Share on Facebook

Main News Page

ਅਖੌਤੀ ਦਸ਼ਮ ਗ੍ਰੰਥ ਦੇ ਲਿਖਾਰੀ ਅਤੇ ਚੇਲੇ ਦਾ ਇਸ਼ਟ ਮਹਾਂਕਾਲ਼ ਦੇਵਤਾ
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਮਹਾਂਕਾਲ਼ ਦੇਵਤਾ ਸ਼ਿਵ ਜੀ ਦਾ 12 ਵਿੱਚੋਂ ਇੱਕ ਜੋਤ੍ਰਿਲਿੰਗਮ ਹੈ ਜਿਸ ਦਾ ਮੰਦਰ ਉਜੈਨ ਵਿੱਚ ਸਥਿੱਤ ਹੈ। ਅਖੌਤੀ ਦਸ਼ਮ ਗ੍ਰੰਥ ਦੇ ਲਿਖਾਰੀ ਦੇ ਦੋ ਪਿਆਰੇ ਇਸਟ ਹਨ; ਇੱਕ ਮਹਾਂਕਾਲ ਅਤੇ ਦੂਜਾ ਦੁਰਗਾ ਮਾਈ ਪਾਰਬਤੀ। ਮਹਾਂਕਾਲ਼/ਦੁਰਗਾ ਦੇ ਇਸਟ ਮੰਨਣ ਨਾਲ਼ ਲਿਖਾਰੀ ਕਿਸੇ ਹੋਰ ਜਿਵੇਂ ਕ੍ਰਿਸ਼ਨ, ਵਿਸ਼ਣੂ, ਗਣੇਸ਼ ਆਦਿਕ ਨੂੰ ਕੁੱਝ ਨਹੀਂ ਸਮਝਦਾ ਅਤੇ ਨਾ ਹੀ ਇਨ੍ਹਾਂ ਤੋਂ ਡਰਦਾ ਹੈ। ਇੱਸ ਨੂੰ ਸਿੱਧ ਕਰਨ ਲਈ ਹੇਠਾਂ ਅਖੌਤੀ ਦਸ਼ਮ ਗ੍ਰੰਥ ਦੀਆਂ ਦੋ ਰਚਨਾਵਾਂ ਵਿੱਚੋਂ ਪ੍ਰਮਾਣ ਦਿੱਤੇ ਗਏ ਹਨ।

ਪਹਿਲਾ ਪ੍ਰਮਾਣ ‘ਕ੍ਰਿਸ਼ਨਾਵਤਾਰ’ ਰਚਨਾ ਵਿੱਚੋਂ ਹੈ:

ਅਥ ਦੇਵੀ ਜੂ ਕੀ ਉਸਤਤਿ ਕਥਨੰ :

ਚੌਪਈ ॥
ਮੈ ਨ ਗਨੇਸ਼ਹਿ ਪ੍ਰਿਥਮ ਮਨਾਊਂ ॥ ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ ॥ ਕਾਨ ਸੁਨੇ ਪਹਿਚਾਨ ਨ ਤਿਨ ਸੋਂ ॥ ਲਿਵ ਲਾਗੀ ਮੋਰੀ ਪਗ ਇਨ ਸੋਂ ॥੪੩੪॥
ਮਹਾਕਾਲ ਰਖਵਾਰ ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ ॥ ਬਾਹਿ ਗਹੇ ਕੀ ਲਾਜ ਬਿਚਾਰ ॥੪੩੫॥
........
ਪ੍ਰਥਮ ਧਰੋ ਭਗਵਤ ਕੋ ਧਯਾਨਾ ॥ ਬਹੁਰ ਕਰੋ ਕਬਿਤਾ ਬਿਧਿ ਨਾਨਾ ॥ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ॥ ਚੂਕ ਹੋਇ ਕਬਿ ਲੇਹੁ ਸੁਧਾਰੋ ॥440॥
ਇਤਿ ਸ੍ਰੀ ਦੇਵੀ ਉਸਤਤਿ ਸਮਾਪਤਮ

ਵਿਚਾਰ:- ਕਿਸ਼ਨਾਵਤਾਰ ਵਿੱਚੋਂ ਇਹ ਦੋ ਬੰਦ ਕਈ ਰਾਗੀ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਾ ਕੇ ਗੁਰੂ ਦੀ ਬੇਅਦਬੀ ਕਰ ਰਹੇ ਹਨ। ਲਿਖਾਰੀ ਕਹਿੰਦਾ ਹੈ ਕਿ ਉਹ ਪਹਿਲਾਂ ਗਣੇਸ਼, ਕ੍ਰਿਸ਼ਨ ਅਤੇ ਵਿਸ਼ਣੂ ਨੂੰ ਕਦੇ ਯਾਦ ਨਹੀਂ ਕਰਦਾ ਕਿਉਂਕਿ ਉਸ ਦੀ ਰਾਖੀ ਕਰਨ ਵਾਲ਼ਾਂ ਮਹਾਂਕਾਲ਼ ਦੇਵਤਾ ਇਨ੍ਹਾਂ ਦੇਵਤਿਆਂ ਤੋਂ ਵੱਡਾ ਹੈ। ਲਿਖਾਰੀ ਇਸੇ ਮਹਾਂਕਾਲ਼/ਮਹਾਂਲੋਹ ਅੱਗੇ ਆਪਣੀ ਰਾਖੀ ਲਈ ਤਰਲ਼ੇ ਕੱਢਦਾ ਹੈ ਜਿਵੇਂ ਕਿ ‘ਕਬਿਯੋ ਬਾਚ ਬੇਨਤੀ ਚੌਪਈ’ ਵਿੱਚ ਕਰਦਾ ਹੈ। ਲਿਖਾਰੀ ਨੇ ਦੇਵੀ ਦੁਰਗਾ ਦੀ ਉਸਤਤਿ ਕਥਨ ਕਰਨੀ ਸ਼ੁਰੂ ਕੀਤੀ ਸੀ, ਪਰ ਉਹ ਭੁਲੱਕੜ ਹੋਣ ਕਰ ਕੇ ਮਹਾਂਕਾਲ਼ ਦੇਵਤੇ ਨੂੰ ਵਿੱਚ ਲੈ ਆਉਂਦਾ ਹੈ ਕਿਉਂਕਿ ਦੁਰਗਾ ਅਤੇ ਮਹਾਂਕਾਲ਼ ਦੋਵੇਂ ਹੀ ਲਿਖਾਰੀ ਦੇ ਇਸ਼ਟ ਹਨ।

ਦੂਜਾ ਪ੍ਰਮਾਣ ਤ੍ਰਿਅ ਚਰਿੱਤ੍ਰ ਨੰਬਰ 266 ਵਿੱਚੋਂ ਹੈ: ਸੁਮਤਿ ਰਾਜੇ ਦੀ ਅਤੀ ਸੁੰਦਰ ਧੀ ਰਨਖੰਭਕਲਾ ਇੱਕ ਪੰਡਿਤ ਦੀ ਸ਼ਾਗਿਰਦ ਹੈ। ਇੱਕ ਦਿਨ ਉਹ ਸਮੇਂ ਤੋਂ ਪਹਿਲਾਂ ਪੰਡਿਤ ਕੋਲ਼ ਪੜ੍ਹਨ ਚਲੇ ਗਈ। ਪੰਡਿਤ ਨੂੰ ਸ਼ਿਵਲਿੰਗ ਦੀ ਪੂਜਾ ਵਿੱਚ ਰੁੱਝਾ ਦੇਖ ਕੇ ਉਹ ਪੰਡਿਤ ਨੂੰ ਜ਼ਬਰੀ ਸ਼ਿਵਲਿੰਗ ਦੀ ਪੂਜਾ ਤੋਂ ਹਟਾ ਕੇ ਮਹਾਂਕਾਲ਼ ਦੀ ਪੂਜ ਵਲ ਲਾਉਣ ਦੀ ਕੋਸਿਸ਼ ਕਰਦੀ ਹੈ। {ਜ਼ਬਰੀ ਧਰਮ ਤਬਦੀਲ ਕਰਨਾ ਸਿੱਖੀ ਸਿਧਾਂਤ ਨਹੀਂ ਹੈ।} ਪੰਡਿਤ ਦੇ ਨਾ ਮੰਨਣ ਤੇ ਉਹ ਉਸ ਨੂੰ ਇੱਕ ਨਦੀ ਕਿਨਾਰੇ ਲੈ ਜਾ ਕੇ ਉਸ ਨੂੰ ਬਾਹੋਂ ਫੜ ਕੇ ਨਦੀ ਵਿੱਚ ਧੱਕਾ ਦੇ ਦਿੰਦੀ ਹੈ ਤੇ 800 ਗੋਤੇ ਦਿੰਦੀ ਕਹਿੰਦੀ ਹੈ ਕਿ ਉਹ ਮਹਾਂਕਾਲ਼ ਦਾ ਸਿੱਖ ਬਣ ਜਾਵੇ ਨਹੀਂ ਤਾਂ ਉਹ ਪਿਤਾ ਰਾਜੇ ਕੋਲ਼ ਸ਼ਕਾਇਤ ਕਰੇਗੀ ਕਿ ਪੰਡਿਤ ਨੇ ਉਸ ਦੀ ਇੱਜ਼ਤ ਨੂੰ ਹੱਥ ਪਾਇਆ ਹੈ। ਉਹ ਉਸ ਦੇ ਦੇਵੇਂ ਹੱਥ ਕਟਵਾ ਦੇਵੇਗੀ। ਡਰ ਕੇ ਪੰਡਿਤ ਮੰਨ ਜਾਂਦਾ ਹੈ। ਰਾਜਕੁਮਾਰੀ ਆਪਣੇ ਹੀ ਉਸਤਾਦ ਨੂੰ ਭੰਗ ਅਤੇ ਸ਼ਰਾਬ ਪਿਲ਼ਾ ਕੇ ਜ਼ਬਰੀ ਮਹਾਂਕਾਲ਼ ਦਾ ਸਿੱਖ ਬਣਾ ਦਿੰਦੀ ਹੈ। ਰਾਜਕੁਮਾਰੀ ਰਨਖੰਭਕਲਾ ਕਹਿੰਦੀ ਹੈ ਕਿ ਉਹ ਤਾਂ ਮਹਾਂਕਾਲ਼ ਨੂੰ ਹੀ ਪੂਜਦੀ ਹੈ। ਉਹ ਬ੍ਰਹਮਾ, ਵਿਸ਼ਣੂ, ਰੁਦ੍ਰ ਆਦਿਕ ਦੇਵਤਿਆਂ ਨੂੰ ਕੁੱਝ ਨਹੀਂ ਸਮਝਦੀ। ਉਹ ਕਹਿੰਦੀ ਹੈ ਕਿ ਉਹ ਮਹਾਂਕਾਲ਼ ਦੇ ਹੁੰਦਿਆਂ ਬਾਕੀ ਦੇਵਤਿਆਂ ਤੋਂ ਡਰਦੀ ਨਹੀਂ ਹੈ। ਪੜ੍ਹੋ ਅਤੇ ਵਿਚਾਰੋ ਹੇਠ ਲਿਖੇ ਪ੍ਰਮਾਣ:

ਮਹਾ ਕਾਲ ਜੂ ਕੋ ਸਦਾ ਸੀਸ ਨ੍ਯੈਯੈ ॥ ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ॥
ਸਦਾ ਆਨਿ ਜਾ ਕੀ ਸਭੈ ਜੀਵ ਮਾਨੈ ॥ ਸਭੈ ਲੋਕ ਖ੍ਯਾਤਾ ਬਿਧਾਤਾ ਪਛਾਨੈ ॥
੮੬॥

ਦਿਜ ਹਮ ਮਹਾ ਕਾਲ ਕੋ ਮਾਨੈ ॥ ਪਾਹਨ ਮੈ ਮਨ ਕੋ ਨਹਿ ਆਨੈ ॥
ਪਾਹਨ ਕੋ ਪਾਹਨ ਕਰਿ ਜਾਨਤ ॥ ਤਾ ਤੇ ਬੁਰੋ ਲੋਗ ਏ ਮਾਨਤ ॥
੯੧॥

ਏਕੈ ਮਹਾ ਕਾਲ ਹਮ ਮਾਨੈ ॥ ਮਹਾ ਰੁਦ੍ਰ ਕਹ ਕਛੂ ਨ ਜਾਨੈ ॥
ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹੀ ਡਰਹੀ ॥
੯੬॥

ਸ਼ਿਵ ਦੀ ਮੂਰਤੀ ਨੂੰ ਚੁੱਕ ਕੇ, ਰਨਖੰਭਕਲਾ, ਪੰਡਿਤ ਦੇ ਮੂੰਹ ਉੱਤੇ ਮਾਰਦੀ ਹੈ ਅਤੇ ਸ਼ਿਵ ਦੀ ਮੂਰਤੀ ਦਾ ਅਪਮਾਨ ਕਰਦੀ ਆਖਦੀ ਹੈ:

ਤਬੈ ਕੁਅਰਿ ਪ੍ਰਤਿਮਾ ਸ਼ਿਵ ਕੀ ਕਰ ਕੈ ਲਈ। ਹਸਿ ਹਸਿ ਕਰਿ ਦਿਜ ਕੇ ਮੁਖ ਕਸਿ ਕਸਿ ਕੈ ਦਈ।
ਸਾਲਿਗ੍ਰਾਮ ਭੇ ਦਾਂਤਿ ਫੋਰਿ ਸਭ ਹੀ ਦੀਏ। ਹੋ ਛੀਨਿ ਛਾਨਿ ਕਰਿ ਬਸਤ੍ਰ ਮਿਸ੍ਰ ਕੇ ਸਭ ਲੀਏ।
109।

ਪ੍ਰਤਿਮਾ- ਮੂਰਤੀ। ਦਿਜ- ਪੰਡਿਤ

ਆਪਣੇ ਉਸਤਾਦ ਪੰਡਿਤ ਬ੍ਰਾਹਮਣ ਨੂੰ ਦਰਿੱਦ੍ਰਾਵਤਾਰ ਕਹਿੰਦੀ ਡਾਂਟਦੀ ਹੋਈ ਵਿਦਿਆਰਥਣ ਰਨਖੰਭਕਲਾ ਸੁੰਦਰੀ ਕਹਿੰਦੀ ਹੈ:

ਹਾਥ ਤੇ ਨ ਕੌਡੀ ਦੇਤ ਕੌਡੀ ਕੌਡੀ ਮਾਂਗ ਲੇਤ ਪੁੱਤ੍ਰੀ ਕਹਤ ਤਾ ਸੋ ਕਰੈ ਵਿਭਚਾਰ ਹੈਂ।112

ਤਬ ਤਿਨ ਕੁਅਰਿ ਦਿਜਹਿ ਗਹਿ ਲਿਆ ॥ ਡਾਰ ਨਦੀ ਕੇ ਭੀਤਰ ਦਿਯਾ ॥
ਤਾ ਪਕਰਿ ਆਠ ਸੈ ਦੀਨਾ ॥ ਤਾਹਿ ਪਵਿਤ੍ਰ ਭਲੀ ਬਿਧਿ ਕੀਨਾ ॥
੧੨੦॥

ਕਹੀ ਕੁਅਰਿ ਪਿਤੁ ਪਹਿ ਮੈ ਜੈ ਹੌ ॥ ਤੈ ਮੁਹਿ ਡਾਰਾ ਹਾਥ ਬਤੈ ਹੌ ॥
ਤੇਰੇ ਦੋਨੋ ਹਾਥ ਕਟਾਊ ॥ ਤੌ ਰਾਜਾ ਕੀ ਸੁਤਾ ਕਹਾਊ ॥
੧੨੧॥

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ ॥
ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ ॥
੧੨੫॥

ਕੁਅਰਿ- ਸੁੰਦਰੀ ਰਨਖੰਭਕਲਾ। ਦਿਜਹਿ ਗਹਿ ਲੀਆ- ਪੰਡਿਤ ਨੂੰ ਫੜ ਲਿਆ। ਆਠ ਸੈ- 800
ਦਿਜ- ਹੇ ਪੰਡਿਤ! ਤ੍ਰਾਸ- ਡਰ। ਪਾਹਨ- ਪੱਥਰ, ਸ਼ਿਵਲਿੰਗ। ਮਹਾਂ ਰੁਦ੍ਰ- ਸ਼ਿਵ ਦਾ ਇੱਕ ਜੋਤ੍ਰਿਲਿੰਗਮ। ਤ੍ਰਸੈਯੈ- ਡਰਦੇ ਹਨ। ਪੁਰੀ ਚੌਦਹੂੰ- 14 ਲੋਕ। ਸੁਤਾ- ਪੁੱਤ੍ਰੀ। ਮਦਰਾ- ਸ਼ਰਾਬ। ਭਾਂਗ- ਭੰਗ। ਮਿਸਰਹਿ- ਪੰਡਿਤ ਨੂੰ। ਛਲਾ- ਧੱਕੇ ਨਾਲ਼ ਮਨਾ ਲਿਆ।

ਸਿੱਟਾ: ‘ਮੈ ਨਾ ਗਨੇਸਹਿ ਪ੍ਰਿਥਮ ਮਨਾਉਂ’ ਆਦਿਕ ਬੰਦ ਦਸਵੇਂ ਪਾਤਿਸ਼ਾਹ ਨਾਲ਼ ਜੋੜਨੇ ਸਿੱਖੀ ਸਿਧਾਂਤ ਨਹੀਂ ਹੈ। ਮਹਾਂਕਾਲ਼ ਦਾ ਪੁਜਾਰੀ ਲਿਖਾਰੀ ਹੀ ਇਹ ਬੋਲ ਰਿਹਾ ਹੈ। ਜਿਵੇਂ ਰਾਜਕੁਮਾਰੀ ਰਨਖੰਭਕਲਾ ਮਹਾਂਕਾਲ਼ ਤੋਂ ਬਿਨਾਂ ਕਿਸੇ ਹੋਰ ਦੇਵਤੇ ਨੂੰ ਨਹੀਂ ਪੂਜਦੀ ਜਾਂ ਮੰਨਦੀ ਇਵੇਂ ਹੀ ਅਖੋਤੀ ਦਸ਼ਮ ਗ੍ਰੰਥ ਦਾ ਲਿਖਾਰੀ ਵੀ ਇਹੋ ਹੀ ਬੋਲੀ ਬੋਲ ਰਿਹਾ ਹੈ।

ਹਿੰਦੂ ਮੱਤ ਦੇ ਮਾਰਕੰਡੇ ਪੁਰਾਣ, ਸ਼ਿਵ ਪੁਰਾਣ ਅਤੇ ਭਾਗਵਤ ਪੁਰਾਣ ਦੀਆਂ ਕਹਾਣੀਆਂ ਦੀ ਨਕਲ ਹੀ ਅਖੌਤੀ ਦਸ਼ਮ ਗ੍ਰੰਥ ਹੈ, ਜੋ ਬ੍ਰਾਹਮਣਵਾਦ ਵਲੋਂ ਸਿੱਖੀ ਦੇ ਵਿਹੜੇ ਵਿੱਚ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਲਪੇਟਣ ਲਈ ਸੁੱਟਿਆ ਗਿਆ ਹੈ। ਬ੍ਰਾਹਣਮਵਾਦ ਦੀ, ਹਿੰਦੂ ਮੱਤ ਦੀਆਂ ਰਚਨਾਵਾਂ ਨਾਲ਼ ਪਾ:10 ਲਿਖਣ ਵਾਲ਼ੀ, ਇਹ ਚਾਲ ਏਨੀ ਸਫ਼ਲ ਹੋ ਰਹੀ ਹੈ ਕਿ ਬਹੁ ਗਿਣਤੀ ਸਿੱਖ ਜਥੇਬੰਦੀਆਂ, ਨਵੇਂ ਅਤੇ ਪੁਰਾਣੇ ਜਥੇਦਾਰ, ਸ਼੍ਰੋ ਕਮੇਟੀ, ਬਹੁਤੇ ਡੇਰੇ, ਬਹੁ ਗਿਣਤੀ ਸਿੱਖ ਸੰਗਤ ਆਦਿਕ, ਮਿੱਠਾ ਜ਼ਹਰ ਖਾਂਦੇ ਹੋਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਣਾਏ ਜਾ ਰਹੇ ਸ਼ਰੀਕ ਦੇ ਵਿਰੁੱਧ ਕੋਈ ਆਵਾਜ਼ ਨਹੀਂ ਚੁੱਕ ਰਹੇ, ਜਿਸ ਨਾਲ਼ ਸਿੱਖੀ ਦਾ ਵਰਤਮਾਨ ਅਤੇ ਭਵਿੱਖ ਖ਼ਤਰੇ ਤੋਂ ਖਾਲੀ ਨਹੀਂ।

ਕਾਸ਼! ਸਾਰੇ ਸਿੱਖ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਬ ਜੀ ਦੀ ਬਾਣੀ ਹੀ ਪੜ੍ਹਦੇ ਹੁੰਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top