ਅੱਗ ਬਾਲ਼ ਕੇ ਧੂੰਏਂ ਦੇ ਪੱਜ ਰੋਵਾਂ...
ਅੱਜ ਤੋਂ ਕਈ ਦਹਾਕੇ ਪਹਿਲਾਂ ਦੀ ਇੰਗਲੈਂਡ
ਦੀ ਗਾਥਾ ਹੈ ਕਿ ਕਿਸੇ ਸ਼ਹਿਰ ਵਿਚ ਗੁਰਦੁਆਰਾ ਸਥਾਪਿਤ ਕਰਨ ਬਾਰੇ ਕੁਝ ਵਿਅਕਤੀਆਂ
ਨੇ ਗੱਲ ਬਾਤ ਚਲਾਈ। ਹੌਲੀ ਹੌਲੀ ਕੁਝ ਹੋਰ ਵਿਅਕਤੀ ਵੀ ਨਾਲ਼ ਜੁੜਦੇ ਗਏ। ਮੋਹਰੀਆਂ ਵਿਚ
ਇਕ ਅਜਿਹਾ ਵਿਅਕਤੀ ਵੀ ਸੀ ਜੋ ਕਿ ਆਪਣਾ ਹੀ ਏਜੰਡਾ ਲੈ ਕੇ ਤੁਰਿਆ ਹੋਇਆ ਸੀ। ਉਹਦੇ ਦਿਲ
ਵਿਚ ਸ਼ੁਰੂ ਤੋਂ ਹੀ ਪ੍ਰਧਾਨਗੀ ਦੇ ਅਹੁੱਦੇ ਦੀ ਲਾਲਸਾ ਸੀ ਭਾਵੇਂ ਉਹ ਖੁੱਲ੍ਹ ਕੇ ਨਹੀਂ
ਸੀ ਪ੍ਰਗਟ ਕਰਦਾ।
ਉਸੇ ਹੀ ਸ਼ਹਿਰ ਵਿਚ ਇਕ ਸੱਜਣ ਰਹਿੰਦੇ ਸਨ
ਜਿਹੜੇ ਅੰਮ੍ਰਿਤਧਾਰੀ ਸਨ ਅਤੇ ਕਿਸੇ ਵੱਡੀ ਕੰਪਨੀ ਵਿਚ ਇੰਜਨੀਅਰ ਲੱਗੇ ਹੋਏ ਸਨ। ਉਹਨਾਂ
ਦਿਨਾਂ ਵਿਚ ਇੰਗਲੈਂਡ ਵਿਚ ਕੋਈ ਟਾਂਵਾਂ ਵਿਰਲਾ ਹੀ ਦਸਤਾਰਧਾਰੀ ਮਿਲਦਾ ਸੀ, ਅੰਮ੍ਰਿਤਧਾਰੀ
ਦੀ ਗੱਲ ਤਾਂ ਬਹੁਤ ਦੂਰ ਸੀ। ਖ਼ੈਰ, ਕੁਝ ਸੱਜਣਾਂ ਨੇ ਉਸ ਅੰਮ੍ਰਿਤਧਾਰੀ ਸੱਜਣ ਨਾਲ ਸੰਪਰਕ
ਕੀਤਾ ਤੇ ਉਸ ਨੂੰ ਅਗਲੀ ਮੀਟਿੰਗ ਵਿਚ ਆਉਣ ਲਈ ਮਨਾ ਲਿਆ।
ਇਕ ਸਕੂਲ ਦੇ ਕਮਰੇ ਵਿਚ
ਮੀਟਿੰਗ ਦਾ ਇੰਤਜ਼ਾਮ ਕਰ ਲਿਆ ਗਿਆ। ਦਸ ਕੁ ਬੰਦੇ ਇਸ ਮੀਟਿੰਗ ਵਿਚ ਸ਼ਾਮਲ ਹੋਏ। ਜਿਹੜਾ
ਵਿਅਕਤੀ ਪ੍ਰਧਾਨਗੀ ਦੀ ਲਾਲਸਾ ਰੱਖਦਾ ਸੀ ਉਸਦਾ ਮੱਥਾ ਠਣਕਿਆ ਅੰਮ੍ਰਿਤਧਾਰੀ ਸੱਜਣ ਨੂੰ
ਵੇਖ ਕੇ ਕਿਉਂਕਿ ਪਹਿਲੀਆਂ ਮੀਟਿੰਗਾਂ ਵਿਚ ਉਹ ਆਪ ਹੀ ਪ੍ਰਧਾਨਗੀ ਕਰਦਾ ਰਿਹਾ ਸੀ। ਉਸ
ਨੂੰ ਆਪਣੀ ਪ੍ਰਧਾਨਗੀ ਖੁੱਸਦੀ ਜਾਪੀ।
ਮੀਟਿੰਗ ਸ਼ੁਰੂ ਹੋਈ
ਤਾਂ ਇਕ ਸੱਜਣ ਨੇ ਬੜੇ ਅਦਬ ਨਾਲ ਕਹਿਣਾ ਸ਼ੁਰੂ ਕੀਤਾ ਕਿ ਫਲਾਣਾ ਸਿੰਘ ਜੀ ਪੜ੍ਹੇ ਲਿਖੇ
ਹਨ ਤੇ ਇੱਥੋਂ ਦੇ ਪ੍ਰਸ਼ਾਸਨ ਨਾਲ ਅੰਗਰੇਜ਼ੀ ‘ਚ ਗੱਲਬਾਤ ਕਰਨ ਲਈ ਅੰਗਰੇਜ਼ੀ ਭਾਸ਼ਾ ਦੀ ਲੋੜ
ਪਵੇਗੀ, ਸੋ ਉਸ ਦੀ ਬੇਨਤੀ ਹੈ ਕਿ ਇਸ ਵੀਰ ਨੂੰ ਪ੍ਰਧਾਨਗੀ ਦੇ ਅਹੁੱਦੇ ‘ਤੇ ਬਿਠਾਇਆ ਜਾਵੇ।
ਬਸ ਉਸ ਵਿਅਕਤੀ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਪ੍ਰਧਾਨਗੀ ਦੀ ਭੁੱਖ ਵਾਲ਼ੇ ਸੱਜਣ ਨੇ ਇੰਨੀ
ਜ਼ੋਰ ਦੀ ਟੇਬਲ ‘ਤੇ ਮੁੱਕਾ ਮਾਰਿਆ ਕਿ ਟੇਬਲ ਦੇ ਦੋ ਟੋਟੇ ਕਰ ਦਿੱਤੇ ਤੇ ਬੋਲਿਆ,
“ਜੇ ਇਹਨੂੰ ਹੀ ਪ੍ਰਧਾਨ ਬਣਾਉਣੈ ਤਾਂ ਅਸੀਂ ਇੱਥੇ ਏਨੇ ਚਿਰਾਂ
ਦੇ...........ਫਿਰਦੇ ਆਂ” ਮੀਟਿੰਗ ਤੂੰ ਤੂੰ ਮੈਂ ਮੈਂ ਵਿਚ ਖ਼ਤਮ ਹੋ ਗਈ ਤੇ
ਲੋਕ ਘਰਾਂ ਨੂੰ ਚਲੇ ਗਏ ਤੇ ਕਈ ਸਾਲ ਗੁਰਦੁਆਰੇ ਲਈ ਕੋਈ ਹੋਰ ਮੀਟਿੰਗ ਨਾ ਹੋ ਸਕੀ।
ਇਹ ਸੱਚੀ ਘਟਨਾ ਹੂਬਹੂ
ਆਉਣ ਵਾਲੇ ਸਰਬੱਤ ਖ਼ਾਲਸਾ ਤੋਂ ਪਹਿਲਾਂ ਵਾਪਰ ਰਹੀਆਂ ਘਟਨਾਵਾਂ ਨਾਲ਼ ਜੁੜਦੀ ਹੈ।
ਪਿਛਲੇ ਸਾਲ ਦੇ ਸਰਬੱਤ ਖ਼ਾਲਸੇ ਵਿਚ ਚੌਧਰੀਆਂ ਨੇ ਭਾਈ ਜਗਤਾਰ
ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਤੇ ਹੁਣ ਜਦ ਜਥੇਦਾਰ ਕੋਈ ਆਦੇਸ਼ ਦੇ ਰਿਹਾ
ਹੈ, ਤਾਂ ਇਹ ਚੌਧਰੀ ਉਸ ਦੇ ਆਦੇਸ਼ ਨੂੰ ਹੀ ਮੰਨਣ ਲਈ ਤਿਆਰ ਨਹੀਂ। ਕੀ ਇਹ ਉਹੀ
ਗੱਲ ਨਹੀਂ ਕਿ ਜੇ ਹਵਾਰੇ ਨੇ ਹੀ ਆਦੇਸ਼ ਜਾਰੀ ਕਰਨੇ ਹਨ, ਤਾਂ ਉਹਨਾਂ ਦੀਆਂ ਚੌਧਰਾਂ ਕਿਸ
ਕੰਮ? ਅੱਜ ਸੁਹਿਰਦ ਸਿੱਖ ਸੋਚ ਰਹੇ ਹਨ ਕਿ ਕੀ ਹਵਾਰਾ ਨੂੰ ਜੇਲ੍ਹ ‘ਚ ਬੈਠੇ ਨੂੰ ਇਸ ਲਈ
ਜਥੇਦਾਰ ਬਣਾਇਆ ਸੀ, ਕਿ ਉਹਦੇ ਨਾਂ ਦੀ ਵਰਤੋਂ ਕਰ ਕੇ ਇਹ ਲੋਕ
ਆਪਣੀਆਂ ਸਿਆਸੀ ਰੋਟੀਆਂ ਸੇਕ ਸਕਣ?