ਬਹੁ ਗਿਣਤੀ
ਸਿੱਖ ਆਗੂਆਂ ਦੀ ਮੱਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਘੇਰੇ ਤੋਂ
ਬਾਹਰ ਜਾ ਚੁੱਕੀ ਹੈ। ਇੱਸ ਦੇ ਸਿੱਟੇ ਵਜੋਂ ਉਹ ਦਸਵੇਂ ਪਾਤਿਸ਼ਾਹ ਜੀ ਦੇ ਥਾਪੇ ਗੁਰੂ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਵਿੱਚ ਸੰਨ 1931-1945 ਵਿੱਚ ਸ਼੍ਰੋ. ਕਮੇਟੀ ਦੁਆਰਾ
ਰਲ਼ਾਈਆਂ ਕੱਚੀਆਂ ਰਚਨਾਵਾਂ ਦੀ ਹਮਾਇਤ ਕਰ ਰਹੇ ਹਨ,ਭਾਵ, ਤਖ਼ਤਾਂ ਦੇ ਮੁੱਖ ਸੇਵਾਦਾਰਾਂ
ਸਮੇਤ ਸ਼੍ਰੋ. ਕਮੇਟੀ ਦੀ ਗ਼ਲਤੀ ਨੂੰ ਹੀ ਦੁਹਰਾ ਰਹੇ ਹਨ। ਗ਼ਲਤੀ
ਤੋਂ ਭਾਵ ਹੈ ਕਿ ਕਮੇਟੀ ਨੇ ਦਸਵੇਂ ਪਾਤਿਸ਼ਾਹ ਜੀ ਵਲੋਂ ਸੰਪਾਦਤ ਦਮਦਮੀ ਬੀੜ ਵਿੱਚ ਲਿਖੀਆਂ
ਬਾਣੀਆਂ ਦੇ ਨਾਲ਼ ਬੀੜ ਤੋਂ ਬਾਹਰ ਪਈਆਂ ਕੱਚੀਆਂ ਰਚਨਾਵਾਂ ਨੂੰ ਰਲ਼ਾ ਦਿੱਤਾ ਸੀ।
ਇਸ ਤਰ੍ਹਾਂ ਗ਼ਲਤ ਹੱਠ ਕਰ ਕੇ ਉਹ ਸਿੱਖ ਆਗੂ ਦਸਵੇਂ ਪਾਤਿਸ਼ਾਹ ਜੀ ਦੁਆਰਾ ਆਦਿ ਬੀੜ ਨੂੰ
ਦਮਦਮੀ ਬੀੜ ਦੇ ਰੂਪ ਵਿੱਚ ਦੁਵਾਰਾ ਲਿਖਵਾਉਣ ਦੀ ਕਿਰਿਆ ਨੂੰ ਹੀ ਰੱਦ ਕਰ ਕੇ ਦਸਵੇਂ ਗੁਰੂ
ਜੀ ਦੇ ਹੁਕਮਾਂ ਦੀ ਉਲੰਘਣਾਂ ਕਰ ਰਹੇ ਹਨ, ਭਾਵੇਂ, ਉਹ ਆਪਣੇ ਆਪ ਨੂੰ ਦਸਵੇਂ ਪਾਤਿਸ਼ਾਹ
ਜੀ ਦੇ ਬੜੇ ਵੱਡੇ ਸਿੱਖ ਅਖਵਾ ਰਹੇ ਹਨ। ਪਿਓ ਓਦੋਂ ਤਕ ਹੀ ਪਿਓ ਹੁੰਦਾ ਹੈ ਜਦੋਂ ਤਕ ਉਸ
ਦਾ ਹੁਕਮ ਮੰਨਿਆਂ ਜਾਂਦਾ ਰਹੇ।
ਦਸਵੇਂ
ਗੁਰੂ ਜੀ ਨੇ ਜਿਹੜੀਆਂ ਰਚਨਾਵਾਂ ਗੁਰੂ ਕ੍ਰਿਤ ਸਨ ਉਹ ਹੀ ਦਮਦਮੀ ਬੀੜ ਵਿੱਚ ਦਰਜ ਕਰਵਾਈਆਂ
ਸਨ ਅਤੇ ਬਾਕੀ ਕੂੜ ਕਬਾੜ ਨੂੰ ਸਿੱਖਾਂ ਦੀ ਪਹੁੰਚ ਤੋਂ ਬਾਹਰ ਹੀ ਰੱਖਿਆ ਸੀ।
ਅੱਜ ਜੋ ਸਿੱਖ ਇਸ ਕੂੜ ਕਬਾੜ ਨੂੰ ਹੀ ਆਪ ਹੀ ਗੁਰਬਾਣੀ ਦਾ ਦਰਜਾ ਦੇ ਕੇ ਸੱਚੀ ਬਾਣੀ
ਵਿੱਚ ਰਲ਼ਾ ਰਹੇ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਤ ਕਰ ਰਹੇ ਹਨ ਉਹ
ਆਪ ਹੀ ਸਿੱਖੀ ਦੇ ਸ਼ਾਨਦਾਰ ਮਹੱਲ ਨੂੰ ਢਹਿ-ਢੇਰੀ ਕਰ ਰਹੇ ਹਨ। ਜਿਹੜੇ ਸਿੱਖ ਇਹ ਭਰਮ
ਪਾਲ਼ਦੇ ਹਨ ਕਿ ਗੁਰੂ ਕ੍ਰਿਤ ਬਾਣੀ ਦਮਦਮੀ ਬੀੜ ਤੋਂ ਬਾਹਰ ਭੀ ਰਹਿ ਗਈ ਹੈ, ਉਹ ਆਪਣੇ ਆਪ
ਨੂੰ ਗੁਰੂ ਦਸਵੇਂ ਪਾਤਿਸ਼ਾਹ ਤੋਂ ਸਿਆਣੇ ਮੰਨ ਕੇ ਚੱਲ ਰਹੇ ਹਨ ਅਤੇ ਸਿੱਖੀ ਦਾ ਭਾਰੀ
ਨੁਕਸਾਨ ਕਰ ਰਹੇ ਹਨ। ਇਸ ਤਰ੍ਹਾਂ ਹੋ ਰਹੇ ਨੁਕਸਾਨ ਨੂੰ ਬ੍ਰਾਹਮਣਵਾਦ ਸ਼੍ਰੇਣੀ ਹਰ ਹਾਲਤ
ਵਿੱਚ ਕਾਇਮ ਹੀ ਰੱਖਣਾ ਨਹੀਂ ਚਾਹੁੰਦੀ ਸਗੋਂ ਨੁਕਸਾਨ ਨੂੰ ਹੋਰ ਵਧਾਉਣ ਦੇ ਲਗਾਤਾਰ ਯਤਨਾ
ਵਿੱਚ ਰੁੱਝੀ ਵੀ ਹੋਈ ਹੈ। ਗੁਰੂ ਤੋਂ ਸਿਆਣੇ ਬਣਨ ਵਾਲ਼ਿਆਂ ਨੂੰ ਸਿੱਖ ਆਖਣਾ ਵੀ ਜੱਚਦਾ
ਨਹੀਂ।
ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਵਿੱਚੋਂ
ਬਾਣੀ ਪੜ੍ਹ ਕੇ ਹੀ ਅੰਮ੍ਰਿਤ ਤਿਆਰ ਕੀਤਾ ਗਿਆ ਸੀ ਅਤੇ ਹੁਣ ਵੀ ਕੀਤਾ ਜਾ ਸਕਦਾ ਹੈ।
ਦਸਵੇਂ ਪਾਤਿਸ਼ਾਹ ਕਿਵੇਂ ਉਨ੍ਹਾਂ ਕੱਚੀਆਂ ਰਚਨਾਵਾਂ ਨਾਲ਼
ਅੰਮ੍ਰਿਤ ਤਿਆਰ ਕੇ ਸਕਦੇ ਸਨ, ਜਿਹੜੀਆਂ ਉਨ੍ਹਾਂ ਆਪਣੀ ਨਿਗਰਾਨੀ ਵਿੱਚ ਦਮਦਮੀ ਬੀੜ ਵਿੱਚ
ਦਰਜ ਹੀ ਨਹੀਂ ਕਰਵਾਈਆਂ? ਦਸਵੇਂ ਪਾਤਿਸ਼ਾਹ ਜੀ ਨੂੰ ਆਪਣੀ ਬਣਾਈ ਦਮਦਮੀ ਬੀੜ ਤੋਂ
ਬਾਹਰੋਂ ਕੱਚੀਆਂ ਰਚਨਾਵਾਂ ਹੁਧਾਰ ਲੈਣ ਦੀ ਕਿਵੇਂ ਲੋੜ ਪੈ ਸਕਦੀ ਸੀ, ਜਦੋਂ ਉਨ੍ਹਾਂ ਕੋਲ਼
35 ਬਾਣੀਕਾਰਾਂ ਦਾ ਇੰਨਾਂ ਵੱਡਾ ਖ਼ਜ਼ਾਨਾ ਸੀ? ਜਿੱਸ ਦਮਦਮੀ ਬੀੜ ਨੇ ਸਿੱਖਾਂ ਲਈ ਸਦਾ
ਵਾਸਤੇ ਗੁਰੂ ਪਦਵੀ ਪ੍ਰਾਪਤ ਕਰਨੀ ਸੀ ਉਹ ਬੀੜ ਕਿਵੇਂ ਅਧੂਰੀ ਰੱਖੀ ਜਾ ਸਕਦੀ ਸੀ? ਕੀ
ਸਿੱਖਾਂ ਲਈ ਦਸਵੇਂ ਪਾਤਿਸ਼ਾਹ ਜੀ ਵਲੋਂ ਥਾਪਿਆ ਗੁਰੂ ਅਧੂਰਾ ਹੀ ਹੈ? ਬਾਣੀ ਤਾਂ ਗੁਰੂ
ਨੂੰ ਅਧੂਰਾ ਮੰਨਣ ਵਾਲ਼ਿਆਂ ਦੀ ਪੁੱਠੀ ਹੋਈ ਮੱਤਿ ਨੂੰ ਸਿੱਧਾ ਕਰਨ ਲਈ ਕਹਿੰਦੀ ਹੈ-
ਗੁਰੁ ਪੂਰਾ ਮੇਰਾ ਗੁਰੂ ਪੂਰਾ॥ (ਗਗਸ 901/4)
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ॥ (ਗਗਸ
1425/12)
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ
ਨ ਗਣੇ॥ (ਗਗਸ 805/18)
ਗੁਰੁ ਪੂਰਾ ਪੂਰਾ ਪਰਸਾਦ॥ (ਗਗਸ 1143/5)
ਗੁਰੁ ਪੂਰਾ ਪੁਰੀ ਤਾ ਕੀ ਕਲਾ ॥ (ਗਗਸ
1339/19)
ਗੁਰ ਪੁਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ
ਹੇ॥ (ਗਗਸ 1032/10)
ਗੁਰਿ ਪੂਰੈ ਸਭ ਚਿੰਤ ਮਿਟਾਈ॥ (ਗਗਸ 901/7)
ਅਫ਼ਸੋਸ! ਜੇ
ਕਿਸੇ ਦਾ ਹਿਰਦਾ ਕਮਲ ਹੀ ਸੱਚੇ ਗੁਰੂ ਤੋਂ ਵੇਮੁਖ ਹੋ ਕੇ ਊਂਧਾ ਹੋਇਆ ਪਿਆ ਹੈ ਤਾਂ ਉਸ
ਦੇ ਮੂੰਹ ਉੱਤੇ ਗੁਰਬਾਣੀ ਦੀਆਂ ਲੱਗਦੀਆਂ ਚਪੇੜਾਂ ਦਾ ਵੀ ਕੀ ਅਸਰ ਹੋਣਾ ਹੈ। ਉਸ ਪੁੱਠੇ
ਭਾਂਡੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਅੰਮ੍ਰਿਤ ਪੈ ਹੀ ਨਹੀਂ ਸਕਦਾ। ਸੱਚੀ
ਗੁਰਬਾਣੀ ਦੇ ਵਚਨ ਹਨ:-
ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ॥
(ਗਗਸ 505/3)
ਨਾਮਿ ਸਮਾਵੈ ਜੋ ਭਾਡਾ ਹੋਇ॥ਊਂਧੈ ਭਾਂਡੈ ਟਿਕੈ ਨ ਕੋਇ॥
(ਗਗਸ 158/14)
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ
ਏਕ ਨ ਲਾਗਈ ਜਿਉ ਬਾਂਸ ਬਜਾਈਐ ਫੂਕ॥ (ਗਗਸ 1372/19)
ਹੁਣ ਪ੍ਰਸ਼ਨ
ਇਹ ਹੈ ਕਿ ਬਹੁ ਗਿਣਤੀ ਸਿੱਖ ਆਗੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਕਿਉਂ
ਲੱਗ ਰਹੇ ਹਨ? ਕੀ ਉਨ੍ਹਾਂ ਨੂੰ ਦਸਵੇਂ ਗੁਰੂ ਜੀ ਦੀ ਕਰਨੀ ਉੱਤੇ ਸ਼ੱਕ ਤਾਂ ਨਹੀਂ ਹੋ ਗਿਆ?
ਗੁਰਬਾਣੀ ਦੇ ਉਪਰੋਕਤ ਵਚਨ ਦੱਸਦੇ ਹਨ ਕਿ ਗੁਰੂ ਪੂਰਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਨੂੰ ਅਧੂਰਾ ਮੰਨਣ ਵਾਲ਼ੇ ਫਿਰ ਤਾਂ , ਜਿਵੇਂ, ਪੂਰੇ ਗੁਰੂ ਜੀ ਦੇ ਉਪਰੋਕਤ ਲਿਖੇ ਵਚਨਾਂ
ਤੋਂ ਸਪੱਸ਼ਟ ਹੈ:-
1.
ਉਹ ਨਾ ਜਿਉਂਦਿਆਂ ਨਾ ਮੁਇਆਂ ਮੁਕਤੀ ਨਸੀਬ ਕਰ ਸਕਣਗੇ।
ਸੰਸਾਰ ਵਿੱਚ ਉਨ੍ਹਾਂ ਦਾ ਆਉਣਾ ਨਿਸਫ਼ਲ ਹੋਵੇਗਾ। ਉਹ ਜੂਨਾਂ ਵਿੱਚ ਭਟਕਦੇ ਰਹਿਣਗੇ।
2. ਉਹ ਕਦੇ ਨਿਹਾਲ ਨਹੀਂ ਹੋ ਸਕਣਗੇ ਭਾਵੇਂ ਲੱਖਾਂ ਵਾਰੀ
‘ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ’। ਦੇ ਜੈਕਾਰੇ ਬੋਲਦੇ ਰਹਿਣ।
3. ਉਨ੍ਹਾਂ ਨੂੰ ਗੁਰੂ ਦੀ ਬਾਣੀ ਵੀ ਪੂਰੀ ਨਹੀਂ ਜਾਪੇਗੀ
ਅਤੇ ਉਹ ਕੱਚੀਆਂ ਰਚਨਾਵਾਂ ਤੋਂ ਮੁਕਤੀ ਭਾਲਣ ਦਾ ਭਰਮ ਪਾਲ਼ਦੇ ,ਭਾਵੇਂ , ਇਨ੍ਹਾਂ
ਰਚਨਾਵਾਂ ਦਾ ਨਿੱਤ-ਨੇਮ ਕਰੀ ਜਾਣ ਜਾਂ ਇਨ੍ਹਾਂ ਕੱਚੀਆਂ ਰਚਨਾਵਾ ਨਾਲ਼ ਅੰਮ੍ਰਿਤ
ਛਕਾਈ ਜਾਣ ਜਾਂ ਅਰਦਾਸਿ ਕਰੀ ਜਾਣ।
4. ਉਨ੍ਹਾਂ ਉੱਤੇ ਗੁਰੂ ਦਾ ਪਰਸਾਦ ਕਦੇ ਪੂਰਾ ਨਹੀਂ
ਵਰਤੇਗਾ।
5. ਉਨ੍ਹਾਂ ਉੱਤੇ ਗੁਰੂ ਦੀ ਪੂਰੀ ਕਲਾ ਨਹੀਂ ਵਰਤੇਗੀ
ਕਿਉਂਕਿ ਉਨ੍ਹਾਂ ਨੂੰ ਭਰਮ ਹੈ ਕਿ ਗੁਰੂ ਪੂਰਾ ਨਹੀਂ ਹੈ।
6. ਉਨ੍ਹਾਂ ਦੀ ਚਿੰਤਾ ਕਦੇ ਨਹੀਂ ਮਿਟੇਗੀ ਭਾਵੇਂ ਉਹ
ਉਦਾਸੀ ਜਾਂ ਨਿਰਾਸ਼ਾ ਦੂਰ ਕਰਨ ਦੀਆਂ ਦਵਾਈਆਂ ਵੀ ਖਾਈ ਜਾਣ।
ਕੀ ਗੁਰੂ ਨੂੰ ਅਧੂਰਾ ਸਮਝਣ ਵਾਲ਼ਿਆਂ ਨੂੰ ਦਸਵੇਂ
ਪਾਤਿਸ਼ਾਹ ਜੀ ਉੱਪਰ ਵੀ ਸ਼ੰਕਾ ਹੋ ਗਈ ਕਿ ਉਨ੍ਹਾਂ ਨੇ ਅਧੂਰਾ ਗੁਰੂ ਹੀ ਸਿੱਖਾਂ ਨੂੰ ਦਿੱਤਾ
ਹੈ?
ਅਸਲੀਅਤ ਹੈ ਕਿ ਦਸਵੇਂ ਗੁਰੂ
ਜੀ ਨੇ ਸਿੱਖਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਪੂਰਾ ਗੁਰੂ ਦਿੱਤਾ
ਹੈ, ਜਿਸ ਦਾ ਦਿੱਤਾ ਨਿੱਤ-ਨੇਮ ਵੀ ਪੂਰਾ ਹੈ, ਜਿਸ ਦੀਆਂ ਦਿੱਤੀਆਂ ਅੰਮ੍ਰਿਤ ਦੀਆਂ
ਬਾਣੀਆਂ ਵੀ ਪੂਰੀਆਂ ਹਨ ਅਤੇ ਜਿੱਸ ਦੀ ਬਖ਼ਸ਼ੀ ਅਰਦਾਸਿ ਰੂਪ ਬਾਣੀ ਵੀ ਪੂਰੀ ਹੈ। ਸਿੱਖਾਂ
ਨੂੰ ਨਿੱਤ-ਨੇਮ ਵਾਸਤੇ, ਅੰਮ੍ਰਿਤ ਦੀਆਂ ਬਾਣੀਆਂ ਵਾਸਤੇ ਜਾਂ ਅਰਦਾਸਿ ਦੇ ਸ਼ਬਦਾਂ ਲਈ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਪੂਰੇ ਗੁਰੂ ਤੋਂ ਬਾਹਰ ਝਾਕਣ ਦੀ ਕਤੱਈ ਲੋੜ ਨਹੀਂ ਹੈ ਕਿਉਂਕਿ
ਦਸਵੇਂ ਗੁਰੂ ਜੀ ਨੇ ਸਿੱਖਾਂ ਨੂੰ ਪੂਰਾ ਗੁਰੂ ਦਿੱਤਾ ਹੈ।
ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ ਛਕਾਇਆ ਅੰਮ੍ਰਿਤ ਹੀ ਸੱਭ ਤੋਂ ਪਵਿੱਤ੍ਰ ਹੈ,
ਕਿਉਂਕਿ ਪੂਰਾ ਗੁਰੂ ਆਪਿ ਪਵਿੱਤ੍ਰ ਹੈ। ਸਿੱਖ ਕੌਮ ਦੀ ਭਲਾਈ ਇਸੇ ਵਿੱਚ ਹੈ ਕਿ ਉਹ ਦਸਵੇਂ
ਗੁਰੂ ਜੀ ਦੇ ਥਾਪੇ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਾਲ਼ੇ ਸ਼ਾਹੀ
ਰਾਹ ਉੱਤੇ ਤੁਰੇ । ਇਸ ਢੰਗ ਨਾਲ਼ ਹੀ ਸਿੱਖੀ ਨੂੰ ਖ਼ਤਮ ਕਰਨ ਲਈ ਤੱਤਪਰ ਬ੍ਰਾਹਮਣਵਾਦ/ਮਨੂਵਾਦ/ਬਿੱਪਰਵਾਦ/ਸਨਾਤਨਵਾਦ/ਹਿੰਦੂਤਵੀ
ਸੋਚ ਨੂੰ ਪਛਾੜ ਕੇ ਸਿੱਖੀ ਨੂੰ ਭਾਰਤ ਅਤੇ ਦੁਨੀਆਂ ਦੇ ਨਕਸ਼ੇ ਉੱਤੇ ਸਹੀ ਸਲਾਮਤ ਰੱਖਿਆ
ਜਾ ਸਕਦਾ ਹੈ ।
ਗੁਰੂ ਰਾਖਾ!