Share on Facebook

Main News Page

ਸੰਪਟ ਬਨਾਮ ਛੰਤ
-: ਸਰਵਜੀਤ ਸਿੰਘ ਸੈਕਰਾਮੈਂਟੋ

ਧਰਮ ਪ੍ਰਚਾਰ ਕਮੇਟੀ ਵੱਲੋਂ ਛਪਵਾ ਕੇ ਮੁਫ਼ਤ ਵੰਡੀ ਜਾਂਦੀ ‘ਸਿੱਖ ਰਹਿਤ ਮਰਯਾਦਾ’ ਵਿੱਚ ਅਖੰਡ ਪਾਠ ਦੇ ਸਿਰਲੇਖ ਹੇਠ ਇਹ ਸਪੱਸ਼ਟ ਤੌਰ 'ਤੇ ਦਰਜ ਹੈ, “ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ”। ਇਥੇ ਨਾਲ-ਨਾਲ ਤੋਂ ਭਾਵ ਕਿ ਅਖੰਡ ਪਾਠ ਵੇਲੇ, ਜਪੁਜੀ ਸਾਹਿਬ ਜਾਂ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਅਤੇ ਵਿੱਚ-ਵਿੱਚ ਤੋਂ ਭਾਵ ਹੈ ਕਿ ਕਿਸੇ ਖਾਸ ਸ਼ਬਦ ਜਾਂ ਪੰਗਤੀਆਂ ਦਾ ਪਾਠ ਕਰਨਾ ਭਾਵ ਸੰਪਟ ਲਾਉਣਾ, ਮਨਮੱਤ ਹੈ।

ਕਈ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਸਧਾਰਨ ਪਾਠ ਦੇ ਅਰੰਭ ਵੇਲੇ ਦੇਸੀ ਘਿਓ ਦੀ ਜੋਤ, ਕੁੰਭ (ਘੜਾ), ਕੁੰਭ ਉਤੇ ਲਾਲ ਕੱਪੜੇ 'ਚ ਲਪੇਟ ਕੇ ਨਾਰੀਅਲ, ਘੜੇ ਥੱਲੇ ਰੇਤਾ ਅਤੇ ਰੇਤੇ ਵਿਚ ਬੀਜੇ ਹੋਏ ਜੌਂ ਤਾਂ ਮੈਂ ਵੀ ਵੇਖੇ ਹਨ। ਅੱਜ ਕੱਲ ਖਾਸ ਕਰ ਵਿਦੇਸ਼ਾਂ 'ਚ, ਰੇਤ ਅਤੇ ਜੌਂ ਦਾ ਰਿਵਾਜ ਤਾਂ ਨਹੀ ਹੈ, ਪਰ ਕੁੰਭ ਦੀ ਥਾਂ ਪਲਾਸਟਿਕ ਦੀ ਕੇਨੀ ਨੇ ਲੈ ਲਈ ਹੈ। ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਬਾਣੀ ਦੇ ਲਗਾਤਾਰ ਪਾਠ ਦੇ ਨਾਲ-ਨਾਲ ਕਿਸੇ ਮੌਕੇ, ਖਾਸ ਪੰਗਤੀਆਂ ਦੇ ਉਚਾਣ ਕਰਨ ਦੀ ਮਨਮੱਤ ਵੀ ਕਈ ਡੇਰੇਦਾਰਾਂ ਵੱਲੋਂ ਪ੍ਰਚੱਲਤ ਕੀਤੀ ਹੋਈ ਹੈ। ਜਿਸ ਨੂੰ ਸੰਪਟ ਪਾਠ ਕਹਿੰਦੇ ਹਨ। ਕਈ ਜਥੇਬੰਦੀਆਂ ਵੱਲੋਂ ਤਾਂ ਆਪਣੀਆਂ ਲਿਖਤਾਂ ਵਿੱਚ ਸੰਪਟ ਪਾਠ ਦੀ ਵੱਖਰੀ ਮਰਯਾਦਾ ਵੀ ਲਿਖੀ ਹੋਈ ਹੈ।

ਸੰਪਟ ਪਾਠ:- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਜਾਂ ਨਿਰੰਤਰ ਪਾਠ ਕਰਨ ਦੀ ਖਾਸ ਵਿਧੀ ਹੈ ਜਿਸ ਵਿਚ ਪਾਠ ਕਰਦੇ ਸਮੇਂ ਹਰੇਕ ਪੂਰਨ ਸ਼ਬਦ ਉਪਰੰਤ ਇਕ ਸ਼ਬਦ ਜਾਂ ਸਲੋਕ (ਜੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਵਿਚੋਂ ਆਪਣੇ ਆਪ ਚੁਣਿਆ ਜਾਂ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ) ਸੰਪਟ ਪਾਠ ਦੇ ਪ੍ਰਾਰੰਭ ਤੋਂ ਸਮਾਪਤੀ ਤਕ ਉਚਾਰਿਆ ਜਾਂਦਾ ਹੈ। ਇਹ ਪਾਠ ਇਕ ਪਰਦੇ ਵਾਲੇ ਕਮਰੇ ਵਿਚ ਕੀਤਾ ਜਾਂਦਾ ਹੈ ਤਾਂ ਕਿ ਪਾਠੀ ਦੀ ਅਵਾਜ਼ ਕਮਰੇ ਦੇ ਬਾਹਰ ਤਾਂ ਸੁਣੀ ਜਾਂ ਸਕੇ ਪਰ ਪਾਠੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ, ਬਾਹਰ ਬੈਠੀ ਸੰਗਤ ਦੇ ਸਾਹਮਣੇ ਨਾ ਹੋਣ। ਹਿੰਦੂ ਪਰੰਪਰਾ ਅਨੁਸਾਰ ਜੇ ਕੋਈ ਮੰਤਰ ਕਿਸੇ ਰਹੱਸਵਾਦੀ ਸ਼ਬਦ ਜਾਂ ਮੰਤਰ ਦੇ ਆਦਿ ਤੇ ਅੰਤ ਵਿਚ ਹੋਵੇ ਤਾਂ ਉਸ ਨੂੰ ਸੰਪਟ ਮੰਤਰ ਕਿਹਾ ਜਾਂਦਾ ਹੈ।

"ਸੰਪਟ" ਦਾ ਸ਼ਾਬਦਿਕ ਅਰਥ ਉਹ ਡੱਬਾ ਜਾਂ ਸੰਦੂਕ ਹੈ, ਜਿਸ ਵਿਚ ਸ਼ਰਧਾ ਵਾਨ ਹਿੰਦੂ ਆਪਣੀਆਂ ਦੇਵ-ਮੂਰਤੀਆਂ ਜਾਂ ਠਾਕਰਾਂ ਨੂੰ ਰੱਖਦੇ ਹਨ। ਸੰਪਟ ਪਾਠ ਪੂਰਾ ਕਰਨ ਵਿਚ ਅਖੰਡ ਪਾਠ ਤੋਂ ਦੋ ਗੁਣਾਂ ਜਾਂ ਇਸ ਤੋਂ ਵੀ ਕੁਝ ਵੱਧ ਸਮਾਂ ਲਗਦਾ ਹੈ”। (ਸਿੱਖ ਧਰਮ ਵਿਸ਼ਵ ਕੋਸ਼, ਪਬਲੀਕੇਸ਼ਨ ਬਿਊਰੋ)

ਜਿਵੇ ਪਬਲੀਕੇਸ਼ਨ ਬਿਉਰੋ ਵੱਲੋਂ ਛਾਪੇ ਗਏ “ਸਿੱਖ ਧਰਮ ਵਿਸ਼ਵ ਕੋਸ਼” ਵਿਚ ਦਰਜ ਪ੍ਰੀਭਾਸ਼ਾ ਤੋਂ ਹੀ ਸਪੱਸ਼ਟ ਹੈ ਕਿ ਪੁਜਾਰੀ ਸ਼ਰਧਾਲੂਆਂ ਦੀ ਮੰਗ ਜਾਂ ਲੋੜ ਮੁਤਾਬਕ ਕੁਝ ਖਾਸ ਪੰਗਤੀਆਂ ਦੀ ਚੋਣ ਕਰਕੇ, ਪਾਠ ਦੇ ਨਾਲ-ਨਾਲ ਹਰ ਸ਼ਬਦ ਤੋਂ ਪਿਛੋਂ, ਉਨ੍ਹਾਂ ਪੰਗਤੀਆਂ ਦਾ ਪਾਠ ਕਰਦੇ ਹਨ। ਫਰਜ਼ ਕਰੋ ਕਿਸੇ ਨੇ ਸਰੀਰਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਸੰਪਟ ਪਾਠ ਕਰਵਾਉਣਾ ਹੈ ਤਾਂ, “ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ “ ਪੰਗਤੀ ਦਾ ਸੰਪਟ ਵੀ ਲਾਇਆ ਜਾ ਸਕਦਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਾਣੀ ਲਿਖਣ ਦੀ ਜੋ ਤਰਤੀਬ ਗੁਰੂ ਸਾਹਿਬ ਜੀ ਨੇ ਵਰਤੀ ਸੀ, ਉਸ ਦੀ ਉਲੰਘਣਾ ਕਰਨ ਦਾ ਅਧਿਕਾਰ ਡੇਰੇਦਾਰ ਬਾਬਿਆਂ ਨੂੰ ਕਿਸ ਨੇ ਦਿੱਤਾ ਹੈ? ਇਹ ਨਿਰੋਲ ਮਨਮੱਤ ਹੈ। ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਅਖੌਤੀ ਬਾਬਿਆਂ ਦੇ ਪਿਛੇ ਲੱਗ ਕੇ ਮਨਮੱਤ ਕਰਨ ਦੀ ਬਿਜਾਏ, ਸਿੱਖ ਰਹਿਤ ਮਰਯਾਦਾ 'ਚ ਦਿੱਤੇ ਗਏ ਉਪਦੇਸ਼ ਮੁਤਾਬਕ ਆਪ ਸਧਾਰਨ ਪਾਠ ਕੀਤਾ ਜਾਵੇ। ਤਾਂ ਜੋ ਬਾਣੀ ਨੂੰ ਸਮਝ ਕੇ ਉਸ ਤੇ ਅਮਲ ਕੀਤਾ ਜਾ ਸਕੇ।

ਛੰਤ: ਇਹ ਸੰਸਕ੍ਰਿਤ ਦੇ ‘ਛੰਦਸ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਤਾਤਪਰਜ ਹੈ ਮਾਤ੍ਰਾ, ਵਰਣ , ਯਤੀ ਆਦਿ ਦੇ ਨਿਯਮਾਂ ਨਾਲ ਯੁਕਤ ਵਾਕ। ਲੋਕ-ਜੀਵਨ ਵਿਚ ਇਸ ਦੀ ਵਰਤੋਂ ਉਨ੍ਹਾਂ ਲੋਕ-ਗੀਤਾਂ ਲਈ ਹੁੰਦੀ ਹੈ ਜੋ ਵਿਆਹ ਦੇ ਮੌਕੇ ਉਤੇ ਲਾੜ੍ਹਾ ਆਪਣੀਆਂ ਸਾਲੀਆਂ ਨੂੰ ਸੁਣਾਉਂਦਾ ਹੈ। ਇਸ ਤੱਥ ਦੇ ਪ੍ਰਕਾਸ਼ ਵਿਚ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੀ ‘ਛੰਤ’ ਬਾਣੀ ਦੇ ਗੰਭੀਰ ਅਧਿਐਨ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ‘ਛੰਤ’ ਸਿਰਲੇਖ ਆਮ ਤੌਰ ’ਤੇ ਉਨ੍ਹਾਂ ਮਾਂਗਲਿਕ ਪਦਿਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਵਿਚ ਜੀਵਾਤਮਾ ਰੂਪੀ ਨਾਇਕਾ ਦੇ ਬਿਰਹੋਂ ਦੇ ਅਨੁਭਵ, ਸੰਜੋਗ ਦੀ ਅਭਿਲਾਸ਼ਾ, ਪ੍ਰੀਤਮ ਦੀ ਉਡੀਕ ਅਤੇ ਕਦੇ ਕਦੇ ਪ੍ਰਾਪਤ ਹੋਏ ਸੰਯੋਗ-ਸੁਖ ਦੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਗਿਆ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਛੰਤਾਂ ਵਿਚੋਂ ਅਧਿਕਾਂਸ਼ ਚਾਰ ਪਦਿਆਂ ਦੇ ਸਮੁ'ਚ ਹਨ, ਕਿਤੇ-ਕਿਤੇ ਚਾਰ ਤੋਂ ਅਧਿਕ ਪਦੇ ਵੀ ਇਕ ਛੰਤ-ਸਮੁ'ਚ ਵਿਚ ਸ਼ਾਮਲ ਕੀਤੇ ਮਿਲਦੇ ਹਨ। ਇਸ ਲਈ ਛੰਤ ਵਾਸਤੇ ਪਦਿਆਂ ਦੀ ਕੋਈ ਖ਼ਾਸ ਗਿਣਤੀ ਨਿਸ਼ਚਿਤ ਨਹੀਂ, ਨ ਹੀ ਇਸ ਦੇ ਨਾਂ ਵਿਚ ਕੋਈ ਗਿਣਤੀ ਸੂਚਕ ਸੰਕੇਤ ਹੈ।

ਆਮ ਤੌਰ ‘ਤੇ ਛੰਦ ਦੇ ਹਰ ਇਕ ਪਦੇ ਵਿਚ ਛੇ ਤੁਕਾਂ ਰਹਿੰਦੀਆਂ ਹਨ। ਪਰ ਤੁਕਾਂ ਦੀ ਗਿਣਤੀ ਵੱਧ-ਘਟ ਵੀ ਮਿਲਦੀ ਹੈ। ਤੁਖਾਰੀ ਰਾਗ ਵਿਚ ਦਰਜ ‘ਬਾਰਹਮਾਹ’ ਨੂੰ ‘ਛੰਤ’ ਸਿਰਲੇਖ ਦਿੱਤਾ ਗਿਆ ਹੈ। ਉਸ ਵਿਚ ਛੇ ਛੇ ਤੁਕਾਂ ਦੇ 17 ਪਦੇ ਹਨ। ਇਨ੍ਹਾਂ ਛੰਤਾਂ ਵਿਚ ਲੋਕ-ਗੀਤਾਂ ਦੀ ਪਰੰਪਰਾ ਵਿਚ ਕੁਝ ਸ਼ਬਦਾਂ ਜਾਂ ਤੁਕਾਂਸ਼ਾਂ ਦੀ ਪੁਨਰਾਵ੍ਰਿਤੀ ਵੀ ਹੋਈ ਹੈ। ਆਸਾ ਰਾਗ ਵਿਚ ਦਰਜ ਗੁਰੂ ਰਾਮਦਾਸ ਜੀ ਦੇ ਲਿਖੇ ‘ਛਕੇ ਛੰਤ’ (ਵੇਖੋ) ਬਹੁਤ ਪ੍ਰਸਿੱਧ ਹਨ। ਉਨ੍ਹਾਂ ਨੂੰ ‘ਆਸਾ ਕੀ ਵਾਰ’ ਨਾਲ ਗਾਇਆ ਜਾਂਦਾ ਹੈ। (ਡਾ. ਰਤਨ ਸਿੰਘ ਜੱਗੀ, ਸਰੋਤ : ਸਿੱਖ ਪੰਥ ਵਿਸ਼ਵ ਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ)

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਸਾ ਰਾਗ ਵਿਚ ਕੁਲ 36 ਛੰਤ (ਮ:੧ ਦੇ 5, ਮ:੩ ਦੇ 2, ਮ:੪ ਦੇ 14, ਅਤੇ ਮ: ੫ ਦੇ 15) ਦਰਜ ਹਨ। ਗੁਰੂ ਰਾਮ ਦਾਸ ਜੀ ਵੱਲੋਂ ਉਚਾਰਨ ਕੀਤੇ ਗਏ 14 ਛੰਤਾਂ ਵਿਚੋਂ 6 ਛੰਤ (8 ਤੋਂ 13) ਦਾ ਗਾਇਨ, “ਆਸਾ ਕੀ ਵਾਰ” ਨਾਲ ਕੀਤਾ ਜਾਂਦਾ ਹੈ। ‘ਆਸਾ ਕੀ ਵਾਰ’ ਗੁਰੂ ਨਾਨਕ ਜੀ ਵੱਲੋਂ ਬਖ਼ਸ਼ਿਸ਼ ਕੀਤੀ ਹੋਈ ਹੈ। ਇਸ ਵਾਰ ਦੀਆ ਕੁਲ 24 ਪਉੜੀਆਂ ਹਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵੇਲੇ, ਹੋਰ ਵਾਰਾਂ ਦੀ ਤਰ੍ਹਾਂ ਆਸਾ ਕੀ ਵਾਰ ਨਾਲ ਵੀ 58 ਸਲੋਕ ਦਰਜ ਕੀਤੇ ਹਨ। ਇਨ੍ਹਾਂ ਵਿੱਚ 43 ਮ: ਪਹਿਲਾ ਅਤੇ 15 ਮ: ਦੂਜਾ ਦੇ ਉਚਾਰਨ ਕੀਤੇ ਹੋਏ ਹਨ। ਅਠਾਰਾਂ ਪਉੜੀਆਂ ਨਾਲ ਦੋ-ਦੋ ਸਲੋਕ, ਤਿੰਨ ਪਉੜੀਆਂ ਨਾਲ ਤਿੰਨ-ਤਿੰਨ ਸਲੋਕ, ਦੋ ਪਉੜੀਆਂ ਨਾਲ ਚਾਰ-ਚਾਰ ਅਤੇ ਇਕ ਪਉੜੀ ਨਾਲ ਪੰਜ ਸਲੋਕ ਹਨ। ਇਹ ਹੈ ਗੁਰੂ ਅਰਜਨ ਦੇਵ ਜੀ ਵੱਲੋਂ ਪ੍ਰਵਾਨੀ ਗਈ ਬਾਣੀ ਦਰਜ ਕਰਨ ਦੀ ਤਰਤੀਬ।

ਦਰਬਾਰ ਸਾਹਿਬ ਤੋਂ ਆਸਾ ਕੀ ਵਾਰ ਦਾ ਕੀਰਤਨ ਸੁਣ ਰਿਹਾ ਸੀ ਤਾਂ ਧਿਆਨ ਵਿੱਚ ਆਇਆ ਕਿ ਰਾਗੀ ਸਿੰਘ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਸਾ ਕੀ ਵਾਰ ਮੁਤਾਬਕ ਕੀਰਤਨ ਹੀ ਨਹੀਂ ਕਰ ਰਹੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਆਸਾ ਕੀ ਵਾਰ;

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਆਸਾ ਮਹਲਾ 1॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥
ਸਲੋਕੁ ਮ: 1॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ (ਪੰਨਾ 462) ਤੋਂ ਅਰੰਭ ਹੁੰਦੀ ਹੈ,

...ਪਰ ਰਾਗੀ ਜਥੇ ਤਾਂ, ੴ ਸਤਿਗੁਰ ਪ੍ਰਸਾਦਿ॥ ਆਸਾ ਮਹਲਾ ੪ ਛੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ (ਪੰਨਾ 448) ਤੋਂ ਅਰੰਭ ਕਰਦੇ ਹਨ। ਜਦੋਂ ਵਾਰ ਦੀਆਂ ਚਾਰ ਪਉੜੀਆਂ ਦਾ ਕੀਰਤਨ ਪੂਰਾ ਹੁੰਦਾ ਹੈ ਤਾਂ ਆਪਣੀ-ਆਪਣੀ ਪਸੰਦ ਦੇ ਇਕ ਸ਼ਬਦ ਦਾ ਕੀਰਤਨ ਕਰਦੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜੇਹਾ ਕਿਉਂ ਹੋ ਰਿਹਾ ਹੈ। ਕੀਰਤਨੀ ਜਥਿਆਂ ਨੂੰ ਗੁਰੂ ਅਰਜਨ ਦੇਵ ਜੀ ਵੱਲੋਂ ਇਕ ਖਾਸ ਤਰਤੀਬ ਨਾਲ ਦਰਜ ਕੀਤੀ ਗਈ ਬਾਣੀ ਵਿੱਚ ਕੀ ਕਮੀ ਨਜ਼ਰ ਆਈ ਕਿ ਉਨ੍ਹਾਂ ਨੂੰ ਇਹ ਬਦਲਣੀ ਪਈ?

ਮੇਰੇ ਪਾਸ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ 1912 ਈ: ਵਿੱਚ ਛਾਪੀ ਗਈ “ਆਸਾ ਦੀ ਵਾਰ ਛੰਤ ਤੇ ਸ਼ਬਦਾਂ ਸਮੇਤ” ਕਿਤਾਬ ਹੈ। ਇਸ ਕਿਤਾਬ ਵਿੱਚ ਹਰ ਪਉੜੀ ਤੋਂ ਪਿਛੋਂ ਇਕ ਸ਼ਬਦ ਛਪਿਆ ਹੋਇਆ ਹੈ। ਇਸ ਦਾ ਭਾਵ ਹੈ ਕਿ ਅੱਜ ਤੋਂ 100 ਸਾਲ ਪਹਿਲਾ ਕੀਰਤਨੀ ਜਥੇ ਹਰ ਪਉੜੀ ਤੋਂ ਪਿਛੋਂ ਸ਼ਬਦ ਪੜ੍ਹਦੇ ਹੋਣਗੇ।

ਹੁਣ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਹਰ ਪਉੜੀ ਦੀ ਥਾਂ ਚਾਰ ਪਉੜੀਆਂ ਤੋਂ ਪਿਛੋਂ ਸ਼ਬਦ ਪੜ੍ਹਨ ਦੀ ਰੀਤ ਕਿਸ ਨੇ ਅਤੇ ਕਦੋਂ ਅਰੰਭ ਕੀਤੀ ਗਈ ਹੋਏਗੀ? ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਸਿੱਖ ਰਹਿਤ ਮਰਯਾਦਾ ਬਣਾ ਕੇ 1945 ਈ: ਇਹ ਲਿਖ ਦਿੱਤਾ ਸੀ ਕਿ, “ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ” ਤਾਂ ਪਿਛਲੇ ਸੱਤ ਦਹਾਕਿਆਂ ਵਿਚ ਖ਼ੁਦ ਸ਼੍ਰੋਮਣੀ ਕਮੇਟੀ ਨੇ ਇਸ ਤੇ ਅਮਲ ਕਿਉਂ ਨਹੀ ਕੀਤਾ? ਦਰਬਾਰ ਸਾਹਿਬ ਵਿੱਚ ਰੋਜ਼ਾਨਾ ਉਨੀ ਘੰਟੇ (2.30 ਸਵੇਰ ਤੋਂ 9.15 ਰਾਤ) ਕੀਰਤਨ ਹੁੰਦਾ ਹੈ। ਜਿਸ ਵਿੱਚ ਆਸਾ ਕੀ ਵਾਰ ਦਾ ਕੀਰਤਨ ਤਿੰਨ ਘੰਟੇ (3.30 ਤੋਂ 6.30) ਵਿੱਚ ਪੂਰਾ ਹੁੰਦਾ ਹੈ। ਜਦੋਂ ਕਿ ਆਸਾ ਕੀ ਵਾਰ ਜਿਵੇ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕਰਵਾਈ ਹੈ, ਉਸ ਦਾ ਕੀਰਤਨ ਤਕਰੀਬਨ ਇਕ ਘੰਟੇ ਵਿੱਚ ਹੋ ਜਾਂਦਾ ਹੈ। ਜੇ ਕੋਈ ਜਥਾ, ਮਹਲਾ ੪ ਦੇ ਛੰਤਾਂ ਦਾ ਕੀਰਤਨ ਕਰਨਾ ਚਾਹੇ ਤਾਂ ਵੱਖਰੇ ਤੌਰ 'ਤੇ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਗੁਰੂ ਸਾਹਿਬ ਨੇ ਅੰਤਮ ਸਰੂਪ ਦਿੱਤਾ ਹੈ। ਵਾਰਾਂ ਦੀਆਂ ਪੌੜੀਆਂ ਨਾਲ ਸਲੋਕ ਗੁਰੂ ਸਾਹਿਬ ਨੇ ਦਰਜ ਕਰਵਾਏ ਹਨ, ਉਨ੍ਹਾਂ ਨਾਲ ਹੋਰ ਕੁੱਝ ਜੋੜਨਾ, ਭਾਵੇਂ ਭਾਣੀ ਵਿਚੋਂ ਹੀ ਕਿਉਂ ਨਾ ਹੋਵੇ, ਗੁਰੂ ਸਾਹਿਬ ਜੀ ਵੱਲੋਂ ਬਾਣੀ ਲਿਖਣ ਦੀ ਪ੍ਰਮਾਣਿਤ ਵਿਧੀ ਨਾਲ ਛੇੜ ਛਾੜ ਹੀ ਮੰਨੀ ਜਾਏਗੀ।

ਆਸਾ ਕੀ ਵਾਰ ਵਿੱਚ ਛੰਤ ਪੜ੍ਹਨੇ ਕਦੋਂ ਅਤੇ ਕਿਸ ਨੇ ਅਰੰਭ ਕੀਤੇ ਹੋਣਗੇ? ਇਹ ਸਵਾਲ ਮੈਂ ਕਈ ਜਥਿਆਂ ਨੂੰ ਪੁੱਛਿਆਂ ਹੈ, ਪਰ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ। ਮਹਾਨ ਕੋਸ਼ ਵਿਚ ਦਰਜ ਜਾਣਕਾਰੀ, ਜਿਸ ਨਾਲ ਗਿਆਨੀ ਹਰਬੰਸ ਸਿੰਘ ਨੇ (ਆਸਾ ਕੀ ਵਾਰ ਦਰਸ਼ਨ-ਨਿਰਣੈ, ਪੰਨਾ 18) ਸਹਿਮਤੀ ਪ੍ਰਗਟਾਈ ਹੈ, ਵੀ ਪਰਖ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਇਹ ਸੋਚਣਾ ਕਿ ਕੀਰਤਨ ਜਾਂ ਪਾਠ ਕਰਨ ਵੇਲੇ ਜਿਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਵਿੱਚ ਤਬਦੀਲੀ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿਚ ਕੋਈ ਫਰਕ ਨਹੀਂ ਪੈਂਦਾ, ਇਕ ਗਲਤਫਹਿਮੀ ਹੈ। ਬਾਣੀ ਅਸਲ ਵਿਚ ਗੁਰੂ ਸਾਹਿਬਾਨ ਜੀ ਦੇ ਬੋਲਾਂ ਦਾ ਸੰਗ੍ਰਿਹ ਹੈ। ਇਸ ਨਾਲ ਛੇੜ ਛਾੜ ਕਰਨ ਦਾ ਅਧਿਕਾਰ ਕਿਸੇ ਪਾਸ ਵੀ ਨਹੀਂ ਹੈ। ਗੁਰਬਾਣੀ ਦਾ ਪਾਠ ਅਤੇ ਕੀਰਤਨ ਉਸੇ ਤਰਤੀਬ ਵਿਚ ਹੋਣਾ ਚਾਹੀਦਾ ਹੈ ਜਿਸ ਤਰਤੀਬ ਨਾਲ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਕੀ ਇਕ ਛੰਤ ਦੇ ਚਾਰ ਪਦਿਆਂ ਨੂੰ ਵੱਖ-ਵੱਖ ਕਰਕੇ ਕੀਰਤਨ ਕਰਨਾ ਜਾਇਜ਼ ਹੈ?

ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਸਮੇਂ, ਨਾਲ-ਨਾਲ ਕਿਸੇ ਹੋਰ ਬਾਣੀ ਦਾ ਪਾਠ ਕਰਨਾ ਜਾਂ ਹਰ ਸ਼ਬਦ ਪਿਛੋਂ ਬਾਣੀ ਦੀ ਕਿਸੇ ਖਾਸ ਪੰਗਤੀ ਦਾ ਉਚਾਰਣ ਕਰਨਾ (ਸੰਪਟ ਲਾਉਣਾ) ਮਨਮੱਤ ਹੈ ਤਾਂ ਕੀਰਤਨ ਸਮੇਂ, ਗੁਰੂ ਅਰਜਨ ਦੇਵ ਜੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਈ ਗਈ ਆਸਾ ਕੀ ਵਾਰ ਦੀ ਤਰਤੀਬ ਨੂੰ ਭੰਗ ਕਰਕੇ ਛੰਤ ਅਤੇ ਹੋਰ ਸ਼ਬਦਾਂ ਦਾ ਕੀਰਤਨ ਕਰਨਾ, ਮਨਮੱਤ ਕਿਵੇਂ ਨਹੀਂ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top