Share on Facebook

Main News Page

ਸੋਸ਼ਲ ਮੀਡੀਏ 'ਤੇ ਕਿਸੇ ਦੀ ਧੀ, ਪਤਨੀ ਜਾਂ ਮਾਂ ਦੀ ਇੱਜ਼ਤਾਂ ਉਛਾਲਣ ਅਤੇ ਹਰ ਜਗ੍ਹਾ ਖਰੂਦ ਕਰਕੇ ਬਹਾਦਰ ਹੋਣ ਦਾ ਭਰਮ ਪਾਲਣ ਵਾਲੇ ਸੱਜਣਾਂ ਲਈ
-: ਭਾਈ ਹਰਜਿੰਦਰ ਸਿੰਘ ਸਭਰਾਅ
04 Sep 2016

ਸੋਸ਼ਲ ਮੀਡੀਏ 'ਤੇ ਕਿਸੇ ਦੀ ਧੀ, ਪਤਨੀ ਜਾਂ ਮਾਂ ਦੀ ਇੱਜ਼ਤਾਂ ਉਛਾਲਣ ਅਤੇ ਹਰ ਜਗ੍ਹਾ ਖਰੂਦ ਕਰਕੇ ਬਹਾਦਰ ਹੋਣ ਦਾ ਭਰਮ ਪਾਲਣ ਵਾਲੇ ਸੱਜਣ ਅਜਿਹੀ ਕਰਤੂਤ ਕਰਕੇ ਸਮਝਦੇ ਨੇ ਅਸੀਂ ਇਵੇਂ ਧਰਮ ਦੀ ਸੇਵਾ ਕਰ ਰਹੇ ਹਾਂ, ਦਰਅਸਲ ਇਹ ਲੋਕ ਧਰਮ ਤੋਂ ਲੋਕਾਂ ਨੂੰ ਦੂਰ ਕਰਦੇ ਹਨ।

- ਜਿਹੜਾ ਬੰਦਾ ਆਪਣੇ ਆਪ ਨੂੰ ਸਿੱਖ ਜਾਂ ਖਾਲਸਾ ਕਹਾਉਂਦਾ ਹੋਵੇ, ਪਰ ਕਿਸੇ ਦੇ ਪਰਵਾਰ ਜਾਂ ਕਿਸੇ ਦੀ ਧੀ, ਪਤਨੀ ਜਾਂ ਮਾਂ ਬਾਰੇ ਗਲਤ ਕਿਸਮ ਦੀਆਂ ਟਿੱਪਣੀਆਂ ਕਰੇ, ਅਜਿਹੇ ਬੰਦੇ ਦੇ ਸਿੱਖ ਜਾਂ ਖਾਲਸੇ ਅਖਵਾਉਣ ਦਾ ਕੀ ਲਾਭ ?

- ਕੀ ਅਜਿਹਾ ਇਨਸਾਨ ਗੁਰੂ ਦਾ ਦੇਣਦਾਰ ਨਹੀਂ ?

- ਅਜਿਹੇ ਬੰਦੇ ਗਲੀ ਦੇ ਗੁੰਡਿਆਂ ਨਾਲੋਂ ਕਿਸ ਪਾਸਿਓਂ ਘੱਟ ਨੇ ? ਕੀ ਅਜਿਹੀਆਂ ਕਾਲੀਆਂ ਕਰਤੂਤਾਂ ਵਾਲੇ ਇਸ ਤਰ੍ਹਾਂ ਦੇ ਚਾਲਿਆਂ ਨਾਲ ਦੂਜਿਆਂ ਨੂੰ ਸਹਿਮਤ ਕਰ ਲੈਣਗੇ ?

ਅਜਿਹੇ ਲੋਕ ਇਹ ਨਹੀਂ ਜਾਣਦੇ ਕਿ ਜਦੋਂ ਤੁਸੀਂ ਕਿਸੇ ਦੀ ਇਜ਼ਤ ਨੂੰ ਇਵੇਂ ਮਜ਼ਾਕ ਬਣਾ ਦਿਓੁਂਗੇ, ਤਾਂ ਤੁਹਾਡੇ ਡਰ, ਖੌਫ ਨੂੰ ਅਗਲਾ ਟਿੱਚ ਜਾਣਨ ਲਗ ਪਵੇਗਾ, ਕਿਉਂਕਿ ਮਾਣ ਸਨਮਾਨ ਦੀ ਕੀਮਤ ਜਾਨ ਤੋਂ ਵੀ ਵੱਡੀ ਹੁੰਦੀ ਹੈ। ਅਜਿਹੇ ਸੱਜਣ ਮਤ ਭੁੱਲਣ, ਜੇ ਤੁਸੀਂ ਸਿੱਖ ਘਰਾਂ ਜਾਂ ਪੰਜਾਬ 'ਚ ਜੰਮੇ ਹੋ, ਤਾਂ ਦੂਜੇ ਵੀ ਸਿੱਖ ਤੇ ਪੰਜਾਬ ਦੇ ਹੀ ਬਾਸ਼ਿੰਦੇ ਹਨ। ਵੀਚਾਰਾਂ ਦੇ ਵਖਰੇਵਿਆਂ ਨੂੰ ਅਜੋਕੇ ਸਮੇਂ ਵਿੱਚ ਜਿਵੇਂ ਜਾਨਲੇਵਾ ਹਮਲੇ ਕਰਕੇ, ਜਾਂ ਕਿਸੇ ਦੀ ਇੱਜ਼ਤ ਉਛਾਲ ਕੇ ਜਿੱਤ ਹਾਰ ਦੇ ਨਿਰਣੇ 'ਤੇ ਪੁੱਜਣ ਦਾ ਸਾਧਨ ਬਣਾਇਆ ਜਾ ਰਿਹਾ ਹੈ।

ਇਹ ਕੌਮੀ ਭਵਿੱਖ ਲਈ ਅਤੇ ਸਾਰਿਆਂ ਲਈ ਇਕੋ ਜਿਹਾ ਖਤਰਨਾਕ ਹੋਵੇਗਾ। ਆਖਰ ਸਿਰਜੇ ਮਾਹੌਲ ਦੇ ਪ੍ਰਭਾਵ 'ਚੋਂ ਕੋਈ ਨਹੀਂ ਬਚ ਸਕਦਾ। ਧਰਮ ਦੇ ਨਾਂ 'ਤੇ ਉੱਪਦਰ ਜਾਂ ਗੁੰਡਾਗਰਦੀ ਕਰਨ ਵਾਲੇ ਲੋਕ, ਪੰਥਕ ਸੇਵਾਦਾਰ ਨਹੀਂ ਹੋ ਸਕਦੇ, ਹੋਰ ਜੋ ਮਰਜ਼ੀ ਹੋਣ।

ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੀ ਇੱਜ਼ਤ ਉਛਾਲਣ ਵਾਲੇ ਸੱਜਣ ਥੋੜਾ ਬਹੁਤ ਸਮਾਂ ਗੁਰਬਾਣੀ ਪੜ੍ਹਨ ਵੀਚਾਰਨ 'ਤੇ ਵੀ ਖਰਚ ਕਰਨ, ਤਾਂ ਕਿ ਤੁਹਾਡਾ ਭਰਮ ਟੁੱਟ ਸਕੇ, ਕਿ ਜਿਸਨੂੰ ਤੁਸੀਂ ਧਰਮ ਦੀ ਸੇਵਾ ਸਮਝ ਰਹੇ ਹੋ, ਉਹ ਘੋਰ ਅਗਿਆਨਤਾ ਅਤੇ ਬੇਹਯਾਈ ਦੇ ਦੁਸ਼ਕਰਮ ਹਨ ਅਤੇ ਮਨਮੁਖਤਾਈ ਦੇ ਰਾਹ ਤੋਂ ਵੱਧ ਕੁਝ ਨਹੀਂ।

ਗੁਰਦੁਆਰਿਆਂ ਜਾਂ ਗੁਰਮਤਿ ਸਮਾਗਮਾਂ 'ਚ ਨਾਹਰੇ ਲਾ ਕੇ, ਧਰਨੇ ਦੇ ਕੇ, ਹਮਲੇ ਕਰਕੇ, ਗਾਲ੍ਹਾਂ ਕੱਢ ਕੇ, ਜਾਂ ਬੰਦੇ ਮਾਰ ਕੇ... ਤੁਸੀਂ ਕਿਹੜੀ ਜਿੱਤ ਹਾਸਲ ਕਰੋਗੇ? ਸ਼ਾਇਦ ਅਜਿਹੇ ਸੱਜਣ ਇਹ ਨਹੀਂ ਜਾਣਦੇ ਉਹ ਕਿਹੜੇ ਹਾਲਾਤ ਜਾਂ ਮਾਹੌਲ ਦੀ ਸਿਰਜਣਾ ਕਰ ਰਹੇ ਹਨ। ਰੱਬ ਨਾ ਕਰੇ ਜੇ ਸਾਰੇ ਈ ਇਸ ਗੁੰਡਾਗਰਦੀ ਦਾ ਸਹਾਰਾ ਲੈਣ ਲੱਗ ਪਏ, ਤਾਂ ਆਮ ਲੋਕ ਸਿੱਖ ਸੂਰਤ ਤੋਂ ਹੀ ਨਾ ਭੈਅ ਖਾਣ ਲੱਗ ਜਾਣ। ਜਿਹੜਾ ਵੀ ਸੱਜਣ... ਭਾਵੇਂ ਉਹ ਕਿਹੋ ਜਿਹੇ ਵੀ ਵੀਚਾਰ ਰਖਦਾ ਹੋਵੇ, ਜੋ ਵੀ ਅਜਿਹੇ ਰਾਹੇ ਪੈਂਦਾ ਹੈ, ਉਹ ਗਲਤ ਹੀ ਗਲਤ ਹੈ।

ਪਿਆਰਿਓ !!! ਧਰਮ ਦੀ ਹੋਂਦ ਉਸਦੇ ਸਿਧਾਂਤਾਂ ਵਿੱਚ ਅਤੇ ਸਿਦਕ ਨਾਲ ਅਮਲ ਕਰਨ ਵਿੱਚ ਟਿਕੀ ਹੁੰਦੀ ਹੈ, ਨਾ ਕਿ ਗੁੰਡਾਗਰਦੀ ਜਾਂ ਇੱਜ਼ਤਾਂ ਉਛਾਲਣ ਵਿੱਚ

ਫੈਸਲਾ ਤੁਹਾਡਾ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top