈ ਵਰਤਿਆ ਗਇਆ ਹੈ:

ਲਈ ਭਗਉਤੀ ਦੁਰਗਸ਼ਾਹ ਵਰ ਜਾਗਣ ਭਾਰੀ।

ਇਸ ਵਾਰ ਦੀ ਆਰੰਭਤਾ (ਵਾਰ ਸ੍ਰੀ ਭਗਉਤੀ ਜੀ ਕੀ) ਤੋਂ ਹੁੰਦੀ ਹੈ, ਅਤੇ ਅੰਤ ਇਨ੍ਹਾਂ ਲਫਜ਼ਾਂ ਨਾਲ ਹੁੰਦਾ ਹੈ:

ਦੁਰਗਾ ਪਾਠ ਬਣਾਇਆ ਸਭੈ ਪੌੜੀਆਂ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ।

(ਜੇ ਇਹ ਵਾਰ ਦਸਵੇਂ ਨਾਨਕ ਜੀ ਦੀ ਲਿਖੀ ਹੋਈ ਹੈ, ਅਤੇ ਇਸ ਦੇ ਗਾਉਣ ਮਾਤ੍ਰ ਨਾਲ ਬੰਦਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ, ਤਾਂ ਗੁਰੂ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਲਿਖਣ ਦੀ ਕੀ ਲੋੜ ਸੀ "ਡਿਠੇ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ") ਇਸ ਵਿਚਾਰ ਦਾ ਸਪੱਸ਼ਟ ਸਿੱਟਾ ਨਿਕਲਦਾ ਹੈ ਕਿ ਜਿਸ ਭਗਉਤੀ ਦੀ ਇਹ ਵਾਰ ਹੈ, ਜਿਸ ਕੋਲੋਂ ਸਹਾਇਤਾ ਮੰਗੀ ਗਈ ਹੈ, ਉਹ ਹੋਰ ਕੋਈ ਨਹੀਂ, ਸਿਰਫ ਤੇ ਸਿਰਫ ਦੇਵੀ ਦੁਰਗਾ ਹੀ ਹੈ। ਉਸਦੇ ਹੀ ਨਾਮ ਭਗਉਤੀ, ਚੰਡੀ, ਕਾਲੀ, ਭਵਾਨੀ, ਸ਼ਿਵਾ, ਨੰਦਾ, ਕਾਲਕਾ ਆਦਿ ਵੀ ਹਨ।

ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ, ਭਗਉਤੀ, ਇੱਕ ਫਿਰਕਾ ਹੈ। ਇਹ ਲੋਕ ਵਿਸ਼ਨੂ ਦੇ ਅਵਤਾਰ ਕ੍ਰਿਸ਼ਨ ਆਦਿ ਦੀ ਪੂਜਾ ਵਿੱਚ ਲੱਗੇ ਰਹਿੰਦੇ ਹਨ, ਰਾਸਾਂ ਪਾਉਣੀਆਂ ਅਤੇ ਨੱਚਣ ਕੁੱਦਣ ਨੂੰ ਹੀ ਭਗਤੀ ਦਾ ਸਰਵੋਤਮ ਸਾਧਨ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਬਾਰੇ ਦੱਸਿਆ ਹੈ,

ਭਗਉਤੀ ਰਹਤ ਜੁਗਤਾ॥

ਵੈਸ਼ਨਵ ਭਗਤ, ਭਗਉਤੀ, ਵਰਤ, ਤੁਲਸੀ ਮਾਲਾ ਆਦਿ ਸੰਜਮ ਦੀ ਜੁਗਤ ਵਿੱਚ ਹੀ ਲੱਗੇ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਭਗਉਤੀ ਉਹ ਹੈ :

ਸੋ ਭਗਉਤੀ ਜੋੁ ਭਗਵੰਤੈ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥
ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥
ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ (੮੮)

ਅਸਲੀ ਭਗਉਤੀ, ਸੱਚਾ ਭਗਤ ਉਹ ਹੈ, ਜੋ ਕਰਤਾਰ ਨੂੰ ਜਾਣਦਾ ਹੈ, ਅਤੇ ਸ਼ਬਦ ਗੁਰੂ ਤੋਂ ਗਿਆਨ ਲੈ ਕੇ ਅਪਣੇ ਆਪ ਨੂੰ ਪਛਾਣਦਾ ਹੈ। ਵਾਸ਼ਨਾਵਾਂ ਵਲ ਦੌੜਦੇ ਮਨ ਨੂੰ ਸੰਭਾਲ ਕੇ, ਉਸ ਦੇ ਅਸਲੀ ਘਰ ਵਲ ਲਿਆਉਂਦਾ ਹੈ, ਅਤੇ ਜ਼ਿੰਦਗੀ ਭੋਗਦਾ ਹੀ ਮਾਇਆ ਵਲੋਂ ਮਰਿਆ ਰਹਿੰਦਾ ਹੈ, ਅਜਿਹਾ ਭਗਉਤੀ ਹੀ ਉੱਤਮ ਭਗਤ ਹੁੰਦਾ ਹੈ। ਹੇ ਨਾਨਕ ਉਹ, ਹਮੇਸ਼ਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top