Share on Facebook

Main News Page

ਜੋਗਿੰਦਰ ਸਿੰਘ ਵੇਦਾਂਤੀ ਕੋਲ਼ ਕੋਈ ਜਵਾਬ ਨਹੀਂ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

6 ਜੂਨ 2008 ਨੂੰ ਵੇਦਾਂਤੀ ਜੀ ਨੇ ਜਥੇਦਾਰ ਵਜੋਂ ਇੱਕ ਗੁਰਮਤਾ ਲਿਖਿਆ ਸੀ ਜਿਸ ਵਾਰੇ ਪ੍ਰੋ ਦਰਸ਼ਨ ਸਿੰਘ ਜੀ, ਵੇਦਾਂਤੀ ਜੀ ਨੂੰ, ‘ਖ਼ਾਲਸਾ ਨਿਊਜ਼’ ਰਾਹੀਂ ਸਵਾਲ ਕਰ ਰਹੇ ਹਨ। ਵੇਦਾਂਤੀ ਜੀ ਨੇ ਗੁਰਮਤੇ ਵਿੱਚ ਲਿਖਿਆ ਹੈ “ ----ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ”।

ਪ੍ਰੋ. ਸਾਹਿਬ ਜੀ, ਵੇਦਾਂਤੀ ਨੇ ਤੁਹਾਡੇ ਵਲੋਂ ਉਠਾਏ ਬੜੇ ਕੀਮਤੀ ਸਵਾਲਾਂ ਦਾ ਕੀ ਜਵਾਬ ਦੇਣਾ ਹੈ, ਉਸ ਨੇ ਤਾਂ ਆਪ ਵੀ ਅਖੌਤੀ ਦਸ਼ਮ ਗ੍ਰੰਥ ਨੂੰ ਮੱਥਾ ਟੇਕਿਆ ਸੀ ਜਿਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੀ ਸਥਾਪਤ ਕੀਤਾ ਹੋਇਆ ਸੀ । ਇਹ ਘਟਨਾਂ ਪਿੰਡ ਦਿਆਲਪੁਰਾ ਭਾਈ ਕਾ ਵਿੱਚ ਵਾਪਰੀ ਸੀ, ਜਿੱਥੇ ਅਖੌਤੀ ਦਸ਼ਮ ਗ੍ਰੰਥ ਦਾ ਅਖੰਡਪਾਠ ਕੀਤਾ ਗਿਆ ਸੀ ਅਤੇ ਜਿਸ ਵਿੱਚ ਵੇਦਾਂਤੀ ਨੇ ਵੀ ਸ਼ਮੂਲੀਅਤ ਕੀਤੀ ਸੀ।

ਇਹ ਘਟਨਾਂ ਨਵੰਬਰ, 2006 ਵਿੱਚ ਵਾਪਰੀ ਸੀ। ਸ਼੍ਰੋ. ਕਮੇਟੀ ਨੇ ਸੰਨ 1945 ਵਿੱਚ ਰਹਤ ਮਰਯਾਦਾ ਨੂੰ ਪ੍ਰਵਾਨਗੀ ਦਿੰਦਿਆਂ ਇਸ ਵਿੱਚ ਲਿਖ ਦਿੱਤਾ ਸੀ ਕਿ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ”- ਦੇਖੋ ਗੁਰਦੁਆਰੇ ਮੱਦ (ਹ) ਪੰਨਾਂ 13 ਸਿੱਖ ਰਹਤ ਮਰਯਾਦਾ। ਇਸ ਗੱਲ ਦਾ ਵੇਦਾਂਤੀ ਜੀ ਨੂੰ ਪਤਾ ਹੋਣ ਤੇ ਵੀ ਉਸ ਨੇ ਅਖੌਤੀ ਦਸ਼ਮ ਗ੍ਰੰਥ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਰਾਬਰ ਕੀਤੇ ਅਸਥਾਪਨ ਦਾ ਕੋਈ ਵਿਰੋਧ ਨਹੀਂ ਕੀਤਾ ਸੀ। ਅੱਖੀਂ ਦੇਖ ਕੇ ਮੱਖੀ ਨਿਗਲਣ ਵਾਲ਼ੇ ਜਥੇਦਾਰ ਕੌਮ ਨੂੰ ਕੀ ਸੇਧ ਦੇ ਸਕਦੇ ਹਨ? ਪ੍ਰੋ. ਦਰਸ਼ਨ ਸਿੰਘ ਜੀ ਤੁਸੀਂ ਵੇਦਾਂਤੀ ਜੀ ਨੂੰ ਸਵਾਲ ਜ਼ਰੂਰ ਪੁੱਛੋ, ਪਰ ਕਿਸੇ ਜਵਾਬ ਦੀ ਉਡੀਕ ਨਾ ਕਰਿਓ ਕਿਉਂਕਿ ਉਹ ਤਾਂ ਬ੍ਰਾਹਮਣਵਾਦੀ ਰਚਨਾਵਾਂ ਨੂੰ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਕਹਿ ਕੇ ਸ਼ਾਇਦ ਆਪ ਹੀ ਕੁੜਿੱਕੀ ਵਿੱਚ ਫਸ ਗਏ ਹਨ।

ਇਹ ਵੇਦਾਂਤੀ ਜੀ ਉਹੀ ਹਨ, ਜਿਨ੍ਹਾਂ ਨੇ ਸੰਨ 1998 ਵਿੱਚ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਇੱਕ ਸਿੱਖੀ ਵਿਚਾਰਧਾਰਾ ਦੀ ਵਿਰੋਧੀ ਪੁਸਤਕ ਦੀ ਸੰਪਾਦਨਾ ਕਰ ਕੇ ਬ੍ਰਾਹਮਣਵਾਦ ਦਾ ਪ੍ਰਚਾਰ ਕੀਤਾ ਅਤੇ ਛੇਵੇਂ ਗੁਰੂ ਜੀ ਦੀ ਨਿਰਾਦਰੀ ਕੀਤੀ। ਇਸ ਬ੍ਰਾਹਮਣਵਾਦੀ ਪੁਸਤਕ ਨੂੰ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਅਤੇ ਦਰਬਾਰਾ ਸਿੰਘ ਨੇ ਸੰਨ 1830-40 ਦੌਰਾਨ ਲਿਖਿਆ ਸੀ। ਡਾਕਟਰ ਹਰਜਿੰਦਰ ਸਿੰਘ ਦਿਲਗੀਰ ਅਨੁਸਾਰ ਇਹ ਪੁਸਤਕ ਸਿੱਖੀ ਉੱਤੇ ਸੱਤਵਾਂ ਮਾਰੂ ਹਮਲਾ ਸੀ। ਇਸ ਪੁਸਤਕ ਵਿੱਚ ਲਿਖੀਆਂ ਸਿੱਖੀ ਵਿਰੋਧੀ ਗੱਲਾਂ ਦਾ ਵੇਦਾਂਤੀ ਜੀ ਨੇ ਕੋਈ ਖੰਡਨ ਨਹੀਂ ਕੀਤਾ ਸੀ। ਸ. ਗੁਰਬਖ਼ਸ਼ ਸਿੰਘ ਕਾਲ਼ਾ ਅਫ਼ਗਾਨਾ ਨੇ ਜਦੋਂ ਵੇਦਾਂਤੀ ਵਲੋਂ ਸੰਪਾਦਿਤ ਕੀਤੀ ਪੁਸਤਕ ਦੀ ਅਸਲੀਅਤ ਬਿਆਨ ਕੀਤੀ ਤਾਂ ਸ਼੍ਰੋ. ਕਮੇਟੀ ਨੂੰ ਆਪਣੀ ਛਾਪੀ ਇਸ ਪੁਸਤਕ ਉੱਤੇ ਆਪ ਹੀ ਰੋਕ ਲਗਾਉਣੀ ਪਈ। ਵੇਦਾਂਤੀ ਜੀ ਏਨੇ ਘਬਰਾਏ ਕਿ ਕਾਲ਼ਾ ਅਫ਼ਗਾਨਾ ਨੂੰ ਸਿੱਖੀ ਵਿੱਚੋਂ ਖਾਰਜ ਕਰਨ ਦਾ ਬਾਨ੍ਹਣੂ ਵੀ ਬੰਨ੍ਹ ਦਿੱਤਾ ਗਿਆ। ਇਸ ਧੱਕੇਸ਼ਾਹੀ ਸੰਬੰਧੀ ਕਾਲ਼ਾ ਅਫ਼ਗਾਨਾ ਇਉਂ ਲਿਖਦੇ ਹਨ-“ਆਖ਼ਰ ਪੁਸਤਕ ਵਿਚਲੇ ਕੁਝ ਪ੍ਰਸੰਗਾਂ ਦੇ ਹਵਾਲੇ ਨਾਲ ਲਿਖਿਆ ਦਾਸ ਦਾ ਲੇਖ:

"ਮੁਠਾ ਆਪਿ ਮੁਹਾਏ ਸਾਥੈ"

ਪੰਥ ਦੇ ਨਿਰਭੈ ਪੱਤਰਕਾਰ ਭਾਈ "ਜੋਗਿੰਦਰ ਸਿੰਘ ਜੀ" ਚੰਡੀਗੜ੍ਹ ਨੇ ਆਪਣੇ ਮਾਸਕ ਪੱਤਰ ‘ਸਪੋਕਸਮੈਨ’ ਵਿਚ ਛਾਪ ਦਿੱਤਾ। ਪੰਥ ਦੇ ਸੁਜਾਨ ਹਿਰਦੇ ਰੋਹ ਵਿਚ ਆ ਗਏ। ਦਾਸ ਵਿਰੁੱਧ ਸਿਰਮੌਰ ਜਥੇਦਾਰ ਦਾ ਕ੍ਰੋਧ ਉਬਾਲੇ ਖਾ ਉੱਠਿਆ । ਜੋ ਦਮਨ-ਚੱਕਰ ਦਾਸ ਵਿਰੁੱਧ ਚਲਿਆ ਅਤੇ ਦਾਸ ਨਾਲ ਜੋ ਜੋ ਵਾਪਰੀ ਅਤੇ ਵਾਪਰਦੀ ਆ ਰਹੀ ਹੈ, ਉਹ ਵਿਥਿਆ ਜਥੇਦਾਰੀ ਵਲ ਲਿਖੀਆਂ ਚਿਠੀਆਂ ਦੀ ਜ਼ਬਾਨੀਂ ਪੜ੍ਹੀ ਜਾ ਸਕਦੀ ਹੈ”।

ਇਸੇ ਪੁਸਤਕ ਵਿੱਚ ਲਿਖਿਆ ਹੈ ਕਿ ਦਰਬਾਰ ਸਾਹਿਬ ਦਾ ਗੁਰਦੁਆਰਾ ਸਿੱਖਾਂ ਦਾ ਨਹੀਂ ਸਗੋਂ ਵਿਸ਼ਣੂ ਦਾ ਮੰਦਰ ਹੈ। ਲਿਖਿਆ ਹੈ ਕਿ ਗੁਰਦੁਆਰਾ ਬਣਦੇ ਸਮੇਂ ਵਿਸ਼ਣੂ ਦੇਵਤੇ ਨੇ ਓਥੇ ਆਣ ਕੇ ਮਜ਼ਦੂਰੀ ਵੀ ਕੀਤੀ ਅਤੇ ਪੰਜਵੇਂ ਗੁਰੂ ਜੀ ਨੂੰ ਕਿਹਾ ਕਿ ਸਾਡੇ ਨਿਵਾਸ ਲਈ ਸੁਹਣਾ ਮੰਦਰ ਬਣੇ, ਪਰ ਤੁਸੀਂ ਇਸ ਵਿੱਚ ਪ੍ਰਵੇਸ਼ ਨਾ ਕਰਿਓ।

ਇਸ ਬ੍ਰਾਹਮਣਵਾਦੀ ਪੁਸਤਕ ਵਿੱਚ ਮੰਗਲ਼ ਦਾ ਸਰੂਪ ਦੇਖੋ ਕਿਵੇਂ ਹਿੰਦੂ ਦੇਵੀ ਦੁਰਗਾ ਦੀ ਸਿਫ਼ਤਿ ਕੀਤੀ ਗਈ ਹੈ:-

ਦੋਹਰਾ॥ ਪ੍ਰਿਥਮ ਸਿਮਰਿ ਸ੍ਰੀ ਚੰਡਕਾ ਵਰ ਦਾਤੀ ਸੁਖਦਾਨ। ਮੰਗਲ ਕਰਨ ਕਿਲਵਿਖ ਹਰਨ ਸਭਿ ਸੰਤਨ ਕੇ ਪ੍ਰਾਨ ॥11॥

ਗੁਰਬਾਣੀ ਇਸ ਮੰਗਲ਼ ਦੇ ਮੂੰਹ ਉੱਤੇ ਕਰਾਰੀ ਚਪੇੜ ਇਉਂ ਮਾਰਦੀ ਹੈ:

ਪ੍ਰਭੂ ਤਿਆਗਿ ਆਨ ਜੋ ਚਾਹਤ ਤਾ ਕੈ ਮੁਖਿ ਲਾਗੈ ਕਾਲੇਖਾ ॥1॥{ਗਗਸ ਪੰਨਾ-1221}

ਅਜਿਹਾ ਗੁਰਮਤਿ ਵਿਰੋਧੀ ਮੰਗਲ਼ ਲਿਖ ਕੇ ਛੇਵੇਂ ਗੁਰੂ ਜੀ ਦੀ ਘੋਰ ਨਿਰਾਦਰੀ ਕੀਤੀ ਗਈ ਹੈ ਜਿਸ ਵਿਰੁੱਧ ਵੇਦਾਂਤੀ ਜੀ ਨੇ ਪੁਸਤਕ ਵਿੱਚ ਇੱਕ ਸ਼ਬਦ ਵੀ ਆਪਣੇ ਵਲੋਂ ਨਹੀਂ ਲਿਖਿਆ।
ਬਾਬਾ ਬੁੱਢਾ ਜੀ ਨੂੰ ਇਸ ਪੁਸਤਕ ਵਿੱਚ ਸੰਤ ਲਿਖਿਆ ਗਿਆ ਹੈ ਜੋ ਗੁਰਮਤਿ ਦੇ ਉਲ਼ਟ ਹੈ।

ਇਸੇ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਪੁਸਤਕ ਵਿੱਚ ਲਿਖਿਆ ਹੈ ਕਿ ਮਾਤਾ ਗੰਗਾ ਜੀ ਸੰਤ ਬੁੱਢਾ ਜੀ ਕੋਲ਼ੋਂ ਪੁੱਤਰ ਦਾ ਵਰ ਲੈਣ ਗਏ ਅਤੇ ਬਾਬਾ ਜੀ ਦੀ ਕਿਰਪਾ ਨਾਲ਼ ਓਸੇ ਵੇਲੇ ਮਾਤਾ ਗੰਗਾ ਜੀ ਦੇ ਪੇਟ ਵਿੱਚ ਹਵਾ ਭਰ ਗਈ। ਇਹ ਬ੍ਰਾਹਮਣਵਾਦੀ ਪੁਸਤਕ ਕਹਿੰਦੀ ਹੈ:-

ਤਿਸੀ ਛਿਨਕ ਮਾਤਾ ਉਦਰਿ ਕੀਨੋ ਪਉਨ ਨਿਵਾਸ । ਮਾਤਾ ਮਨਿ ਹਰਖਤ ਭਈ ਚਿਤ ਮੈ ਬਢਿਓ ਹੁਲਾਸ ॥ 138 ॥

ਅਰਥ ਵਿਚਾਰ:- ਸੰਤ (ਬਾਬਾ) ਬੁਢਾ ਜੀ ਦੇ ਵਰ ਦੇਣ ਦੀ ਢਿੱਲ ਸੀ ਕਿ ਉਸੀ ਛਿਣ ਮਾਤਾ ਜੀ ਦੇ ਉਦਰ ਵਿਚ ਪਉਣ ਦਾ ਨਿਵਾਸ ਹੋ ਗਿਆ, ਅਰਥਾਤ, ਮਾਤਾ ਜੀ ਉਸੇ ਛਿਣ ਹੀ ਗਰਭਵਤੀ ਹੋਏ ਦਿਸਣ ਲੱਗ ਪਏ। ਕਿੱਡਾ ਕੋਝਾ ਅਨੱਰਥ ? ਆਪਣੇ ਪਤੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਪੁੱਜਣ ਤੋਂ ਪਹਿਲਾਂ ਹੀ ਗਰਭਵਤੀ ? ਕੀ, ਛੇਵੇਂ ਪਾਤਸ਼ਾਹ ਜੀ, ਆਪਣੇ ਪਿਤਾ ਜੀ ਦੀ ਬਿੰਦੀ ਸੰਤਾਨ ਨਹੀਂ ਸਨ? ( ਕਾਲ਼ਾ ਅਫ਼ਗਾਨਾ ਦੀ ਪੁਸਤਕ ਵਿੱਚੋਂ www.scribd.com )।

ਇਹੋ ਜਿਹੀਆਂ ਲਿਖਤਾਂ ਪੜ੍ਹ ਕੇ ਸਤਿਗੁਰੂ ਜੀ ਦੀ ਅਜ਼ਮਤ ਤੋਂ, ਅਥਵਾ ਉਨ੍ਹਾਂ ਦੀਆਂ ਅਪਾਰ ਵਡਿਆਈਆਂ ਦੀ ਸਮਝ ਆ ਜਾਣ ਦੇ ਕਾਰਨ, ਉਨ੍ਹਾਂ ਪ੍ਰਤੀ ਬਣੀ ਅਪਾਰ ਸ਼ਰਧਾ ਵਾਲਾ ਹਿਰਦਾ, ਪਸ਼ੇਮਾਨੀ ਭਰੇ ਰੋਹ ਨਾਲ ਪਾਟਣ ਨੂੰ ਕਿਵੇਂ ਨਾ ਆਵੇ ? ਪਰ ਵੇਦਾਂਤੀ ਜੀ ਨੇ ਪੁਸਤਕ ਵਿੱਚ ਲਿਖੀਆਂ ਇਨ੍ਹਾਂ ਗ਼ਲਤ ਗੱਲਾਂ ਦਾ ਕੋਈ ਨੋਟਿਸ ਨਹੀਂ ਲਿਆ।

‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’, ਸੰਪਾਦਿਤ (ਜਥੇਦਾਰ ਟੌਹੜਾ ਦੇ ਹੁਕਮ ਨਾਲ਼) ਗ੍ਰੰਥੀ ਵੇਦਾਂਤੀ ਜੀ ਅਤੇ ਡਾਕਟਰ ਅਮਰਜੀਤ ਸਿੰਘ ਪ੍ਰੋ. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਬ੍ਰਾਹਮਣਵਾਦੀ ਪੁਸਤਕ ਨੂੰ ਸ਼੍ਰੋ. ਕਮੇਟੀ ਦੁਆਰਾ ਛਾਪੇ ਜਾਣ ਤੇ ਹੇਠ ਲਿਖੇ ਵਿਅੱਕਤੀਆਂ ਨੇ, ਜਿਨ੍ਹਾਂ ਨੇ ਸ਼ਾਇਦ ਇਸ ਬ੍ਰਾਹਮਣਵਾਦੀ ਪੁਸਤਕ ਦਾ ਇੱਕ ਪੱਤਰਾ ਵੀ ਆਪ ਨਹੀਂ ਪੜ੍ਹਿਆ ਹੋਣਾ, ਪੁਸਤਕ ਨੂੰ ਲਿਖਣ ਦੀ , ਕੇਵਲ ਪੁਸਤਕ ਦੇ ਨਾਂ ਉੱਤੇ ਹੀ ਲੱਟੂ ਹੋ ਕੇ, ਦੇਖੋ-ਦੇਖੀ ਝੂਠੀ ਸ਼ਲਾਘਾ ਵੀ ਕੀਤੀ ਜੋ ਪੁਸਤਕ ਵਿੱਚ ਹੀ ਦਰਜ ਹੈ। ਪੜ੍ਹੋ ਸਿੱਖੀ ਦੇ ਇਹ ਅਲੰਬਰਦਾਰ ਇਸ ਬ੍ਰਾਹਮਣਵਾਦੀ ਅਤੇ ਸਿੱਖ-ਮਾਰੂ ਪੁਸਤਕ ਦੀ ਸਿਫ਼ਤਿ ਵਿੱਚ ਅੱਖਾਂ ਮੀਟੀ ਕੀ ਲਿਖਦੇ ਹਨ ( ਇਨ੍ਹਾਂ ਵਿੱਚ ਅਖੌਤੀ ਦਸ਼ਮ ਗ੍ਰੰਥ ਦੇ ਪ੍ਰਚਾਰਕ ਮਸਕੀਨ ਜੀ ਵੀ ਸ਼ਾਮਲ ਹਨ) :

(1) ਇਤਿਹਾਸਕ ਸੇਵਾ : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਸਿੰਘ ਸਾਹਿਬ ਰਣਜੀਤ ਸਿੰਘ ਜੀ
(2) ਸੰਦੇਸ਼ : ਸ਼੍ਰੋ:ਗੁ: ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ
(3) ਅਦੁਤੀ ਸੇਵਾ : ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਪ੍ਰੋ:ਮਨਜੀਤ ਸਿੰਘ ਜੀ
(4) ਗੁਰ ਬਿਲਾਸ ਦਾ ਸ਼ੁੱਧ ਸਰੂਪ : ਗਿਆਨੀ ਕੇਵਲ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋਕੀ (ਬਠਿੰਡਾ)
(5) ਅਨੂਪਮ ਸੁਗ਼ਾਤ : ਸ੍ਰੀ ਸੁਖਦੇਵ ਸਿੰਘ ਭੌਰ ਐਕਟਿੰਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ
(6) ਸਾਹਿਤ ਤੇ ਸਮਾਜ : ਜਥੇਦਾਰ ਮਨਜੀਤ ਸਿੰਘ ਕਲਕੱਤਾ ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਪੰਜਾਬ
(7 ਦੋ ਸ਼ਬਦ :ਗਿਅਨੀ ਸੰਤ ਸਿੰਘ ਜੀ ਮਸਕੀਨ
(8) ਚਮਤਕਾਰੀ ਵਿਆਖਿਆ : ਗਿਆਨੀ ਜਸਵੰਤ ਸਿੰਘ ਜੀ ਕਥਾ-ਵਾਚਕ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ
(9) "ਸ਼ਲਾਘਾਯੋਗ ਉੱਦਮ" ਦਲੀਪ ਸਿੰਘ ਜੀ ਮਲੂ ਨੰਗਲ
(10) ਇਤਿਹਾਸਕ ਪੁਸਤਕਾਂ ਦੀ ਪ੍ਰਕਾਸ਼ਨਾ ਸੰਬੰਧੀ ਸਾਡੀ ਜ਼ਿੰਮੇਵਾਰ : ਗਿ. ਜੋਗਿੰਦਰ ਸਿੰਘ ਜੀ ਤਲਵਾੜਾ
(11) ਚਾਰ ਸ਼ਬਦ’ : ਰੀਟਾਇਰਡ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਸੋਚ
(12) "ਗੁਰ ਬਿਲਾਸ ਦੇ ਸ਼ੁੱਧ ਸਰੂਪ ਦਾ ਸਵਾਗਤ" ਗਿ:ਬਲਵੰਤ ਸਿੰਘ ਜੀ ਕੋਠਾ ਸਾਹਿਬ ਜ਼ਿਲਾ ਬਠਿੰਡਾ

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top