Share on Facebook

Main News Page

ਗੁਰਬਾਣੀ ਇਸੁ ਜਗ ਮਹਿ ਚਾਨਣੁ
-: ਅਵਤਾਰ ਸਿੰਘ ਮਿਸ਼ਨਰੀ
 510 432 5827

ਗੁਰਬਾਣੀ ਦਾ ਮੂਲ ਉਪਦੇਸ਼- ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ 

 

- ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ਼-ਅਕਾਲ ਪੁਰਖ ਇੱਕ ਅਤੇ ਸਰਬਨਿਵਾਸੀ ਹੈ ਦਿਸਦਾ ਅਤੇ ਅਣਦਿਸਦਾ ਸਭ ਉਸ ਦਾ ਹੀ ਅਕਾਰ ਹੈ- ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਹੀ॥ (ਗੁਰੂ ਗ੍ਰੰਥ) ਗਿਣਤੀ ਵਾਚਕ ਏਕੈ ਦਾ ਮਤਲਬ ਇਹੋ ਹੀ ਹੈ ਕਿ ਉਹ ਕੇਵਲ ਤੇ ਕੇਵਲ ਇੱਕ ਹੈ। 

 

ਸਤਿ ਨਾਮੁ-ਭਾਵ ਸਦਾ ਰਹਿਣ ਵਾਲਾ ਹੈ ਦੁਨੀਆਂ ਦੀ ਕੋਈ ਚੀਜ ਸਦਾ ਰਹਿਣ ਵਾਲੀ ਨਹੀਂ- ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ (ਗੁਰੂ ਗ੍ਰੰਥ) ਦੁਨੀਆਂ ਦੀ ਹਰੇਕ ਚੀਜ ਨਾਸ਼ ਹੋ ਸਕਦੀ ਹੈ ਪਰ-ਉਹ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥ 

 

ਕਰਤਾ ਪੁਰਖੁ-ਉਹ ਸਾਰੀ ਕਾਇਨਾਤ ਦਾ ਕਰਤਾ ਧਰਤਾ ਹਰਤਾ ਹੈ ਸੰਸਾਰ ਨੂੰ ਪੈਦਾ ਕਰਨ, ਰੋਜੀ ਦੇਣ ਅਤੇ ਖਤਮ ਕਰਨ ਦੀ ਸਮਰੱਥਾ ਕੇਵਲ ਉਸ ਕੋਲ ਹੀ ਹੈ-ਹਰਣ ਭਰਣ ਜਾਂ ਕਾ ਨੇਤ੍ਰ ਫੋਰਿ॥ ਤਿਸ ਮੰਤ੍ਰ ਨ ਜਾਨੈ ਹੋਰਿ॥ (ਗੁਰੂ ਗ੍ਰੰਥ) ਉਹ ਐਸਾ ਕਰਤਾ ਹੈ ਜੋ ਪੁਰਖੁ ਹੈ ਭਾਵ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਹੈ। ਦੁਨੀਆਂ ਦਾ ਕੋਈ ਕਰਤਾ ਆਪਣੀ ਕਿਰਤ ਵਿੱਚ ਸਮਾਇਆ ਹੋਇਆ ਨਹੀਂ। ਇਸ ਕਰਕੇ ਕੋਈ ਕਲਪਿਤ ਬ੍ਰਹਮਾਂ ਜੋ ਆਪਣੀ ਹੀ ਲੜਕੀ ਤੇ ਮੋਹਿਤ ਹੋ ਜਾਂਦਾਂ ਹੈ, ਸ੍ਰਿਸ਼ਟੀ ਦਾ ਕਰਤਾ ਨਹੀਂ। 

 

ਨਿਰਭਉ- ਦੁਨੀਆਂ ਦੀ ਹਰੇਕ ਚੀਜ ਭੈ ਵਿੱਚ ਹੈ- ਭੈ ਵਿਚਿ ਸੂਰਜ ਭੈ ਵਿਚਿ ਚੰਦ॥...ਸਗਲਿਆ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰ ਸਚੁ ਏਕੁ॥ (ਗੁਰੂ ਗ੍ਰੰਥ) ਅਸੀਂ ਤਾਂ ਐਵੇਂ ਛੋਟੀ ਛੋਟੀ ਗੱਲ ਤੇ ਡਰੀ ਜਾਂਦੇ ਹਾਂ ਜਿਵੇਂ ਬਿੱਲੀ ਰਸਤਾ ਕੱਟ ਗਈ ਤਾਂ ਡਰ ਗਏ, ਖੋਤਾ ਹੀਂਗ ਪਿਆ ਤਾਂ ਡਰ ਗਏ, ਕਿਸੇ ਛਿੱਕ ਮਾਰਤੀ ਤਾਂ ਡਰ ਗਏ ਅਤੇ ਹਨੇਰੇ ਵਿੱਚ ਰੱਸੀ ਤੋਂ ਸੱਪ ਦਾ ਭੁਲੇਖਾ ਪੈ ਗਿਆ ਤਾਂ ਡਰ ਗਏ। ਵੱਡੇ ਤੋਂ ਛੋਟਾ ਡਰੀ ਜਾ ਰਿਹਾ ਹੈ। ਮੌਤ ਦਾ ਭੈ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਜੀਵਾਂ ਨੂੰ ਲੱਗਾ ਹੋਇਆ ਹੈ, ਇਹ ਇਕ ਅਟੱਲ ਸਚਾਈ ਹੈ। 

 

ਨਿਰਵੈਰੁ-ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਪਰ ਕੀਤੇ ਕਰਮਾਂ ਦਾ ਫਲ ਜਰੂਰ ਭੁਗਤਾਉਂਦਾ ਹੈ- ਪ੍ਰਭੁ ਘਾਲਿਆ ਕਿਸੀ ਕਾ ਇਕੁ ਤਿਲੁ ਨਾ ਗਵਾਈ॥ (ਗੁਰੂ ਗ੍ਰੰਥ) ਜਿਵੇਂ ਇੱਕ ਬਾਪ ਆਪਣੇ ਬੱਚਿਆਂ ਨੂੰ ਪਾਲਦਾ ਪੋਸਦਾ ਅਤੇ ਬਹੁਤ ਪਿਆਰ ਕਰਦਾ ਹੈ ਪਰ ਜਦੋਂ ਕੋਈ ਬੱਚਾ ਗਲਤ ਕੰਮ ਕਰਦਾ ਹੈ ਤਾਂ ਉਸ ਦੇ ਸੁਧਾਰ ਵਾਸਤੇ ਬਾਪ ਝਿੜਕਦਾ ਵੀ ਹੈ ਅਤੇ ਵੱਡੇ ਗੁਨਾਹ ਦੀ ਸਜਾ ਵੀ ਦਿੰਦਾ ਹੈ, ਵੈਰ ਭਾਵ ਨਾਲ ਨਹੀਂ ਸਗੋਂ ਅੱਗੇ ਤੋਂ ਸੁਧਾਰ ਵਾਸਤੇ। 

 

ਅਕਾਲ ਮੂਰਤਿ- ਕਾਲ ਦਾ ਅਰਥ ਸਮਾਂ ਅਤੇ ਮੂਰਤਿ ਦਾ ਅਰਥ ਹੈ ਸਰੂਪ ਭਾਵ ਉਹ ਅਕਾਲ ਪੁਰਖ ਐਸੇ ਸਰੂਪ ਵਾਲਾ ਹੈ ਜੋ ਸਮੇਂ ਤੇ ਕਾਲ ਤੋਂ ਰਹਿਤ ਹੈ। ਉਸ ਦੀ ਮੂਰਤਿ ਬਣਾਈ ਹੀ ਨਹੀਂ ਜਾ ਸਕਦੀ- ਥਾਪਿਆ ਨ ਜਾਇ ਕੀਤਾ ਨ ਹੋਇ॥ਆਪੇ ਆਪਿ ਨਿਰੰਜਨੁ ਸੋਇ॥ (ਗੁਰੂ ਗ੍ਰੰਥ)ਅਨਮਤੀ ਗ੍ਰੰਥ ਅਤੇ ਬਾਹਰੀ ਪੁਸਤਕਾਂ ਅਤੇ ਚੁੰਚ ਗਿਆਨੀ ਅਤੇ ਮੂਰਤੀ ਪੂਜਕ ਲੋਕ ਉਸ ਦੀਆਂ ਮਨੋ ਕਲਪਿਤ ਮੂਰਤੀਆਂ ਬਣਾ ਕੇ ਜਨਤਾ ਨੂੰ ਭੁਲੇਖੇ ਵਿੱਚ ਪਾਈ ਰੱਖਦੇ ਹਨ।

 

ਅਜੂਨੀ-ਉਹ ਜੂਨਾਂ ਵਿੱਚ ਨਹੀਂ ਆਉਂਦਾ ਸਗੋਂ ਉਹ ਜਨਮ ਮਰਨ ਰਹਿਤ ਹੈ ਜੂਨਾਂ ਵਿੱਚ ਤਾਂ ਅਸੀਂ ਸੰਸਾਰੀ ਜੀਵ ਹਾਂ। ਭਰਮਾਂ ਤੇ ਭੁਲੇਖਿਆਂ ਵਿੱਚ ਪਏ ਹੋਏ ਲੋਕ ਅਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ-ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਿਤ ਨਾਰਾਇਣ॥ (ਗੁਰੂ ਗ੍ਰੰਥ) ਅਤੇ ਹੋਰ ਵੀ ਫੁਰਮਾਨ ਹੈ- ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੇ ਮਾਈ ਨਾ ਬਾਪੋ ਰੇ॥ (ਗੁਰੂ ਗ੍ਰੰਥ) 

 

ਸੈਭੰ- ਸੈ ਦਾ ਅਰਥ ਹੈ ਸਵੈ ਭਾਵ ਆਪਣੇ ਆਪ ਅਤੇ ਭੰ ਦਾ ਅਰਥ ਹੈ ਪੈਦਾ ਹੋਣਾ ਸੋ ਅਕਾਲ ਪੁਰਖ ਸਵੈ ਪ੍ਰਕਾਸ਼  ਭਾਵ ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਸ ਦਾ ਕੋਈ ਮਾਂ ਬਾਪ ਨਹੀਂ, ਮੰਨੇ ਗਏ ਅਵਤਾਰ, ਪੀਰ ਪੈਗੰਬਰ ਅਤੇ ਦੇਵੀ ਦੇਵਤੇ ਮਾਤਾ ਪਿਤਾ ਰਾਹੀਂ ਪੈਦਾ ਹੋਏ ਅਤੇ ਸਰੀਰ ਕਰਕੇ ਮਰੇ ਵੀ ਪਰ ਕਰਤਾਰ ਨੇ ਆਪਣੇ ਆਪ ਨੂੰ ਆਪ ਹੀ ਸਾਜਿਆ ਭਾਵ ਪੈਦਾ ਕੀਤਾ ਹੈ- ਅਪੀਨੈ ਆਪਿ ਸਾਜਿਓ ਅਪੀਂਨੈ ਰਚਿਓ ਨਾਉ॥ (ਗੁਰੂ ਗ੍ਰੰਥ)

 

ਗੁਰਪ੍ਰਸਾਦਿ- ਅਜਿਹੇ ਗੁਣਾਂ ਵਾਲਾ ਪ੍ਰਮਾਤਮਾਂ ਗੁਰੂ ਦੀ ਰਹਿਮਤ ਨਾਲ ਹੀ ਪਾਇਆ ਜਾ ਸਕਦਾ ਹੈ ਕਿਉਂਕਿ ਗੁਰੂ ਹੀ ਗਿਆਨ ਦਾਤਾ ਹੈ ਅਤੇ ਗੁਰੂ ਬਿਨਾਂ ਸੰਸਾਰ ਵਿੱਚ ਘੋਰ ਅੰਧੇਰਾ ਹੀ ਹੈ- ਗੁਰਿ ਬਿਨੁ ਘੋਰੁ ਅੰਧਾਰੁ ਗੁਰੂ ਬਿਨਾ ਸਮਝ ਨਾ ਆਵੈ॥ (ਗੁਰੂ ਗ੍ਰੰਥ ਸਾਹਿਬ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top