ਓਇ ਪਰਦੇਸੀਆ ਹਾਂ ॥ ਸੁਨਤ ਸੰਦੇਸਿਆ ਹਾਂ ॥1॥
ਰਹਾਉ ॥
ਜਾ ਸਿਉ ਰਚਿ ਰਹੇ ਹਾਂ ॥ ਸਭ ਕਉ ਤਜਿ ਗਏ ਹਾਂ ॥ ਸੁਪਨਾ ਜਿਉ ਭਏ ਹਾਂ ॥
ਓ
ਮਨ -ਮੇਰਾ ਇਕ ਸੰਦੇਸ ਸੁਣ। ਜਿਸ ਦੇਸ ਨੂੰ ਅਪਣਾ ਸਮਝੀ ਬੈਠਾ ਹੈ, ਜਿਸ ਦੇਸ਼ ਦੀ ਅਜ਼ਾਦੀ
ਅਤੇ ਉਸਾਰੀ ਲਈ ਤੂੰ ਸਭ ਕੁਛ ਵਾਰਿਆ ਅਤੇ ਵਾਰ ਰਿਹਾ ਹੈ, ਇਹ ਦੇਸ਼ ਤੇਰਾ ਆਪਣਾ ਨਹੀਂ
ਪਰਾਇਆ ਹੈ।ਗੁਰੂ ਕੋਲੋਂ ਪਰਾਏ ਦੇਸ਼ ਬਾਰੇ ਪੁਛ ਗੁਰੂ ਆਖੇਗਾ।
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥ ਕਿਸੁ
ਪਹਿ ਖੋਲ੍ਉ ਗੰਠੜੀ ਦੂਖੀ ਭਰਿ ਆਇਆ ॥
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥
ਜਿਸ ਦੇਸ ਵਿਚ ਤਨ ਮਨ ਦੇ ਦੁਖਾਂ ਦੀਆਂ ਪੰਡਾਂ ਲੈਕੇ ਵਿਲਕਦਾ ਫਿਰਦਾ
ਰਹੇਂ ਕਿਸੇ ਅਦਾਲਤ, ਕਿਸੇ ਸਰਕਾਰ, ਕਿਸੇ ਅਖੌਤੀ ਧਾਰਮਿਕ ਜਾਂ ਸਿਆਸੀ ਸੰਸਥਾ ਕੋਲੋਂ
ਇਨਸਾਫ ਦੀ ਆਸ ਨਾ ਹੋਵੇ, ਤੇਰੀ ਪੀੜਾ ਸੁਨਣ ਅਤੇ ਜਾਨਣ ਲਈ ਭੀ ਕੋਈ ਤਿਆਰ ਨਾ ਹੋਵੇ, ਉਹ
ਦੇਸ਼ ਪਰਾਇਆ ਹੋਂਦਾ ਹੈ।
ਓ- ਭੋਲਿਆ ਦੇਖ ਤੇਰਾ ਜੀਵਨ ਤੇਰਾ ਗੁਰੂ ਹੈ, ਜਿਸ ਨਾਲੋਂ ਟੁੱਟ ਕੇ ਤੇਰੀ ਮੌਤ ਹੈ। ਪਰ
ਇਸ ਪਰਾਏ ਦੇਸ਼ ਵਿੱਚ ਤੇਰੇ ਜੀਵਨ ਰੂਪ ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਬੇਅਦਬ ਕੀਤਾ ਜਾ
ਰਿਹਾ ਹੈ। ਗੁਰੂ ਦੇ ਅਦਬ ਲਈ ਆਵਾਜ਼ ਉਠਾਉਣ ਵਾਲਿਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਅਤੇ ਜ਼ਖਮੀ
ਕਰਕੇ ਅਦਬ ਦੀ ਆਵਾਜ਼ ਨੂੰ ਖਾਮੋਸ਼ ਕੀਤਾ ਜਾਂਦਾ ਹੈ, ਕਿਉਂਕਿ ਦੇਸ ਪਰਾਇਆ ਹੈ। ਏਥੇ ਤੇਰੇ
ਗੁਰੂ ਨੂੰ ਸਾਹਮਣੇ ਬਿਠਾਕੇ ਦੁਰਗਾ ਦੇ ਸੋਹਲੇ ਗਾ ਕੇ, ਦੁਰਗਾ ਦੀਆਂ ਆਰਤੀਆਂ ਕਰਕੇ ਤੇਰੇ
ਗੁਰੂ ਨੂੰ ਵੰਗਾਰਿਆ ਜਾਂਦਾ ਹੈ।
ਇਸ ਪਰਾਏ ਦੇਸ਼ ਵਿਚ ਤੇਰੀਆਂ ਹੀ ਸ਼ਕਲਾਂ ਵਾਲੇ ਕੁਛ ਲੋਕ ਤੇਰੇ ਗੁਰੂ ਦੇ ਸਥਾਨਾ ਤੇ ਕਾਬਜ਼
ਹੋ “ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ” ਰਾਹੀਂ ਅਤੇ “ਗੁਰ
ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥" ਦੇ ਗੁਰੂ ਬਚਨ ਨੂੰ ਚੈਲੰਜ
ਕਰਕੇ ਹੋਰ ਗ੍ਰੰਥਾਂ ਵਿਚੋਂ ਗੁਰੂ ਸ਼ਬਦ ਲੱਭ ਰਹੇ ਅਤੇ ਆਖ ਰਹੇ ਹਨ।
ਤੂੰ ਕੇਡਾ ਭੋਲਾ ਹੈਂ, ਕਿ ਪਰਾਏ ਦੇਸ਼ ਦੀ ਪਰਾਈ ਸਿਆਸੀ ਸ਼ਕਤੀ ਨਾਲ ਪਰਾਈ ਸੋਚ ਸਿਧਾਂਤ ਦੇ
ਪ੍ਰਚਾਰ ਪ੍ਰਸਾਰ ਲਈ ਅਸਥਾਨਾਂ ਦੀਆਂ ਪਦਵੀਆਂ 'ਤੇ ਕਬਜਾ ਕਰੀ ਬੈਠੇ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੇ ਅਦਬ ਵਡਿਆਈ ਨੂੰ ਵੰਗਾਰਨ ਵਾਲੇ ਇਨ੍ਹਾਂ ਪਰਾਏ ਲੋਕਾਂ ਕੋਲੋਂ ਗੁਰੂ ਦੇ
ਅਦਬ ਲਈ ਵਾਸਤੇ ਪਾ ਰਿਹਾ ਹੈਂ। “ਪਰ ਕੀ ਕਉ ਅਪੁਨੀ ਕਹੈ ਅਪੁਨੋ
ਨਹੀ ਭਾਇਆ ॥5॥” ਅਨੁਸਾਰ ਇਹ ਤੇਰੀ ਭੁਲ ਹੈ। ਸੱਚ ਇਹ ਹੈ ਕੇ ਇਹ ਦੇਸ ਪਰਾਇਆ,
ਇਹ ਲੋਕ ਪਰਾਏ, ਇਨ੍ਹਾਂ ਕੋਲ ਗੁਰੂ ਦੇ ਅਦਬ ਜਾਂ ਇਨਸਾਫ ਲਈ ਆਸ ਲੈ ਕੇ ਜਾਣਾ ਫਜ਼ੂਲ ਹੈ।
ਬਲਕਿ “ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ
॥” ਅਨੁਸਾਰ ਤੂੰ ਆਪਣਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਉਂਪ ਕੇ ਦ੍ਰਿੜ
ਸੰਕਲਪ ਕਰ ਕਿ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥8॥