Share on Facebook

Main News Page

ਭਾਰਤ; ਕਸ਼ਮੀਰ ਦੀ ਜੰਗ ਪੰਜਾਬ ਵਿਚ ਕਿਉਂ ਲੜਨਾ ਚਾਹੁੰਦਾ ਹੈ ? ਇਹ ਕਸ਼ਮੀਰ ਵਿੱਚ ਜਾਂ ਗੁਜਰਾਤ ਤੇ ਰਾਜਸਥਾਨ ਵਿੱਚ ਲੜੀ ਜਾਵੇ
-: ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.

ਸਤਿਕਾਰਯੋਗ ਭਾਰਤੀਓ, ਪੰਜਾਬ ਭਾਰਤ ਵੱਲੋਂ ਕੀਤੀ ਸਰਜੀਕਲ ਕਾਰਵਾਈ ਨੂੰ ਸਹੀ ਮੰਨਦਾ ਹੈ, ਪਰ ਜਿਵੇਂ ਦੀ ਇਸ ਨੂੰ ਲੈ ਕੇ ਹੋਛਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਇਹ ਉਕਸਾਊ ਅਤੇ ਮਨੁੱਖਤਾ ਤੋਂ ਨੀਵਾਂ ਕਰਮ ਹੈ। ਕੀ ਅਜਿਹਾ ਕਰਨ ਵਾਲੇ ਲੋਕ ਇਸ ਤੋਂ ਬਚ ਨਹੀਂ ਸਕਦੇ ?

ਅਮਰੀਕਾ ਨੇ ਵੀ ਕਾਰਵਾਈ ਕੀਤੀ ਸੀ ਤੇ ਬੜੀ ਸਟੀਕ ਕੀਤੀ ਸੀ, ਪਰ ਕਿਤਨੀ ਸਦਾਚਾਰ ਭਰੀ ਦ੍ਰਿੜ੍ਹਤਾ ਅਤੇ ਅਨੁਸ਼ਾਸਿਤ ਅਵਾਮ ਤੇ ਮੀਡੀਆ ਰਿਹਾ ਸੀ । ਭਾਰਤੀਆਂ ਹਿੰਦੁਤਵੀ ਤਾਕਤਾਂ ਨੂੰ ਕੀ ਹੋ ਗਿਆ ?

ਭਾਰਤ; ਪੰਜਾਬ ਵਿਚ ਕਸ਼ਮੀਰ ਦੀ ਜੰਗ ਕਿਉਂ ਲੜਨਾ ਚਾਹੁੰਦਾ ਹੈ ? ਕਸ਼ਮੀਰ ਦੀ ਜੰਗ ਕਸ਼ਮੀਰ ਵਿਚ ਹੀ ਕਿਉਂ ਨਹੀਂ ਲੜੀ ਜਾਂਦੀ। ਪਿੰਡ ਪੰਜਾਬ ਦੇ ਹੀ ਕਿਉਂ ਖ਼ਾਲੀ ਕਰਵਾਏ ਜਾਂਦੇ ਹਨ। ਸਰਕਾਰੀ ਦਹਿਸ਼ਤ ਪੰਜਾਬ ਵਿਚ ਹੀ ਕਿਉਂ ਫੈਲਾਈ ਜਾਂਦੀ ਹੈ ? ਐਲ.ਓ.ਸੀ LOC ਸਮੇਤ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ 3323 ਕਿੱਲੋਮੀਟਰ ਦੀ ਸਰਹੱਦ ਵਿਚੋਂ ਜੰਗ ਪੰਜਾਬ ਨਾਲ ਲੱਗਦੀ 461 ਕਿੱਲੋਮੀਟਰ ਦੀ ਸਰਹੱਦ ਤੇ ਹੀ ਕਿਉਂ ਲੜੀ ਜਾਵੇ ? ਇਹ ਗੁਜਰਾਤ, ਰਾਜਸਥਾਨ ਤੇ ਕਸ਼ਮੀਰ ਵਿਚ ਹੀ ਕਿਉਂ ਨਾ ਲੜੀ ਜਾਵੇ ? ਨਾਨਕ ਦੀ ਧਰਤੀ ਹੁਣ ਜੰਗ ਨਹੀਂ ਚਾਹੁੰਦੀ, ਨਾ ਕੋਈ ਬਾਬਰ ਚਾਹੁੰਦੀ ਹੈ ਨਾ ਜਾਬਰ ਚਾਹੁੰਦੀ ਹੈ। ਇਹ ਨਾ 1965 ਚਾਹੁੰਦੀ ਹੈ ਨਾਂਹ 1971 ਚਾਹੁੰਦੀ ਹੈ। ਇਹ ਤਾਂ ਹੁਣ 1948 ਵਿਚਲੇ ਕਸ਼ਮੀਰ ਵਿਚ ਭੇਜੇ ਗਏ ਸਿੱਖ ਸਪੂਤਾਂ ਦੇ ਅਜਾਈਂ ਬਲੀਦਾਨ ਦਾ ਦੁਹਰਾਓ ਵੀ ਨਹੀਂ ਚਾਹੁੰਦੀ। ਇਹ 1945 ਵਾਲਾ ਹੀਰੋਸ਼ੀਮਾ-ਨਾਗਾਸਾਕੀ ਵੀ ਨਹੀਂ ਚਾਹੁੰਦੀ, ਇਹ ਮਨੁੱਖੀ ਹੋਂਦ ਨੂੰ ਬਚਾਉਣਾ ਚਾਹੁੰਦੀ ਹੈ।

ਜਿਨ੍ਹਾਂ ਪਟਾਕੇ ਚਲਾਊ ਤੇ ਭੜਕਾਊ ਬਿਆਨ ਬਾਜ਼ਾਂ ਨੂੰ ਲੋੜ ਹੈ ਉਹ "ਜੰਗ" ਨੂੰ ਆਪਣੀ ਧਰਤੀ ਤੇ ਬੋਚਣ ਦਾ ਸੱਦਾ ਕਿਉਂ ਨਹੀਂ ਦਿੰਦੇ ? ਉਨ੍ਹਾਂ ਨੂੰ ਕੀ ਪਤਾ ਉਸ ਦਰਦ ਦਾ ਜਿਹੜਾ ਵਾਢੀ ਲਈ ਤਿਆਰ ਫ਼ਸਲਾਂ ਨੂੰ ਛੱਡ, ਆਪਣੇ ਘਰਾਂ ਨੂੰ ਖ਼ਾਲੀ ਕਰ, ਲਾਵਾਰਸ ਹੋ ਕੇ ਜਿੰਦ ਨੂੰ ਮਿਲਦਾ ਹੈ, ਬਿਆਨਬਾਜ਼ੀ ਦੀ ਸ਼ਹੀਦੀ ਲੈਣਾ ਸੌਖਾ ਹੈ। ਹੁਣ ਸਮਾਂ ਆ ਗਿਆ ਹੈ ਕਿ ਹਿੰਦੂ ਸ਼ਿਵ ਸੈਨਾ, ਆਰ.ਐਸ.ਐਸ., ਬਜਰੰਗ ਦਲ, ਹਿੰਦੀ ਹਿੰਦੂ ਹਿੰਦੁਸਤਾਨ ਦੇ ਨਾਅਰੇ ਮਾਰਨ ਵਾਲੀਆਂ ਹਿੰਦੁਤਵੀ ਤਾਕਤਾਂ ਦੇ ਭਾਰਤੀ ਸਪੂਤਾਂ ਨੂੰ ਕਸ਼ਮੀਰ ਅਤੇ ਪੰਜਾਬ ਦੇ ਬਾਰਡਰ ਤੇ ਫ਼ਰੰਟ ਲਾਈਨ ਵਿਚ ਤੈਨਾਤ ਕੀਤਾ ਜਾਵੇ। ਜਿਹੜੇ ਪਟਾਕੇ ਚਲਾ ਰਹੇ ਹਨ ਉਨ੍ਹਾਂ ਨੂੰ ਇਨ੍ਹਾਂ ਦਾ ਸਹਾਇਕ ਬਣਾਇਆ ਜਾਵੇ। ਸੱਤਾ ਅਤੇ ਸ਼ਾਸਨ ਵਿਚ 70% ਹਿੱਸੇਦਾਰੀ ਲੈਣ ਵਾਲੀਆਂ ਜਾਤਾਂ ਅਤੇ ਜਮਾਤਾਂ ਨੂੰ ਇਨ੍ਹਾਂ ਨਾਲ ਮੈਦਾਨ ਏ ਜੰਗ ਵਿਚ ਉਤਾਰਿਆ ਜਾਵੇ। ਆਪਣੇ ਸਪੂਤਾਂ ਨੂੰ ਸ਼ਹੀਦ ਕਰਵਾਉਣ ਲਈ ਇਨ੍ਹਾਂ ਸਭਨਾਂ ਨੂੰ ਹੁਣ ਆਪਣੀ ਭਾਰਤ ਮਾਤਾ ਨਾਲ ਵਫ਼ਾਦਾਰੀ ਦਾ ਸਬੂਤ ਦੇਣਾ ਚਾਹੀਦਾ ਹੈ। ਜਿਸ ਹਿਸਾਬ ਨਾਲ ਰਿਜ਼ਰਵੇਸ਼ਨ ਦੇ ਹੱਕ ਤੇ ਸਹੂਲਤਾਂ ਲਈਆਂ ਜਾ ਰਹੀਆਂ ਹਨ ਉਸੇ ਅਨੁਸਾਰ ਦੇਸ਼ ਦੀ ਰੱਖਿਆ ਲਈ ਦੇਸ਼ ਦੇ ਸਪੂਤਾਂ ਨੂੰ ਮੁੱਢਲੀਆਂ ਚੌਂਕੀਆਂ ਤੇ ਆਹਮੋ ਸਾਹਮਣੇ ਖੜ੍ਹਾ ਕੀਤਾ ਜਾਵੇ। ਇਸੇ ਕੜੀ ਅਨੁਸਾਰ ਸਾਨੂੰ ਪੰਜਾਬ ਦੇ ਸਿੱਖਾਂ ਨੂੰ ਖੜ੍ਹਾ ਕਰ ਲਿਆ ਜਾਵੇ ਪਰ ਸਾਡੀ ਧਰਤੀ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ। ਭਾਰਤ ਮਾਂ ਦੇ ਵਫ਼ਾਦਾਰ ਹਿੰਦੁਤਵਈ ਤਾਕਤਾਂ ਦੀ ਧਰਤੀ ਕਸ਼ਮੀਰ ਦੇ ਪੰਡਤਾਂ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਨੂੰ ਜੰਗੀ ਅਖਾੜਾ ਕਿਉਂ ਨਾ ਬਣਾਇਆ ਜਾਵੇ ?

ਭਾਰਤੀਆਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਤਾਂ ਪਹਿਲਾਂ ਹੀ ਪੰਜਾਬ ਦੇ ਸਿੱਖ ਸਪੂਤਾਂ ਨੂੰ ਅਤਿਵਾਦੀ, ਵੱਖਵਾਦੀ, ਦੇਸ਼ ਧ੍ਰੋਹੀ ਅਤੇ ਗ਼ੱਦਾਰ ਦਰਜਨਾਂ ਵਾਰ ਸਾਬਤ ਕਰ ਸਾਡੀ "ਸਰੀਰ, ਦਿਮਾਗ਼ ਤੇ ਮਨੋਬਿਰਤਕ ਭਾਰਤੀ ਫ਼ੌਜ ਅਤੇ ਨੀਮ ਫ਼ੌਜੀ ਦਲਾਂ ਰਾਹੀਂ ਹੱਤਿਆ" 1947, 48, 1966, ਜੂਨ 1984 ਤੋਂ ਵਰਤਮਾਨ ਤਕ ਲਗਾਤਾਰ ਕਰਦਾ ਆ ਰਿਹਾ ਹੈ ਤਾਂ ਫਿਰ ਹੁਣ ਪੰਜਾਬ 'ਤੇ ਭਰੋਸਾ ਕਿਉਂ ?

ਸਾਡੇ 'ਤੇ ਤੁਹਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਤੇ ਪਿੰਡ ਖ਼ਾਲੀ ਕਰਵਾਉਣ ਦੀ ਥਾਂ ਸਮੁੱਚਾ ਪੰਜਾਬ ਖ਼ਾਲੀ ਕਰਵਾ ਕੇ ਸਾਨੂੰ ਵਾਰਾਨਸੀ ਵਸਾ ਦਿਓ ਤੇ ਵਾਰਾਨਸੀ ਵਾਲਿਆਂ ਨੂੰ ਲਿਆ ਪੰਜਾਬ ਖੜ੍ਹਾ ਕਰ ਦਿਓ; ਸਿੱਖ ਜੰਗ ਨਹੀਂ ਚਾਹੁੰਦਾ; ਭਾਰਤੀਓ ਪੰਜਾਬ ਜੰਗ ਨਹੀਂ ਚਾਹੁੰਦਾ। ਤੇ ਇੱਕ ਹੋਰ ਦੋਗਲਾਪਣ ਪਰਖਿਆ ਜੇ; ਹੁਣ ਪੰਜਾਬੀ ਕੌਮ ਦੀ ਗੱਲ ਨਹੀਂ ਕੀਤੀ ਜਾਣੀ ਹੁਣ ਸਿੱਧੀ ਸਿੱਖ, ਖ਼ਾਲਸਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਜਾਵੇਗੀ !!

ਜਜ਼ਬਾਤੀ ਵਹਿਣ ਵਿਚ ਵਗਣ ਵਾਲ਼ਿਓਂ, ਸਿੱਖੋ; ਐਤਕੀਂ ਪੰਜਾਬੀਆਂ ਨੂੰ ਤੇ ਹਿੰਦੁਤਵਈ ਤਾਕਤਾਂ ਨੂੰ ਹੀ ਜੰਗ ਲੜ ਲੈਣ ਦਿਓ ਤੇ ਤੁਸੀਂ ਪਹਿਲਾਂ ਹੀ ਆਪਣੀ ਨਸਲ ਤੇ ਜਾਣ ਮਾਲ ਦੀ ਰੱਖਿਆਂ ਲਈ ਐਲਾਨੀਆਂ ਘੋਸ਼ਿਤ ਕਰੋ ਕਿ ਸਾਨੂੰ ਭਾਰਤ ਦੇ ਕੇਂਦਰੀ ਇਲਾਕੇ ਵਿਚ ਪੰਜਾਬ ਜਿੰਨੀ ਥਾਂ ਦੇ ਕੇ ਵਸਾ ਦਿੱਤਾ ਜਾਵੇ ਅਸੀਂ ਜੰਗ ਨਹੀਂ ਚਾਹੁੰਦੇ। ਅਸੀਂ ਆਪਣੇ ਘਰਾਂ ਤੋਂ ਵਿਸਥਾਪਿਤ ਹੋ ਕੇ ਪੰਜਾਬ ਵਿਚ ਹੀ ਨਹੀਂ ਰਹਿਣਾ ਚਾਹੁੰਦੇ ਸਾਨੂੰ ਦੂਰ ਦੁਰੇਡੇ ਜੰਗ ਦੇ ਪ੍ਰਭਾਵ ਤੋਂ ਦੂਰ ਵਸਾਇਆ ਜਾਵੇ।

ਅਸੀਂ ਸਿੱਖ 1947-48-65-71-84 ਦੇਸ਼ ਨਾਲ ਵਫ਼ਾਦਾਰੀ ਦਾ ਬਹੁਤ ਖ਼ਮਿਆਜ਼ਾ ਭੁਗਤ ਚੁੱਕੇ ਹਾਂ ਤੇ ਸਾਨੂੰ ਤਾਂ ਕਿਸੇ ਦੋ ਅੱਖਰ ਪਿਆਰ, ਸਨੇਹ ਅਤੇ ਅਪਣੱਤ ਦੇ ਨਹੀਂ ਦਿੱਤੇ। ਸਾਡੀ ਜਿੰਦ ਜਾਨ ਚੱਲ ਅਚੱਲ ਸੰਪਤੀ ਅਤੇ ਨਸਲ ਦੀ ਮੌਤ ਦਾ ਅੱਜ ਤਕ ਕਿਸੇ ਮੁੱਲ ਨਹੀਂ ਤਾਰਿਆ। ਸਾਨੂੰ ਤਾਂ ਜੰਗਾਂ ਵਿਚ ਮਿਲੀ ਬਰਬਾਦੀ ਤੇ ਤਬਾਹੀ ਦਾ ਅੱਜ ਤਕ ਕਿਸੇ ਪੁਨਰ ਉਸਾਰੀ ਮੁਆਵਜ਼ਾ ਵੀ ਨਾ ਦਿੱਤਾ। ਤੇ ਅਸੀਂ ਉਹ ਲੋਕ ਹਾਂ ਜਿਨ੍ਹਾਂ ਕਦੇ ਰਿਜ਼ਰਵੇਸ਼ਨ ਵੀ ਨਹੀਂ ਮੰਗੀ। ਪੰਜਾਬ ਦੇ ਆਮ ਲੋਕਾਂ ਦੀ ਇਹ ਹੱਡ ਬੀਤੀ ਦਾਸਤਾਨ ਹੈ ਯਾਰੋ, ਜਿਸ ਦਾ ਅਹਿਸਾਸ ਪਟਾਕੇ ਚਲਾ ਕੇ ਤੇ ਦਮਗਜੇ ਮਾਰ ਕੇ ਨਹੀਂ ਹੋ ਸਕਦਾ। ਇਸ ਲਈ ਪਿੰਡੇ ਤੇ ਹੰਢਾਉਣਾ ਹੀ ਪੈਂਦਾ ਹੈ ਤੇ ਹੁਣ 56 ਇੰਚ ਸੀਨੇ ਵਾਲੇ ਹਿੰਦੁਤਵਈ ਸਪੂਤਾਂ ਦੀ ਲੋੜ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top