Share on Facebook

Main News Page

‘ਕਬਿਯੋ ਬਾਚ ਬੇਨਤੀ ਚੌਪਈ’ ਸ਼ਬਦ ਗੁਰੂ ਦੀ ਚੋਟ ਅੱਗੇ ਨਹੀਂ ਟਿਕਦੀ ! ਭਾਗ - ਪਹਿਲਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸਿੱਖ ਟੀ ਵੀ ਚੈਨਲਾਂ ਦੇ ਪ੍ਰਬੰਧਕ ਵੀਰੋ ਚੌਪਈ ਦੇ ਕੀਰਤਨ ਨੂੰ ਚੈਨਲ ਰਾਹੀਂ ਦਸਵੇਂ ਗੁਰੂ ਜੀ ਦੀ ਤਸਵੀਰ ਨਾਲ਼ ਵਾਰ-ਵਾਰ ਦਿਖਾ ਕੇ ਵਾਰ-ਵਾਰ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੀ ਸ਼ਖ਼ਸੀਅਤ ਨੂੰ ਬ੍ਰਾਹਮਣਵਾਦੀਆਂ ਦੀ ਰੀਸੇ ਨਾ ਵਿਗਾੜੋ!!! ਜੇ ਕਹੋ ਕਿਉਂ? ਤਾਂ ਚੌਪਈ ਵਾਲ਼ੇ ਤ੍ਰਿਅ ਚਰਿੱਤਰ ਨੰਬਰ 404 ਦੇ ਦੂਲਹ ਦੇਈ ਸੁੰਦਰੀ ਲਈ ਲੜਦੇ ਮਹਾਂਕਾਲ਼ ਦੇਵਤੇ ਦੇ ਗਪੌੜੇ ਆਪ ਅਰਥਾਂ ਸਮੇਤ ਪੜ੍ਹੋ ਜਾਂ ਕਿਸੇ ਪੜ੍ਹੇ ਹੋਏ ਤੋਂ ਸੁਣੋ ਜਾਂ ਇਹ ਲੇਖ ਨਿਰਪੱਖ ਹੋ ਕੇ ਪੜ੍ਹੋ। ਜੇ ਸ਼੍ਰੋ. ਕਮੇਟੀ ਨੇ ਸੰਨ 1931-1945 ਵਿੱਚ ‘ਕਬਿਯੋ ਬਾਚ ਬੇਨਤੀ ਚੌਪਈ’ ਨੂੰ ਨਿੱਤਨੇਮ ਵਿੱਚ ਪਾ ਕੇ ਗ਼ਲਤੀ ਕੀਤੀ ਤੇ ਬਿੱਪਰਵਾਦੀ ਸਿੱਖ-ਮਾਰੂ ਏਜੰਡਾ ਲਾਗੂ ਕੀਤਾ ਹੈ, ਤਾਂ ਇਸ ਗ਼ਲਤ਼ੀ ਨੂੰ ਦੁਹਰਾਉਣਾ ਦਸਵੇਂ ਗੁਰੂ ਜੀ ਦੀ ਪ੍ਰਤੱਖ ਤੌਰ 'ਤੇ ਨਿਰਾਦਰੀ ਹੈ, ਕਿਉਂਕਿ ਇਸ ਰਚਨਾ ਨੂੰ ਬਿੱਪਰਵਾਦ ਨੇ ਪੈਦਾ ਕੀਤਾ ਹੈ ਤੇ ਦਸਵੇਂ ਗੁਰੂ ਜੀ ਨਾਲ਼ ਅਕਾਰਥ ਹੀ ਜੋੜਿਆ ਹੈ।

ਜੇ ਕਹੋ ਕਿ ਸ਼੍ਰੋ. ਕਮੇਟੀ ਦੀ ਇਹ ਗ਼ਲਤ਼ੀ ਕਿਉਂ ਹੈ? ਤਾਂ ਇਸ ਦਾ ਉੱਤਰ ਹੈ - ਸ਼੍ਰੋ ਕਮੇਟੀ ਨੇ ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਦਾ ਬਣਾਇਆ (ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ; ਸਵੇਰ ਦਾ ‘ਜਪੁ’ ਜੀ, ਸ਼ਾਮ ਦਾ ਸੋ ਦਰੁ ਅਤੇ ਸੋ ਪੁਰਖੁ, ਸੌਣ ਵੇਲੇ ਦਾ ਸੋਹਿਲਾ) ਸਿੱਖ ਕੌਮ ਨੂੰ ਦਿੱਤਾ ਨਿੱਤ-ਨੇਮ ਭੰਗ ਕੀਤਾ ਹੈ। ਇਹੀ ਨਿੱਤ ਨੇਮ ਦਸਵੇਂ ਪਾਤਿਸ਼ਾਹ ਜੀ ਨੇ ਵੀ ਨਹੀਂ ਬਦਲਿਆ ਸੀ ਜਦੋਂ ਉਨ੍ਹਾਂ ਆਦਿ ਬੀੜ ਨੂੰ ਦੁਵਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ।

ਚੌਪਈ ਗੁਰੂ ਕ੍ਰਿਤ ਕਿਉਂ ਨਹੀਂ, ਅਸਲੀਅਤ ਸੱਭ ਸਿੱਖ ਜਗਤ ਦੇ ਸਾਮ੍ਹਣੇ ਹੈ!

‘ਚੌਪਈ’ ਵਿੱਚ ਬੈਠਾ ਸ਼ਿਵ ਜੀ ਦਾ ਇਕ ਭਿਆਨਕ ਰੂਪ ਮਹਾਂਕਾਲ਼ ਦੇਵਤਾ ਹੈ। ਇਸ ਦੇਵਤੇ ਦਾ ਮੰਦਰ ਉਜੈਨ ਵਿੱਚ ਹੈ। ਚੌਪਈ ਦੀ ਰਚਨਾ ਇਸੇ ਮਹਾਂਕਾਲ਼ ਦੇਵਤੇ ਅੱਗੇ ਕਿਸੇ ਦੇਵ ਪੂਜ ਲਿਖਾਰੀ ਦੀ ਪੁਕਾਰ ਹੈ, ਦਸਵੇਂ ਪਾਤਿਸ਼ਾਹ ਜੀ ਦੀ ਨਹੀਂ। ਬ੍ਰਾਹਮਣਵਾਦ ਵਲੋਂ ਇਸ ਲਿਖਾਰੀ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜਿਆ ਗਿਆ ਹੈ ਤਾਂ ਜੁ ਗੁਰੂ ਜੀ ਨੂੰ ਦੇਵੀ ਦੇਵਤਿਆਂ ਦੇ ਪੁਜਾਰੀ ਬਣਾਇਆ ਜਾ ਸਕੇ। ਜੇ ਇਹ ਮੰਨ ਲਿਆ ਜਾਏ ਕਿ ਚੌਪਈ ਗੁਰੂ ਜੀ ਦੀ ਰਚਨਾ ਹੈ ਤਾਂ ਇਹ ਮੰਨਣਾ ਪਏਗਾ ਕਿ ਦਸਵੇਂ ਗੁਰੂ ਜੀ ਸ਼ਿਵ ਜੀ ਦੇ ਇਕ ਰੂਪ ਮਹਾਂਕਾਲ ਦੇਵਤੇ ਅੱਗੇ ਬੇਨਤੀ ਕਰ ਰਹੇ ਹਨ ਜੋ ਗੁਰੂ ਜੀ ਦੀ ਸਖ਼ਸੀਅਤ ਨੂੰ ਵਿਗਾੜਨ ਵਾਲ਼ੀ ਕੋਝੀ ਬ੍ਰਾਹਮਣਵਾਦੀ ਚਾਲ ਹੈ। ਇਸ ਨੂੰ ਪੜ੍ਹਨ, ਪੜ੍ਹਾਉਣ ਅਤੇ ਸੁਣਨ ਦਾ ਸਿੱਖ ਚੈਨਲਾਂ ਰਾਹੀ ਵੀ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਚੌਪਈ ਦਾ ਟੀ ਵੀ ਚੈਨਲ ਜਾਂ ਹੋਰ ਢੰਗ ਨਾਲ਼ ਪ੍ਰਚਾਰ ਕਰਨ ਵਾਲ਼ੇ ਵੀ ਓਨੇ ਹੀ ਬ੍ਰਾਹਮਣਵਾਦੀ ਸੋਚ ਵਾਲ਼ੇ ਹਨ ਜਿੰਨੇ ਇਸ ਨੂੰ ਨਕਲੀ ਨਿੱਤ-ਨੇਮ ਵਿਚ ਪਾਉਣ ਵਾਲ਼ੇ। ਅਜਿਹਾ ਕਰਨਾ ਦਸਵੇਂ ਪਾਤਿਸ਼ਾਹ ਜੀ ਦੀ ਨਿਰਾਦਰੀ ਤੁੱਲ ਹੈ। ਆਖ਼ਿਰ ਕਿਉਂ?

ਬਚਿੱਤ੍ਰ ਨਾਟਕ/ਅਖੌਤੀ ਦਸਮ ਗ੍ਰੰਥ ਵਿੱਚ ਅਸ਼ਲੀਲ ਕਹਾਣੀਆਂ ਵਾਲ਼ੇ ਤ੍ਰਿਅ ਚਰਿੱਤ੍ਰਾਂ ਵਿੱਚੋਂ 404 ਨੰਬਰ ਵਿੱਚ ‘ਕਬਿਯੋ ਬਾਚ ਬੇਨਤੀ ਚੌਪਈ’ ਦਰਜ ਹੈ ਜਿਸ ਦੇ ਨਾਲ਼ ਬਚਿੱਤ੍ਰ ਨਾਟਕ ਵਿੱਚ ‘ੴ ਵਾਹਿ ਗੁਰੂ ਜੀ ਕੀ ਫ਼ਤਿਹ ਪਾ: 10’ ਵੀ ਨਹੀਂ ਲਿਖਿਆ ਹੋਇਆ, ਜੋ ਗੁਟਕੇ ਛਪਾਉਣ ਵਾਲ਼ਿਆਂ ਨੇ ਲਿਖਾਇਆ ਹੋਇਆ ਹੈ। ਅਜਿਹਾ ਮੰਗਲ਼ ਲਿਖਣ ਨਾਲ਼ ਵੀ ਇਹ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਦਰਜਾ ਨਹੀਂ ਰੱਖ ਸਕਦੀ। ਤ੍ਰਿਅ ਚਰਿੱਤਰ ਦੇ 405 ਬੰਦ ਹਨ। ਪਹਿਲੇ 376 ਬੰਦਾਂ ਵਿੱਚ ਮਹਾਂਕਾਲ ਦੇਵਤੇ ਦੀ ਦੂਲਹ ਦੇਈ ਸੁੰਦਰੀ ਨਾਲ਼ ਵਿਆਹ ਰਚਾਉਣ ਖ਼ਾਤਰ ਦੈਂਤਾਂ ਨਾਲ਼ ਲੜਾਈ ਹੁੰਦੀ ਦਿਖਾਈ ਗਈ ਹੈ ਜਿੱਸ ਵਿੱਚ ਅਨੇਕਾਂ ਹੀ ਗਪੌੜੀ ਕਰਾਮਾਤਾਂ ਦਾ ਜ਼ਿਕਰ ਹੈ। ਚੌਪਈ 377ਵੇਂ ਬੰਦ ਤੋਂ ਸ਼ੁਰੂ ਹੁੰਦੀ ਹੈ ਤੇ ਬੰਦ ਨੰਬਰ 403 ਤਕ ਜਾਂਦੀ ਹੈ।

ਗੁਟਕਿਆਂ ਵਿੱਚ ਸ਼੍ਰੋ. ਕਮੇਟੀ ਨੇ ਅਸਲ ਚੌਪਈ ਦੇ ਗਿਣਤੀ ਵਾਚਕ ਅੰਕ ਬਦਲ ਕੇ ਲੰਗੜੀ ਕੀਤੀ ਚੌਪਈ ਪਾਈ ਹੈ, ਜੋ ਬੰਦ ਨੰਬਰ 401 ਤਕ ਹੈ, ਅਗਲੇ ਬੰਦ ਕਮੇਟੀ ਵਲੋਂ ਚੌਪਈ ਵਿੱਚੋਂ ਕੱਟ ਦਿੱਤੇ ਗਏ ਹਨ। ਸ਼੍ਰੋ. ਕਮੇਟੀ ਵਲੋਂ ਚੌਪਈ ਲੰਗੜੀ ਕਰਨ ਦਾ ਅਰਥ ਹੈ ਕਿ ਰਚਨਾ ਗੁਰੂ ਕ੍ਰਿਤ ਨਹੀਂ ਹੈ, ਭਾਵੇਂ, ਉਹ ਇਸ ਰਚਨਾ ਦੀ ਅਖੰਡਤਾ ਨੂੰ ਭੰਗ ਕਰ ਕੇ ਵੀ ਇਸ ਨੂੰ ਅਕਾਰਥ ਹੀ ਗੁਰੂ ਕ੍ਰਿਤ ਮੰਨ ਰਹੀ ਹੈ। ਬੇਨਤੀ ਚੌਪਈ ਤੋਂ ਪਿੱਛੋਂ ਲਿਖੀ ਅੜਿਲ ਅਤੇ ਇੱਕ ਹੋਰ ਚੌਪਈ ਹੈ ਜੋ ਸ਼੍ਰੋ. ਕਮੇਟੀ ਵਲੋਂ ਛੱਡੇ ਬੰਦਾਂ ਸਮੇਤ ਕਈ ਸੰਸਥਾਵਾਂ ਨੇ ਆਪਣੇ ਛਪਵਾਏ ਗੁਟਕਿਆਂ ਵਿੱਚ ਆਪ ਹੀ ਜੋੜੀਆਂ ਹੋਈਆਂ ਹਨ ਜਿਸ ਨਾਲ਼ ਸ਼੍ਰੋ. ਕਮੇਟੀ ਦੀ ਬਣਾਈ ਰਹਿਤ ਮਰਯਾਦਾ ਦੀ ਕੋਈ ਕੀਮਤਿ ਹੀ ਨਹੀਂ ਰਹਿ ਗਈ। ਏਨਾਂ ਹੋਣ 'ਤੇ ਵੀ ਕਈ ਪ੍ਰਚਾਰਕ ਤੇ ਸਿੱਖ ਵਿਦਵਾਨ ਬਾਹਵਾਂ ਉਲਾਰ ਕੇ ਭੁਲੇਖੇ ਵਿੱਚ ਕਹਿ ਰਹੇ ਹਨ ਕਿ ਇਹ ਰਹਤ ਮਰਯਾਦਾ ਅਕਾਲ ਤਖ਼ਤ ਤੋਂ ਪ੍ਰਵਾਨਤ/ਲਾਗੂ ਹੈ/ਪੰਥ ਪ੍ਰਵਾਨਤ ਹੈ, ਤੇ ਇਸ ਵਿੱਚ ਕੋਈ ਬਦਲਾਅ ਨਹੀਂ ਹੋ ਸਕਦਾ, ਜਿਵੇਂ ਉਨ੍ਹਾਂ ਲਈ ਇਹ ਕੋਈ ਧੁਰ ਕੀ ਬਾਣੀ ਹੋਵੇ।

ਲੱਗਭੱਗ ਹਰ ਡੇਰੇ ਨੇ ਰਹਿਤ ਮਰਯਾਦਾ ਵਾਲ਼ਾ ਨਿੱਤ-ਨੇਮ ਵੀ ਬਦਲਿਆ ਹੋਇਆ ਹੈ। ਡੇਰਿਆਂ ਵਿੱਚ, ਪਟਨੇ (ਬਿਹਾਰ) ਅਤੇ ਨੰਦੇੜ (ਮਹਾਂਰਾਸ਼ਟਰ) ਵਿਖੇ ਸ਼੍ਰੋ ਕਮੇਟੀ ਦੀ ਰਹਤ ਮਰਯਾਦਾ ਨਾਲ਼ੋਂ ਬਿਲਕੁਲ ਵੱਖਰੀ ਮਰਯਾਦਾ ਚੱਲ ਰਹੀ ਹੈ। ਸੰਨ 1931 ਤੋਂ 1945 ਵਿੱਚ ਬਣੀ ਸ਼੍ਰੋ. ਕਮੇਟੀ ਦੀ ਰਹਤ ਮਰਯਾਦਾ ਦੀ ਪੈੱਪਸੂ ਦੇ 200 ਗੁਰਦੁਆਰਿਆਂ ਵਿੱਚ ਕੋਈ ਪੁੱਛ-ਗਿੱਛ ਨਹੀਂ ਸੀ ਅਤੇ ਸ. ਯਾਦਵਿੰਦਰ ਸਿੰਘ ਮਹਾਰਾਜਾ ਦੇ ਹੁਕਮਾ ਨਾਲ਼ 200 ਗੁਰਦੁਆਰਿਆਂ ਲਈ ਇੱਕ ਬਣਾਏ ‘ਧਰਮ ਅਰਥ ਬੋਰਡ’ ਵਲੋਂ ਵੱਖਰੇ ਨਿਯਮ ਬਣਾਏ ਗਏ ਸਨ।

ਬੇਨਤੀ ਚੌਪਈ ਦੇ ਸਿਰਲੇਖ ਨਾਲ਼ ਬਚਿੱਤ੍ਰ ਨਾਟਕ/ਦਸ਼ਮ ਗ੍ਰੰਥ ਵਿੱਚ ‘ਪਾਤਿਸ਼ਾਹੀ 10’ ਵੀ ਨਹੀਂ ਲਿਖਿਆ ਹੋਇਆ ਮਿਲ਼ਦਾ {ਗੁਟਕਿਆਂ ਵਿੱਚ ਇਹ ਸਿਰਲੇਖ ਫ਼ਾਲਤੂ ਜੋੜਿਆ ਗਿਆ ਹੈ, ਤਾਂ ਜੁ ਸਿੱਖ ਪਾਠਕਾਂ ਦੇ ਅੱਖੀਂ ਘੱਟਾ ਪਾ ਕੇ ਚੌਪਈ ਨੂੰ ਦਸਵੇਂ ਗੁਰੂ ਜੀ ਨਾਲ਼ ਧੋਖੇ ਨਾਲ਼ ਜੋੜਿਆ ਜਾ ਸਕੇ ਅਤੇ ਇਹੀ ਬ੍ਰਾਹਮਣਵਾਦੀ ਸਿੱਖ-ਮਾਰੂ ਚਾਲ ਹੈ।} ਗੁਰਦੁਆਰਾ ਦਰਬਾਰ (ਸਾਹਿਬ) ਅੰਮ੍ਰਿਤਸਰ ਤੋਂ ਵੀ ਸਿੱਖੀ ਨਾਲ਼ ਹੋ ਰਹੇ ਧੱਕੇ ਨਾਲ਼ ਹੀ ੴ ਵਾਹਿਗੁਰੂ ਜੀ ਕੀ ਫ਼ਤਿਹ ਪਾ:10 ਕਹਿ ਕੇ ਚੌਪਈ ਸ਼ੁਰੂ ਕੀਤੀ ਜਾਂਦੀ ਹੈ ਜੋ ਬ੍ਰਾਹਮਣਵਾਦ ਦਾ ਪ੍ਰਤੱਖ ਪਿਆ ਹੋਇਆ ਪ੍ਰਭਾਵ ਦਰਸ਼ਾਉਂਦੀ ਹੈ। ਸ਼੍ਰੋ. ਕਮੇਟੀ ਪੱਕੇ ਤੌਰ 'ਤੇ ਹਿੰਦੂਤਵ ਦੇ ਪ੍ਰਭਾਵ ਹੇਠਾਂ ਕੰਮ ਕਰ ਰਹੀ ਹੈ ਜਿਸ ਦਾ ਸਬੂਤ ਰਹਤ ਮਰਯਾਦਾ ਵਿੱਚ ਸ਼੍ਰੋ. ਕਮੇਟੀ ਵਲੋਂ ਕੀਰਤਨ ਵਾਲ਼ੀ ਮੱਦ (ੲ) ਪੰਨਾਂ 15 ਵਿੱਚ ਬਦਲੀ ਕਰ ਕੇ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ ਦਾ ਕੀਰਤਨ ਕਰਨਾ ਵੀ ਸ਼ਾਮਲ ਕੀਤੇ ਜਾਣਾ ਹੈ। ਚੌਪਈ ਵਾਲ਼ੇ ਇੱਸ ਚਰਿੱਤ੍ਰ ਦੀ ਕਹਾਣੀ ਇੱਕ ਅਤੀ ਸੁੰਦਰੀ ਬਾਲਾ ਦੁਲਹ ਦੇਈ ਦੇ ਦੁਆਲ਼ੇ ਘੁੰਮਦੀ ਹੈ।

ਦੁਲਹ ਦੇਈ ਦੀ ਸੁੰਦਰਤਾ ਦਾ ਬਿਆਨ ਕਵੀ ਇਉਂ ਕਰਦਾ ਹੈ:
ਪੰਨਾਂ ਅਖੌਤੀ ਦਸਮ ਗ੍ਰੰਥ 1361:
ਮਹਾ ਰੂਪ ਆਨੂਪ ਤਾ ਕੋ ਬਿਰਾਜੈ। ਲਖੇ ਤੇਜ ਤਾ ਕੋ ਸਸੀ ਸੂਰ ਲਾਜੈ।29।
ਚਾਰਹੁ ਦਿਸ਼ਾ ਫਿਰੀ ਜਬ ਬਾਲਾ। ਜਾਨੋ ਨਾਗ ਰੂਪ ਕੀ ਮਾਲਾ।
30। ਸਸੀ- ਸ਼ਸ਼ੀ, ਚੰਦ੍ਰਮਾ। ਸੂਰ- ਸੂਰਜ। ਨਾਗ- ਸੱਪ। ਲਾਜੈ- ਸ਼ਰਮ ਨਾਲ਼ ਮੂੰਹ ਲੁਕਾਉਣਾ।

ਦੂਲਹ ਦੇਈ ਦੀ ਮਹਾਂਕਾਲ਼ (ਕਾਲਿਕਾ ਦੇਵਾ) ਨਾਲ਼ ਵਿਆਹ ਦੀ ਇੱਛਾ:
ਦੁਲਹ ਦੇਈ ਕਵੀ ਦੇ ਬਣਾਏ ਜਗਤ ਪਤੀ ਮਹਾਂਕਾਲ਼ ਨਾਲ਼ ਵਿਆਹ ਕਰਾਉਣਾ ਚਾਹੁੰਦੀ ਹੈ।
ਕਵੀ ਲਿਖਦਾ ਹੈ- ਫਿਰ ਜੀਯ ਮੈ ਇਹ ਬਾਤ ਬਿਚਾਰੀ। ਬਰੋਂ ਜਗਤ ਕੇ ਪਤਿ ਹਿ ਸੁਧਾਰੀ। ਤਾਤੇ ਕਰੋਂ ਦੀਨ ਹ੍ਵੈ ਸੇਵਾ। ਹੋਇ ਪ੍ਰਸੰਨ ਕਾਲਿਕਾ ਦੇਵਾ।31।

ਦੂਲਹ ਦੇਈ ਨੂੰ ਪਾਰਬਤੀ/ਸ਼ਿਵਾ ਨੇ ਵਿਆਹ ਦੀ ਜੁਗਤੀ ਦੱਸੀ:
ਦੂਲਹ ਦੇਈ ਨੂੰ ਦੁਰਗਾ ਭਵਾਨੀ ਜੁਗਤੀ ਦੱਸਦੀ ਹੈ ਕਿ ਮਹਾਂਕਾਲ਼ ਦੇਵਤੇ ਨੂੰ ਕਿਵੇਂ ਖ਼ੁਸ਼ ਕਰਨਾ ਹੈ। ਕਾਲਿਕਾ ਦੇਵਾ-ਮਹਾਂਕਾਲ਼।
ਕਵੀ ਲਿਖਦਾ ਹੈ-
ਕ੍ਰਿਪਾ ਕਰੀ ਜਗਮਾਤ ਭਵਾਨੀ। ਇਹ ਬਿਧ ਬਤਿਆ ਤਾਹਿ ਬਖਾਨੀ।32।
ਕਰਿ ਜਿਨਿ ਸੋਕ ਹ੍ਰਿਦੈ ਤੈ ਪੁਤ੍ਰੀ। ਨਿਰੰਕਾਰ (ਮਹਾਂਕਾਲ਼) ਬਰਿ ਹੈ ਤੁਹਿ ਅਤ੍ਰੀ। ਤਾ ਕਾ ਧਿਆਨ ਆਜ ਨਿਸਿ ਧਰਿਯਹੁ। ਕਹਿ ਹੈ ਜੁ ਕਛੁ ਸੋਈ ਤੁਮ ਕਰਿਯਹੁ।33।
ਨੋਟ: ਕਵੀ ਦਾ ਮਹਾਂਕਾਲ਼ ਦੇਵਤਾ ਹੀ ਉਸ ਨੂੰ ਨਿਰੰਕਾਰ ਜਾਪਦਾ ਹੈ ਕਿਉਂਕਿ ਉਹ ਭਵਾਨੀ ਦੇ ਮੂੰਹੋਂ ਉਸ ਨੂੰ ‘ਨਿਰੰਕਾਰ’ ਕਹਾਉਂਦਾ ਹੈ।

ਵਿਆਹ ਅਕਾਲ ਪੁਰਖ ਨਿਰੰਕਾਰ ਨਹੀਂ ਰਚਾ ਰਿਹਾ, ਸਗੋਂ ਦੇਹਧਾਰੀ ਦੇਵਤਾ ਮਹਾਂਕਾਲ਼ ਰਚਾਅ ਰਿਹਾ ਹੈ। ਅੱਧੀ ਰਾਤ ਬੀਤਣ ਤੇ ਮਹਾਂਕਾਲ਼ ਦੀ ਆਗਿਆ ਇਉਂ ਹੋਈ, ਕਵੀ ਲਿਖਦਾ ਹੈ-
ਅਰਧ ਰਾਤ੍ਰਿ ਬੀਤਤ ਭੀ ਜਬ ਹੀ। ਆਗਯਾ ਭਈ ਨਾਥ ਕੀ ਤਬ ਹੀ। ਸਵਾਸ ਬੀਰਜ ਦਾਨਵ ਜਬ ਮਰਿ ਹੈਂ । ਤਿਹ ਪਾਛੈ ਸੁੰਦਰੀ ਮੁਹਿ ਬਰਿ ਹੈਂ।35।
ਛੰਦ ਨੰਬਰ 36 ਤੋਂ 51 ਵਿੱਚ ਦੁਲਹ ਦੇਈ ਸਵਾਸ ਬੀਰਜ ਦੈਂਤ ਦਾ ਮੁਕਾਬਲਾ ਕਰਦੀ ਹੈ। ਨਵੇਂ ਨਵੇਂ ਹੋਰ ਦੈਂਤ ਬਣੀ ਜਾਦੇ ਹਨ ਤੇ ਦੂਲਹ ਦੇਈ ਹਾਰ ਕੇ ਮਹਾਂਕਾਲ਼ ਨੂੰ ਯਾਦ ਕਰਸੀ ਹੈ ਜਿਸ ਨਾਲ਼ ਉਸ ਨੇ ਵਿਆਹ ਰਚਾਉਣਾ ਹੈ।

ਦੂਲਹ ਦੇਈ ਸੁੰਦਰੀ ਮਹਾਂਕਾਲ਼ ਨੂੰ ਬੇਨਤੀ ਕਰਦੀ ਹੈ:
ਦੂਲਹ ਦੇਈ ਮਹਾਂਕਾਲ਼ ਅੱਗੇ ਬਿਲਕੁਲ ਉਸੇ ਤਰ੍ਹਾਂ ਹੀ ਬੇਨਤੀ ਕਰਦੀ ਹੈ, ਜਿਸ ਤਰ੍ਹਾਂ ਕਵੀ ਅੱਗੇ ਜਾ ਕੇ ‘ਕਬਿਯੋ ਬਾਚ ਬੇਨਤੀ ਚੌਪਈ’ ਵਿੱਚ ਕਰਦਾ ਹੈ। ਕਵੀ ਲਿਖਦਾ ਹੈ-

ਪੰਨਾਂ ਅਖੌਤੀ ਦਸਮ ਗ੍ਰੰਥ 1363:
ਚਿਤ ਮੈ ਕੀਆ ਕਾਲਕਾ ਧਿਆਨਾ। ਦਰਸਨ ਦੀਆ ਆਨਿ ਭਗਵਾਨਾ(ਮਹਾਂਕਾਲ਼)।
ਕਰਿ ਪ੍ਰਨਾਮ ਚਰਨਨ ਉਠ ਪਰੀ। ਬਿਨਤੀ ਭਾਂਤ ਅਨਿਕ ਤਨ ਕਰੀ।
ਸੱਤਿ ਕਾਲ਼ ਮੈ ਦਾਸ ਤਿਹਾਰੀ। ਅਪਨੀ ਜਾਨਿ ਕਰੋ ਪ੍ਰਤਿਪਾਰੀ।
ਗੁਨ ਅਵਗੁਨ ਮੁਰ ਕਛੁ ਨਾ ਨਿਹਾਰਹੁ। ਬਾਹਿ ਗਹੇ ਕੀ ਲਾਜ ਨਿਹਾਰਹੁ।
ਹਮ ਹੈਂ ਸ਼ਰਨ ਤੋਰ ਮਹਾਂਰਾਜਾ(ਮਹਾਂਕਾਲ਼ ਦੇਵਤਾ)। ਤੁਮ ਕਹ ਬਾਹਿ ਬਹੇ ਕੀ ਲਾਜਾ।
54।

ਨੋਟ: ਚੌਪਈ ਵਿੱਚ ‘ਬਾਹਿ ਗਹੇ ਕੀ ਲਾਜ ਅਸ’ ਦੀ ਭਾਸ਼ਾ ਨੂੰ ਸਮਝੋ। ਇਹ ਮਹਾਂਕਾਲ਼ ਅੱਗੇ ਕੀਤੀ ਕਵੀ ਦੀ ਬੇਨਤੀ ਹੈ ਜਿਵੇਂ ਦੂਲਹ ਦੇਈ ਵੀ ਉਸੇ ਮਹਾਂਕਾਲ਼ ਨੂੰ ‘ ਤੁਮ ਕਹ ਬਾਹਿ ਗਹੇ ਕੀ ਲਾਜਾ’। ਮਹਾਂਕਾਲ਼ ਨੂੰ ਸੱਤਿਕਾਲ਼ ਵੀ ਕਿਹਾ ਹੈ। ‘ਦਾਸ ਤਿਹਾਰੀ’ ਵਾਕਅੰਸ਼ ਦੀ ਵਿਆਕਰਣਕ ਬਣਤਰ ਦੱਸਦੀ ਹੈ ਕਿ ਕਵੀ ਠੀਕ ਵਾਕ ਰਚਨਾਂ ਤੋਂ ਕੋਰਾ ਹੈ। ‘ਦਾਸ’ ਸ਼ਬਦ ਪੁਲਿੰਗ ਹੈ ਜਿਸ ਨਾਲ਼ ਤਿਹਾਰੀ ਸ਼ਬਦ ਨਹੀਂ ਜੋੜਿਆ ਜਾ ਸਕਦਾ। ਦੂਲਹ ਦੇਈ ਲਈ ਵਰਤਿਆ ਸ਼ਬਦ ‘ਦਾਸਿ’ ਹੋ ਸਕਦਾ ਹੈ ‘ਦਾਸ’ ਨਹੀਂ।

ਮਹਾਂਕਾਲ਼ ਬੇਨਤੀ ਸੁਣ ਕੇ ਹੜ ਹੜ ਕਰ ਕੇ ਹੱਸਦਾ ਹੈ:
ਇਹ ਬੇਨਤੀ ਸੁਣ ਕੇ ਮਹਾਂਕਾਲ਼/ਕਾਲ਼ ਹੜ ਹੜ ਕਰਕੇ ਹੱਸਿਆ ਜਿਵੇਂ-
ਹੜ ਹੜ ਸੁਨਤ ਕਾਲ਼ ਬਚ ਹਸਾ। ਭਗਤ ਹੇਤਿ ਕਟਿ ਸੌ ਅਸਿ ਕਸਾ। ਚਿੰਤ ਨਾ ਕਰ ਮੈ ਅਸੁਰ ਸੰਘਾਰਿਹੌ। ਸਕਲ ਸ਼ੋਕ ਭਗਤਨ ਕੋ ਹਰਿਹੌਂ।56।
ਮਹਾਂਕਾਲ਼ ਦੇਵਤੇ ਦੇ ਜੰਗ ਵਿੱਚ ਉੱਤਰਨ ਨਾਲ਼ ਉਸ ਦਾ ਦੈਂਤਾਂ ਨਾਲ਼ ਯੁੱਧ ਮਚਦਾ ਹੈ। ਇਹ ਯੁੱਧ ਬੰਦ ਨੰਬਰ 375 ਤਕ ਚਲਦਾ ਹੈ ਜਦੋਂ ਸ੍ਵਾਸ ਬੀਰਜ ਦੈਂਤ ਮਾਰਿਆ ਜਾਂਦਾ ਹੈ ਤੇ ਬੰਦ ਨੰਬਰ 376 ਵਿੱਚ ਮਹਾਂਕਾਲ਼ ਦੀ ਸਿਫ਼ਤਿ ਕਰਦਿਆਂ ਕਵੀ ਉਸ ਨੂੰ ਸ੍ਰੀ ਅਸਕੇਤ, ਲੋਗਨ ਕਾ ਰਾਜਾ, ਜਗਤ ਦਾ ਈਸ਼ਵਰ, ਗ਼ਰੀਬ ਨਿਵਾਜ਼ ਆਖਦਾ ਹੈ।

ਕਈ ਰਾਗੀਆਂ ਦੀ ਮਹਾਂ ਅਗਿਆਨਤਾ:
ਇਸ ਬੰਦ ਨੰਬਰ 376 ਨੂੰ ਕਈ ਅਗਿਆਨੀ ਰਾਗੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਲਈ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਸੰਗਤ ਵਿੱਚ ਗਾਉਂਦੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਲੋਂ ਪੈਂਦੀਆਂ ਗੁਰਮਤਿ ਦੀਆਂ ਚਪੇੜਾਂ ਦੀ ਵੀ ਪਰਵਾਹ ਨਹੀਂ ਕਰਦੇ। ਦੇਖੋ ਮਹਾਂਕਾਲ਼ ਦੇਵਤੇ ਦੀ ਸਿਫ਼ਤਿ ਵਿੱਚ ਲਿਖੇ ਇਹ ਦੋਵੇਂ ਬੰਦ-

ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤ ਜਗਤ ਕੇ ਈਸਾ। ਪੁਪਨ ਬ੍ਰਿਸਟਿ ਗਗਨ ਤੇ ਭਈ ਸਭਹਿਨ ਆਨਿ ਬਧਾਈ ਦਈ।375।
ਧੰਨਯ ਧੰਨਯ ਲੋਗਨ ਕੇ ਰਾਜਾ। ਦੁਸਟਨ ਦਾਹ ਗੀਰਬ ਨਿਵਾਜਾ।ਅਖਲ ਭਵਨ ਕੇ ਸਿਰਜਨ ਹਾਰੇ। ਦਾਸ ਜਾਨਿ ਮੁਹਿ ਲੇਹੁ ਉਬਾਰੇ।376

ਯੁੱਧ ਵਿੱਚ ਗਪੌੜੀ ਕਰਾਮਾਤਾਂ:
ਯੁੱਧ ਦਰਮਿਆਨ ਕਈ ਅਣਹੋਣੀਆਂ ਕਰਾਮਾਤੀ ਘਟਨਾਵਾਂ ਵਾਪਰਦੀਆਂ ਹਨ। ਪੜ੍ਹੋ ਕੁੱਝ ਕੁ ਅਜਿਹੇ ਗਪੌੜੇ- ਮਹਾਂਕਾਲ਼ ਦਾ ਪਸੀਨਾ ਡਿਗਿਆ ਤੇ ਭੱਟਾਚਾਰਯ ਪੈਦਾ ਹੋ ਗਿਆ।
ਇਵੇਂ ਹੀ -

- ਸੈਨ ਢਾਢੀ ਪੈਦਾ ਹੋ ਗਿਆ ਜੋ ਮਹਾਂਕਾਲ਼ ਦੀਆਂ ਸਿਫ਼ਤਾਂ ਦੀ ਵਾਰ ਗਾਉਣ ਲੱਗ ਪਏ (ਬੰਦ 110),
- ਦੈਂਤ ਪੂਰੇ ਸਰੋਵਰ ਜਿੰਨੀ ਸ਼ਰਾਬ ਪੀਣੇ (ਬੰਦ 136),
- ਅਪੱਛਰਾਵਾਂ ਦਾ ਯੋਧਿਆਂ ਨਾਲ਼ ਵਿਆਹ ਰਚਾਉਣਾ (ਬੰਦ 164),
- ਦੈਂਤਾਂ ਨੇ ਮੂੰਹ ਵਿੱਚੋਂ ਅੱਗ ਕੱਢੀ ਤੇ ਸ਼ਸਤਰਧਾਰੀ ਪਠਾਨ ਅਤੇ ਮੁਗਲ ਪੈਦਾ ਹੋ ਗਏ (ਬੰਦ 198),
- ਮੂੰਹ ਵਿੱਚੋਂ ਸੁਆਸ ਕੱਢਣ ਤੇ ਕ੍ਰੋਧੀ ਸਯਦ ਅਤੇ ਸ਼ੇਖ਼ ਪੈਦਾ ਹੋ ਗਏ ਜੋ ਦੈਂਤਾਂ ਦੀ ਮੱਦਦ ਕਰਨ ਲੱਗੇ (ਬੰਦ 199),
- ਸ਼ੇਖ਼ਾਂ ਵਿੱਚੋਂ ਸ਼ੈਖ਼ ਫ਼ਰੀਦ ਵੀ ਮਾਰਿਆ ਗਿਆ (ਬੰਦ -219),
- ਸਿਰ ਲੱਥੇ ਹੋਇਆਂ ਦਾ ਧੜਾਂ ਨਾਲ਼ ਹੀ ਘੁੰਮਣਾ ਫਿਰਨਾ (ਬੰਦ-221),
- ਮਹਾਂਕਾਲ਼ ਅਸਧੁਜ ਨੇ ਹੁਅੰ ਸ਼ਬਦ ਕਿਹਾ ਤੇ ਭਿਆਨਕ ਬਿਮਾਰੀਆਂ ਜਿਵੇਂ- (ਬੰਦ-234)
- ਫਿਰ ਤਮਾਸ਼ਾ ਕੀਤਾ ਤਾਂ ਜੜੀਆਂ ਬੂਟੀਆਂ ਬਣ ਗਈਆਂ (ਬੰਦ ਨੰਬਰ 247-52)

ਕਵੀ ਨੇ ਸ਼ਿਵ ਜੀ ਦੇ ਜੋਤ੍ਰਿਲਿੰਗਮ ਦੂਲਹ ਦੇਈ ਸੁੰਦਰ ਔ਼ਰਤ ਦੇ ਪਿਆਰੇ ਮਹਾਂਕਾਲ਼ ਨੂੰ ਕਈ ਨਾਵਾਂ ਨਾਲ਼ ਲੜਦਾ ਲਿਖਿਆ ਹੈ-
1. ਮਹਾਂਕਾਲ਼ ਦੇਵਤਾ ਦੇਵਤੇ ਨੂੰ ਖੜਗਕੇਤ ਲਿਖਿਆ:
ਖੜਗਕੇਤ ਅਸੁ ਕੀਆ ਤਮਾਸਾ। 247
ਖੜਗਕੇਤ ਪਰ ਕਛੁ ਨ ਬਸਾਏ। 261

2. ਮਹਾਂਕਾਲ਼ ਦੇਵਤਾ ਨੂੰ ਕਾਲ਼ ਲਿਖਿਆ:
ਬਾਇ ਅਸਤ੍ਰ ਲੈ ਕਾਲ ਚਲਾਯੋ। 255

3. ਮਹਾਕਾਲ ਦੇਵਤਾ ਅਸਿਧੁਜ ਵੀ ਹੈ:
ਪੁਨਿ ਅਸਿਧੁਜ ਤਨ ਕਰੀ ਲਰਾਈ। 262
ਧੰਨ੍ਯ ਧੰਨ੍ਯ ਅਸਿਧੁਜ ਕੌ ਕਹੈਂ। 263
ਅਸਿਧੁਜ ਜੂ ਕੋਪਾ ਜਬ ਹੀ ਰਨ। 280

4. ਮਹਾਕਾਲ਼ ਦੇਵਤਾ ਅਸਕੇਤ ਵੀ ਹੈ:
ਆਨਿ ਪ੍ਰਲੈ ਦਿਨ ਸੋ ਪ੍ਰਗਟਯੋ ਸਿਤ ਸਾਇਕ ਲੈ ਅਸਿਕੇਤ ਰਿਸਾਨੇ। 271

5. ਮਹਾਕਾਲ ਦੇਵਤਾ ਖੜਗਾਧੁਜ ਵੀ ਹੈ:
ਆਨਿ ਅਰੇ ਖੜਗਾ ਧੁਜ ਸੌ ਨ ਚਲੈ ਪਗੁ ਦ੍ਵੈ ਬਿਮੁਖਾਹਵ ਹ੍ਵੈ ਕੈ। 277

6. ਦੂਲਹ ਦੇਈ ਵਰਨ ਲਈ ਕੌਣ ਲੜਦਾ ਹੈ? ਅਕਾਲਪੁਰਖ ਕਿ ਮਹਾਂਕਾਲ਼ ਦੇਵਤਾ?
ਮਹਾਂਕਾਲ਼ ਲੜਦਾ ਹੈ:
ਤਾਂ ਹੀ ਤੇ ਦਾਨਵ ਬਹੁ ਭਏ। ਸਨਮੁਖ ਮਹਾਕਾਲ਼ ਕੇ ਧਏ। 303

ਚਲਦਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top