Share on Facebook

Main News Page

ਕੀ ਤੀਰਥ, ਸਰੋਵਰ, ਸ਼ਬਦ ਗੁਰੂ ਤੋਂ ਵੀ ਉੱਪਰ ਨੇ ਅਤੇ ਇਨ੍ਹਾਂ ਦਾ ਜਲ ਅੰਮ੍ਰਿਤ ਹੈ?

-: ਅਵਤਾਰ ਸਿੰਘ ਮਿਸ਼ਨਰੀ 510 432 5827

ਪੁਰਾਣੇ ਸਮੇਂ ਤੀਰਥ, ਸਰੋਵਰ, ਖੂਹ ਆਦਿਕ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਬਣਾਏ ਜਾਂ ਲਵਾਏ ਜਾਂਦੇ ਸਨ। ਹਿੰਦੂ ਤੀਰਥਾਂ, ਸਰੋਵਰਾਂ ਅਤੇ ਖੂਹਾਂ ਉੱਤੇ ਬ੍ਰਾਹਮਣ ਵੱਲੋਂ ਬਣਾ ਦਿੱਤੀਆਂ ਗਈਆਂ ਸ਼ੂਦਰ ਜਾਤੀਆਂ ਨੂੰ ਪਾਣੀ ਭਰਨ ਅਤੇ ਨਹਾਉਣ ਦਾ ਕੋਈ ਹੱਕ ਨਹੀਂ ਸੀ। ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਨੇ ਬ੍ਰਾਹਮਣ ਦਾ ਇਹ ਛੂਆ-ਛਾਤੀ ਸੁੱਚ-ਭਿੱਟ ਰਾਹੀਂ ਦੂਜਿਆਂ ਨੂੰ ਨੀਵਾਂ ਦਿਖਾ ਕੇ, ਜਲੀਲ ਕਰਨ ਵਾਲਾ ਵਹਿਮ ਅਤੇ ਹੰਕਾਰੀ ਕਰਮ, ਸਰਬਸਾਂਝੇ ਸਰੋਵਰ, ਖੂਹ ਲਵਾ ਅਤੇ ਲੰਗਰ ਚਲਾ ਕੇ ਦੂਰ ਕੀਤਾ, ਜਿੱਥੇ ਅਮੀਰ ਗਰੀਬ ਹਰ ਜਾਤੀ ਦੇ ਲੋਕ ਬਿਨਾਂ ਵਿਤਕਰੇ ਨਹਾ, ਖੂਹਾਂ ਬਾਉਲੀਆਂ ਦਾ ਪਾਣੀ ਪੀ ਅਤੇ ਲੰਗਰ ਛਕ ਸਕਦੇ ਸਨ। ਗੁਰੂ ਜੀ ਨੇ ਇਸ ਪਾਣੀ ਨੂੰ ਕਿਤੇ ਵੀ ਅੰਮ੍ਰਿਤ ਨਹੀਂ ਕਿਹਾ ਸਗੋਂ ਅਸਲ ਅੰਮ੍ਰਿਤ ਸੱਚ, ਰੱਬੀ ਹੁਕਮ, ਸ਼ਬਦ, ਨਾਮ ਗੁਰਬਾਣੀ ਅਤੇ ਚੰਗੇ ਗੁਣਾਂ ਨੂੰ ਦਰਸਾਇਆ ਜੋ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿਖੇ ਅੰਕਿਤ ਹਨ।

 

ਕਈ ਇਹ ਵੀ ਕਹਿੰਦੇ ਨੇ ਕਿ ਜੇ ਅੰਧੇ ਅੱਖਾਂ ਵਿੱਚ ਸਰੋਵਰ ਪਾਣੀ ਦੇ ਛਿੱਟੇ ਮਾਰਨ ਤੇ ਸੁਜਾਖੇ ਹੋ ਜਾਂਦੇ ਹਨ, ਪਰ ਦਰਬਾਰ ਸਾਹਿਬ ਵਿਖੇ ਨੇਤ੍ਰਹੀਨ ਰਾਗੀ ਸਾਰੀ ਉੱਮਰ ਕੀਰਤਨ ਕਰਕੇ ਸੁਜਾਖੇ ਕਿਉਂ ਨਹੀਂ ਹੋਏ?

ਜੇ ਸਰੋਵਰਾਂ ਦਾ ਜਲ ਹੀ ਰੋਗ ਦੂਰ ਕਰਦਾ ਹੈ ਤਾਂ ਫਿਰ ਸ੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਹਸਪਤਾਲ ਕਿਉਂ ਬਣਾਇਆ ਹੈ? 

 

ਹਾਂ ਕਦੇ ਕੁਦਰਤੀ ਤੌਰ 'ਤੇ ਕਿਸੇ ਵੀ ਅਸਥਾਨ ਕੋਈ ਰੋਗ ਦੂਰ ਹੋ ਗਿਆ, ਉਹ ਇਵੇਂ ਹੈ ਕਿ ਪੰਜਾਬੀ ਦੀ ਕਹਾਵਤ ਮਨ ਤੋਂ ਵਿਸਾਰਿਆ ਰੋਗ ਤਨ ਤੋਂ ਦੂਰ ਹੋ ਜਾਂਦਾ ਹੈ। 

 

ਨਾਮ ਬਾਣੀ ਦਾ ਗਿਆਨ ਅੰਮ੍ਰਿਤ ਪੀਣ ਵਾਲੀ ਕੌਮ ਨੂੰ, ਸਾਧਾਂ, ਸੰਪ੍ਰਦਾਈ ਟਕਸਾਲੀਆਂ ਨੇ, ਆਪਣੀਆਂ ਕਥਾਵਾਂ ਵਿੱਚ ਸਰੋਵਰਾਂ ਦਾ ਜਲ ਅਤੇ ਪੈਰਾਂ ਦਾ ਧੋਣ ਪੀਣਾ ਹੀ ਸਿਖਾਇਆ ਹੈ। ਜੇ ਸਰੋਵਰਾਂ ਦਾ ਜਲ ਹੀ ਅੰਮ੍ਰਿਤ ਹੁੰਦਾ ਤਾਂ ਬਾਣੀ ਦਾ ਅੰਮ੍ਰਿਤ ਖੰਡੇ ਦੀ ਪਾਹੁਲ ਰਾਹੀਂ ਨਾ ਦਿੱਤਾ ਜਾਂਦਾ। ਧੋਣ ਤਾਂ ਹਮੇਸ਼ਾਂ ਗੰਦਾ ਹੁੰਦਾ ਭਾਵੇਂ ਉਹ ਕਪੜਿਆਂ ਦਾ ਹੋਵੇ ਤੇ ਭਾਵੇਂ ਪੈਰਾਂ ਦਾ। ਇਹ ਕੰਮ ਉੱਚ ਜਾਤੀਏ ਬ੍ਰਾਹਮਣ ਅਤੇ ਸਨਾਤਨੀ ਹਿੰਦੂ ਭਗਵੇ ਸਾਧ ਕਰਦੇ ਸਨ, ਜਿਸ ਨੂੰ ਸੰਤੋਖ ਸਿੰਘ ਵਰਗੇ ਸਾਧ ਸੇਵੀ ਕਵੀ ਲਿਖਾਰੀਆਂ ਨੇ, ਸਿੱਖ ਗੁਰੂਆਂ ਨਾਲ ਜੋੜ ਕੇ, ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਵਿੱਚ ਅੰਕਿਤ ਕੀਤਾ ਹੈ। ਇਸ ਬ੍ਰਾਹਮਣੀ ਕਰਮਾਂ ਨਾਲ ਭਰੇ ਪਏ ਗ੍ਰੰਥ ਦੀ ਕਥਾ, ਬੜੇ ਚਟਕਾਰੇ ਲੈ ਲੈ ਗੁਰਦੁਆਰਿਆਂ ਵਿੱਚ ਹੁੰਦੀ ਰਹੀ ਅਤੇ ਕਿਤੇ ਕਿਤੇ ਹੁਣ ਵੀ ਹੋ ਰਹੀ ਹੈ। ਮਿਸ਼ਨਰੀ ਪ੍ਰਚਾਰਕਾਂ ਦੇ ਵੱਡੀ ਗਿਣਤੀ ਨਾਲ, ਪ੍ਰਚਾਰ ਖੇਤਰ ਵਿੱਚ ਆਉਣ ਅਤੇ ਇਲੈਕਟ੍ਰੌਣਿਕ ਮੀਡੀਆ ਸਰਗਰਮ ਹੋ ਜਾਣ ਕਰਕੇ, ਹੁਣ ਸੂਰਜ ਪ੍ਰਕਾਸ਼ ਦੀ ਕਥਾ ਬਹੁਤਿਆਂ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ ਪਰ ਅਜੇ ਵੀ ਵਿੱਚ ਵਿਚਾਲੇ ਡੇਰਿਆਂ ਸੰਪ੍ਰਦਾਵਾਂ ਦੇ ਕਥਾਵਾਚਕ, ਮਨਘੜਤ ਕਹਾਣੀਆਂ ਸੁਣਾ ਹੀ ਜਾਂਦੇ ਹਨ। ਕੌਮ ਨੂੰ ਅੱਜ ਗਿਆਨਵਾਨ, ਉੱਚੇ ਜੀਵਨ ਵਾਲੇ, ਕਹਿਣੀ, ਕਥਨੀ ਅਤੇ ਕਰਨੀ ਦੇ ਮਾਲਕ, ਨਿਧੱੜਕ ਪ੍ਰਚਾਰਕਾਂ ਦੀ ਲੋੜ ਹੈ ਜੋ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਖੋਜ ਭਰਪੂਰ ਵਿਖਆਖਿਆ ਕਰਦੇ ਹਨ।

 

ਦਾਸ ਨਾਲ ਵੀ ਇੱਕ ਵਾਰ ਅਮਰੀਕਾ ਵਿਖੇ, ਇੱਕ ਤੀਰ ਵਾਲੇ ਬਾਬੇ ਨਾਲ ਵਾਹ ਪਿਆ ਸੀ ਜੋ ਕਥਾ ਵਿੱਚ ਕਹਿ ਰਿਹਾ ਸੀ ਕਿ ਸੰਗਤੇ ਦੇਖੋ! ਗੁਰੂ ਰਾਮਦਾਸ ਵਿੱਚ ਕਿੰਨੀ ਨਿਮ੍ਰਤਾ ਸੀ ਜੋ ਆਈ ਸੰਗਤ ਦੇ ਪੈਰ ਦੋ ਧੋ ਕੇ ਪੀਂਦੇ ਸਨ। ਇਸ ਤੋਂ ਬਾਅਦ ਦਾਸ ਦਾ ਸਮਾਂ ਸੀ ਜਿਸ ਵਿੱਚ ਮੈਂ ਕਿਹਾ ਕਿ ਜੇ ਤੇਰੇ ਮੁਤਾਬਿਕ ਇਹ ਠੀਕ ਹੈ ਤਾਂ ਉਪਦੇਸ਼ ਆਪ ਵੀ ਕਮਾਉਣਾ ਚਾਹੀਦਾ ਹੈ। ਇਸ ਲਈ ਆਪ ਜੀ ਵੀ ਆ ਰਹੀਆਂ ਸੰਗਤਾਂ ਦੇ ਪੈਰ ਧੋ ਕੇ, ਪੈਰਾਂ ਅਤੇ ਜੁੱਤੀਆਂ ਦੀ ਰਾਖ ਪਾਣੀ ਵਿੱਚ ਘੋਲ ਕੇ ਪੀਣ ਦੀ ਸੇਵਾ, ਸੰਗਤਾਂ ਦੇ ਸਾਹਮਣੇ ਕਰੋ ਤਾਂ ਕਿ ਆਪ ਜੀ ਵਿੱਚ ਵੀ ਨਿਮਰਤਾ ਆ ਜਾਵੇ, ਜੋ ਗੁਰਬਾਣੀ ਪੜ੍ਹਨ ਵਿਚਾਰਨ ਤੇ ਵੀ ਨਹੀਂ ਆਈ ਕਿਉਂਕਿ ਅਮਲ ਤਾਂ ਸੰਪ੍ਰਾਦਾਈ ਸਾਧਾਂ ਦੀਆਂ ਮਨਘੜਤ ਕਹਾਣੀਆਂ 'ਤੇ ਹੀ ਕੀਤਾ ਹੈ। ਦਾਸ ਨੇ ਕਿਹਾ ਭਲਿਓ ਨਹਾਉਣ ਜਾਂ ਪੈਰ ਧੋਣ ਵਾਲਾ ਪਾਣੀ ਅੰਮ੍ਰਿਤ ਨਹੀਂ ਅਤੇ ਨਾਂ ਹੀ ਪੀਣ ਵਾਸਤੇ ਹੁੰਦਾ ਹੈ। ਲੋਕਾਂ ਨੂੰ ਬਿਲਕੁਲ ਸਾਫ ਸੁਥਰਾ ਪਾਣੀ ਹੀ ਪੀਣਾ ਚਾਹੀਦਾ ਹੈ। ਅਕਲ ਤੋਂ ਕੰਮ ਲੈਣ ਦੀ ਲੋੜ ਹੈ-ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗੱਲਾਂ ਸੈਤਾਨੁ॥ (੧੨੪੫)

 

ਅੱਜ ਸੰਨ ੨੦੧੬ ਵਿੱਚ ਸੰਤ ਤੋਂ ਭਾਈ ਬਣੇ ਅਤੇ ਕੱਚੀਆਂ ਧਾਰਨਾਂ ਛੱਡ ਕੇ, ਸੱਚੀ ਬਾਣੀ ਦਾ ਕੀਰਤਨ ਅਤੇ ਵਿਆਖਿਆ ਕਰਨ ਵਾਲੇ "ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ" ਨੇ, ਗਿਣਤੀ ਦੇ ਪਾਠਾਂ, ਥੋਥੇ ਕਰਮਕਾਂਡਾਂ, ਧੂਪ ਸਮੱਗਰੀਆਂ, ਅਖੌਤੀ ਭੂਤਾਂ-ਪ੍ਰੇਤਾਂ, ਵਰਤਾਂ, ਰੱਖੜੀਆਂ, ਸੰਗ੍ਰਾਦਾਂ,ਅਖੌਤੀ ਡੇਰੇਦਾਰ ਸਾਧਾਂ ਸੰਪ੍ਰਦਾਈਆਂ, ਕੁਰੱਪਟ ਲੀਡਰਾਂ ਅਤੇ ਵਹਿਮਾਂ ਭਰਮਾਂ ਬਾਰੇ ਸੰਗਤਾਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣੇ ਜਿਹੇ ਉਨ੍ਹਾਂ ਨੇ ਸਰੋਵਰਾਂ, ਤੀਰਥਾਂ ਅਤੇ ਬਿਲਡਿੰਗਾਂ ਦੀ ਅਸਲੀਅਤ ਬਾਰੇ ਅਮਰੀਕਾ ਵਿਖੇ ਵਖਿਆਣ ਕੀਤਾ ਤਾਂ ਡੇਰੇਦਾਰ, ਸੰਪ੍ਰਦਾਈ ਅਤੇ ਅਖੌਤੀ ਖਾਲਿਸਤਾਨੀ ਬੁਖਲਾ ਉੱਠੇ ਅਤੇ ਕਿਸੇ ਜਾਗੋ ਵਾਲੇ ਜਥੇ ਨੇ, ਇੰਗਲੈਂਡ ਤੋਂ ਵੀਡੀਓ ਕਲਿਪ ਰਾਹੀਂ ਮਨਘੜਤ ਕਹਾਣੀਆਂ ਦਾ ਸਹਾਰਾ ਲੈ ਕੇ, ਉਨ੍ਹਾਂ ਨੂੰ ਧਮਕੀ ਦਿੰਦੇ ਸਰੋਵਰਾਂ, ਇਕੋਤਰੀਆਂ ਅਤੇ ਬਿਲਡਿੰਗ ਪੂਜਾ ਨੂੰ, ਗੁਰਬਾਣੀ ਦੇ ਉਪਦੇਸ਼ਾਂ ਨੂੰ ਛੱਡ ਕੇ, ਜਰੂਰੀ ਦੱਸਿਆ ਹੈ। ਹੁਣ ਇਲੈਕਟ੍ਰੌਣਿਕ ਮੀਡੀਏ, ਜਾਗਰੂਕ ਸਿੱਖ ਮਿਸ਼ਨਰੀਆਂ, ਜਾਗਰੂਕ ਪ੍ਰਚਾਰਕਾਂ, ਪ੍ਰਚਾਰਕਾਂ, ਸਿੱਖ ਵਿਦਵਾਨਾਂ ਅਤੇ ਲਿਖਾਰੀਆਂ ਦੇ ਪ੍ਰਚਾਰ ਕਰਕੇ, ਸਿੱਖ ਸੰਗਤਾਂ ਜਾਗ੍ਰਿਤ ਹੋ ਰਹੀਆਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ, ਲੱਖਾਂ ਸੰਗਤਾਂ ਨੂੰ, ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਰਾਹੀਂ ਥੋੜੇ ਜਿਹੇ ਸਮੇ ਵਿੱਚ ਸੁਚੇਤ ਕਰ ਦਿੱਤਾ ਹੈ। ਜਿਸ ਕਰਕੇ ਡੇਰੇਦਾਰ ਸੰਪ੍ਰਦਾਈਆਂ ਦਾ, ਥੋਥੇ ਕਰਮਕਾਂਡਾਂ, ਅੰਧਵਿਸ਼ਵਾਸ਼ਾਂ, ਅੰਨ੍ਹੀ ਸ਼ਰਧਾ, ਬਾਬਾਵਾਦ, ਸੰਤਪੁਣੇ ਰਾਹੀਂ, ਦਾਨ ਦੱਸ਼ਣਾ ਅਤੇ ਪਾਠਾਂ ਦੀਆਂ ਇਕੋਤਰੀਆਂ ਰਾਹੀਂ ਚਲਾਇਆ ਭਰਮਜਾਲ ਦਾ ਹਲਵਾਮੰਡਾ ਬੰਦ ਹੁੰਦਾ ਜਾ ਰਿਹਾ ਹੈ।

 

ਤੀਰਥ, ਸਰੋਵਰ, ਧਰਮਸ਼ਾਲਾਵਾਂ, ਖੂਹ, ਬਾਉਲੀਆਂ ਅਤੇ ਲੰਗਰ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ, ਸਿੱਖ ਗੁਰੂਆਂ ਨੇ ਬਣਵਾਏ ਤੇ ਚਲਾਏ ਜਿੱਥੇ ਹਰ ਜਾਤੀ ਤੇ ਧਰਮ ਦੇ ਲੋਕ ਇਸ਼ਨਾਨ ਕਰ, ਪਾਣੀ ਪੀ, ਲੰਗਰ ਛੱਕ ਅਤੇ ਆਤਮ ਗਿਆਨ ਲੈ ਸਕਦੇ ਹਨ।

 

ਗੁਰਦੇਵ ਹੀ ਤੀਰਥ-ਸਰੋਵਰ ਹੈ, ਜਿੱਥੇ ਗਿਆਨ ਦੇ ਜਲ  ਵਿੱਚ ਮਨ ਦਾ ਇਸ਼ਨਾਨ ਕਰਨ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ- ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ (੨੫੦) ਪੂਰਾ ਸਤਿਗੁਰੂ ਹੀ ਤੀਰਥ ਹੈ- ਤੀਰਥੁ ਪੂਰਾ ਸਤਿਗੁਰੂ...(੧੪੦) ਗਿਆਨ ਦਾ ਤੀਰਥ ਤਾਂ ਮਨੁੱਖ ਦੇ ਅੰਦਰ ਹੈ, ਜਿਸ ਦੀ ਸਮਝ ਸਤਿਗੁਰੂ ਤੋਂ ਪੈਂਦੀ ਹੈ-ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ॥ ਮੈਲੁ ਗਈ ਮਨੁ ਨਿਰਮਲ ਹੋਆ ਅੰਮ੍ਰਿਤ ਸਰਿ ਤੀਰਥਿ ਨਾਇ॥ (੫੮੭) ਭਾਈ ਗੁਰਦਾਸ ਜੀ ਵੀ ਲਿਖਦੇ ਹਨ ਕਿ ਅੰਨ੍ਹੀ ਸ਼ਰਧਾ ਵਾਲੇ ਅਗਿਆਨੀ ਲੋਕ ਸੱਚੇ ਸਤਿਗੁਰੂ ਤੀਰਥ ਨੂੰ ਛੱਡ, ਭਟਕਦੇ ਹੋਏ,ਬਾਹਰੀ ਮੰਨੇ ਗਏ ੬੮ ਤੀਰਥਾਂ ਤੇ ਨਹਾਉਂਦੇ ਫਿਰਦੇ ਹਨ- ਸਤਿਗੁਰ ਤੀਰਥੁ ਛਡ ਕੈ ਅਠਸਠਿ ਤੀਰਥ ਨਾਵਣਿ ਜਾਹੀਂ॥ ਨਦੀ ਨ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੇ ਨਾਹੀ॥ ਸੋ ਤੀਰਥ, ਸਰੋਵਰ, ਖੂਹ, ਬਾਉਲੀਆਂ ਅਤੇ ਅਜੋਕੇ ਸੰਤ ਬਾਬੇ "ਸ਼ਬਦ ਗੁਰੂ" ਤੋਂ ਉੱਪਰ ਨਹੀਂ ਹਨ।

 

ਭਾਈ ਢੱਡਰੀਆਂ ਵਾਲੇ ਨੇ ਠੀਕ ਹੀ ਕਿਹਾ ਹੈ ਕਿ ਭਰਨਾ ਤਾਂ ਮਨ ਦਾ ਲੋਟਾ ਸੀ, ਪਰ ਅਸੀਂ ਦਰਬਾਰ ਸਾਹਿਬ ਗੁਰੂ ਰਾਮਦਾਸ ਸਰੋਵਰ ਚੋਂ ਵੀ ਬਾਣੀ ਉਪਦੇਸ਼ਾਂ ਦੀ ਬਜਾਇ ਪਾਣੀ ਦੀਆਂ ਕੈਨੀਆਂ ਹੀ ਭਰੀ ਲਿਆਉਂਦੇ ਹਾਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top