Share on Facebook

Main News Page

ਕੀ ਹੁਣ ਤਖ਼ਤ ਸਾਹਿਬਾਨ ਦੇ ਜਥੇਦਾਰਾਂ, ਸਿੱਖ ਸੰਸਥਾਵਾਂ ਤੇ ਕੌਮੀ ਆਗੂਆਂ ਨੇ ਪ੍ਰਵਾਨ ਕਰ ਲਿਆ ਹੈ ਕਿ ‘ਹਮ ਹਿੰਦੂ ਹੈਂ’
-: ਗਿਆਨੀ ਜਗਤਾਰ ਸਿੰਘ ਜਾਚਕ

ਨਿਊਯਾਰਕ, 7 ਅਕਤੂਬਰ (ਮਨਜੀਤ ਸਿੰਘ) ਹਿੰਦੂਆਂ ਵਿੱਚ ਨਵਦੁਰਗਾ ਪੂਜਨ (ਨਵਰਾਤ੍ਰੀ), ਦੁਸਹਿਰੇ ਦੇ ਪ੍ਰਸਿੱਧ ਤਿਉਹਾਰ ਦਾ ਹੀ ਇੱਕ ਅੰਗ ਮੰਨਿਆ ਜਾਂਦਾ ਹੈ । ਪਰ, ਖ਼ਾਲਸਾ ਪੰਥ ਲਈ ਅਤਿਅੰਤ ਸ਼ਰਮ ਦਾ ਮੁਕਾਮ ਹੈ ਕਿ ਗੁਰਦੁਆਰਾ ਬੋਰਡ ਤਖ਼ਤ ਸ੍ਰੀ ਹਜ਼ੂਰ ਸਾਹਿਬ (ਨਦੇੜ), ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 'ਅਕਾਲ ਅਕੈਡਮੀ ਬੜੂ' ਵਰਗੀਆਂ ਪ੍ਰਮੁੱਖ ਸਿੱਖ ਸੰਸਥਾਵਾਂ ਵੱਲੋਂ ਵੀ ਇਨ੍ਹਾਂ ਹਿੰਦੂ ਪੁਰਬਾਂ ਨੂੰ ਮਹੱਤਵ ਦਿੰਦਿਆਂ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ ।

ਸ਼ੋਸ਼ਲ ਮੀਡੀਏ ਤੋਂ ਇਲਾਵਾ 'ਰੋਜ਼ਾਨਾ ਸਪੋਕਸਮੈਨ' ਨੇ ਦਿੱਲੀ ਦੀ ਅਤੇ 'ਰੋਜ਼ਾਨਾ ਪਹਿਰੇਦਾਰ' ਨੇ ਬੜੂ ਦੀ ਨਿਰਾਸਾਜਨਕ ਖ਼ਬਰ ਨੂੰ ਵਿਸ਼ੇਸ਼ ਤੌਰ 'ਤੇ 'ਦੇਖ ਲਓ ਸਿੱਖੀ ਦੇ ਅਲੰਬਦਾਰਾਂ ਦੇ ਕਾਰਨਾਮੇ' ਹੇਠ ਛਾਪ ਕੇ ਕੌਮ ਨੂੰ ਜਗਾਉਣ ਦਾ ਯਤਨ ਕੀਤਾ ਹੈ । ਪਰ, ਅਤਿਅੰਤ ਦੁਖਦਾਈ ਤੇ ਚਿੰਤਾ ਦੀ ਗੱਲ ਹੈ ਕਿ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਤੇ ਹੋਰ ਸਾਰੇ ਪੰਥਕ ਆਗੂ ਵੋਟਾਂ ਨੂੰ ਮੁੱਖ ਰੱਖ ਕੇ ਨਿਜੀ ਸੁਆਰਥਾਂ ਵੱਸ ਚੁੱਪ-ਚਾਪ ਦੜ ਵੱਟੀ ਬੈਠੇ ਹਨ । ਸੁਆਲ ਖੜਾ ਹੁੰਦਾ ਹੈ ਕਿ ਕੀ ਹੁਣ ਹਿੰਦੂਤਵੀ ਭਾਜਪਾ ਸਰਕਾਰ ਹੋਣ ਕਰਕੇ ਸਿੱਖ ਕੌਮ ਨੇ ਪ੍ਰਵਾਨ ਕਰ ਲਿਆ ਹੈ ਕਿ 'ਹਮ ਹਿੰਦੂ ਹੈਂ' । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਕਹੇ ਹਨ ।

ਉਨ੍ਹਾਂ ਨੇ ਹੋਰ ਸੁਆਲ ਖੜੇ ਕਰਦਿਆਂ ਕੌਮੀ ਆਗੂਆਂ ਨੂੰ ਇਹ ਵੀ ਪੁਛਿਆ ਹੈ ਕਿ 6 ਅਕਤੂਬਰ ਦੇ ਰੋਜ਼ਾਨਾ ਪਹਿਰੇਦਾਰ ਵਿੱਚ ਗੁਰਦੁਆਰਾ ਬੋਰਡ ਨਦੇੜ ਦਾ ਪ੍ਰੈਸ ਨੋਟ ਛਪਿਆ ਹੈ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਚੰਡੀ ਦੀ ਵਾਰ ਦਾ ਪਾਠ ਕਰਕੇ 'ਦੁਸਹਿਰਾ ਗੁਰਪੁਰਬ' ਦੇ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਗਏ ਹਨ । ਕੀ ਗੁਰਮਤਿ ਵਿਚਾਰਧਾਰਾ ਤੇ ਸਿੱਖ ਰਹਿਤ ਮਰਯਾਦਾ ਦੀ ਰੌਸ਼ਨੀ ਵਿਚ 'ਦੁਸਹਿਰੇ' ਦੇ ਦਿਹਾੜੇ ਨੂੰ 'ਗੁਰਪੁਰਬ' ਪ੍ਰਚਾਰਿਆ ਜਾ ਸਕਦਾ ਹੈ ? ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦੁਰਗਾ ਪੂਜਨ ਨਵਰਾਤਿਆਂ ਨੂੰ ਮੁਖ ਰਖ ਕੇ ਦੁਸਹਿਰੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਬੰਦ ਕਰ ਕਰਕੇ 'ਵਾਰ ਦੁਰਗਾ' ਦੀ ਕਥਾ ਸ਼ੁਰੂ ਕਰ ਦਿੱਤੀ ਗਈ ਹੈ । ਕੀ ਇਹ ਸਤਿਗੁਰੂ ਜੀ ਦੀ ਬੇਅਦਬੀ ਨਹੀਂ ? ਕੀ ਇਹ ਸਿੱਖ ਰਹਿਤ ਮਰਯਾਦਾ ਅਨੁਸਾਰ ਠੀਕ ਹੈ ?

ਉਪਰੋਕਤ ਘਟਨਾਵਾਂ ਨੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੀ ਮਾਇਆ ਨਾਲ ਚਲਦੀ ਵਿਦਿਅਕ ਸਿੱਖ ਸੰਸਥਾ ਦਾ ਇਤਨਾ ਹੌਸਲਾ ਵਧਿਆ ਹੈ ਕਿ ਉਸ ਨੇ ਕਿਸੇ ਪੰਡਿਤ ਦੀ ਡਾਇਰੈਕਸ਼ਨ ਹੇਠ ਵਿਸ਼ੇਸ਼ ਤੌਰ ’ਤੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਦੀਆਂ ਤਸਵੀਰਾਂ ਲਗਾ ਕੇ ‘ਨਵਰਾਤ੍ਰੀ ਪੂਜਨ ਤੇ ਨ੍ਰਿਤ’ ਕਰਵਾਇਆ ਗਿਆ ਹੈ । ਸਿੱਖੀ ਆਚਰਣ ਦੇ ਗਿਰਾਵਟ ਦੀ ਹੱਦ ਇਹ ਹੈ ਕਿ ਪੂਜਾ ਤੇ ਨ੍ਰਿਤ ਲਈ ਸਿੱਖ ਬੱਚੀਆਂ ਨੂੰ ਭਗਵੇਂ ਕਪੜੇ ਪਵਾ ਕੇ ਦੇਵੀਆਂ ਬਣਾਇਆ ਗਿਆ ਹੈ । ਕਿਉਂਕਿ, ‘ਨਵਰਾਤ੍ਰੀ’ (ਨਵਰਾਤ੍ਰੇ) ਅਸਲ ਵਿੱਚ ਦੁਰਗਾ ਦੇਵੀ ਦੇ ਨੌਂ ਸਰੂਪਾਂ ਦੇ ਪੂਜਣ ਦਾ ਪੁਰਬ ਹੈ । ਇਸੇ ਲਈ ਇਸ ਨੂੰ ‘ਨਵ-ਦੁਰਗਾ ਪੂਜਨ’ ਵੀ ਆਖਿਆ ਜਾਂਦਾ ਹੈ । ਸੰਸਥਾ ਨੇ ਵੱਡਾ ਅਪਰਾਧ ਇਹ ਕੀਤਾ ਹੈ ਕਿ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਰਗੀ ਰੱਬੀ ਰੰਗ ਵਿੱਚ ਰੰਗੀ ਪੰਥਕ ਸ਼ਖ਼ਸੀਅਤ ਦੇ ਕਿਸੇ ਬਾਲ-ਚਿੱਤਰ ਦੇ ਭਗਵੇਂਕਰਨ ਰਾਹੀਂ ਉਨ੍ਹਾਂ ਨੂੰ ਦੇਵੀ ਦੇ ਰੂਪ ਵਿੱਚ ਸਮਾਧੀ ਸਥਿਤ ਵਖਾਇਆ ਗਿਆ ਹੈ । ਉਨ੍ਹਾਂ ਦੇ ਕੰਨੀ ਝੁਮਕੇ ਪਵਾਏ ਗਏ ਹਨ ਅਤੇ ਅੱਗੇ ਵੇਦ ਪੋਥੀ ਰੱਖੀ ਗਈ ਹੈ ।

ਸ਼ੋਸ਼ਲ ਮੀਡੀਏ ’ਤੇ ਵਾਇਰਲ ਹੋਈਆਂ ਉਥੋਂ ਦੀਆਂ ਤਸਵੀਰਾਂ ਰਾਹੀਂ ਉਪਰੋਕਤ ਸਾਰੀ ਸਚਾਈ ਵੇਖੀ ਜਾ ਸਕਦੀ ਹੈ । ਪਰ, ਚਿੰਤਾ ਦਾ ਵਿਸ਼ਾ ਇਹ ਹੈ ਕਿ ਮੀਡੀਏ ਰਾਹੀਂ ਇਹ ਸਭ ਕੁਝ ਵੇਖਣ ਦੇ ਬਾਵਜੂਦ ਵੀ ਤਖ਼ਤ ਸਾਹਿਬਾਨ ਦੇ ਜਥੇਦਾਰ, ਰਾਜਨੀਤਕ ਆਗੂ ਅਤੇ ਸਿੱਖ ਸੰਸਥਾਵਾਂ ਦੇ ਮੁਖੀਏ ਸੱਜਣ ਚੁੱਪ ਧਾਰੀ ਬੈਠੇ ਹਨ । ਕੌਮੀ ਆਗੂਆਂ ਦੇ ਅਜਿਹੇ ਮੌਨਵ੍ਰਤ ਨੂੰ ਵੇਖ ਕੇ ਇਹ ਸੁਆਲ ਸੁਭਾਵਿਕ ਹੀ ਖੜਾ ਹੁੰਦਾ ਹੈ ਕਿ ਕੀ ਸਿੱਖ ਕੌਮ ਨੇ ਹੁਣ ਪ੍ਰਵਾਨ ਕਰ ਲਿਆ ਹੈ ਕਿ ‘ਹਮ ਹਿੰਦੂ ਹੈਂ’ । ਕਿਉਂਕਿ, ਕਿਸੇ ਵੀ ਮਸਲੇ ’ਤੇ ਕੌਮੀ ਆਗੂਆਂ ਦੀ ਚੁੱਪੀ ਪ੍ਰਵਾਨਗੀ ਦਾ ਸੰਕੇਤ ਹੀ ਮੰਨੀ ਜਾਂਦੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top