ਚਿੱਟੀ ਸਿਉਂਕ ਕਿਵੇਂ ਫ਼ੈਲਦੀ ਹੈ, ਇਸ ਦੀ ਮਿਸਾਲ ਇਕ ਦਿਨ ਵੇਖਣ
ਨੂੰ ਮਿਲੀ ਜਦੋਂ ਇਕ ਰੇਡੀਓ ਸਟੇਸ਼ਨ ‘ਤੇ ਪੰਜਾਬ ਤੋਂ (ਸ਼ਾਇਦ ਮੰਜੀ ਸਾਹਿਬ ਤੋਂ) ਕਥਾ
ਸੁਣਾਈ ਜਾ ਰਹੀ ਸੀ।
ਕਥਾਕਾਰ ਕਹਿ ਰਿਹਾ ਸੀ ਕਿ ਇਕ ਵਾਰ ਸੰਤ ਅਤਰ ਸਿੰਘ ਜੀ ਕਿਧਰੇ ਜਾ
ਰਹੇ ਸਨ, ਕਿ ਉਹਨਾਂ ਨੇ ਇਕ ਧੋਬੀ ਦੇਖਿਆ ਜੋ ਕਿ ਕੱਪੜੇ ਧੋ ਰਿਹਾ ਸੀ। ਸੰਤ ਜੀ ਉਸ ਦੇ
ਕੋਲ ਗਏ ਤੇ ਉਸ ਦਾ ਮੱਥਾ ਦੇਖ ਕੇ ਕਹਿਣ ਲੱਗੇ ਕਿ ਉਸ ਦੇ ਮੱਥੇ ਉੱਤੇ ਤਾਂ ਭਗਤੀ ਕਰਨੀ
ਲਿਖੀ ਹੋਈ ਹੈ, ਉਹ ਲੋਕਾਂ ਦੇ ਮੈਲ਼ੇ ਕੱਪੜੇ ਧੋਣੇ ਛੱਡ ਦੇਵੇ ਤੇ ਬੈਠ ਕੇ ਭਗਤੀ ਕਰੇ।
ਧੋਬੀ ਕਹਿਣ ਲੱਗਾ ਕਿ ਠੀਕ ਹੈ ਮਹਾਰਾਜ ਜੀ, ਉਹ ਹਥਲੇ ਕੱਪੜੇ ਗਾਹਕਾਂ
ਨੂੰ ਵਾਪਸ ਦੇ ਆਵੇ। ਸੰਤਾਂ ਨੇ ਹੁਕਮ ਕੀਤਾ ਕਿ ਉਹ ਹੋਰ ਕੱਪੜੇ ਧੋਣ ਵਾਸਤੇ ਨਾ ਲੈ ਕੇ
ਆਵੇ।ਧੋਬੀ ਨੇ ਕਿਹਾ ਠੀਕ ਐ ਮਹਾਰਾਜ।
ਪਾਠਕ ਜਨੋਂ ਸਵਾਲ ਪੈਦਾ ਹੁੰਦਾ ਹੈ ਕਿ,
ਕੀ ਇਹ ਸੰਤ ਅਤੇ ਕਥਾਕਾਰ
ਦੋਵੇਂ ਗੁਰੂ ਨਾਨਕ ਪਾਤਸ਼ਾਹ ਦੇ ਕਿਰਤ ਕਰਨ ਦੇ ਸਿਧਾਂਤ ਦੀਆਂ ਧੱਜੀਆਂ ਨਹੀਂ ਉਡਾ ਰਹੇ?
ਕੀ ਇਸ ਸੰਤ ਨੇ ਜਾਂ ਇਸ ਕਥਾਕਾਰ ਨੇ ਗੁਰਬਾਣੀ ਵਿਚ ਭਗਤ ਕਬੀਰ ਜੀ
ਦੇ ਸਲੋਕਾਂ ਵਿਚ ਭਗਤ ਨਾਮਦੇਵ ਜੀ ਅਤੇ ਭਗਤ ਤਿਲੋਚਨ ਜੀ ਪ੍ਰਥਾਇ ਸੰਵਾਦ ਨਹੀਂ ਪੜ੍ਹਿਆ,
ਜਿਸ ਵਿਚ ਤਿਲੋਚਨ ਜੀ ਜਦੋਂ ਭਗਤ ਨਾਮਦੇਵ ਜੀ ਨੂੰ ਕਹਿੰਦੇ ਹਨ:-
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ
ਨ ਲਾਵਉ ਚੀਤੁ॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ
ਨਾਲਿ॥
ਭਾਈ ਗੁਰਦਾਸ ਜੀ ਵੀ ਆਪਣੀ 40ਵੀਂ ਵਾਰ ਦੀ 11ਵੀਂ ਪਉੜੀ ‘ਚ ਧਰਮ
ਦੀ ਕਿਰਤ ਕਰਨ ਦਾ ਉਪਦੇਸ਼ ਦਿੰਦੇ ਹਨ:-
ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ
ਸਰੁ ਨ੍ਹਾਵੰਦਾ। ਗੁਰੁ ਕੇ ਬਚਨ ਉਚਾਰਿ ਕੈ ਧਰਮਸਾਲ ਦੀ ਸੁਰਤਿ ਕਰੰਦਾ।
ਸਾਧਸੰਗਤਿ ਵਿਚਿ ਜਾਇ ਕੈ ਗੁਰਬਾਣੀ ਦੀ ਪ੍ਰੀਤਿ ਸੁਣੰਦਾ। ਸੰਕਾ ਮਨਹੁ ਮਿਟਾਇ ਕੈ ਗੁਰੁ
ਸਿਖਾ ਦੀ ਸੇਵ ਕਰੰਦਾ।
ਕਿਰਤ ਵਿਰਤ ਕਰਿ ਧਰਮੁ ਦੀ
ਲੈ ਪਰਸਾਦ ਆਣਿ ਵਰਤੰਦਾ। ਗੁਰਸਿਖਾਂ ਨੂੰ ਦੇਇ ਕਰਿ ਪਿਛੋਂ
ਬਚਿਆ ਆਪੁ ਖਵੰਦਾ।
ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ ਗੁਰਮੁਖ ਗਾਡੀ ਰਾਹੁ ਚਲੰਦਾ॥11॥
ਕੀ ਗੁਰੂ ਸਾਹਿਬਾਨ ਨੇ ਆਪਣੇ ਕਿਸੇ ਸਿੱਖ ਨੂੰ ਕਿਰਤ ਕਰਨ ਤੋਂ ਮਨ੍ਹਾਂ ਕੀਤਾ? ਸਗੋਂ ਗੁਰੂ
ਸਾਹਿਬਾਨ ਨੇ ਤਾਂ ਕਿਰਤ ਨੂੰ ਪ੍ਰਮੁੱਖ ਰੱਖਿਆ ਤੇ ਉਪਦੇਸ਼ ਦਿੱਤਾ ਕਿ ਕਿਰਤ ਕਰਦਿਆਂ ਵੀ
ਉਸ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਉਮਰ ਦੇ ਅਖ਼ੀਰਲੇ
ਵਰ੍ਹੇ ਕਰਤਾਰ ਪੁਰ ਵਿਖੇ ਕਿਰਤ ਕਰਦਿਆਂ ਤੇ ਸਿੱਖੀ ਦੀ ਫੁਲਵਾੜੀ ਨੂੰ ਸਿੰਜਦਿਆਂ ਬਤੀਤ
ਕੀਤੇ।
ਸਾਧਾਂ ਦੀਆਂ ਇਹੋ ਜਿਹੀਆਂ ਸਿਖਿਆਵਾਂ ਨੇ ਵਿਹਲੜ ਸਾਧਾਂ ਦੀ ਇਕ ਤਕੜੀ ਫੌਜ ਖੜ੍ਹੀ ਕਰ
ਦਿੱਤੀ ਹੈ, ਜੋ ਹਰਲ ਹਰਲ ਕਰਦੀ ਫਿਰਦੀ ਹੈ ਤੇ ਗੁਰ ਉਪਦੇਸ਼ ਦੇ ਖ਼ਿਲਾਫ਼ ਪ੍ਰਚਾਰ ਕਰ ਕੇ
ਸਿੱਖੀ ਦੀਆਂ ਜੜ੍ਹਾਂ ‘ਚ ਤੇਲ ਦੇ ਰਹੀ ਹੈ।
ਖ਼ਾਲਸਾ ਜੀ ਜਾਗੋ, ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ।