Share on Facebook

Main News Page

ਸੰਵਾਦ ਕੀ ਹੈ, ਤੇ ਕਿਵੇਂ ਕਰੀਏ
-: ਰੇਸ਼ਮ ਸਿੰਘ

ਗਿਆਨ ਦੇ ਸੂਰਜ , ਨਿਰੰਕਾਰ ਸਰੂ , ਜਗਤ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮਕਾਲੀ ਸਮਾਜ ਦੀਆਂ ਧਾਰਮਿਕ, ਸੱਭਿਆਚਾਰਕ ਉਲਝਣਾਂ ਨੂੰ ਸੁਲਝਾਉਣ ਤੇ ਮਾਨਵੀ ਸਮਾਜ ਦੀ ਸਦੀਵੀ ਭਲਾਈ ਲਈ ਆਪਣੇ ਜੀਵਨ ਤਜਰਬੇ ਵਿੱਚੋਂ ਆਪਸੀ "ਸੰਵਾਦ" ਦਾ ਆਦਰਸ਼ਕ ਮਾਡਲ ਸਾਡੇ ਸਾਹਮਣੇ ਰੱਖਿਆ ਅਤੇ ਇਸ ਉੱਪਰ ਸੁਦ੍ਰਿੜ ਅਮਲ ਕਰਨ ਦੀ ਤਾਕੀਦ ਵੀ ਕੀਤੀ।

" ਸੰਵਾਦ " ਦਾ ਸੰਸਾਰ ਪ੍ਰਸਿੱਧ ਸਬਕ ਜਾਂ ਪਾਠ " ਗੁਰੂ ਗ੍ਰੰਥ ਸਾਹਿਬ" ਦੀ ਬਾਣੀ ਪ੍ਰਵਾਹਧਾਰਾ ਦੇ ਅੰਤਰਗਤ ' ਸਿਧ ਗੋਸਟਿ ' ਦੇ ਸੁਹਜਮਈ ਰੂਪ ਵਿੱਚ ਮਿਲਦਾ ਹੈ ।

" ਸੰਵਾਦ " ਦੀ ਖਿਆਲੀ ਤੇ ਵਿਚਾਰਕ ਸਿਰਜਣਾ ਦੀ ਬਣਤਰ ਤੋਂ ਬਾਅਦ ਅਮਲੀ ਪ੍ਰਕਿਰਿਆ ਤੁਹਾਡੇ ' ਆਪਣੇ ਆਪ ' ਤੋਂ ਸ਼ੁਰੂ ਹੁੰਦੀ ਹੈ । ਇਸ ਸਮੁੱਚੀ ਕਿਰਿਆ ਦੀ ਆਰੰਭਤਾ ਤੇ ਸਫਲਤਾ ਨਿਰਧਾਰਿਤ ਕਰਨ ਲਈ ,ਇਹ ਤੱਤ ਬਹੁਤ ਆਵੱਸ਼ਕ ਹੈ ਕਿ ਤੁਸੀਂ ਕਿਸੇ ਵੀ ਪ੍ਰਕਾਰ ਦੇ ਮਸਲੇ ਦੇ ਹੱਲ ਲਈ ਅੰਦਰੂਨੀ ਤੌਰ ਤੇ ਕਿੰਨੇ ਕੁ ਸੰਜੀਦਾ ਹੋ?

' ਸਿਧ ਗੋਸਟਿ ' ਬਾਣੀ ਦੀ ਦੀਰਘ ਵਿਚਾਰ, ਭਾਸ਼ਿਕ ਸੁੰਦਰਤਾ ਤੇ ਮਨੋਵਿਗਿਆਨਕ ਸਮਝ ਹੀ ਸਾਨੂੰ ਗੁਰੂ ਨਾਨਕ ਦੀ " ਸੰਵਾਦ " ਦੀ ਸਹੀ ਸਮਝ ਤੇ ਅਮਲ ਦੇ ਨੇੜੇ ਲਿਜਾ ਸਕਦੀ ਹੈ ।

' ਸਿਧ ਗੋਸਟਿ ' ਬਾਣੀ ਵਿੱਚ ਅਨੁਭਵੀ ਸਿੱਧ ਪੁਰਸ਼ਾਂ ਵੱਲੋਂ ਜਿਗਿਆਸੂ ਤੇ ਗਿਆਨ ਪ੍ਰਾਪਤੀ ਅਭਿਲਾਸ਼ਾ ਅਧੀਨ ਕੀਤੇ 70 ਪ੍ਰਸ਼ਨਾਂ ਦਾ ਵੇਰਵਾ ਮਿਲਦਾ ਹੈ ।

ਉਸ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੁਆਰਾ ਤਰਕ, ਸੰਵੇਗ, ਅਨੁਭਵ ਦੀ ਮਹਾਨ ਸਮਝ ਦੁਆਰਾ ਆਪਣੀ ਵਿਚਾਰਧਾਰਾ ਦਾ ਮਾਨਵੀ ਭਲਾਈ ਵਜੋਂ ਸਿਧ ਪੁਰਸ਼ਾਂ ਸਾਹਮਣੇ ਸਰਵ-ਪ੍ਰਵਾਣਿਤ ਤੇ ਆਦਰਸ਼ਕ ਰੂਪ 'ਚ ਪ੍ਰਗਟਾਵਾ ਕਰਦੇ ਹੋਏ ਸਾਰੇ ਸਵਾਲਾਂ ਦੇ ਉੱਤਰ ਦਿੱਤੇ ਤੇ ' ਸੰਵਾਦ ' ਦੀ ਸਫਲਤਾ ਦਾ ਪ੍ਰਗਟਾਵਾ ' ਗੋਰਖਮਤਾ ਤੋਂ ਨਾਨਕਮਤਾ' ਦੇ ਰੂਪ ਵਿੱਚ ਹੋਇਆ ਅਤੇ ਇਸ ਨੂੰ ਸਿੱਧ ਪੁਰਸ਼ਾਂ ਦੀ ਤਰਜ਼ਮਾਨੀ ਕਰਦੇ ਹੋਏ ਭਾਈ ਗੁਰਦਾਸ ਜੀ ਨੇ ਵੀ ਇਵੇਂ ਪ੍ਰਗਟ ਕੀਤਾ ਕਿ:

•• ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ ••।

' ਸੰਵਾਦ ' ਪ੍ਰਕਿਰਿਆ ਨੂੰ ਨਿਰੰਤਰ ਪ੍ਰਯੋਗ ਵਿੱਚ ਲਿਆਉਣ ਲਈ 'ਗੁਰੂ ਗ੍ਰੰਥ ਸਾਹਿਬ ' ਦੀ ਬਾਣੀ ਦਾ ਹੁਕਮ ਵੀ ਹੈ ਕਿ :

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਪਰ ਇਸ ਸਭ ਕਾਰਜ ਲਈ ਸਾਨੂੰ 'ਸੰਵਾਦ ' ਦੀ ਪਰਿਭਾਸ਼ਾ ਅਤੇ ਚਰਚਾ ਦੇ ਭੇਦਾਂ ਬਾਰੇ ਗਿਆਨ ਹੋਣਾ ਚਾਹੀਦਾ ਹੈ ।

' ਸੰਵਾਦ ' ਦੀ ਪਰਿਭਾਸ਼ਾ , ਇਸ ਪ੍ਰਕਾਰ ਹੈ:

" ਜਿਸ ਵਿਚਾਰ-ਚਰਚਾ ਵਿੱਚ ਸਾਂਝ, ਸਦਾਚਾਰ ਤੇ ਸਦਭਾਵਨਾ ਦੇ ਗੁਣ ਮੌਜੂਦ ਹੋਣ, ਉਸਨੂੰ ਸੰਵਾਦ ਕਿਹਾ ਜਾਂਦਾ ਹੈ।"
"
Dialogue - take part in a conversation or discussion to resolve a problem."

ਇਸਦੇ ਨਾਲ ਹੀ 'ਸੰਵਾਦ' ਦੀ ਸਫਲਤਾ ਲਈ ਬਿਬੇਕਸ਼ੀਲ ਤੱਤ ਵੀ ਬਹੁਤ ਹੀ ਮਹੱਤਵਪੂਰਨ ਹੈ। ਬਿਬੇਕ ਪੂਰਨ ਬਿਰਤੀ ਦਾ ਪ੍ਰਗਟਾਵਾ ਬਾਬੇ ਦੀ ਬਾਣੀ ਨੇ ਇਹਨਾਂ ਸ਼ਬਦਾਂ ਵਿੱਚ ਕੀਤਾ ਹੈ।

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ॥ ਅਤੇ ਰੋਜ਼ਾਨਾ ' ਸਿੱਖ ਅਰਦਾਸ ' ਵਿੱਚ ਵੀ ਬਿਬੇਕ ਦਾਨ ਦੀ ਮੰਗ ਕੀਤੀ ਜਾਂਦੀ ਹੈ।

' ਚਰਚਾ ' ਦੇ ਚਾਰ ਭੇਦ ਜਾਂ ਢੰਗ ਨਿਮਨਲਿਖਤ ਹਨ:

•• ਵਾਦ :- ਪ੍ਰੇਮ ਪੂਰਵਕ ਢੰਗ ਨਾਲ ਪਰਸਪਰ ਰੂਪ ਵਿੱਚ ਆਪਸ ਵਿੱਚ ਪ੍ਰਸ਼ਨ-ਉੱਤਰ ਕਰਕੇ ਤਸੱਲੀ ਕਰਨੀ ।
•• ਹਿਤ :- ਬਿਨਾਂ ਈਰਖਾ ਤੋਂ ਵਿਚਾਰਾਂ , ਅਨੁਭਵ ਦੁਆਰਾ ਖੰਡਨ ਮੰਡਨ ਕਰਨਾ ।
•• ਜਲਪ :- ਆਪਣੇ ਮਤ ਦੀ ਪੁਸ਼ਟੀ ਲਈ ਦੂਜੇ ਦੀ ਦਲੀਲ ਨੂੰ ਦਲੀਲ ਨਾਲ ਰੱਦ ਕਰਨਾ ।
-------
•• ਵਿਤੰਡਾ :- ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ ਕਰਨੀ ।

ਗੁਰੂ ਨਾਨਕ ਦੇ 'ਸੰਵਾਦ' ਮਾਡਲ ਨੂੰ ਅਪਣਾਉਣ ਲਈ ਚਰਚਾ ਦੇ ਪਹਿਲੇ ਤਿੰਨ ਭੇਦ ਜ਼ਰੂਰੀ ਹਨ ਚੌਥਾ ਭੇਦ ਬਾਬੇ ਦੇ 'ਸੰਵਾਦ' ਦਾ ਹਿੱਸਾ ਨਹੀਂ ਹੈ ।

ਵਿਅਕਤੀਗਤ ਪੱਧਰ ਦੇ ਸੰਵਾਦ ਤੋਂ ਬਾਅਦ ਹੀ ਦੋ ਵਰਗਾਂ, ਫਿਰਕਿਆਂ, ਸੰਪਰਦਾਵਾਂ ਵਿਚਕਾਰ ਕੋਈ ਸੰਵਾਦ ਦੀ ਸਥਿਤੀ ਪੈਦਾ ਹੋ ਸਕਦੀ ਹੈ ।

ਸੰਵਾਦ ਦਾ ਸਮਕਾਲੀ ਹਲਾਤਾਂ ਵਿੱਚ "ਅੰਤਰ-ਧਰਮ ਸੰਵਾਦ " ਦੇ ਰੂਪ ਵਿੱਚ ਹੋਰ ਸੰਭਾਵਨਾਵਾਂ, ਪ੍ਰਸਾਰ ਤੇ ਮਹੱਤਵ ਦਾ ਵਾਧਾ ਹੋਇਆ ਹੈ ।

ਸੋ, ਇਸ ਲਈ ਸਾਨੂੰ ਪੂਰੀ ਸੰਜੀਦਗੀ ਤੇ ਕੌਮੀ ਭਲਾਈ ਨੂੰ ਸਮਰਪਿਤ ਹੋ ਕੇ ਰੌਲਾ ਪਾਉਣ ਜਾਂ ' ਕੁੱਕੜ ਖੇਹ ਉਡਾਈ ਆਪਣੇ ਸਿਰ ਪਾਈ ਦੀ ਬਜਾਏ " ਸੰਵਾਦ " ਦੀ ਅਮਲੀ ਪ੍ਰਕਿਰਿਆ ਵੱਲ ਚੱਲ ਕੇ ਬਾਬੇ ਦੇ ਸਚਿਆਰ ਮਾਰਗ ਦੇ ਸਿਆਣੇ, ਸੁਘੜ, ਬਿਬੇਕਸ਼ੀਲ ਹੋਣ ਦਾ ਸਪੱਸ਼ਟ ਸਬੂਤ ਦੇਣਾ ਚਾਹੀਦਾ ਹੈ ।

ਧੰਨਵਾਦ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top