Share on Facebook

Main News Page

ਧੜੇਬੰਦਕ ਸਿਆਸੀ ਇਕੱਠ ਨੂੰ ‘ਸਰਬੱਤ ਖ਼ਾਲਸਾ’ ਦਾ ਨਾਂ ਦੇਣਾ ਤਾਂ ਸਮੁੱਚੇ ਪੰਥ ਨਾਲ ਹੈ ਧ੍ਰੋਹ ਤੇ ਮਜ਼ਾਕ
-: ਗਿ. ਜਗਤਾਰ ਸਿੰਘ ਜਾਚਕ

2 ਨਵੰਬਰ, ਨਿਊਯਾਰਕ (ਮਨਜੀਤ ਸਿੰਘ) : ਸਿੱਖ ਕੌਮ ਦੀ ਨਿਰਮਲ, ਨਿਆਰੀ ਤੇ ਆਜ਼ਾਦ ਹਸਤੀ ਕਾਇਮ ਰੱਖਣ ਲਈ ਸ਼੍ਰੋਮਣੀ ਕਮੇਟੀ ਨੂੰ ਹਿੰਦੂਤਵੀ ਰਾਜਸੀ ਗੁਲਾਮੀ ਤੋਂ ਮੁਕਤ ਕਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਜਨੀਤਕ ਦੁਰਵਰਤੋਂ ਰੋਕਣਾ, ਖ਼ਾਲਸਈ ਤਖ਼ਤਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਾਉਣਾ, ਦੇਸ਼ ਵਿਦੇਸ਼ ਵਿੱਚ ਗੁਰੂ ਬੇਅਦਬੀ ਦੀਆਂ ਦੁਰਘਟਨਾਵਾਂ ਨੂੰ ਰੋਕਣਾ ਅਤੇ ਸੰਸਾਰੀ ਸਰੋਕਾਰਾਂ ਨੂੰ ਧਿਆਨ ਵਿੱਚ ਰਖਦਿਆਂ ਪੰਥਕ ਏਕਤਾ ਲਈ ਸਾਂਝਾ ਰਾਜਸੀ ਏਜੰਡਾ ਤਹਿ ਕਰਕੇ ਹਿੰਦੂ ਰਾਸ਼ਟਰਵਾਦ ਦੇ ਖਿਲਾਫ਼ ਜੂਝਣਾ; ਸਿੱਖ ਕੌਮ ਸਾਹਮਣੇ ਇਸ ਵੇਲੇ ਬੜੇ ਭਖਵੇਂ ਤੇ ਚੁਣੌਤੀ ਭਰਪੂਰ ਪੰਥਕ ਮਸਲੇ ਹਨ।

ਪ੍ਰੰਤੂ ਜੇ ਇਨ੍ਹਾਂ ਦੇ ਮੂੰਹ ਅੱਡੀ ਖੜਿਆਂ ਕਿਸੇ ਧੜੇਬੰਦਕ ਸਿਆਸੀ ਇਕੱਠ ਦਾ ਕੌਮੀ ਟੀਚਾ ਕੇਵਲ ਪੰਜਾਬ ਦੀ ਸੱਤਾ ’ਤੇ ਕਾਬਜ਼ ਇੱਕ ਸਿੱਖ ਆਗੂ ਨੂੰ ਤਖ਼ਤੋਂ ਲਹੁਣਾ ਤੇ ਅਜਿਹੇ ਕਿਸੇ ਦੂਜੇ ਨੂੰ ਬੈਠਾਉਣਾ ਹੀ ਮਿੱਥਿਆ ਹੋਵੇ ; ਤਾਂ ਉਸ ਨੂੰ ‘ਸਰਬੱਤ ਖ਼ਾਲਸਾ’ ਦਾ ਨਾਂ ਦੇਣਾ ਤਾਂ ਸਮੁੱਚੇ ਪੰਥ ਨਾਲ ਧਰੋਹ ਕਮਾਉਣ ਤੇ ਸੰਸਥਾਈ ਮਜ਼ਾਕ ਉਡਾਉਣ ਤੁੱਲ ਹੈ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਇੱਕ ਵਿਸ਼ੇਸ਼ ਪ੍ਰੈਸਨੋਟ ਰਾਹੀਂ ਪ੍ਰਸਾਰਿਤ ਕੀਤੇ ਹਨ।

ਉਨ੍ਹਾਂ ਸਪਸ਼ਟ ਕੀਤਾ ਕਿ ਉਪਰੋਕਤ ਭਖਦੇ ਪੰਥਕ ਮਸਲਿਆਂ ਲਈ ‘ਸਰਬੱਤ ਖ਼ਾਲਸਾ’ ਇਕੱਠ ਬਲਾਉਣਾ ਸਮੇਂ ਦੀ ਮੁੱਖ ਦੀ ਲੋੜ ਹੈ ; ਜਿਸ ਵਿੱਚ 18ਵੀਂ ਸਦੀਆਂ ਦੀਆਂ ਸਿੱਖ ਮਿਸਲਾਂ ਵਾਂਗ ‘ਗੁਰੂ ਗ੍ਰੰਥ ਤੇ ਪੰਥ’ ਨੂੰ ਸਮਰਪਤ ਸਾਰੀਆਂ ਸਿੱਖ ਜਥੇਬੰਦੀਆਂ ਤੇ ਰਾਜਨੀਤਕ ਧਿਰਾਂ ਸ਼ਾਮਲ ਹੋਣ । ਪਰ, ਪੰਥ ਦਰਦੀ ਵਿਦਵਾਨਾਂ ਮੁਤਾਬਿਕ ਉਸ ਤੋਂ ਵੀ ਵਧੇਰੇ ਲੋੜੀਂਦਾ ਹੈ ਪਹਿਲਾਂ ਇਸ ਪ੍ਰੰਪਰਾਗਤ ਪੰਥਕ ਸੰਸਥਾ ਦਾ ਸਰੂਪ ਤੇ ਕਾਰਜਸ਼ੈਲੀ ਦਾ ਵਿਧੀ ਵਿਧਾਨ ਬਨਾਉਣਾ । ਕਿਉਂਕਿ ਇਸ ਬਾਰੇ ਅਕਾਦਮਿਕ ਦ੍ਰਿਸ਼ਟੀ ਤੋਂ ਸਿੱਖ ਇਤਿਹਾਸ ਵਿੱਚੋਂ ਕਿੰਤੂ-ਪ੍ਰੰਤੂ ਮੁਕਤ ਕੋਈ ਅਜਿਹੀ ਸਪਸ਼ਟ ਸੇਧ ਨਹੀਂ ਮਿਲਦੀ, ਜਿਸ ਨੂੰ ਅਧਾਰ ਬਣਾ ਕੇ ‘ਸਰਬੱਤ ਖ਼ਾਲਸਾ’ ਇਕੱਠ ਬੁਲਾਇਆ ਜਾ ਸਕੇ । ਦੂਜਾ ਪੱਖ ਇਹ ਵੀ ਹੈ ਕਿ ਮਹਤਵ ਪੂਰਨ ਪੰਥਕ ਮੁੱਦੇ ਭਾਰਤ ਦੀ ਪਾਰਲੀਮੈਂਟ ਵਾਂਗ ਸਰਬੱਤ ਖ਼ਾਲਸਾ ਦੇ ਨੁਮਾਇੰਦਾ ਇਕੱਠ ਵਿੱਚ ਹੀ ਵਿਚਾਰੇ ਜਾ ਸਕਦੇ ਹਨ ; ਵੱਖ ਵੱਖ ਧੜਿਆਂ ਦੀ ਕਿਸੇ ਬੇਮੁਹਾਰੀ ਵੱਡੀ ਭੀੜ ਵਿੱਚ ਨਹੀਂ ।

ਅੰਤ ਵਿੱਚ ਗਿਆਨੀ ਜਾਚਕ ਨੇ ਸੁਚੇਤ ਕੀਤਾ ਹੈ ਕਿ ਜੇ ਕੋਈ ਸਿੱਖ ਆਗੂ ਬੁੱਧੀ ਜੀਵੀ ਵਰਗ ਦੇ ਉਪਰੋਕਤ ਸੁਝਾਵਾਂ ਨੂੰ ਅਣਗੌਲਿਆਂ ਕਰਕੇ ਚੌਣਾਵੀ ਸਿਆਸਤ ਕਰੇਗਾ, ਤਾਂ ਉਸ ਧੜੇਬੰਦਕ ਇਕੱਠ ਦੇ ਸੁਆਰਥੀ ਮਤਿਆਂ ਦਾ ਵੀ ਓਹੀ ਹਾਲ ਹੋਵੇਗਾ, ਜਿਹੜਾ ਪਹਿਲਾਂ ਜੂਨ 1984 ਤੇ ਫਿਰ ਪਿੱਛਲੇ ਵਰ੍ਹੇ ਅਕਤੂਬਰ 2015 ਵਿੱਚ ਬੁਲਾਏ ਗਏ ‘ਸਰਬੱਤ ਖ਼ਾਲਸਾ’ ਇਕੱਠਾਂ ਵਿੱਚ ਕੀਤੇ ਮਤਿਆਂ ਦਾ ਹੋਇਆ । ਕਿਉਂਕਿ, ਸਿੱਖ ਭਾਈਚਾਰੇ ਅੰਦਰ ਗੁਰਮਤਾ ਤਾਂ ਓਹੀ ਮੰਨਿਆ ਜਾ ਸਕਦਾ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਅਤੇ ਸਮੁਚੇ ਪੰਥ ਦੀ ਮਰਜ਼ੀ ਸ਼ਾਮਲ ਹੋਵੇ । ਸਿੱਖ ਪ੍ਰਚਾਰਕਾਂ ਦਾ ਧਰਮ ਹੈ ਕਿ ਪੰਥ ਨੂੰ ਉਪਰੋਕਤ ਪੱਖੋਂ ਜਾਗਰੂਕ ਕਰਨ, ਤਾਂ ਕਿ ਉਨ੍ਹਾਂ ਨੂੰ ਗੁਰੂ ਦੇ ਸਨਮੁਖ ਸ਼ਰਮਿੰਦੇ ਨਾ ਹੋਣਾ ਪਵੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top