ਆਓ ਭਗਤ 'ਧੰਨਾ' ਜੀ ਦੇ ਉਸ ਸ਼ਬਦ ਦੀ ਵਿਚਾਰ ਕਰੀਏ, ਜਿਸ ਨੂੰ ਅਸੀਂ
ਨਿਤ ਪੜ੍ਹਦੇ ਅਤੇ ਸੁਣਦੇ ਹਾਂ, ਕਿਤੇ ਅਸੀ ਇਸ ਸ਼ਬਦ ਦੇ ਅਖਰੀ ਅਰਥਾਂ ਤੱਕ ਤਾਂ ਸੀਮਿਤ
ਨਹੀਂ !!!
॥ਧੰਨਾ॥
ਗੋਪਾਲ ਤੇਰਾ ਆਰਤਾ ॥
{'ਆਰਤਾ' ਦਾ ਇੱਥੇ ਭਾਵ ਹੈ ਮੰਗਤਾ, ਸੇਵਕ ਆਦਿ}
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥
ਰਹਾਉ॥
ਦਾਲ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥
ਪਨੀਆ ਛਾਦਨੁ ਨੀਕਾ ॥ ਅਨਾਜੁ ਮਗਉ ਸਤ ਸੀ ਕਾ ॥੧॥
ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥੪॥ {੬੯੫}
ਹੁਣ ਤੱਕ ਦੇ ਜ਼ਿਆਦਾਤਰ ਵਿਆਖਿਆਕਾਰਾਂ ਵਲੋਂ ਇਸਦੀ ਵਿਆਖਿਆ ਵਿੱਚ ਦਸਿਆ ਜਾਂਦਾ ਹੈ, ਕਿ
ਜੋ ਲੋਕ ਪ੍ਰਭੂ ਦੀ ਭਗਤੀ ਕਰਦੇ ਹਨ ਪ੍ਰਭੂ ਉਹਨਾਂ ਦੇ ਕਾਰਜ ਸਵਾਰ ਦੇਂਦਾ ਹੈ ਅਤੇ ਸ਼ਬਦ
ਦੇ ਬਾਕੀ ਬੰਦਾ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾਂਦੀ ਹੈ, ਕਿ ਭਗਤ ਧੰਨਾ ਜੀ ਪ੍ਰਭੂ ਕੋਲੋਂ
ਘਰੇਲੂ ਸਮਾਨ ਅਤੇ ਚੰਗੀ ਵਹੁਟੀ ਆਦਿ ਦੀ ਮੰਗ ਕਰਦੇ ਹਨ, ਇਹ ਵਿਆਖਿਆ ਇਕ ਜਾਗਰੂਕ ਸਿੱਖ
ਦੇ ਮਨ ਵਿਚ ਕਈਂ ਸ਼ਕੇ ਪੈਦਾ ਕਰਦੀ ਹੈ ...
੧. ਕੀ ਜੋ ਰੱਬ ਦੀ ਭਗਤੀ ਨਹੀਂ ਕਰਦੇ ਪ੍ਰਭੂ ਉਹਨਾਂ ਦੇ ਕਾਰਜ
ਨਹੀਂ ਸੰਵਾਰਦਾ ? ਉਹਨਾਂ ਨੂੰ ਦਾਤਾਂ (ਸ਼ਬਦ ਵਿਚ
ਦਰਸਾਈਆਂ) ਨਹੀਂ ਬਖਸ਼ਦਾ ਹੈ ?
੨. ਕੀ ਪ੍ਰਭੂ ਉਪਰ ਦੱਸੀਆਂ ਤੇ ਹੋਰ ਦਾਤਾਂ ਬਿਨਾਂ ਮੰਗਿਆਂ
ਨਹੀਂ ਦੇਂਦਾ ? ਕੀ ਉਹਨਾਂ ਨੂੰ ਮੰਗਣ ਦੀ ਲੋੜ ਹੈ
?
੩. ਗੁਰਬਾਣੀ ਤਾਂ ਸਮਝਾਉਂਦੀ ਹੈ ਕਿ ਰੱਬ ਤੋਂ ਜੇ ਕੁੱਝ ਮੰਗਣਾ
ਹੈ ਤਾਂ ਉਹ ਹੈ ਸਿਰਫ ਸੱਚ ਦਾ ਗਿਆਨ, ਹਰੀ ਜਸ, ਉਸ ਨਾਲ ਪਿਆਰ "ਮਾਗਨਾ
ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ ॥"
ਹੁਣ ਅਸੀਂ ਤੁੱਛ ਬੁੱਧੀ ਅਨੁਸਾਰ ਗੁਰਮਤਿ ਦੀ ਰੌਸ਼ਨੀ ਵਿੱਚ
ਇਸ ਸ਼ਬਦ ਦੇ ਭਾਵ ਅਰਥ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰਾਂਗੇ।
ਪਹਿਲੀ ਜ਼ਰੂਰੀ ਗੱਲ ਹੈ ਕਿ 'ਭਗਤੀ' ਦੇ ਸਹੀ ਮਾਇਨੇ ਸਮਝਣ ਦੀ, ਸਾਡੀ
ਉਲਝਣ ਇਹ ਹੈ ਕਿ ਅਸੀਂ ਗੁਰਬਾਣੀ ਵਿਚਾਰਦੇ ਸਮੇਂ ਸ਼ਬਦਾਂ ਦੇ ਅਰਥ ਉਹੀ ਲੈਂਦੇ ਹਾਂ ਜੋ
ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਪ੍ਰਚਲਿਤ ਸਨ, ਤਾਂ ਹੀ ਭੁਲੇਖੇ ਪੈਦਾ ਹੁੰਦੇ ਹਨ,
ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ 'ਰੱਬ' ਦਾ ਕੋਈ ਇੱਕ ਨਾਂ ਮਿੱਥ ਕੇ, ਸਮਾਧੀਆਂ ਕਾ
ਕੇ, ਉਸ ਲਫਜ਼ ਦੇ ਰਟਨ ਨੂੰ ਭਗਤੀ ਸਮਝਿਆ, ਪ੍ਰਚਾਰਿਆਂ ਜਾਂਦਾ ਸੀ, ਜੇ ਗੁਰਬਾਣੀ ਦੇ
ਆਧਾਰ 'ਤੇ ਭਗਤੀ ਦੇ ਅਰਥ ਸਮਝਨ ਦੀ ਕੋਸ਼ਿਸ਼ ਕਰੀਏ ਤਾਂ 'ਜਪੁ' ਸਾਹਿਬ ਵਿਚ ਆਉਂਦਾ ਹੈ "ਵਿਣੁ
ਗੁਣ ਕੀਤੇ ਭਗਤਿ ਨ ਹੋਇ ॥"
ਸਪਸ਼ਟ ਹੈ ਚੰਗੇ ਗੁਣਾਂ ਨੂੰ ਧਾਰਨ ਕਰਨਾ ਹੀ ਭਗਤੀ ਹੈ, ਚੰਗੇ
ਗੁਣਾਂ ਨੂੰ ਧਾਰਨ ਕਰਨਾ ਤੋਂ ਸਿਵਾ ਭਗਤੀ ਦੇ ਨਾਂ ਹੇਠ ਕੀਤਾ ਜਾਂਦਾ ਸੱਭ ਕੁੱਝ ਕਰਮਕਾਂਡ
ਹੈ। ਹੁਣ ਵਿਚਾਰਨਾ ਹੈ ਕਿ ਚੰਗੇ ਗੁਣ ਧਾਰਨ ਕਿਵੇਂ ਹੋਣਗੇ ? ਉਸ ਦੇ ਲਈ ਸੱਚ ਦੇ
ਗਿਆਨ (ਨਾਮ) ਨੂੰ ਸਮਝ ਕੇ ਵਿਚਾਰ ਕੇ ਉਸ ਅਨੁਸਾਰ ਜੀਵਨ ਅਪਣਾ ਜੀਵਨ ਬਣਾਉਣਾ ਪੈਂਦਾ ਹੈ,
ਆਉ ਹੁਣ ਸ਼ਬਦ ਦੀ ਵਿਚਾਰ ਕਰੀਏ ਤਾਂ ਕਿ ਉੱਪਰ ਉੱਠੇ ਸਾਰੇ ਸੰਕਿਆਂ ਦੀ ਨਿਵਰਤੀ ਹੋ ਸਕੇ
...
'ਰਹਾਉ' ਵਾਲੇ ਬੰਦ ਵਿਚ ਭਗਤ ਧੰਨਾ ਜੀ ਦਸਦੇ ਹਨ ਕਿ ਹੇ ਪ੍ਰਭੂ!
ਮੈਂ ਤੇਰੇ ਦਰ ਦਾ ਮੰਗਤਾ ਹਾਂ, ਸੇਵਕ ਹਾਂ, 'ਆਰਤਾ'
ਦਾ ਇੱਥੇ ਭਾਵ ਹੈ ਮੰਗਤਾ, ਸੇਵਕ ਆਦਿ, ਜੋ ਮਨੁੱਖ ਸੱਚ ਦੇ ਗਿਆਨ (ਨਾਮ, ਹੁਕਮ)
ਆਦਿ ਨੂੰ ਸਮਝ ਕੇ ਉਸ ਅਨੁਸਾਰ ਅਪਣੀ ਜੀਵਨ ਜਾਚ ਬਣਾਉਂਦੇ ਹਨ (ਭਗਤੀ ਕਰਦੇ ਹਨ) ਉਹਨਾਂ
ਦੇ ਸਾਰੇ ਕੰਮ ਸੰਵਰ ਜਾਂਦੇ ਹਨ, ਉਹਨਾਂ ਵਿਚੋਂ ਸਾਰੇ ਵਿਕਾਰ ਨਿਕਲ ਜਾਂਦੇ ਹਨ, ਸੰਤੋਖ ਆ
ਜਾਂਦਾ ਹੈ, ਉਹ ਹਮੇਸ਼ਾ ਸਹਿਜ ਅਵਸਥਾ ਵਿਚ ਰਹਿੰਦੇ ਹਨ।
ਇੱਕ ਜ਼ਰੂਰੀ ਗੱਲ ਅਜਿਹੀ ਅਵਸਥਾ ਵਾਲੇ ਮਨੁੱਖਾਂ ਨੂੰ ਗੁਰਬਾਣੀ ਵਿਚ 'ਜਨ' ਦੀ ਪਦਵੀ
ਦਿੱਤੀ ਗਈ ਹੈ, ਸ਼ਬਦ ਦੇ ਬਾਕੀ ਬੰਦਾ ਵਿਚ ਭਗਤ ਜੀ ਦਸਦੇ ਹਨ ਕਿ :
- ਕੋਈ ਰੱਬ ਕੋਲੋਂ ਖਾਣ ਪੀਣ ਦਾ ਸਮਾਨ (ਆਟਾ, ਦਾਲ, ਘਿਉ ਆਦਿ)
ਮੰਗਦਾ ਹੈ, ਉਹਨਾਂ ਲਈ ਇਹਨਾਂ ਪਦਾਰਥਾਂ ਦੀ ਪ੍ਰਾਪਤੀ ਮਾਤਰ ਹੀ ਅਸਲ ਖੁਸ਼ੀ ਹੈ,
- ਕੁੱਝ ਲੋਕ ਰੱਬ ਕੋਲੋਂ ਚੰਗੇ ਪਹਿਰਾਵੇ (ਸੋਹਣੇ ਕਪੜੇ, ਚੰਗੀ
ਜੁਤੀ ਆਦਿ) ਦੀ ਮੰਗ ਕਰਦੇ ਹਨ,
- ਕੋਈ ਲੋਕ ਰੱਬ ਕੋਲੋਂ ਅਨਾਜ ਦੀ ਮੰਗ ਕਰਦੇ ਹਨ,
- ਕਈ ਲੋਕ ਚੰਗੀ ਗਾਂ, ਮੱਝ ਆਦਿ ਮੰਗਦੇ ਹਨ,
- ਕੋਈ ਚੰਗੀ ਸਵਾਰੀ ਘੋੜੀ ਆਦਿ (ਅੱਜਕਲ ਕਾਰ, ਮੋਟਰ ਸਾਇਕਲ)
ਦੀ ਮੰਗਦੇ ਹਨ,
- ਕੋਈ ਅਪਣੇ ਵਾਸਤੇ ਚੰਗੀ ਪਤਨੀ ਜਾਂ ਚੰਗੇ ਪਤੀ ਦੀ ਮੰਗ ਕਰਦਾ
ਹੈ,
...ਪਰ ਉਹ ਸਭ ਭੁਲੇਖੇ ਵਿਚ ਹਨ, ਇਹ ਸਭ ਪਦਾਰਥ ਤਾਂ ਪ੍ਰਭੂ ਦੇ
ਬਣਾਏ ਹੋਏ ਅੱਟਲ ਨਿਯਮਾਂ ਅਨੁਸਾਰ ਹਰ ਇਕ ਨੂੰ ਬਿਨਾ ਮੰਗਿਆਂ ਹੀ, ਆਪਣੇ ਆਪ ਮਿਲ ਰਹੇ ਹਨ।
ਆਖਰੀ ਬੰਦ ਵਿਚ ਭਗਤ ਧੰਨਾ ਜੀ ਦਸਦੇ ਹਨ ਕਿ ਰੱਬ ਕੋਲੋਂ ਮੰਗਣ
ਵਾਲੀ ਅਸਲ ਚੀਜ਼ ਕੀ ਹੈ? ਉਹ ਹੈ 'ਜਨ' ਵਾਲੀ ਅਵਸਥਾ,
ਸਹਿਜ ਅਵਸਥਾ, ਸੁੱਚਜੀ ਜੀਵਨ ਜਾਚ, ਭਗਤ ਧੰਨਾ ਜੀ ਕਹਿੰਦੇ ਹਨ ਕਿ ਅਸੀਂ ਪ੍ਰਭੂ ਕੋਲੋਂ
ਬਸ ਇਹੀ ਸੁੱਚਜੀ ਜੀਵਨ ਜਾਚ ਹੀ ਮੰਗਦੇ ਹਾਂ ...