ਇਕ ਬਾਦਸ਼ਾਹ ਜੰਗਲ਼ ਵਿਚ ਸ਼ਿਕਾਰ ਖੇਡ੍ਹਣ
ਗਿਆ ਆਪਣੇ ਸੰਗੀ-ਸਾਥੀਆਂ ਨਾਲ਼ੋਂ ਨਿੱਖੜ ਗਿਆ... ਘਣੇ ਜੰਗਲ਼ 'ਚ ਭੁੱਲੇ-ਭਟਕਦੇ
ਫਿਰਦੇ ਨੂੰ ਭੁੱਖ-ਪਿਆਸ ਸਤਾਉਣ ਲੱਗੀ...ਅੱਗਾ- ਪਿੱਛਾ ਭੁੱਲੇ ਫਿਰਦੇ ਨੂੰ ਉੱਥੇ ਇਕ
ਫੱਕਰ ਟੱਕਰ ਗਿਆ ... ਪਿਆਸ ਨਾਲ਼ ਵਿਆਕੁਲ ਹੋਏ ਰਾਜੇ ਨੇ ਫੱਕਰ ਨੂੰ ਕਿਤਿਉਂ ਪਾਣੀ ਦੀ
ਦੱਸ ਪਾਉਣ ਲਈ ਕਿਹਾ... ਤਰਸ ਕਰਕੇ ਫੱਕਰ ਉਸਨੂੰ ਲਾਗੇ ਹੀ ਬਣੀ ਹੋਈ ਆਪਣੀ ਕੁਟੀਆ 'ਚ ਲੈ
ਗਿਆ !
ਰਾਜੇ ਨੂੰ ਇਕ ਲੋਟਾ ਤੇ ਰੁਮਾਲ
ਫੜਾਉਂਦਿਆਂ ਫੱਕਰ ਨੇ ਕੁਟੀਆ ਦੇ ਬਾਹਰ ਇਕ ਫਲਦਾਰ ਬੂਟੇ ਵੱਲ੍ਹ ਇਸ਼ਾਰਾ ਕਰਕੇ ਆਖਿਆ ਕਿ
ਉੱਥੋਂ ਇਕ ਫਲ਼ ਤੋੜ ਕੇ ਰੁਮਾਲ ਨਾਲ਼ ਨਿਚੋੜ ਕੇ ਪੀ ਲੈ ! ਪਿਆਸ ਨਾਲ਼ ਤੜਫਦੇ ਰਾਜੇ
ਨੇ ਕਾਹਲ਼ੀ ਨਾਲ਼ ਇਕ ਫਲ਼ ਤੋੜ ਕੇ ਨਿਚੋੜਿਆ... ਖੁਸ਼ਬੂਦਾਰ ਰਸ ਨਾਲ਼ ਲੋਟਾ ਡਕਾ-ਡੀਕ ਭਰ
ਗਿਆ..ਪੀਂਦਿਆ ਸਾਰ ਰਾਜੇ ਦੀਆਂ ਅੱਖਾਂ ਖੁੱਲ੍ਹ ਗਈਆਂ... ਇਕ ਦਮ ਤ੍ਰਿਪਤ ਅਤੇ ਸ਼ਾਂਤ...!
ਉਸ ਨੇ ਜਿੰਦਗੀ ਵਿਚ ਅਜਿਹਾ ਅਨੂਠੇ ਸਵਾਦ ਵਾਲ਼ਾ ਰਸ ਕਦੇ ਪੀਤਾ ਹੀ ਨਹੀਂ ਸੀ !!
ਪਰ ਇਹ ਤ੍ਰਿਪਤੀ ਅਤੇ ਸ਼ਾਂਤੀ, ਪਲ ਦੋ ਪਲ ਵਿਚ ਹੀ ' ਫੁੱ..ਰ..ਰ'
ਹੋ ਗਈ! ...ਉਸ ਨੇ ਫੱਕਰ ਤੋਂ ਪੁੱਛ ਕੇ ਹੋਰ ਰਸ ਪੀਣ ਲਈ
ਪਹਿਲਾਂ ਨਾਲ਼ੋਂ ਵੀ ਇਕ ਮੋਟਾ ਫਲ਼ ਤੋੜ ਕੇ ਨਿਚੋੜਿਆ... ਪਰ ਉਹ ਇਹ ਦੇਖ ਕੇ
ਹੈਰਾਨ ਰਹਿ ਗਿਆ ਕਿ ਲੋਟੇ ਦਾ ਮਸਾਂ ਥੱਲਾ ਹੀ ਗਿੱਲਾ ਹੋਇਆ !! ਜਦ ਕਿ ਪਹਿਲਾਂ ਉਸੇ ਬੂਟੇ
ਦੇ ਇਕ ਛੋਟੇ ਜਿਹੇ ਫਲ਼ ਨਾਲ਼ ਲੋਟਾ ਪੂਰਾ ਭਰ ਗਿਆ ਸੀ! ਉਸਨੇ ਫੱਕਰ ਨੂੰ ਇਸਦਾ ਕਾਰਨ
ਪੁੱਛਿਆ ?
ਮੁਸਕਰਾਉਂਦੇ ਫੱਕਰ ਨੇ ਭੇਤ ਖੋਲ੍ਹਿਆ
:-
"ਜਦ ਤੂੰ ਪਹਿਲਾਂ ਫਲ਼ ਨਿਚੋੜਿਆ ਸੀ, ਉਦੋਂ ਤੇਰੇ ਦਿਲ ਵਿਚ ਕੇਵਲ ਪਿਆਸ ਸੀ। ਪਰ,ਰਸ ਦਾ
ਲੋਟਾ ਪੀਣ ਤੋਂ ਬਾਅਦ ਤੇਰੀ ਬਦਨੀਤ ਹੋ ਗਈ ਕਿ ਇਤਨੇ ਦੁਰਲੱਭ ਫਲਾਂ ਵਾਲ਼ਾ ਬੂਟਾ ਤਾਂ ਮੇਰੇ
ਸ਼ਾਹੀ ਬਗੀਚੇ ਵਿੱਚ ਹੋਣਾ ਚਾਹੀਦਾ...? ਬਸ ਉਸੇ ਵੇਲੇ ਤੇਰੀ ਪਿਆਸ ਮੁੜ ਚਮਕ ਪਈ ਅਤੇ ਇਕ
ਬਦਨੀਤੇ ਦੇ ਹੱਥਾਂ ਦੀ ਛੋਹ ਸਦਕਾ ਦੂਜੇ ਮੋਟੇ ਫਲ਼ ਦਾ ਰਸ ਵੀ ਸੁੱਕ ਗਿਆ...!!!"