ਬੋਲ
ਹੀ ਜੀਵਨ ਦੀ ਸੰਪੂਰਣ ਕਹਾਣੀ ਹੈ, ਬੋਲਾਂ ਤੋਂ ਜੀਵਨ ਸ਼ੁਰੂ ਹੁੰਦਾ ਹੈ ਅਤੇ ਜੀਵਨ ਮੁਕਣ
ਨਾਲ ਬੋਲ ਭੀ ਮੁਕ ਜਾਂਦੇ ਹਨ। ਬੱਚੇ ਨੂੰ ਪ੍ਰਭੂ ਵਲੋਂ ਜੀਵਨ ਨਾਲ ਸਭ ਤੋਂ ਪਹਿਲੇ
ਬੋਲਾਂ ਦੀ ਸ਼ਕਤੀ ਹੀ ਮਿਲਦੀ ਹੈ, ਜਿਸਨੂੰ ਅਸੀਂ ਬੱਚੇ ਦਾ ਰੋਣ ਆਖਦੇ ਹਾਂ, ਉਸ ਵਿੱਚ ਕਿਸੇ
ਦੇਸ਼ ਕਬੀਲੇ ਦੀ Man made ਮਨੁੱਖ ਦੀ ਬਣਾਈ ਹੋਈ ਬੋਲੀ ਨਹੀਂ ਹੋਂਦੀ, ਉਹ ਸੰਸਾਰ ਵਿੱਚ
ਆਇਆ ਹੈ, ਇਸ ਲਈ ਸਾਂਝੇ ਅਤੇ ਸੱਚੇ ਰੱਬ ਵਲੋਂ ਸੰਸਾਰ ਦੀ ਸਾਂਝੀ ਅਤੇ ਸੱਚੀ ਬੋਲੀ ਰੰਗ
ਹਸੇ ਰੰਗ ਰੋਵੇ ਚੁਪ ਭੀ ਕਰ ਜਾਹਿ ਉਸਨੂੰ ਮਿਲ ਜਾਂਦੀ ਹੈ।
ਬੱਚੇ ਦੇ ਰੋਣ ਵਿੱਚ ਬਨਾਵਟ, ਪਾਖੰਡ ਨਹੀਂ,
ਜਦੋਂ ਬੱਚਾ ਸੰਤੁਸ਼ਟ ਹੋਂਦਾ ਹੈ, ਤਾਂ ਚੁੱਪ ਹੋਂਦਾ ਹੈ, ਇਸ ਲਈ ਉਸਦਾ ਚੁੱਪ ਹੋਣਾ ਭੀ
ਸੱਚ ਹੈ। ਰੋਣਾ ਹੱਸਣਾ ਹਿੰਦੁਸਤਾਨੀ, ਪਾਕਿਸਤਾਨੀ, ਅਰਬੀ, ਅਫਰੀਕੀ, ਜਰਮਨੀ,
ਇੰਗਲਿਸਤਾਨੀ ਕਿਸੇ ਦੇਸ਼ ਦਾ ਵੱਖਰਾ ਨਹੀਂ ਸਭ ਦਾ ਸਾਂਝਾ ਹੈ। ਸੁੱਖ ਤੇ ਦੁੱਖ ਜੀਵਨ ਦਾ
ਅਤੁੱਟ ਹਿੱਸਾ ਹਨ “ਸੁਖ ਦੁਖ ਦੋਇ ਦਰ ਕੱਪੜੇ ਪਹਿਰੇ ਜਾਏ
ਮਨੁਖ” ਬੱਸ ਸੁਖ ਦੁਖ ਦਾ ਅਹਿਸਾਸ ਅਤੇ ਪ੍ਰਗਟਾਵਾ ਰੋਣਾ ਅਤੇ ਹੱਸਣਾ ਅਸਲ ਸੱਚੀ
ਬੋਲੀ ਹੈ। ਉਸਤੋਂ ਬਾਅਦ ਜਿਉਂ ਜਿਉਂ ਬੱਚਾ ਵੱਡਾ ਹੋਂਦਾ ਗਿਆ ਅਤੇ
“ਜਗ ਝੂਠੇ ਕਉ ਸਾਚ ਜਾਣ ਕੇ ਤਾ ਸਿਉਂ ਰੁਚ ਉਪਜਾਈ”
ਰੱਬ ਨਾਲ ਸਾਂਝ ਘੱਟਦੀ ਗਈ, ਸੰਸਾਰ ਨਾਲ ਸਾਂਝ ਵਧਦੀ ਗਈ, ਤਿਉਂ ਤਿਉਂ ਹਰ ਦੇਸ਼ ਹਰ ਕਬੀਲੇ
ਦੀ ਵੱਖ ਵੱਖ ਵੰਡ ਅਨੁਸਾਰ ਮਨੁੱਖ ਨੇ ਆਪਣੀ ਬੋਲੀ ਸਿੱਖਣੀ ਸਿਖਾਉਣੀ ਸ਼ੁਰੂ ਕੀਤੀ। ਜਿਸ
ਵਿੱਚ ਬਹੁਤਾ ਇਸ ਜਗ ਝੂਠੇ ਦਾ ਝੂਠ ਸੀ। ਇਸ ਲਈ ਮਨੁੱਖ ਦੇ ਰੋਣ ਹੱਸਣ ਵਿੱਚ ਭੀ ਝੂਠ
ਪਖੰਡ ਬਨਾਵਟ ਪ੍ਰਵੇਸ਼ ਕਰ ਗਈ। ਜਿਸ ਨਾਲ ਮਨੁੱਖ ਅੱਜ ਬਨਾਵਟੀ ਰੋ ਭੀ ਲੈਂਦਾ ਹੈ, ਬਨਾਵਟੀ
ਹੱਸ ਭੀ ਲੈਂਦਾ ਹੈ। ਕਈ ਵਾਰੀ ਅੰਦਰੋਂ ਦੁਖੀ ਹੋਂਦਾ ਹੋਇਆ ਭੀ ਕਿਸੇ ਦੀ ਖੁਸ਼ਾਮਦ ਜਾਂ
ਕਿਸੇ ਕੋਲੋਂ ਡਰਦਾ ਦੇਖ ਕੇ ਅਣਡਿਠ ਕਰਦਿਆਂ ਚੁੱਪ ਰਹਿਂਦਾ ਹੈ, ਇਸ ਹਾਲਤ ਵਿੱਚ ਉਸਦਾ
ਚੁੱਪ ਕਰਨਾ ਭੀ ਸੱਚ ਨਹੀਂ ਹੋਂਦਾ।
ਇਹੋ ਕਾਰਣ ਹੈ ਹਮੇਸ਼ਾਂ ਗੁਰੂ ਦਾ ਅਤੇ ਰੱਬ ਪ੍ਰਸਤ ਪ੍ਰਭੂ ਨਾਲ ਜੁੜਨ ਜੋੜਨ ਵਾਲੇ
ਲੋਕਾਂ ਦਾ ਸਾਰਾ ਜ਼ੋਰ ਇਸ ਗੱਲ ਸਮਝਾਉਣ 'ਤੇ ਹੀ ਲੱਗਾ ਰਿਹਾ ਕੇ
“ਬੋਲੀਏ ਸਚ ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ
ਜੋਲੀਏ“, ਅਤੇ “ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ
ਰਾਮ ॥ ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ”॥ ਬੋਲ ਹੀ ਜੀਵਨ ਹਨ, ਬੋਲ
ਮੁਕਦੇ ਨੇ ਜੀਵਨ ਮੁੱਕ ਜਾਂਦਾ ਹੈ, ਪਰ ਉੱਤੇ ਲਿਖੇ ਅਨੁਸਾਰ ਬੋਲਾਂ ਦੀ ਚੋਣ ਕਰਣੀ ਪੈਂਦੀ
ਹੈ। ਸੱਚ ਦੇ ਬੋਲ, ਝੂਠ ਦੇ ਬੋਲ ਅਤੇ ਚੁੱਪ ਕੀ ਹੈ, ਅਗਲੇ ਲੇਖ ਵਿੱਚ ਸਮਝਾਂਗੇ।