Share on Facebook

Main News Page

ਚੰਡੀਗੜ੍ਹ ਪੁਲਿਸ ਨੇ ਸ. ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਕਿਤਾਬ ‘ਡੇਰਾ ਬਨਾਮ ਸਿੱਖ (ਹੁਕਮਨਾਮੇ ਤੋਂ ਮੁਆਫੀਨਾਮੇ ਤੱਕ)’ ਰਿਲੀਜ਼ ਹੋਣੋ ਰੋਕੀ

ਚੰਡੀਗੜ੍ਹ: ਚੰਡੀਗੜ੍ਹ ਪੁਲਿਸ ਨੇ ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ‘ਡੇਰਾ ਬਨਾਮ ਸਿੱਖ (ਹੁਕਮਨਾਮੇ ਤੋਂ ਮੁਆਫੀਨਾਮੇ ਤੱਕ)’ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ। ਲੇਖਕ ਹਰਦੀਪ ਸਿੰਘ ਡਿਬਡਿਬਾ ਦੀ ਨਵੀਂ ਪੁਸਤਕ ਐਤਵਾਰ ਚੰਡੀਗੜ੍ਹ ਸੈਕਟਰ-22 ਦੇ ਇੱਕ ਹੋਟਲ ਵਿੱਚ ਰਿਲੀਜ਼ ਹੋਣੀ ਸੀ। ਲੇਖਕ ਵੱਲੋਂ ਪੁਸਤਕ ਰਿਲੀਜ਼ ਸਮਾਗਮ ਲਈ ਅਗਾਊਂ ਹੀ ਹੋਟਲ ਬੁੱਕ ਕੀਤਾ ਗਿਆ ਸੀ।

ਰਿਲੀਜ਼ ਸਮਾਗਮ ਤੋਂ ਡੇਢ ਘੰਟਾ ਪਹਿਲਾਂ (ਸਵੇਰੇ 11.30 ਵਜੇ) ਹੋਟਲ ਦੇ ਪ੍ਰਬੰਧਕਾਂ ਨੇ ਲੇਖਕ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਬੁਕਿੰਗ ਰੱਦ ਕਰ ਦਿੱਤੀ ਗਈ ਹੈ, ਕਿਉਂਕਿ ਪੁਸਤਕ ਰਿਲੀਜ਼ ਕਰਨ ’ਤੇ ਰੋਕ ਲਾ ਦਿੱਤੀ ਗਈ ਹੈ। ਇਸੇ ਦੌਰਾਨ ਪੁਸਤਕ ਰਿਲੀਜ਼ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ (ਸੇਵਾਮੁਕਤ) ਅਜੀਤ ਸਿੰਘ ਬੈਂਸ ਸਮੇਤ ਹੋਰ ਵਿਸ਼ੇਸ਼ ਮਹਿਮਾਨ ਪੱਤਰਕਾਰ ਦਲਬੀਰ ਸਿੰਘ ਤੇ ਸੁਖਦੇਵ ਸਿੰਘ ਆਦਿ ਵੀ ਉਥੇ ਪੁੱਜਦੇ ਗਏ ਪਰ ਹੋਟਲ ਪ੍ਰਬੰਧਕਾਂ ਨੇ ਪੁਲਿਸ ਦੇ ਡਰੋਂ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ।

ਡਿਬਡਿਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸੈਕਟਰ-22 ਪੁਲਿਸ ਚੌਕੀ ਦੇ ਇੰਚਾਰਜ ਅਤੇ ਬਾਅਦ ਵਿੱਚ ਸੈਕਟਰ-17 ਥਾਣੇ ਦੇ ਐਸਐਚਓ ਰਣਜੀਤ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਪੁਸਤਕ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਹੈ। ਡਿਬਡਿਬਾ ਅਨੁਸਾਰ ਇਸ ਤੋਂ ਬਾਅਦ ਡੀਐਸਪੀ (ਕੇਂਦਰੀ) ਰਾਮ ਗੋਪਾਲ ਨੇ ਵੀ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਇਥੇ ਪੁਸਤਕ ਰਿਲੀਜ਼ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਉਨ੍ਹਾਂ ਵੱਲੋਂ ਹੋਟਲ ’ਚ ਸ਼ਾਂਤਮਈ ਢੰਗ ਪੁਸਤਕ ਰਿਲੀਜ਼ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਤੇ ਪਹਿਲਾਂ ਵੀ ਉਹ ਇਸੇ ਹੋਟਲ ਵਿਚ ਆਪਣੀ ਪੁਸਤਕ ‘ਸਾਕਾ ਨੀਲਾ ਤਾਰਾ ਤੋਂ ਬਾਅਦ ਤਬਾਹੀ ਦੀ ਤਵਾਰੀਖ’ ਜਾਰੀ ਕਰ ਚੁੱਕੇ ਹਨ। ਉਹ ਪੁਸਤਕ ਵੀ ਜਸਟਿਸ ਬੈਂਸ ਨੇ ਹੀ ਜਾਰੀ ਕੀਤੀ ਸੀ ਅਤੇ ਉਸ ਵੇਲੇ ਵੀ ਉਨ੍ਹਾਂ ਬਿਨਾਂ ਕੋਈ ਮਨਜ਼ੂਰੀ ਲਿਆਂ ਪੁਸਤਕ ਰਿਲੀਜ਼ ਕੀਤੀ ਸੀ। ਡਿਬਡਿਬਾ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਸਿੱਖ ਧਰਮ ਉਪਰ ਜੱਫਾ ਮਾਰਨ ਵਾਲਿਆਂ ਨੂੰ ਬੇਨਕਾਬ ਕੀਤਾ ਹੈ, ਜਿਸ ਤੋਂ ਜਾਪਦਾ ਹੈ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਹੀ ਚੰਡੀਗੜ੍ਹ ਪੁਲਿਸ ਨੇ ਪੁਸਤਕ ਰਿਲੀਜ਼ ਕਰਨ ’ਤੇ ਰੋਕ ਲਾਈ ਹੈ। ਉਨ੍ਹਾਂ ਕਿਹਾ ਕਿ ਉਹ ਬਾਦਲ ਸਰਕਾਰ ਦੇ ਇਸ ਵਰਤਾਰੇ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਰਿੱਟ ਪਾ ਕੇ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣਗੇ। ਉਨ੍ਹਾਂ ਪੁਲਿਸ ਦੇ ਤਰਕ ਨੂੰ ਗਲਤ ਦੱਸਦਿਆਂ ਕਿਹਾ ਕਿ ਪੁਸਤਕ ਰਿਲੀਜ਼ ਸਮਾਗਮ ਕਿਸੇ ਜਨਤਕ ਥਾਂ ’ਤੇ ਨਹੀਂ ਸਗੋਂ ਹੋਟਲ ਦੇ ਅੰਦਰ ਕਰਨਾ ਸੀ ਅਤੇ ਇਸ ਸਮਾਗਮ ਵਿਚ ਪੱਤਰਕਾਰਾਂ ਸਮੇਤ ਕੇਵਲ 20 ਵਿਅਕਤੀਆਂ ਨੇ ਹੀ ਪੁੱਜਣਾ ਸੀ।

ਸੈਕਟਰ-17 ਥਾਣੇ ਦੇ ਐਸਐਚਓ ਰਣਜੀਤ ਸਿੰਘ ਨੇ ਦੱਸਿਆ ਕਿ ਸਾਰੇ ਸ਼ਹਿਰ ਸਮੇਤ ਸੈਕਟਰ-22 ਵਿਚ ਵੀ ਧਾਰਾ 144 ਲਾਗੂ ਹੈ ਅਤੇ ਲੇਖਕ ਨੇ ਕਿਤਾਬ ਰਿਲੀਜ਼ ਕਰਨ ਬਾਰੇ ਪਹਿਲਾਂ ਕੋਈ ਮਨਜ਼ੂਰੀ ਨਹੀਂ ਲਈ। ਇਸ ਕਾਰਨ ਅਮਨ-ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਕਿਤਾਬ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸਮਾਗਮ ਤਾਂ ਹੋਟਲ ਦੇ ਅੰਦਰ ਸੀ ਤਾਂ ਉਨ੍ਹਾਂ ਕਿਹਾ ਕਿ ਹੋਟਲ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ਕਾਰਨ ਰੋਕ ਲਾਈ ਗਈ ਹੈ। ਡੀਐਸਪੀ ਰਾਮ ਗੋਪਾਲ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਕਾਬੂ ਹੇਠ ਰੱਖਣ ਲਈ ਰੋਕ ਲਾਈ ਹੈ, ਕਿਉਂਕਿ ਕਿਤਾਬ ਰਿਲੀਜ਼ ਹੋਣ ਕਾਰਨ ਸ਼ਾਂਤੀ ਭੰਗ ਹੋਣ ਦਾ ਖ਼ਤਰਾ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top