Share on Facebook

Main News Page

ਡਾ. ਹਰਭਜਨ ਸਿੰਘ ਜੀ "ਅਖੌਤੀ ਦਸਮ ਗ੍ਰੰਥ ਦੇ ਪੰਨਾ 1199 'ਤੇ ਦਰਜ ਚਰਿਤ੍ਰ 266 ਦੀ ਰਾਜ ਕੁਮਾਰੀ ਦਾ ਇਸ਼ਟ ਕੌਣ ਹੈ" ?
-
: ਸਰਵਜੀਤ ਸਿੰਘ ਸੈਕਰਾਮੈਂਟੋ 

ਪਿਛਲੇ ਦਿਨੀਂ, ਆਖੇ ਜਾਂਦੇ ਦਸਮ ਗ੍ਰੰਥ ਦੇ ਹਮਾਇਤੀਆਂ ਵੱਲੋਂ (16 ਅਕਤੂਬਰ 2016 ਈ:) ਅਮਰੀਕਾ ਦੇ ਸ਼ਹਿਰ ਫੇਅਰਫੈਕਸ ਵਿਖੇ ਇਕ ਸੈਮੀਨਾਰ ਕੀਤਾ ਗਿਆ। ਜਿਸ ਵਿਚ ਭਾਗ ਲੈਣ ਲਈ ਡਾ: ਹਰਭਜਨ ਸਿੰਘ (ਨਿਰਦੇਸ਼ਕ ਡਾ: ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁਖ ਬੁਲਾਰੇ ਦੇ ਤੌਰ 'ਤੇ ਪੁੱਜੇ ਹੋਏ ਸਨ। ਜਦੋਂ ਉਨ੍ਹਾਂ ਨੇ ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ, ਬਾਂਹਾਂ ਉਲਾਰ-ਉਲਾਰ ਕੇ ਬਹੁਤ ਹੀ ਉੱਚੀ ਅਵਾਜ਼ ਵਿੱਚ ਆਪਣੀ ਖੋਜ ਸਾਂਝੀ ਕੀਤੀ ਤਾਂ ਸਰੋਤੇ ਵਾਹ ਗੁਰੂ, ਵਾਹ ਗੁਰੂ ਕਰ ਰਹੇ ਸਨ। ਆਓ; ਪਹਿਲਾਂ ਉਨ੍ਹਾਂ ਨੇ ਜੋ ਕਿਹਾ, ਉਹ ਜਾਣ ਲਈਏ।

ਡਾ: ਹਰਭਜਨ ਸਿੰਘ ਨੇ ਆਪਣੇ ਭਾਸ਼ਨ ਦਾ ਅਰੰਭ ਭਗਤ ਕਬੀਰ ਜੀ ਦੇ ਸ਼ਬਦ, “ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ॥ ਬਿਧਵਾ ਕਸ ਨ ਭਈ ਮਹਤਾਰੀ॥ ਜਿਹ ਨਰ ਰਾਮ ਭਗਤਿ ਨਹਿ ਸਾਧੀ॥ ਜਨਮਤ ਕਸ ਨ ਮੁਓ ਅਪਰਾਧੀ” ਤੋਂ ਕਰਦਿਆਂ ਕਿਹਾ, “ਗਿਆਨ ਦੀ ਵਿਚਾਰ ਜਿਸ ਕੁਲ ਵਿੱਚ ਨਹੀਂ ਕਰਦੇ, ਵਿਵਾਦ ਹੀ ਕਰਦੇ ਨੇ, ਉਹ ਮਹਾਰਾਜ ਕਹਿੰਦੇ ਨੇ ਕੇ, ਉਹ ਜਨਮਦਾਤੀ ਜਿਹੜੀ ਹੈ ਉਸ ਨੇ ਵੀ ਪਾਪ ਕੀਤਾ ਹੈ, ਕਿ ਇਕ ਪਾਪੀ ਨੂੰ ਜਨਮ ਦੇ ਦਿੱਤਾ। ਜਿਸ ਇਨਸਾਨ ਨੇ ਪਰਮਾਤਮਾ ਦੀ ਭਗਤੀ ਉਤੇ ਵਿਸ਼ਵਾਸ, ਭਗਤੀ ਕਰਨੀ ਦੂਜੀ ਗੱਲ ਹੈ, ਵਿਸ਼ਵਾਸ ਹੀ ਨਹੀਂ ਕੀਤਾ, ਕਹਿੰਦੇ ਜੰਮਦਿਆਂ ਹੀ ਉਹ ਅਪਰਾਧੀ, ਜਿਸ ਨੇ ਸੰਸਾਰ `ਚ ਪਾਪ ਕਰਮ ਉਸ ਨੇ ਫੈਲਿਆ ਹੈ, ਇਸ ਤੋਂ ਅੱਛਾ ਸੀ, ਜੰਮਦਿਆਂ ਹੀ ਮਰ ਜਾਂਦਾ”

“ਦੂਜਾ ਜਿਹੜਾ ਸ਼ਬਦ ਹੈ, ਕਾਗਜ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈਯੈ, ਸਾਰੇ ਦੀਪ ਸਾਰੀ ਧਰਤੀ, ਸੱਤੇ ਦੀਪਾਂ ਦੀ ਧਰਤੀ ਨੂੰ ਕਾਗਜ ਬਣਾ ਲਈਏ, ਤੇ ਸਤ ਸਮੁੰਦਰਾਂ ਦਾ ਪਾਣੀ ਸਿਆਹੀ ਬਣ ਜਾਏ, ਕਾਟਿ ਬਨਾਸਪਤੀ ਸਿਗਰੀ, ਸਾਰੀ ਬਨਸਪਤੀ ਸਾਰੇ ਰੁਖ ਵੱਢ ਲਉ, ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ, ਲਿਖਣ ਵਾਸਤੇ ਇਨ੍ਹਾਂ ਦੀਆਂ ਕਲਮਾ ਘੜ ਲਈਏ, ਸਾਰਸ੍ਵਤੀ ਬਕਤਾ ਕਰਿ ਕੈ, ਬੋਲਣ ਵਾਲੀ ਲਿਖਾਣ ਵਾਲੀ ਕੌਣ ਹੋਵੇ, ਸ੍ਰਸਵਤੀ ਹੋਵੇ,  ਸਭ ਜੀਵਨ ਤੇ ਜੁਗ ਸਾਠਿ ਲਿਖੈਯੈ, ਕੱਲੇ ਬੰਦਿਆਂ ਨੂੰ ਨਹੀਂ, ਜਿਤਨੇ ਜੀਵ ਨੇ, ਸਾਰਿਆਂ ਨੂੰ ਲਿਖਣ ਵਾਸਤੇ ਲਾ ਦਿਓ, ਲਿਖੀ ਜਾਣ ਲਿਖੀ ਜਾਣ, ਜੋ ਪ੍ਰਭੁ ਪਾਯੁਤ ਹੈ ਨਹਿ ਕੈਸੇ,  ਇਤਨੇ ਯਤਨ ਕਰਕੇ ਵੀ ਜਿਸ ਪ੍ਰਭੂ ਨੂੰ ਪਾਇਆ ਨਹੀਂ ਜਾ ਸਕਦਾ, ਜਿਸ ਰੱਬ ਨੂੰ ਪਾਇਆ ਨਹੀਂ ਜਾ ਸਕਦਾ, ਇਤਨਾ ਵੱਡਾ ਯਤਨ ਕਰੀਏ, ਬਈ ਸਾਰੀ ਧਰਤੀ ਕਾਗਜ, ਸਾਰੇ ਸਮੁੰਦਰਾਂ ਦਾ ਪਾਣੀ ਸਿਹਾਈ, ਫੇਰ ਸਾਰੀ ਬਨਸਪਤੀ ਜਿਹੜੀ ਹੈ ਉਹਦੀਆਂ ਕਲਮਾਂ ਘੜ ਲਈਏ, ਫੇਰ ਸਾਰੇ ਜੀਵਾਂ ਨੂੰ ਸੱਠ ਜੁਗ ਲੱਗ ਜਾਣ ਲਿਖਦਿਆਂ, ਚਾਰ ਯੁਗਾਂ ਦੀ ਗੱਲ ਨਹੀਂ ਕਰਨੀ, ਜੁਗ ਸਾਠਿ ਲਿਖੈਯੈ, ਲਿਖਾਣ ਵਾਲੀ ਕੌਣ ਹੋਵੇ, ਸ੍ਰਸਵਤੀ ਹੋਵੇ, ਕਹਿੰਦੇ  ਜੋ ਇਤਨਾ ਯਤਨ ਕਰਕੇ ਪ੍ਰਭੂ ਨਹੀਂ ਪਾਇਆ ਜਾ ਸਕਦਾ,  ਸੋ ਜੜ ਪਾਹਨ ਮੌ ਠਹਰੈਯੈ,  ਓਏ ਮੂਰਖ, ਉਸ ਰੱਬ ਨੂੰ ਮੂਰਤੀ ਵਿੱਚ, ਪੱਥਰ ਦੀ ਮੂਰਤੀ ਵਿੱਚ ਸਿਧ ਕੀਤਾ, ਕਹਿਨਾਂ ਪੱਥਰ ਦੀ ਮੂਰਤੀ ਰੱਬ ਹੈ। ਇਤਨਾ ਵੱਡਾ ਇਹ ਅੰਮ੍ਰਿਤ ਬਚਨ ਹੈ। ਅਹਿਸਾਸ ਕਰਨਾ, ਲਿਆ ਕਿਥੋਂ ਹੈ, ਉਸ ਚਰਿਤ੍ਰ ਵਿੱਚੋਂ, ਜਿਸ ਦੀਆਂ ਪੰਗਤੀਆਂ ਕੋਟ ਕਰ-ਕਰ ਕੇ ਤੁਹਾਨੂੰ ਇਹ ਪੜਾਇਆ ਜਾ ਰਿਹਾ ਹੈ ਕਿ ਇਹ ਨਿਰੀ ਗੰਦਗੀ ਹੈ। (ਸਰੋਤੇ-ਵਾਹ ਗੁਰੂ, ਵਾਹ ਗੁਰੂ) ਇਹ ਕੌਣ ਉਚਾਰਨ ਕਰਦੀ ਹੈ? ਰਾਜ ਕੁਮਾਰੀ, ਰਾਜੇ ਦੇ ਚਾਰ ਬੱਚੇ, ਤਿੰਨ ਰਾਜ ਕੁਮਾਰ ਇਕ ਰਾਜ ਕੁਮਾਰੀ, ਪੰਡਤ ਪਾਸ ਪੜ੍ਹਨ ਨੂੰ ਭੇਜੇ, ਵਿੱਦਿਆ ਲੈਣ ਨੂੰ, ਇਕ ਦਿਨ ਰਾਜ ਕੁਮਾਰ ਗਏ ਨਹੀਂ, ਰਾਜਕੁਮਾਰੀ ਟਾਈਮ ਸਿਰ ਪਹੁੰਚ ਗਈ, ਜਾ ਕੇ ਕੀ ਵੇਖਿਆ ਪੰਡਤ ਜੀ ਸ਼ਿਵ ਲਿੰਗ ਦੀ ਪੁਜਾ ਕਰਦਾ, ਉਹ ਕਹਿੰਦੀ ਇਹਦੀ ਪੂਜਾ ਕਰਕੇ ਤੈਨੂੰ ਕੀ ਮਿਲੇਗਾ? ਉਸ ਰੱਬ ਨੂੰ ਛੱਡ ਕੇ, ਤੂੰ ਮੈਨੂੰ ਸਿੱਖਿਆ ਦੇਨਾ, ਉਸ ਪਰਮਾਤਮਾ ਨੂੰ ਛੱਡ ਕੇ, ਤੂੰ ਪੱਥਰਾਂ ਦੇ, ਔਰ ਉਹ ਵੀ ਇਕ ਗੰਦੀ ਚੀਜ਼, ਲਿੰਗ ਬਣਾ ਕੇ ਇਹਦੀ ਪੂਜਾ ਕਰ ਰਿਹਾ ਹੈ, ਇਹ ਤੇ ਸਿੰਬਲ ਹੀ ਬੜਾ ਮਾੜਾ ਹੈ, ਗੰਦਾ ਹੈ। ਇਹ ਬੀਬੀ ਉਚਾਰ ਕਰ ਰਹੀ ਗੁਰੂ ਸਾਹਿਬ ਇਹ ਬੀਬੀ ਦੇ ਮੁੰਹ ਤੋਂ ਉਚਾਰਨ ਕਰਵਾ ਰਹੇ ਹਨ”।

ਇਹ ਪੰਗਤੀਆਂ ਚਰਿਤ੍ਰ ਨੰਬਰ 266, ਜਿਸ ਦੇ ਕੁਲ 125 ਛੰਦ ਹਨ, 14 ਨੰਬਰ 'ਤੇ ਦਰਜ ਹਨ ਇਸ ਪਿਛੋਂ ਛੰਦ ਨੰਬਰ 13 ਅਤੇ ਨੰਬਰ 23 ਦੀ ਵਿਆਖਿਆ ਕਰਦਿਆਂ ਡਾ ਹਰਭਜਨ ਸਿੰਘ ਜੀ ਨੇ ਕਿਹਾ, “ਮੈਂ ਰਾਤ ਗੱਲ ਕੀਤੀ ਸੀ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਉਦੇਸ਼ ਨਾਰੀ ਦਾ ਉਠਾਣ ਕਰਨਾ ਹੈ, ਇਸਤਰੀ ਨੂੰ ਉੱਚੀ ਚੁੱਕਣਾ ਹੈ। ਇਕ ਬੀਬੀ ਨੂੰ, ਇਕ ਕੁਆਰੀ ਕੰਨਿਆ ਨੂੰ, ਉਹ ਕਿਤਨੀ ਬਲਸ਼ਾਲੀ ਹੈ, ਗਿਆਨ ਦੇ ਵਿੱਚ, ਇਕ ਪੰਡਤ ਦੇ ਸਾਹਮਣੇ ਖੜਾ ਕੀਤਾ ਹੈ, ਉਹ ਕਹਿ ਰਹੀ ਹੈ, ਮੂਰਖ ਲੋਗ ਪ੍ਰਮਾਨ ਕਰੈ, ਆਹ ਮੂਰਖ ਲੋਕ ਤੇਰੀਆਂ ਗੱਲਾਂ ਮੰਨਣਗੇ ਕੇ ਪੰਡਤ ਜੀ ਸੱਚ ਕਹਿੰਦੇ ਨੇ, ਇਨ ਬਾਤਨ ਕੌ ਹਮ ਮਾਨਤ ਨਾਹੀ, ਅਸੀਂ ਨਹੀਂ ਤੇਰੀਆਂ ਇਨ੍ਹਾਂ ਗੱਲਾਂ `ਚ ਯਕੀਨ ਕਰਦੇ। ਇਸ ਅੰਮ੍ਰਿਤ ਦੀ ਕੋਈ ਨਿੰਦਿਆ ਕਰੇ, ਤੂਸੀ ਆਪ ਹੀ ਸਮਝੋ ਉਸ ਬੰਦੇ `ਚ ਬੁੱਧੀ ਹੋ ਸਕਦੀ ਹੈ? ਇਤਨੇ ਅੰਮ੍ਰਿਤ ਬਚਨ, ਅਰ ਮੈਂ ਉਸ ਚਰਿਤ੍ਰ ਵਿਚੋਂ ਜਾਣ ਕੇ ਛਾਂਟੇ ਨੇ ਜਿਸ ਦਾ ਨਾਮ ਲੈ-ਲੈ ਕੇ, ਜਿਸ ਦਾ ਨੰਬਰ ਕੋਟ ਕਰ-ਕਰ ਕੇ ਸਬਕ ਪੜਾਇਆ ਜਾ ਰਿਹਾ ਹੈ ਅਸ਼ਲੀਲਤਾ ਦਾ। ਇਹ ਉਸ ਚਰਿਤ੍ਰ ਵਿੱਚੋਂ ਹੈ”

ਡਾ: ਹਰਭਜਨ ਸਿੰਘ ਜੀ ਵੱਲੋਂ ਸੰਖੇਪ `ਚ ਸੁਣਾਈ ਕਹਾਣੀ ਤੋਂ ਤਾਂ ਇਵੇਂ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਕਰਤੇ ਦੀ ਵਿਸ਼ਾਲਤਾ ਦੀ ਹੀ ਗੱਲ ਹੋ ਰਹੀ ਹੈ। ਰਾਜਕੁਮਾਰੀ ਵੱਲੋਂ ਮੂਰਤੀ ਪੂਜਾ ਦਾ ਜ਼ਬਰਦਸਤ ਖੰਡਨ ਕੀਤਾ ਗਿਆ ਹੈ ਅਤੇ ਪੰਡਤ ਨੂੰ ਅਕਾਲ ਪੁਰਖ ਨਾਲ ਜੋੜਿਆ ਹੈ ਇਸ ਕਹਾਣੀ ਵਿੱਚ ਕੋਈ ਵੀ ਅਸ਼ਲੀਲ ਸ਼ਬਦ ਨਹੀਂ ਹੈ। ਇਹ ਹੀ ਕਾਰਨ ਹੈ ਕਿ ਡਾ: ਹਰਭਜਨ ਸਿੰਘ ਨੇ ਇਸ ਕਹਾਣੀ ਦੀ ਚੋਣ ਕੀਤੀ ਅਤੇ ਕੁਝ ਛੰਦ ਪੜ੍ਹ ਕੇ  ਉਨ੍ਹਾਂ ਦੀ ਵਿਆਖਿਆ ਵੀ ਕੀਤੀ ਇਹ ਸਾਬਿਤ ਕਰਨ ਦਾ ਅਸਫਲ ਯਤਨ ਕੀਤਾ ਹੈ ਕਿ ਇਹ ਗੁਰਮਤਿ ਅਨੁਸਾਰ ਹੈ ਗੁਰੂ ਜੀ ਨੇ ਇਕ ਕੁਆਰੀ ਕੰਨਿਆ ਨੂੰ ਵਿਦਵਾਨ ਪੰਡਤ ਦੇ ਸਾਹਮਣੇ ਖੜੀ ਕੀਤਾ ਹੈ ਉਸ ਤੋਂ ਵਿਦਵਾਨ ਪੰਡਤ ਨੂੰ ਉਪਦੇਸ਼ ਦਿਵਾਇਆ ਹੈ। ਆਓ ਪੂਰੇ ਚਰਿਤ੍ਰ ਦੇ ਦਰਸ਼ਨ ਕਰੀਏ ਤੇ ਵੇਖੀਏ ਕਿ ਅਸਲ ਗੱਲ ਕੀ ਹੈ ਅਤੇ ਕਿਥੇ ਮੁੱਕਦੀ ਹੈ? ਅਖੌਤੀ ਦਸਮ ਗ੍ਰੰਥ ਦੇ ਪੰਨਾ 1199 'ਤੇ ਦਰਜ ਚਰਿਤ੍ਰ 266 ਦੀ ਸੰਖੇਪ ਕਹਾਣੀ ਇਉਂ ਹੈ;

ਸੁਮਤਿ ਸੈਨ ਨਾਮ ਦੇ ਰਾਜੇ ਦੀ ਰਨਖੰਭ ਕਲਾ ਨਾ ਦੀ ਇਕ ਧੀ ਅਤੇ ਚਾਰ ਪੁੱਤਰ ਸਨ। (ਯਾਦ ਰਹੇ ਡਾ: ਹਰਭਜਨ ਸਿੰਘ ਜੀ ਨੇ ਤਿੰਨ ਪੁੱਤਰ ਕਿਹਾ ਹੈ) ਰਾਜੇ ਨੇ ਉਨ੍ਹਾਂ ਨੂੰ ਪੜ੍ਹਨ ਲਈ ਪੰਡਤ ਦੇ ਪਾਸ ਭੇਜਿਆ। ਇਕ ਦਿਨ ਰਾਜਕੁਮਾਰੀ ਪਹਿਲਾਂ ਚਲੇ ਗਈ ਤਾਂ ਉਸ ਨੇ ਵੇਖਿਆ ਕਿ ਪੰਡਤ ਸਾਲਗ੍ਰਾਮ ਠਾਕਰ ਦੀ ਪੂਜਾ ਕਰ ਰਿਹਾ ਸੀ। ਰਾਜਕੁਮਾਰੀ ਨੇ ਪੰਡਤ ਨੂੰ ਕਿਹਾ ਕਿ ਮੂਰਖ ਤੂੰ ਉਸ ਨੂੰ ਨਹੀਂ ਪਛਾਣਦਾ, ਜੋ ਜਲ, ਥਲ, ਸੂਰਜ, ਚੰਦ, ਅਕਾਸ਼ ਭਾਵ ਸਭ ਰੂਪਾਂ ਵਿੱਚ ਹੈ। ਤੂੰ ਉਸ ਨੂੰ ਪੱਥਰਾਂ ਵਿਚ ਮੰਨੀ ਬੈਠਾ ਹੈਂ ਤੂੰ ਆਪ ਪੱਥਰਾਂ ਨੂੰ ਪੂਜਦਾ ਹੈਂ ਸਾਨੂੰ ਇਸ ਦੀ ਲੋੜ ਨਹੀਂ। ਤੂੰ ਲੋਕਾਂ ਨੂੰ ਮੰਤਰ ਦੇ ਕੇ ਦਾਨ ਲੈਂਦਾ ਹੈਂ ਜਦੋਂ ਕਿਸੇ ਦਾ ਕਾਰਜ ਸਿੱਧ ਨਹੀਂ ਹੁੰਦਾ ਤਾਂ ਤੂੰ ਕਹਿੰਦਾ ਹੈਂ ਕਿ ਤੁਸੀਂ ਮੰਤਰ ਸਹੀ ਨਹੀਂ ਉਚਾਰਿਆ।  ਇਹ ਸੁਣ ਕੇ ਪੰਡਤ ਰੋਹ ਵਿੱਚ ਆ ਗਿਆ ਅਤੇ ਧਿਕਾਰ-ਧਿਕਾਰ ਆਖਣ ਲੱਗਾ। ਤੂੰ ਮੇਰੀਆਂ ਗੱਲਾਂ ਨੂੰ ਨਹੀਂ ਸਮਝ ਸਕਦੀ, ਤੂੰ ਭੰਗ ਪੀ ਕੇ ਬੋਲ ਰਹੀ ਹੈਂ “ਤੈ ਹਮਰੀ ਬਾਤ ਕਹ ਜਾਨੈ ॥ ਭਾਂਗ ਖਾਇ ਕੈ ਬੈਨ ਪ੍ਰਮਾਨੈ”  ਰਾਜਕੁਮਾਰੀ ਕਹਿੰਦੀ ਕਿ ਭੰਗ ਪੀਣ ਨਾਲ ਬੁਧੀ ਹਰੀ ਨਹੀ ਜਾਂਦੀ,  ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਪਰ ਤੈਂ ਕਦੇ ਵੀ ਭੰਗ ਨਹੀਂ ਪੀਤੀ। ਜੋ ਧੰਨ ਦਿੰਦਾ ਹੈ ਤੁਸੀਂ ਉਸ ਦੀ ਉਸਤਿਤ ਕਰਦੇ ਹੋ ਜੋ ਨਹੀਂ ਦਿੰਦਾ ਤੁਸੀਂ ਉਸ ਦੀ ਨਿੰਦਿਆ ਕਰਦੇ ਹੋ। ਧੰਨ ਪ੍ਰਾਪਤੀ ਲਈ ਹੀ ਯਤਨ ਕਰਦੇ ਹੋ ਉਸ ਨੂੰ ਨਹੀਂ ਪਛਾਣਦੇ ਜਿਸ ਨੇ ਚੌਦਾਂ ਲੋਕਾਂ ਦੀ ਸਿਰਜਨਾ ਕੀਤੀ। ਜੋ ਮੂਰਖ ਹਨ ਉਹ ਹੀ ਪੱਥਰਾਂ ਨੂੰ ਪੂਜਦੇ ਹਨ ਤੇ ਭੰਗ ਨਹੀਂ ਖਾਂਦੇ, ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ।

ਪਾਹਨ ਕੀ ਪੂਜਾ ਕਰੇ ਜੋ ਹੈ ਅਧਿਕ ਅਚੇਤ ॥ ਭਾਂਗ ਨ ਏਤੇ ਪਰ ਭਖੈ ਜਾਨਤ ਆਪ ਸੁਚੇਤ ॥੫੮॥

ਹੇ ਰਾਜਕੁਮਾਰੀ, ਤੂੰ ਅਸਲ ਗੱਲ ਨਹੀਂ ਜਾਣਦੀ, ਤੂੰ ਸ਼ਿਵ ਨੂੰ ਪੱਥਰ ਸਮਝਦੀ ਹੈਂ ਬ੍ਰਾਹਮਣ ਨੂੰ ਸਾਰਾ ਜਗਤ ਸਿਰ ਨਿਵਾਉਂਦਾ ਹੈ। ਤਾਂ ਰਾਜਕੁਮਾਰੀ ਨੇ ਕਿਹਾ ਕਿ ਮੈਨੂੰ ਪੱਥਰ ਵਿੱਚ ਪਰਮਾਤਮਾ ਕਹਿ ਕਿ ਨਾ ਸੁਣਾ । ਮੂਰਖਾਂ ਨੂੰ ਪੱਥਰ ਵਿੱਚ ਸ਼ਿਵ ਕਹਿ ਕੇ ਲੁੱਟ ਲੈ। ਦੱਸ ਅੱਗੇ ਕੀ ਜਵਾਬ ਦੇਵੇਂਗਾ?

ਮਹਾ ਕਾਲ ਜੂ ਕੋ ਸਦਾ ਸੀਸ ਨ੍ਯੈਯੈ ॥ ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ॥

ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥ ਸਭੈ ਲੋਕ ਖ੍ਯਾਤਾ ਬਿਧਾਤਾ ਪਛਾਨੈ ੮੬

ਰਾਜਕੁਮਾਰੀ ਕਹਿੰਦੀ ਹੈ ਕਿ ਸਦਾ ਹੀ ਮਹਾਕਾਲ ਨੂੰ ਸੀਸ ਨਿਵਾਉਣਾ ਚਾਹੀਦਾ ਹੈ। ਜਿਸ ਤੋਂ ਚੌਦਾਂ ਪੁਰੀਆਂ ਡਰਦੀਆਂ ਹਨ। ਜਿਸ ਨੂੰ ਸਾਰੇ ਲੋਕ ਵਿਧਾਤਾ ਵੱਜੋਂ ਪਛਾਣਦੇ ਹਨ। ਉਸ ਦਾ ਕੋਈ ਰੰਗ ਰੂਪ ਨਹੀਂ ਹੈ ਉਸ ਦਾ ਕੋਈ ਪਿਤਾ, ਮਾਤਾ, ਪੁੱਤਰ ਜਾਂ ਭਰਾ ਵੀ ਨਹੀਂ ਹੈ। ਉਸ ਨੇ ਕਈਆਂ ਨੂੰ ਘੜਿਆ ਹੈ ਅਤੇ ਕਈਆਂ ਨੂੰ ਖਪਾ ਦਿੱਤਾ ਹੈ।  ਮੈਂ ਉਸ ਦੀ ਮੁਰੀਦ ਹਾਂ ਅਤੇ ਉਹ ਮੇਰਾ ਪੀਰ ਹੈ। ਮੈਂ ਸਦਾ ਮਹਾਕਾਲ ਨੂੰ ਹੀ ਮੰਨਦੀ ਹਾਂ ਪੱਥਰ ਦੀ ਪੂਜਾ ਨਹੀ ਕਰਦੀ।

ਦਿਜ ਹਮ ਮਹਾ ਕਾਲ ਕੋ ਮਾਨੈ ਪਾਹਨ ਮੈ ਮਨ ਕੋ ਨਹਿ ਆਨੈ ॥
ਪਾਹਨ ਕੋ ਪਾਹਨ ਕਰਿ ਜਾਨਤ ॥ ਤਾ ਤੇ ਬੁਰੋ ਲੋਗ ਏ ਮਾਨਤ ॥੯੧॥

ਏਕੈ ਮਹਾ ਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ ॥
ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥
੯੬॥

ਰਾਜਕੁਮਾਰੀ ਨੇ ਕਿਹਾ ਕਿ ਮੈਂ ਕੇਵਲ ਮਹਾਕਾਲ ਨੂੰ ਮੰਨਦੀ ਹਾਂ, ਬ੍ਰਹਮਾ ਅਤੇ ਬਿਸ਼ਨ ਤੋਂ ਨਹੀਂ ਡਰਦੀ। ਜਿਸ ਨੇ ਵੀ ਬ੍ਰਹਮਾ ਅਤੇ ਬਿਸ਼ਨ ਦਾ ਨਾਮ ਲਿਆ, ਸਮਝੋ ਉਸ ਨੂੰ ਮੌਤ ਨੇ ਕਾਬੂ ਕਰ ਲਿਆ। ਜੋ ਮਹਾਕਾਲ ਦਾ ਨਾਮ ਲੈਂਦਾ ਹੈ ਸਭ ਰਿਧੀਆਂ-ਸਿੱਧੀਆਂ ਉਸ ਦੀਆਂ ਹੋ ਜਾਂਦੀਆਂ ਹਨ। ਜਿਸ ਨੇ ਇੰਦਰ, ਸੂਰਜ, ਚੰਦਰਮਾ, ਕੁਬੇਰ ਸ਼ੇਸ਼ਨਾਗ ਆਦਿ ਨੂੰ ਖਪਾ ਦਿੱਤਾ ਹੈ, ਉਸ ਨੂੰ ਹੀ ਗੁਰੂ ਧਾਰਨ ਕਰਨਾ ਚਾਹੀਦਾ ਹੈ।

ਪੰਡਤ ਨੇ ਕਿਹਾ ਕਿ ਜੋ ਵਿਅਕਤੀ ਸਾਲਗਰਾਮ ਨੂੰ ਪੂਜਦਾ ਹੈ ਉਸ ਦੇ ਸਾਰੇ ਪਾਪ ਦੁਰ ਹੋ ਜਾਂਦੇ ਹਨ ਜੋ ਕਿਸੇ ਹੋਰ ਨੂੰ ਪੂਜਦਾ ਹੈ ਉਹ ਨਰਕਾਂ ਦਾ ਭਾਗੀ ਬਣਦਾ ਹੈ। ਜੋ ਵਿਅਕਤੀ ਬ੍ਰਾਹਮਣ ਨੂੰ ਦਾਨ ਦਿੰਦਾ ਹੈ ਉਸ ਨੂੰ ਅਗਲੇ ਜਨਮ ਵਿੱਚ ਦਸ ਗੁਣਾ ਮਿਲਦਾ ਹੈ। ਜੋ ਵਿਅਕਤੀ ਬ੍ਰਾਹਮਣ ਤੋਂ ਬਿਨਾ ਕਿਸੇ ਹੋਰ ਨੂੰ ਦਾਨ ਦਿੰਦਾ ਹੈ ਉਸ ਨੂੰ ਕੋਈ ਲਾਭ ਨਹੀਂ ਹੁੰਦਾ।

ਤਬੈ ਕੁਅਰਿ ਪ੍ਰਤਿਮਾ ਸਿਵ ਕੀ ਕਰ ਮੈ ਲਈ ॥ ਹਸਿ ਹਸਿ ਕਰਿ ਦਿਜ ਕੇ ਮੁਖ ਕਸਿ ਕਸਿ ਕੈ ਦਈ ॥ ਸਾਲਿਗ੍ਰਾਮ ਭੇ ਦਾਂਤਿ ਫੋਰਿ ਸਭ ਹੀ ਦੀਏ ॥ ਹੋ ਛੀਨਿ ਛਾਨਿ ਕਰਿ ਬਸਤ੍ਰ ਮਿਸ੍ਰ ਕੇ ਸਭ ਲੀਏ ॥੧੦੯॥

ਰਾਜਕੁਮਾਰੀ ਨੇ ਪੱਥਰ ਦੀ ਮੂਰਤੀ ਨੂੰ ਹੱਥ `ਚ ਲੈ ਕੇ ਪੰਡਤ ਦੇ ਮੂੰਹ ਤੇ ਮਾਰਿਆ ਅਤੇ ਉਸ ਦੇ ਦੰਦ ਭੰਨ ਦਿੱਤੇ। ਅਤੇ ਪੁੱਛਿਆ ਕਿ ਦੱਸ ਹੁਣ ਤੇਰਾ ਸ਼ਿਵ ਕਿਥੇ ਹੈ? ਤੂੰ ਜਿਸ ਲਿੰਗ ਦੀ ਪੂਜਾ ਕਰਦਾ ਹੈਂ ਉਸ ਨੇ ਹੀ ਤੇਰੇ ਦੰਦ ਭੰਨ ਦਿੱਤੇ ਹਨ। ਉਸ ਦਾ ਸਮਾਨ ਖੋਹ ਕੇ ਹੋਰਾਂ ਨੂੰ ਦਾਨ ਕਰ ਦਿੱਤਾ ਤੇ ਕਿਹਾ ਕਿ ਤੈਨੂੰ ਅਗਲੇ ਜਨਮ `ਚ ਦਸ ਗੁਣਾ ਮਿਲ ਜਾਵੇਗਾ। ਰਾਜਕੁਮਾਰੀ ਨੇ ਪੰਡਤ ਨੂੰ ਪੁੱਛਿਆ ਕਿ ਜੇ ਜੰਤਰਾਂ ਮੰਤਰਾਂ ਨਾਲ ਸਿੱਧੀ ਪ੍ਰਾਪਤ ਹੁੰਦੀ ਹੈ ਤਾ ਦਰ-ਦਰ ਮੰਗਦਾ ਕਿਉਂ ਫਿਰਦਾ ਹੈਂ ਰਾਮ, ਕਿਸ਼ਨ , ਬਰਮਾ ਜਿਤਨੇ ਵੀ ਹਨ ਸਭ ਕਾਲ ਨੇ ਖਪਾ ਦਿੱਤੇ ਹਨ। ਇਹ ਸਭ ਕਾਲ ਦਾ ਪਾਣੀ ਭਰਦੇ ਹਨ। ਬ੍ਰਾਹਮਣ ਨੇ ਕਰੋਧ ਵਿੱਚ ਆ ਕੇ ਕਿਹਾ ਕਿ ਮੈਂ ਰਾਜੇ ਪਾਸ ਤੇਰੀ ਸ਼ਿਕਾਇਤ ਕਰਾਂਗਾ ਤਾਂ ਰਾਜਕੁਮਾਰੀ ਨੇ ਉਸ ਨੂੰ ਨਦੀ ਵਿਚ ਧੱਕਾ ਦੇ ਦਿੱਤਾ ਅਤੇ ਉਸ ਨੂੰ 800 ਗੋਤੇ ਦਿੱਤੇ। 

ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥ ਡਾਰ ਨਦੀ ਕੇ ਭੀਤਰ ਦਿਯਾ
ਤਾ ਪਕਰਿ ਆਠ ਸੈ ਦੀਨਾ ॥ ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥
੧੨੦॥

ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌ ॥ ਤੈ ਮੁਹਿ ਡਾਰਾ ਹਾਥ ਬਤੈ ਹੌ ॥
ਤੇਰੇ ਦੋਨੋ ਹਾਥ ਕਟਾਊ
ਤੌ ਰਾਜਾ ਕੀ ਸੁਤਾ ਕਹਾਊ ॥੧੨੧॥

ਰਾਜ ਕੁਮਾਰੀ ਨੇ ਕਿਹਾ ਕਿ ਮੈਂ ਆਪਣੇ ਪਿਤਾ ਨੂੰ ਦੱਸਾਂਗੀ ਕਿ ਪੰਡਤ ਨੇ ਮੈਨੂੰ ਹੱਥ ਪਾਇਆ ਹੈ। ਤੇਰੇ ਦੋਵੇਂ ਹੱਥ ਕਟਵਾ ਦਿਆਂਗੀ ਇਹ ਸੁਣ ਕੇ ਪੰਡਤ ਡਰ ਗਿਆ ਅਤੇ ਰਾਜਕੁਮਾਰੀ ਦੇ ਪੈਰੀਂ ਪੈ ਗਿਆ ਤੇ ਕਿਹਾ ਮੈਂ ਉਹੀ ਕਰਾਂਗਾ ਜੋ ਤੂੰ ਕਹੇਂਗੀ।

ਤੁਮ ਕਹਿਯਹੁ ਮੈ ਪ੍ਰਥਮ ਅਨਾਯੋ ॥ ਧਨ ਨਿਮਿਤਿ ਮੈ ਦਰਬੁ ਲੁਟਾਯੋ ॥
ਪਾਹਨ ਕੀ ਪੂਜਾ ਨਹਿ ਕਰਿਯੈ ॥ ਮਹਾ ਕਾਲ ਕੇ ਪਾਇਨ ਪਰਿਯੈ
੧੨੩
ਤਬ ਦਿਜ ਮਹਾ ਕਾਲ ਕੋ ਧ੍ਯਾਯੋ ॥ ਸਰਿਤਾ ਮਹਿ ਪਾਹਨਨ ਬਹਾਯੋ ॥
ਦੂਜੇ ਕਾਨ ਨ ਕਿਨਹੂੰ ਜਾਨਾ ॥ ਕਹਾ ਮਿਸ੍ਰ ਪਰ ਹਾਲ ਬਿਹਾਨਾ ॥੧੨੪॥

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ॥
ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ
੧੨੫

ਰਾਜਕੁਮਾਰੀ ਨੇ ਕਿਹਾ ਕਿ ਤੂੰ ਕਹੀਂ ਕਿ ਮੈਂ ਇਸ਼ਨਾਨ ਕੀਤਾ ਹੈ ਅਤੇ ਆਪਣਾ ਸਾਰਾ ਧਨ, ਅੱਗਲੇ ਜਨਮ ਵਿੱਚ ਦਸ ਗੁਣਾਂ ਮਿਲਣ ਦੀ ਝਾਕ `ਚ ਦਾਨ ਕਰ ਦਿੱਤਾ ਹੈ ਤੂੰ ਅੱਜ ਤੋਂ ਪੱਥਰ ਨੂੰ ਨਹੀਂ ਪੂਜੇਂਗਾ ਸਗੋਂ ਮਹਾਕਾਲ ਦੇ ਚਰਨੀ ਲੱਗੇਂਗਾ। ਪੰਡਤ ਨੇ ਮਹਾਕਾਲ ਦੀ ਪੂਜਾ ਕੀਤੀ ਅਤੇ ਸਾਲਗਰਾਮ ਨੂੰ ਨਦੀ ਵਿੱਚ ਸੁੱਟ ਦਿੱਤਾ ਕਿਸੇ ਨੂੰ ਵੀ ਇਹ ਖ਼ਬਰ ਨਹੀਂ ਹੋਈ ਕਿ ਪੰਡਤ ਨਾਲ ਕੀ ਵਾਪਰਿਆ ਹੈ। ਰਾਜਕੁਮਾਰੀ ਨੇ ਪੰਡਤ ਨੂੰ ਛਲ ਲਿਆ ਹੈ। ਸ਼ਰਾਬ ਅਤੇ ਭੰਗ ਪਿਲਾ ਕੇ ਪੰਡਤ ਨੂੰ ਮਹਾਕਾਲ ਦਾ ਸੇਵਕ ਬਣਾ ਲਿਆ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੬॥੫੧੯੫॥ਅਫਜੂੰ

ਇਹ ਹੈ ਉਸ ਕਹਾਣੀ ਦੀ ਸੰਖੇਪ ਵਾਰਤਾ, ਜਿਸ ਵਿਚੋਂ ਕੁਝ ਛੰਦ ਪੜ੍ਹ ਕੇ ਡਾ: ਹਰਭਜਨ ਸਿੰਘ ਨੇ ਕਿਹਾ ਹੈ ਕਿ  ਗੁਰੂ ਜੀ ਨੇ ਇਸਤਰੀ ਨੂੰ ਉੱਚਾ ਚੁਕਣ ਲਈ ਇਹ ਕਹਾਣੀ ਲਿਖੀ ਹੈ। ਜਿਵੇ ਕਿ ਪਾਠਕ ਪੜ੍ਹ ਚੁਕੇ ਹਨ ਕਿ ਇਸ ਕਹਾਣੀ ਵਿੱਚ ਕੁਝ ਵੀ ਅਸ਼ਲੀਲ ਨਹੀਂ ਹੈ

ਡਾ ਹਰਭਜਨ ਸਿੰਘ ਨੇ ਇਹ ਕਿਸ ਅਧਾਰ 'ਤੇ ਕਿਹਾ ਹੈ ਕਿ ਇਸ ਚਰਿਤ੍ਰ `ਚ ਚੋਣਵੀਆਂ ਪੰਗਤੀਆਂ ਦਾ ਹਵਾਲਾ ਦੇ ਕੇ ਅਸ਼ਲੀਲਤਾ ਦਾ ਪਾਠ ਪੜਾਇਆ ਜਾ ਰਿਹਾ ਹੈ? ਮੈਂ, ਅੱਜ ਤਾਈਂ ਇਹ ਕਿਤੇ ਨਹੀਂ ਪੜ੍ਹਿਆ/ਸੁਣਿਆ ਕਿ ਕਿਸੇ ਨੇ ਵੀ, ਇਨ੍ਹਾਂ ਨੂੰ  ਚਰਿਤ੍ਰ ਨੰਬਰ 266 ਦੀ ਵਿਆਖਿਆ ਕਰਨ ਨੂੰ ਕਿਹਾ ਹੋਵੇ। ਜਿਨ੍ਹਾਂ ਚਰਿਤ੍ਰਾਂ ਦੀ ਕਥਾ/ਵਿਆਖਿਆ ਕਰਨ ਲਈ ਇਨ੍ਹਾਂ ਨੂੰ ਵਾਰ-ਵਾਰ ਅਖ਼ਬਾਰਾਂ ਰਾਹੀ ਬੇਨਤੀ ਕੀਤੀ ਜਾਂਦੀ ਰਹੀ ਹੈ ਉਸ ਪਾਸੇ ਇਨ੍ਹਾਂ ਨੇ ਕਦੇ ਧਿਆਨ ਨਹੀਂ ਦਿੱਤਾ (ਪੜ੍ਹੋ ਪੰਜਾਬ ਨਿਊਜ਼ 22 ਫਰਵਰੀ 2008 ਈ:, ਪੰਜਾਬ ਟਾਈਮਜ਼ ਅਤੇ ਚੜਦੀ ਕਲਾ 24 ਜੁਲਾਈ 2013 ਈ:) ਹਰ ਵੇਲੇ ਇਕੋ ਗੱਲ, “ਗੁਰੂ ਸਾਹਿਬ ਨੇ ਖੜਕ ਸਿੰਘ ਪੈਦਾ ਕਰਨਾ ਸੀ, ਖੜਕ ਸਿੰਘ ਪੈਦਾ ਕਰਨਾ ਸੀ”

ਅਖੌਤੀ ਦਸਮ ਗ੍ਰੰਥ  ਦੇ ਪੋਣੇ ਸੱਤ ਸੌ ਪੰਨਿਆਂ ਵਿੱਚ ਜਿਹੜਾ ਹੋਰ ਖੜਕਾ-ਦੜਕਾ ਹੋ ਰਿਹਾ ਹੈ, ਉਸ ਦੀ ਵਿਆਖਿਆ ਕਿਉਂ ਨਹੀਂ ਕਰਦੇ? ਡਾ: ਹਰਭਜਨ ਸਿੰਘ ਜੀ, ਚਰਿਤ੍ਰ ਨੰਬਰ 266, ਜਿਸ ਦੀ ਤੁਹਾਡੇ ਵੱਲੋਂ ਚੋਣ ਕੀਤੀ ਗਈ ਹੈ, ਵਿੱਚ ਤਾਂ ਅਸ਼ਲੀਲਤਾ ਦਾ ਕੋਈ ਜਿਕਰ ਹੈ ਹੀ ਨਹੀਂ। ਚਲੋ ਜੇ ਤੁਸੀਂ ਇਸ ਚਰਿਤ੍ਰ ਦੀ ਚੋਣ ਕੀਤੀ ਹੈ ਤਾਂ ਇਹ ਦੱਸੋ ਕਿ ਤੁਸੀਂ ਸਵਾ ਦੋ ਘੰਟਿਆਂ ਦੇ ਭਾਸ਼ਨ ਵਿੱਚ ਇਹ ਕਹਾਣੀ ਪੂਰੀ ਕਿਉਂ ਨਹੀ ਸੁਣਾਈ? ਗੱਲ ਅਧੂਰੀ ਕਿਉਂ ਕੀਤੀ ਹੈ? ਕੀ ਇਹ ਪੰਗਤੀ, “ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ” ਇਸੇ ਕਹਾਣੀ ਦਾ ਹਿੱਸਾ ਨਹੀ ਹੈ? ਕੀ ਇਸ ਤਰ੍ਹਾਂ ਸੱਚ ਨੂੰ ਸਰੋਤਿਆਂ/ਪਾਠਕਾਂ ਤੋਂ ਲਕੋ ਲੈਣਾ ਆਪ ਜੀ ਵਰਗੇ ‘ਨਿਰਦੇਸ਼ਕ’ ਨੂੰ ਸੋਭਾ ਦਿੰਦਾ ਹੈ? ਕੀ ਇਸ ਕਹਾਣੀ ਵਿੱਚੋਂ ਭੰਗ ਅਤੇ ਸ਼ਰਾਬ ਪੀਣ ਦੀ ਪ੍ਰੇਰਨਾ ਨਹੀਂ ਮਿਲਦੀ? ਤੁਸੀਂ ਕਹਿੰਦੇ ਹੋ ਕਿ ਇਹ ਕਹਾਣੀ ਦੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਹਨ, ਪਰ ਇਸ ਕਹਾਣੀ ਵਿੱਚ ਤਾਂ ਔਰੰਗਜੇਬੀ ਸੋਚ ਭਾਰੂ ਹੈ।

ਪੰਡਿਤ ਨੂੰ ਪੱਥਰ ਪੂਜਣ ਤੋਂ ਵਰਜ ਕੇ, ਮਹਾਕਾਲ ਦਾ ਉਪਾਸ਼ਕ ਬਣਾਉਣ ਲਈ ਰਾਜਕੁਮਾਰੀ ਆਪਣੇ ਉਸਤਾਦ ਨਾਲ ਦੁਰਵਿਹਾਰ ਕਰਦੀ ਹੈ ਉਸ ਨੂੰ ਆਪਣੇ ਰਾਜੇ ਪਿਉ ਦਾ ਡਰਾਵਾ ਦਿੰਦੀ ਹੈ। (ਤੇਰੇ ਦੋਨੋ ਹਾਥ ਕਟਾਊ ॥ ਤੌ ਰਾਜਾ ਕੀ ਸੁਤਾ ਕਹਾਊ) ਸ਼ਰਾਬ ਅਤੇ ਭੰਗ ਪਿਆ ਕੇ ਛਲਦੀ ਹੈ। ਡਾ: ਹਰਭਜਨ ਸਿੰਘ ਅਨੁਸਾਰ ਲੋਕਾਂ ਨੂੰ ਸ਼ਰਾਬ ਅਤੇ ਭੰਗ ਪਿਆ ਕੇ ਕਾਬੂ ਕਰਨਾ ਅਤੇ ਛਲਣਾ ਨਾਰੀ ਜਾਤੀ ਦੇ ਉਠਾਣ ਦੀ ਵੱਧੀਆਂ ਉਦਾਹਰਣ ਹੈ ਕੀ ਉਸ ਪੰਡਿਤ ਨਾਲ ਜਿਸ ਤੋਂ ਉਹ ਸਿੱਖਿਆ ਲੈਂਦੀ ਹੈ ਦੁਰਵਿਹਾਰ ਕਰਕੇ ਰਾਜਕੁਮਾਰੀ, ਨਾਰੀ ਜਾਤੀ ਨੂੰ ਊਚਾ ਚੁੱਕ ਰਹੀ ਹੈ? ਅਜਿਹੇ ਘਟੀਆ ਆਚਰਣ ਨੂੰ ਕੇਵਲ ਡਾ: ਹਰਭਜਨ ਸਿੰਘ ਜੈਸਾ ਵਿਦਵਾਨ (?) ਹੀ ਨਾਰੀ ਜਾਤੀ ਦਾ ਉਠਾਣ ਜਾਂ “ਅੰਮ੍ਰਿਤ” ਕਹਿ ਸਕਦਾ ਹੈ। ਰਾਜਕੁਮਾਰੀ ਪੰਡਤ ਵੱਲੋਂ ਕੀਤੇ ਜਾਂਦੇ ਕਰਮਕਾਂਡ ਦਾ ਖੰਡਨ ਕਰਕੇ, ਪੰਡਤ ਨੂੰ ਉਸ ਦੇ ਇਸ਼ਟ ਵੱਲੋਂ ਵਰਜ ਕੇ ਆਪਣੇ ਮਹਾਕਾਲ ਨਾਲ  ਜੋੜਦੀ ਹੈ। ਰਾਜਕੁਮਾਰੀ ਪੰਡਤ ਦੇ ਦੰਦ ਭੰਨ ਕੇ ਉਸ ਨੂੰ 800 ਗੋਤੇ ਹੀ ਨਹੀਂ ਦਿੰਦੀ ਸਗੋਂ “ਤੇਰੇ ਦੋਨੋਂ ਹਾਥ ਕਟਾਊ”  ਦਾ ਡਰਾਵਾ ਦੇ ਕੇ ਆਪਣਾ ਅਸਲੀ ਰੂਪ ਵੀ ਵਿਖਾ ਦਿੰਦੀ ਹੈ। ਡਾ: ਹਰਭਜਨ ਸਿੰਘ ਨੇ ਮਹਾਕਾਲ ਨੂੰ ਅਕਾਲ ਪੁਰਖ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਕੀ ਰਾਜਕੁਮਾਰੀ ਦਾ ਮਹਾਕਾਲ, ਪਰਮਾਤਮਾ ਜਾਂ ਅਕਾਲ ਪੁਰਖ ਹੈ? ਹਰਭਜਨ ਸਿੰਘ ਨੇ ਸਰੋਤਿਆਂ ਨੂੰ ਗੁਮਰਾਹ ਕਰਨ ਲਈ ਰਾਜਕੁਮਾਰੀ ਦੇ ਮਹਾਕਾਲ ਨੂੰ, ਰੱਬ, ਪਰਮਾਤਮਾ ਦੱਸ ਕੇ ਮਹਾਕਾਲ ਦੀ ਅਸਲੀਅਤ ਨੂੰ ਛੁਪਾਉਣ ਦਾ ਗੁਨਾਹ ਕੀਤਾ ਹੈ। ਖੈਰ...! ਡਾ ਹਰਭਜਨ ਸਿੰਘ ਅਖੌਤੀ ਦਸਮ ਗ੍ਰੰਥ ਦਾ ਉਪਾਸ਼ਕ ਹੋਣ ਕਾਰਨ ਉਸ ਦੀਆਂ ਸਿੱਖਿਆਵਾਂ ਤੇ ਹੀ ਅਮਲ ਕਰ ਰਿਹਾ ਹੈ।

ਇਸ ਚਰਿਤ੍ਰ ਵਿਚ ਕੋਈ ਅਜੇਹੀ ਕੋਈ ਗੱਲ ਨਹੀਂ ਹੈ, ਜਿਸ ਤੋਂ ਇਸਤਰੀ ਦੀ ਉਪਮਾ ਹੁੰਦੀ ਹੋਵੇ ਜਿਵੇ ਕਿ ਡਾ: ਹਰਭਜਨ ਸਿੰਘ ਨੇ ਕਿਹਾ ਹੈ। ਇਸ ਗ੍ਰੰਥ ਦਾ ਲਿਖਾਰੀ ਬੀਬੀਆਂ ਬਾਰੇ ਇਹ ਵੀ ਲਿਖਦਾ ਹੈ ਕਿ ਇਸਤਰੀ ਨੂੰ ਕਦੇ ਵੀ ਭੇਦ ਦੀ ਗੱਲ ਨਹੀਂ ਦੱਸਣੀ ਚਾਹੀਦੀ। ਕਿਉਂਕਿ ਅਜੇਹਾ ਸਿਮ੍ਰਤੀਆਂ, ਬੇਦ ਅਤੇ ਕੋਕਸ਼ਾਸਤ੍ਰ ਵਿੱਚ ਲਿਖਿਆ ਹੋਇਆ ਹੈ। ਜੇ ਕਿਸੇ ਨੇ ਇਸਤਰੀ ਤੇ ਵਿਸ਼ਵਾਸ ਕੀਤਾ ਤਾਂ ਉਸ ਦਾ ਸੱਤਾ ਦਿਨਾਂ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਵਿਧਾਤਾ ਵੀ ਇਸਤਰੀ ਬਣਾ ਕੇ ਪਛਤਾ ਰਿਹਾ ਹੈ।  ਡਾ: ਹਰਭਜਨ ਸਿੰਘ ਜੀ, ਕੀ ਤੂਸੀ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਦੀ, ਬੀਬੀਆਂ ਪ੍ਰਤੀ ਇਸ ਸੋਚ ਨਾਲ ਸਹਿਮਤ ਹੋ?

ਤ੍ਰਯਿਹ ਨ ਦੀਜੈ ਭੇਦ ਤਾਹ ਭੇਦ ਲੀਜੈ ਸਦਾ ॥

ਕਹਤ ਸੰਮ੍ਰਤਿ ਅਰੁ ਬੇਦ ਕੋਕ ਸਾਰਊ ਯੌ ਕਹਤ ॥੧੦॥(ਪੰਨਾ 828)

ਸਕਲ ਜਗਤ ਮੈ ਜੇ ਪੁਰਖੁ ਤ੍ਰਿਯ ਕੋ ਕਰਤ ਬਿਸ੍ਵਾਸ ॥

ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ ॥੧੧ (ਪੰਨਾ 829)

ਅੰਤ ਤ੍ਰਿਯਨ ਕੇ ਕਿਨੂੰ ਨ ਪਾਯੋ ॥ ਬਿਧਨਾ ਸਿਰਜਿ ਬਹੁਰਿ ਪਛੁਤਾਯੋ ॥

ਜਿਨ ਇਹ ਕਿਯੌ ਸਕਲ ਸੰਸਾਰੋ ॥ ਵਹੈ ਪਛਾਨਿ ਭੇਦ ਤ੍ਰਿਯ ਹਾਰੋ ॥੧੩॥ (ਪੰਨਾ 1267)

ਡਾ: ਹਰਭਜਨ ਸਿੰਘ ਵੱਲੋਂ ਖਾਸ ਤੌਰ 'ਤੇ ਚੁਣੀ ਗਈ ਇਸ ਕਹਾਣੀ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਾਜਕੁਮਾਰੀ ਦਾ ਇਸ਼ਟ ਕੌਣ ਹੈ? ਉਸ ਦਾ ਸੇਵਕ ਬਨਣ/ਬਣਾਉਣ ਦਾ ਵਿਧੀ-ਵਿਧਾਨ ਕੀ ਹੈ? ਕਿਸੇ ਨੂੰ ਆਪਣੇ ਇਸ਼ਟ ਦੀ, ਆਪਣੇ ਤਰੀਕੇ ਨਾਲ ਪੂਜਾ ਕਰਨ ਤੋਂ ਜ਼ਬਰਦਸਤੀ ਰੋਕਣਾ, ਉਸ ਨਾਲ ਦੁਰਵਿਹਾਰ ਕਰਨਾ (ਦੰਦ ਭੰਨਣੇ, 800 ਗੋਤੇ ਦੇਣੇ ਅਤੇ ਦੇਵੋ ਹੱਥ ਕਟਵਾਉਣ ਦਾ ਡਰਾਵਾ ਦੇਣਾ) ਅਤੇ ਉਸ ਦਾ ਜਬਰੀ ਧਰਮ ਤਬਦੀਲ ਕਰਵਾਉਣਾ, ਕੀ ਇਹ ਗੁਰਮਤਿ ਦਾ ਸਿਧਾਂਤ ਹੈ ਜਾਂ ਔਰੰਗਜੇਬ ਦਾ?

ਕੀ ਇਹ ‘ਅੰਮ੍ਰਿਤ ਬਚਨ’ (ਚਰਿਤ੍ਰ 266) ਗੁਰੂ ਗੋਬਿੰਦ ਸਿੰਘ ਜੀ ਨੇ ਹੀ ਲਿਖੇ ਹੋਣਗੇ? ਡਾ ਹਰਭਜਨ ਸਿੰਘ ਦੇ ਬਚਨ, “ਇਸ ਅੰਮ੍ਰਿਤ ਦੀ ਕੋਈ ਨਿੰਦਿਆ ਕਰੇ, ਤੂਸੀ ਆਪ ਹੀ ਸਮਝੋ ਉਸ ਬੰਦੇ `ਚ ਬੁੱਧੀ ਹੋ ਸਕਦੀ ਹੈ”?

ਕੀ ਹੁਣ ਡਾ: ਹਰਭਜਨ ਸਿੰਘ ਜੀ ਆਪਣੇ ਬੁਧੀਮਾਨ ਹੋਣ ਦਾ ਪ੍ਰਗਟਾਵਾ ਕਰਦੇ ਹੋਏ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ? ਜਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਉਹ ਮੇਰੀ ਲਿਖਤ ਵਿੱਚ ਵਿਆਕਰਣ ਦੀਆਂ ਗਲਤੀਆਂ ਕੱਢਣ ਦੇ ਨਾਲ-ਨਾਲ, ਇਹ ਲਿਖ ਕੇ ਹੀ ਸਾਰ ਦੇਣਗੇ ਕਿ “ਉਹ ਠੀਕ ਪੰਜਾਬੀ ਲਿਖਣ ਦੀ ਯੋਗਤਾ ਤੋਂ ਵੀ ਵੰਚਿਤ ਹੈ”।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top