ਪਤਾ ਨਹੀਂ ਗੁਰੂ ਜੀ
ਤੁਹਾਡੀ ਮੌਜ ਸੀ ਕਿ ਮਜਬੂਰੀ
ਚਾਰ ਸਿੰਘ ਬੁਲਾ ਲੈਂਦੇ
ਗ਼ੈਰ ਮਜ਼ਹਬ ਗਨੀ ਨਬੀ ਖਾਨਾਂ ਨੂੰ
ਕਾਹਨੂੰ ਚੁਕਾ ਤੁਰੇ ਮੰਜੀ
ਜਿਸ 'ਤੇ ਆਪ ਦੀ ਪਾਵਨ ਹਜ਼ੂਰੀ,
ਪਰ ਤੁਸੀਂ ਤਾਂ ਦਰਬਾਰ ਵਿੱਚ ਵੀ
ਵੰਨ ਸੁਵੰਨੇ ਕਵੀ ਕਵੀਸ਼ਰਾਂ ਨੂੰ
ਚਮਲਾਈ ਰੱਖਦੇ ਸੀ
ਏਧਰ ਓਧਰ ਦੇ ਗੈਰ ਮਜ਼ਹਬਾਂ ਨੂੰ ਵੀ
ਗਾਉਣ ਲਾਈ ਰੱਖਦੇ ਸੀ,
|
ਪਰ
ਸਾਡੀ ਮਰਿਆਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ ਕਿਰਪਾਨ ਜ਼ਰੂਰੀ,
ਅਸੀਂ ਰਹਿਤ ਪੱਕੀ ਰੱਖਦੇ
ਰਹਿਤੀ ਹੱਥੋਂ ਹੀ ਛੱਕਦੇ
ਪੂਰਾ ਪਰਹੇਜ਼ ਕਰਦੇ ਹਾਂ
ਪਰ ਸਾਹਿਬਜ਼ਾਦਿਆਂ ਦਾ ਲਿਹਾਜ਼ ਤੇ ਹੇਜ ਕਰਦੇ ਹਾਂ
ਆਖਦੇ ਹਾਂ ਕਿ ਉਹਨਾਂ ਦੀ ਸਿੱਖੀ
ਵਜੀਦੇ ਦੇ ਦਰਬਾਰ ਵਿੱਚ
ਸਰਹੰਦ ਦੀ ਦੀਵਾਰ ਵਿੱਚ
ਵੀ ਨਹੀਂ ਸੀ ਟੁੱਟੀ
ਪਰ ਸੱਚ ਪੁੱਛੋਂ ਉਹ ਸਿੱਖੀ ਤਾਂ
ਠੰਡੇ ਬੁਰਜ ਵਿਚ ਹੀ ਮੋਤੀ ਮਹਿਰੇ ਬੇਅੰਮ੍ਰਿਤੀਏ ਹੱਥੋਂ
ਦੁੱਧ ਪੀਣ ਨਾਲ ਗਈ ਸੀ ਭਿੱਟੀ
ਤੁਹਾਡੇ ਮੂੰਹ ਨੂੰ ਅਜਿਹਾ ਕਹਿਣ ਤੋਂ ਗੁਰੇਜ਼ ਕਰਦੇ ਹਾਂ |
ਤੁਸੀਂ
ਬੜੀ ਘੌਲ਼ ਕੀਤੀ
ਅਸੀਂ ਮਰਿਆਦਾ ਅਨੁਸਾਰ
ਉਚੇਚੀ ਗੌਰ ਕੀਤੀ
ਮਾਤਾ ਗੁਜਰੀ ਦਾ ਨਾਂ ਗੁਜਰ ਕੌਰ ਕੀਤਾ
ਮਾਤਾ ਸੁੰਦਰੀ ਸੁੰਦਰ ਕੌਰ ਕੀਤੀ,
ਗੁੱਸਾ ਨਾ ਕਰਨਾ
ਅਸੀਂ ਵਕਤ ਨੂੰ
ਪੁੱਠਾ ਗੇੜ ਚੜ੍ਹਾਉਣਾ ਹੈ
ਸੋਲਾਂ ਸੌ ਨੜਿਨਵੇਂ ਨੂੰ ਧੱਕ ਕੇ
ਚੌਦਾਂ ਸੌ ਉਣੱਤਰ 'ਤੇ ਪਹੁੰਚਾਉਣਾ ਹੈ
ਮਰਦਾਨੇ, ਰਾਏ ਬੁਲਾਰ, ਭਾਈ ਗੁਰਦਾਸ ਨੂੰ
ਗੁਰੂ ਵਾਲੇ ਬਣਾਉਣਾ ਹੈ
ਪਹਿਲਾਂ 24 ਸਾਲਾ ਵਕਫਾ ਮਿਟਾਵਾਂਗੇ
ਮਤੀ ਸਤੀ ਦਾਸ ਦਿਆਲੇ ਨੂੰ ਸਿੰਘ ਸਜਾਵਾਂਗੇ,,,,,,,,,
ਬੁੱਧੂ ਸ਼ਾਹ ਘਨੱਈਏ ਟੋਡਰ ਮੱਲ ਨੂਰੇ ਮਾਹੀ ਦੀ ਵੀ
ਗੱਲ ਸਿਰੇ ਲਾ ਕੇ ਛੱਡਾਂਗੇ
ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ
ਅਮ੍ਰਿੰਤ ਛਕਾ ਕੇ ਛੱਡਾਂਗੇ...
ਦੇਖੀਂ, ਪੰਥ ਤੇਰੇ ਦੀਆਂ ਗੂੰਜਾਂ,,,,,,,,,, |