Share on Facebook

Main News Page

ਬਾਦਲਾਂ ਦੀ ਛਤਰੀ ਥੱਲੇ ਹੋ ਰਿਹਾ ‘ਸਰਬੱਤ ਖਾਲਸਾ’ ਕਿੰਨਾ ਲਾਹੇਵੰਦ ਹੁੰਦਾ ਹੈ ?
-: ਦਲਬੀਰ ਸਿੰਘ ਪੱਤਰਕਾਰ
November 4, 2016

‘ਸਰਬਤ ਖਾਲਸਾ’ : ਬਾਦਲੀ ਛਤਰੀ, ਕੈਟਾਂ-ਨੇਕਾਂ ਦਾ ਯੁੱਧ
ਜਲੰਧਰ, 3 ਨਵੰਬਰ 2016

ਸੱਚ ਦੇ ਧਾਰਨੀ ਸਿੱਖਾਂ ਨੂੰ ਤਾਂ ਸਦਾ ਹੀ ਸਿਰ ਦੇਣ ਤਾਈਂ ਜੂਝਣਾ ਪਿਆ ਹੈ। ਮੈਂ ਗੱਲ ਉਹ ਅਰੰਭੀ ਹੈ ਜੋ ਮੈਂ ਆਪ ਬਤੌਰ ਪੱਤਰਕਾਰ ‘ਅੰਗਰੇਜ਼ੀ ਟ੍ਰਿਬਿਊਨ’ ਵੇਖੀ ਤੇ ਹੰਢਾਈ ਹੈ।10 ਨਵੰਬਰ ਨੂੰ ‘ਸਰਬੱਤ ਖਾਲਸਾ’ ਕਰਨ ਵਾਲਿਆਂ ਨੂੰ ਦੋਸ਼ੀਆਂ ਦੀ ਉਹ ਸਾਰੀ ਕਹਾਣੀ ਦੱਸਣੀ ਜਰੂਰੀ ਹੈ ਤਾਂ ਜੋ ਅਜੋਕੇ ਬਾਦਲੀ-ਅਕਾਲੀ ਅਤੇ ਅਮਰਿੰਦਰੀ-ਕਾਂਗਰਸੀ ਆਦਿ ਸਾਧਾਰਨ ਸਿੱਖਾਂ ਨੂੰ ਕੁਰਾਹੇ ਨਾ ਪਾ ਸਕਣ ਅਤੇ ਇਹ ਕਥਾ ਸੱਚੇ ਇਤਿਹਾਸ ਦਾ ਅੰਗ ਬਣ ਸਕੇ।

13 ਅਪ੍ਰੈਲ 1978 ਨੂੰ ਖਾਲਸਾ ਸਾਜਨਾ ਦਿਵਸ 'ਤੇ, ਸਿੱਖੀ ਦੀ ਆਪਣੇ ਪਿਓ ਵਾਂਗੂੰ ਸਿਧਾਂਤਕ ਵੈਰਨ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ, ਸੁਰ ਜੋੜ ਕੇ ਸਿੱਖੀ ਦੀਆਂ ਜੜ੍ਹਾਂ ਉਖਾੜਨ ਲਈ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸਿਧਾਂਤ ਵਿਰੋਧੀ ਆਰੀਆ ਸਮਾਜੀ ਤੇ ਪੰਜਾਬੀ ਬੋਲੀ ਵਿਰੋਧੀ ਲਾਲਾ-ਜਗਤ-ਨਰਾਇਣ ਅਤੇ ਉੱਘੇ ਪੱਤਰਕਾਰ ਸ੍ਰੀ ਵਰਿੰਦਰ ਹੁਰਾਂ ਨਾਲ ਮਿਲ ਕੇ, ਕਾਂਗਰਸ ਦੀ ਛਤਰੀ ਪ੍ਰਾਪਤ, ਨਿਰੰਕਾਰੀ ਮੁਖੀ ਸ੍ਰੀ ਗੁਰਬਚਨ ਸਿੰਘ ਦੀ ਅਗਵਾਈ ਥੱਲੇ, ‘ਸਿੱਖ ਰਾਜਧਾਨੀ’, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ‘ਸਰਬਤ-ਪਾਪੀ’ ਸੰਮੇਲਨ ਕਰਵਾਇਆ। ਕਾਮਰੇਡਾਂ ਅਤੇ ਉਨ੍ਹਾਂ ਦੇ ਸਮਰਥਕ ਸ੍ਰੀ ਰਘੂਨੰਦਨ ਲਾਲ ਭਾਟੀਆ ਵਰਗਿਆਂ ਵੀ ਬਤੌਰ ਦਰਸ਼ਕ ਉੱਥੇ ਸ਼ਾਮਲ ਹੋਏ। ਹਰਿਆਣੇ ਦੇ 13 ਹਥਿਆਰਬੰਦ ਕਥਿਤ ਵਿਰਕ ‘ਸਿੱਖਾਂ’ ਨੇ ਗੋਬਿੰਦਗੜ੍ਹ ਕਿਲ੍ਹੇ ਦੇ ਖੁੱਲ੍ਹੇ ਮੈਦਾਨ ’ਚੋਂ, ਹਰਿਮੰਦਰ ਸਾਹਿਬ ਤੋਂ ਚੱਲ ਕੇ ਆਏ ਨਿਰੰਕਾਰੀ ਵਿਰੋਧੀ ਸਿੱਖ ਜਥੇ ਤੇ ਗੋਲੀਆਂ ਦੀ ਵਾਛੜ ਕੀਤੀ। ਜਿਸ ਸਦਕਾ 13 ਸਿੱਖ ਅਤੇ ਤਿੰਨ ਰਾਹਗੀਰ ਮਾਰੇ ਗਏ।

ਬਾਦਲੀ ਪੰਜਾਬੀ ਵਜ਼ਾਰਤ ਦੇ ਅੰਗ ਜੀਵਨ ਸਿੰਘ ਉਮਰਾਨੰਗਲ ਨੇ ਹਰਿਮੰਦਰ ਸਾਹਿਬ ਦੇ ਮੰਜੀ ਸਾਹਿਬ ਹਾਲ ਦੀ ਸਟੇਜ ਤੋਂ ਇਹ ਐਲਾਨ ਕੀਤਾ ਕਿ ਨਿਰੰਕਾਰੀਆਂ ਦੇ ਸੰਮੇਲਨ ਜਾਂ ਜਲੂਸ ਨੂੰ ਉਹ ਰੋਕ ਨਹੀਂ ਸਕਦੇ ਕਿਉਂਕਿ ਕੇਵਲ ਮੁੱਖ ਮੰਤਰੀ ਹੀ ਡਿਪਟੀ ਕਮਿਸ਼ਨਰ ਨੂੰ ਅਜਿਹਾ ਆਦੇਸ਼ ਦੇ ਸਕਦੇ ਹਨ, ਪਰ ਉਹ ਬੰਬੇ ਗਏ ਹੋਏ ਹਨ। ਕਮਾਲ ਹੋਈ ਉਦੋਂ ਜਦੋਂ ਮੈਨੂੰ (ਦਲਬੀਰ ਸਿੰਘ ਪੱਤਰਕਾਰ) ਡਿਪਟੀ ਕਮਿਸ਼ਨਰ ਦੇ ਨਾਲ ਆ ਰਹੇ ਡੀ. ਐੱਸ. ਪੀ. ਗੁਰਬਚਨ ਸਿੰਘ ਨੇ ਨਿਰੰਕਾਰੀ ਪੰਡਾਲ ਵਿੱਚ ਪਾਸੇ ਕਰਕੇ ਇਹ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਰਕਟ ਹਾਊਸ ਵਿੱਚ ਬੈਠਾ ਹੈ। ਮੈਂ ਝਟਪਟ ਉੱਥੇ ਗਿਆ ਤੇ ਬਾਦਲ ਨੂੰ ਪੁੱਛਿਆ ‘ਦੋ ਮਰੇ’, ‘ਚਾਰ ਮਰੇ’, ‘ਅੱਠ ਮਰੇ’, ਤਾਂ ਫਿਰ ਨੀਵੀਂ ਪਾ ਕੇ ਬੋਲਿਆ, ‘ਡੀ. ਸੀ. ਸਾਹਿਬ ਨੂੰ ਪੁੱਛ ਲਓ’। ਮੈਂ ਗੱਲ ਛੱਡੀ ਤੇ ਝੱਟ ਮੁਰਦਖਾਨੇ ਜਾ ਕੇ ਅਸਲੀਅਤ ਲੱਭੀ। ਅਗਲੇ ਦਿਨ ਮੇਰੀ ਖਬਰ ‘ਅੰਗਰੇਜ਼ੀ ਟ੍ਰਿਬਿਊਨ’ ਦੀ ਮੁੱਖ ਸੁਰਖੀ ਬਣੀ। ਵਿਸਾਖੀ ਕਰਕੇ ਓਸ ਦਿਨ ਛੁੱਟੀ ਸੀ ਤੇ ਸਾਰੇ ਅਖਬਾਰ ਬੰਦ ਸਨ। ਪਰ ਆਰੀਆ ਸਮਾਜੀ ਸੋਚ ਵਿੱਚ ਟੰਗਿਆ ਟ੍ਰਿਬਿਊਨ, ਕਿਸਾਨਾਂ ਤੇ ਸਿੱਖਾਂ ਦੇ ਇਸ ਤਿਉਹਾਰ ਨਾਲ ਦੂਰੀ ਰੱਖਦਾ ਸੀ ਤੇ ਹੈ, ਓਦਣ ਛਪਿਆ ਸੀ।

10 ਵਿਰਕਾਂ ਵੱਲੋਂ ਚਲਾਈ ਗਈ ਗੋਲੀ ਤੇ 13 ਸਿੰਘਾਂ ਦੀਆਂ ਮੌਤਾਂ ਦੀ ਚਰਚਾ ਉਸ ਖਬਰ ਵਿੱਚ ਦਰਜ ਸੀ। ਇਸ ਤਰ੍ਹਾਂ ਮੁੱਖ ਮੰਤਰੀ ਬਾਦਲ, ਨਿਰੰਕਾਰੀ ਮੁਖੀ ਉਹਦਾ ਹਥਿਆਰਬੰਦ ਟੋਲਾ ਅਤੇ ਆਰੀਆ ਸਮਾਜੀਆਂ ਦੀ ਸਿੱਖੀ ਤੇ ਕਿਸਾਨ ਵਿਰੋਧੀ ਮਿਲੀਭੁਗਤ ਦਾ ਭਾਂਡਾ ਚੌਰਾਹੇ ਵਿੱਚ ਭੱਜਿਆ। ਮਗਰੋਂ ਅਦਾਲਤਾਂ ਨੇ ਤਾਂ ਇਨਸਾਫ ਨਾ ਦਿੱਤਾ, ਪਰ ਸਿੱਖਾਂ ਨੇ ਮਗਰੋਂ ਬਾਬਾ ਜੀ ਤੇ ਲਾਲਾ ਜੀ ਤੋਂ ਹਿਸਾਬ ਲੈ ਲਿਆ। ਪਰ ਬਾਦਲ ਸਿਰ ਉਹ ਪਾਪ ਅਜੇ ਗੂੰਜਦਾ ਹੈ।ਹੋ ਸਕਦਾ ਉਹ ਆਪ ਵੀ ਅਜਿਹਾ ਮਹਿਸੂਸ ਕਰਦੇ ਹੋਣ, ਪਰ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਨੇ ਅਗਲੇ ਦਿਨ ਸਵੇਰੇ-ਸਵੇਰੇ ਮੇਰੇ ਘਰ ਆ ਕੇ ਮੇਰਾ ਧੰਨਵਾਦ ਕੀਤਾ। ਜਦ ਮੈਨੂੰ ਇਸ ਧੰਨਵਾਦ ਦੀ ਗੱਲ ਦੀ ਸਮਝ ਨਾ ਆਈ ਤਾਂ ਕਹਿਣ ਲੱਗੇ, ਜੇ ਤੂੰ ਆਪਣੀ ਖਬਰ ਵਿੱਚ ਨਿਰੰਕਾਰੀਆਂ ਦੀ ਗੱਲ ਨਾ ਪਾਉਂਦਾ ਤਾਂ ਇਹ ਸਾਰਾ ਦੋਸ਼ ਸਿੱਖਾਂ ਸਿਰ ਮੜਿਆ ਜਾਣਾ ਸੀ।

ਬਾਦਲ ਦਾ ਇੰਦਰਾ ਗਾਂਧੀ ਦਾ ਪੱਲਾ ਫੜ੍ਹ ਕੇ ਸਿੱਖੀ ਦੀਆਂ ਜੜ੍ਹਾਂ ਪੁੱਟਣ ਦਾ ਅਗਲਾ ਪੈਂਤੜਾ ਸੀ ‘ਸਾਕਾ ਨੀਲਾ ਤਾਰਾ’ ਦੀ ਵਿਉਂਤਬੰਦੀ। ਕੇਂਦਰ ਸਰਕਾਰ ਵੱਲੋਂ 10 ਜੁਲਾਈ 1984 ਨੂੰ ਜਾਰੀ ਕੀਤੇ ਗਏ ‘ਵਾਈਟ ਪੇਪਰ’ (ਜੋ ਮੇਰੀ ਪੁਸਤਕ ‘ਨੇੜਿਉਂ ਡਿੱਠੇ ਸੰਤ ਭਿੰਡਰਾਂਵਾਲੇ’ ਵਿੱਚ ਛਪਿਆ ਹੈ) ਵਿੱਚ ਬਾਦਲ, ਅਮਰਿੰਦਰ, ਬਰਨਾਲਾ, ਰਾਮੂੰਵਾਲੀਆ, ਟੌਹੜਾ, ਰਵੀ ਇੰਦਰ ਸਿੰਘ ਅਤੇ ਉਸ ਦੇ ਅਨੇਕ ਸਾਥੀਆਂ ਦੀਆਂ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਉਨ੍ਹਾਂ ਦੇ ਉੱਚ ਕੋਟੀ ਦੇ ਅਫਸਰਾਂ ਨਾਲ 9 ਖੁਫੀਆ ਮੀਟਿੰਗਾਂ ਤੇ ਤਿੰਨ ਖੁੱਲ੍ਹੀਆਂ ਮੀਟਿੰਗਾਂ ਵਿੱਚ ਕੀ ਵਿਉਂਤਬੰਦੀਆਂ ਹੋਈਆਂ, ਇਹ ਜਾਨਣਾ ਬਹੁਤ ਜਰੂਰੀ ਹੈ। ਕੀ ਸਰਬੱਤ ਖਾਲਸਾ ਇਹ ਮੰਗ ਕਰੇਗਾ? ਕੀ ਸਰਬੱਤ ਖਾਲਸਾ ਇਸ ਸਾਰੇ ਘਟਨਾਕ੍ਰਮ ਨੂੰ ਭਾਰਤੀ ਵੱਡੀਆਂ ਅਦਾਲਤਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਕੌਮਾਂਤਰੀ ਅਦਾਲਤਾਂ ਵਿੱਚ ਲੈ ਜਾਣ ਦੀ ਹਿੰਮਤ ਕਰੇਗਾ?

28 ਮਾਰਚ 1984 ਨੂੰ ਬਾਦਲ ਇਕੱਲੇ ਨੇ ਨਵੀਂ ਦਿੱਲੀ ਵਿੱਚ ਇੱਕ ਗੈਸਟ ਹਾਊਸ ਵਿਖੇ ਸ੍ਰੀ ਪੀ. ਵੀ. ਨਰਸਿੰਘਰਾਵ (ਮਗਰੋਂ ਪ੍ਰਧਾਨ ਮੰਤਰੀ ਬਣੇ), ਸ੍ਰਵਸ੍ਰੀ ਜੀ. ਆਰ. ਕਰਿਸ਼ਨਾ ਸਵਾਮੀ ਰਾਓ ਸਾਹਿਬ (ਕੇਂਦਰੀ ਸਕੱਤਰ), ਪੀ. ਸੀ. ਅਲੈਗਜ਼ੈਂਡਰ (ਇੰਦਰਾ ਦਾ ਨਿੱਜੀ ਸਕੱਤਰ ਤੇ ਮਗਰੋਂ ਬੰਗਾਲ ਦਾ ਗਵਰਨਰ), ਐੱਮ. ਐੱਮ. ਕੇ. ਵਲੀ (ਹੋਮ ਸੈਕਟਰੀ) ਹੁਰਾਂ ਨਾਲ ਮਿਲ ਕੇ ਹਰਿਮੰਦਰ ਸਾਹਿਬ ਉੱਪਰ ਫੌਜੀ ਚੜ੍ਹਾਈ ਦਾ ਫੈਸਲਾ ਲਿਆ। ਜਿਸ ਨੂੰ ਉਨ੍ਹਾਂ ਨੇ ਮਗਰੋਂ ਟੌਹੜਾ, ਬਰਨਾਲਾ ਆਦਿ ਦੀ ਸਹਿਮਤੀ ਦੇਣ ਲਈ ਨਵੀਂ ਦਿੱਲੀ ਵਿੱਚ 26 ਮਈ 1984 ਨੂੰ ਓਸੇ ਗੈਸਟ ਹਾਊਸ ਵਿੱਚ ਸ੍ਰਵਸ੍ਰੀ ਪੀ ਵੀ ਨਰਸਿੰਘ ਰਾਵ, ਪ੍ਰਨਾਬ ਮੁਖਰਜੀ (ਅਜੋਕੇ ਰਾਸ਼ਟਰਪਤੀ), ਸ਼ਿਵ ਸ਼ੰਕਰ ਨਾਲ ਫੌਜੀ ਹਮਲੇ ਤੇ ਮੋਹਰ ਲਾਈ। ਮੇਰਠ ਆਦਿ ਛਾਉਣੀਆਂ ਤੋਂ ਫੌਜ ਓਦੋਂ ਚੱਲ ਪਈ ਸੀ। ਏਥੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਉਪਰੋਕਤ ਤਿੰਨੇ ਪਾਪੀ ਇਸ ਕਾਰਵਾਈ ਤੇ ਅੰਗੂਠੇ ਲਾ ਚੁੱਕੇ ਸਨ। ‘ਸਰਬੱਤ ਖਾਲਸਾ’ ਬਾਦਲ ਤੋਂ ਪੁੱਛੇ ਕਿ ਆਖਰ ਉਹ ਸਿੱਖੀ ਦਾ ਵਿਰੋਧੀ ਕਿਉਂ ਹੈ? ਮਾਇਆ ਦੀ ਖਿੱਚ ਸਬੰਧੀ ਗੁਰਬਾਣੀ ਦਾ ਕਥਨ ਤਾਂ ਹੈ ‘ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ’ ਅਤੇ ਧਰਤੀ ਦੇ ਮਹਾਨ ਬੁੱਧੀਜੀਵੀ ਮਾਰਕਸ ਨੇ ਏਸੇ ਇੱਕ ਨੁਕਤੇ ਤੇ ਤਿੰਨ ਵੱਡੇ ਗ੍ਰੰਥ ਤੇ ਕਈ ਕਿਤਾਬਾਂ ਲਿਖ ਮਾਰੀਆਂ। ਅੱਜ ਵੀ ਇਹ ਵਿਸ਼ਾ ਵੱਡੀ ਚਰਚਾ ਵਿੱਚ ਹੈ।

27 ਮਈ ਨੂੰ ਪੁਰਾਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਖਰਲੀ ਛੱਤ ਤੇ ਸੰਤਾਂ ਵੱਲੋਂ ਸੱਦੀ ਗਈ ਮੀਟਿੰਗ ਵਿੱਚ ਲਗਭਗ 50 ਵਿਅਕਤੀਆਂ ਸਮੇਤ ਮੈਂ ਵੀ ਹਾਜ਼ਰ ਸੀ। ਉੱਥੇ ਸੰਤਾਂ ਨੇ ਆਪਣੇ ਭਾਸ਼ਣ ਵਿੱਚ ਬੜੀ ਵਿਸਥਾਰ ਨਾਲ ਹੋਣ ਵਾਲੇ ਘਟਨਾਕ੍ਰਮਾਂ ਦਾ ਖੁਲਾਸਾ ਕੀਤਾ ਤੇ ਆਪਣੀ ਸ਼ਹੀਦੀ ਮਗਰੋਂ ਆਪਣੀ ਮ੍ਰਿਤਕ ਦੇਹ ਨੂੰ ਗੁਰਦੁਆਰਾ ਮਹਿਤਾ ਸਾਹਿਬ ਦੀ ਡਿਉਢੀ ਸਾਹਮਣੇ ਪੱਕੀ ਸੜਕ ਤੇ ਸਸਕਾਰਨ ਦਾ ਆਦੇਸ਼ ਦਿੱਤਾ। ਨਾਲ ਕਿਹਾ ਕਿ ਉੱਥੇ ਕੋਈ ਯਾਦਗਾਰ ਨਾ ਬਣਾਇਓ ਤੇ ਆਪਣੇ ਅਰਕ ਦੇ ਥੱਲੇ ਹੱਥ ਰੱਖ ਕੇ ਕਹਿਣ ਲੱਗੇ, ਇੱਡਾ ਕੁ ਝੰਡਾ ਉੱਥੇ ਗੱਡ ਦਿਓ। ਤਾਂ ਕਿ ਨਿਸ਼ਾਨ ਬਣਿਆ ਰਹੇ ਅਤੇ ‘ਮੈਨੂੰ ਸੰਗਤ ਦੇ ਚਰਨਾਂ ਦੀ ਛੋਹ ਪ੍ਰਾਪਤ ਹੁੰਦੀ ਰਹੇ’। ਉਹ ਤਾਂ ਸਭ ਕੁਝ ਉਲਟ-ਪੁਲਟ ਹੋ ਗਿਆ। ਪਰ ਮੇਰੀ ਦੇਖ-ਰੇਖ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਭੌਰਾ ਸਾਹਿਬ ਦੇ ਗਿਰਦ 16 ਫੁੱਟ ਅਕਾਰ ਦੀ ‘ਸੰਤ ਭਿੰਡਰਾਂਵਾਲੇ ਸ਼ਹੀਦੀ ਗੈਲਰੀ’ ਜੋ ਵਧੀਆ ਪੱਥਰਾਂ ਦੀ ਬਣੀ ਹੋਈ ਹੈ, ਉਸ ਨੂੰ ਬਾਦਲਾਂ ਨੇ ਤਾਲ਼ੇ ਲਾਏ ਹੋਏ ਹਨ। ਟਕਸਾਲ ਦੇ ਅਜੋਕੇ ਮੁਖੀ ਹਰਨਾਮ ਸਿੰਘ ਧੁੰਮਾ ਉਹਦਾ ਉਦਘਾਟਨ ਕਰਕੇ ਆਏ ਸਨ, ਪਰ ਮਗਰੋਂ ਮੁਕਰ ਗਏ ਤੇ ਅੱਜਕਲ ਉਹ ਤਾਲਾ ਬੰਦ ਹੈ। ਕੀ ‘ਸਰਬੱਤ ਖਾਲਸਾ’ ਉਹ ਤਾਲੇ ਖੁਲ੍ਹਵਾਏਗਾ? ਕੀ ‘ਸਰਬੱਤ ਖਾਲਸਾ’ ਦਮਦਮੀ ਟਕਸਾਲ ਦੇ ਹੋਏ ਤਿੰਨ ਹਿੱਸਿਆਂ ਵਾਲਿਆਂ ਤੋਂ ਇਹ ਪੁੱਛੇਗਾ ਕਿ ਤੁਸੀਂ ਮਹਾਨ ਸ਼ਹੀਦ ਸੰਤ ਭਿੰਡਰਾਂਵਾਲਿਆਂ ਨੂੰ 22 ਸਾਲ ਜੀਵਨ ਕਿੱਦਾਂ ਤੇ ਕਿਉਂ ਰੱਖਿਆ? ਵੇਖਣਾ ਬਣਦਾ ਹੈ ਕਿ ਉਨ੍ਹਾਂ ਨੂੰ ਥੋੜੀ ਬਹੁਤੀ ਸ਼ਰਮ ਆਉਂਦੀ ਹੈ ਜਾਂ ਨਹੀਂ?

ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਪ੍ਰਤੀ ਬੜੀਆਂ ਵੱਖ-ਵੱਖ ਅਵਾਜ਼ਾਂ ਅਜੇ ਤਾਈਂ ਉੱਠ ਰਹੀਆਂ ਹਨ। ਕਹਾਣੀਆਂ ਸੁਣਾਉਣ ਵਾਲਿਆਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿ ਉਸ ਮਹਾਨ ਸ਼ਹੀਦ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਤੋਂ ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਂਦੀ? ਦੋਵਾਂ ਗਿੱਟਿਆਂ ਵਿੱਚ ਲੱਗੀਆਂ ਦੋ-ਦੋ ਗੋਲੀਆਂ ਅਤੇ ਸਿਰ ਵਿੱਚ ਲੱਗੀਆਂ ਪੰਜ ਗੋਲੀਆਂ ਉਨ੍ਹਾਂ ਨੂੰ ਦਿਸਦੀਆਂ ਨਹੀਂ। ਮੇਰੀ ਪੁਸਤਕ ਵਿੱਚ ਪੋਸਟਮਾਰਟਮ ਦੀ ਸਰਕਾਰੀ ਰਿਪੋਰਟ ਲੱਗੀ ਹੋਈ ਹੈ ਤੇ ਸੰਖੇਪ ਰੂਪ ਵਿੱਚ ਸਾਰੀ ਵਿਆਖਿਆ ਵੀ ਦਰਜ ਹੈ। ਕਈ ਸੰਤਾਂ ਸਮਰਥਕ ਵੀ ਉਨ੍ਹਾਂ ਦੀ ਮੌਤ ਪ੍ਰਤੀ ਝਖਾਂ ਕਿਉਂ ਮਾਰਦੇ ਨੇ? ‘ਸਰਬੱਤ ਖਾਲਸਾ’ ਇਸ ਵਿਸ਼ੇ ਵੱਲ ਧਿਆਨ ਦੇਵੇ। ਕੀ ਮੌਤ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਖਮੀ ਕਰਕੇ ਚੁੱਕਿਆ ਨਹੀਂ ਗਿਆ? ਕੀ ਦਿੱਲੀ ਨਾਲ ਸੰਪਰਕ ਨਹੀਂ ਕੀਤਾ ਗਿਆ? ਕੀ ਉਨ੍ਹਾਂ ਨੂੰ ਵੱਡੀਆਂ ਰਕਮਾਂ ਦੇ ਕੇ ਬਾਹਰ ਜਾਣ ਲਈ ਨਹੀਂ ਕਿਹਾ ਗਿਆ? ਕੀ ਇਹ ਝੂਠ ਹੈ ਕਿ ਤਸੀਹੇ ਦੇਣ ਸਮੇਂ ਉਹ ਗੱਜਦੇ ਨਹੀਂ ਰਹੇ? ਮੈਂ ਉਹ ਅੱਖਰ ਤਾਂ ਨਹੀਂ ਲਿਖ ਰਿਹਾ, ਜੋ ਇੰਦਰਾ ਬਾਰੇ ਵਰਤੇ। ਪਰ ਕੀ ਉਹ ਝੂਠ ਸੀ? ‘ਸਰਬੱਤ ਖਾਲਸਾ’ ਜੀਓ! ਉਹ ਮਹਾਨ ਸ਼ਹੀਦ ਸਨ, ਜਿਨ੍ਹਾਂ ਨੇ ਸਾਰੇ ਭਾਰਤ ਦੀ ਰਾਜਨੀਤੀ ਵੱਡੀ ਪੱਧਰ ਤੇ ਖੇਰੂੰ-ਖੇਰੂੰ ਕਰ ਦਿੱਤੀ ਸੀ। ਸਿੱਖਾਂ ਸਮੇਤ 15 ਹਜ਼ਾਰ ਤੋਂ ਵੱਧ ਭਾਰਤੀ ਫੌਜੀਆਂ ਦੀ ਮੌਤ ਤੇ 17 ਹਜ਼ਾਰ ਤੋਂ ਵੱਧ ਦਾ ਜ਼ਖਮੀ ਹੋਣਾ, ਕੀ ਕਾਲਪਨਿਕ ਸੀ?

- ਸਿੱਖ ਜਵਾਨੀ ਬੱਚਿਆਂ ਤੇ ਬਜ਼ੁਰਗਾਂ ਦਾ ਕਤਲੇਆਮ, ਮਾਵਾਂ ਭੈਣਾਂ ਦੀ ਪੱਤ ਰੋਲਣੀ, ਕੀ ‘ਸਰਬੱਤ ਖਾਲਸਾ’ ਇੱਧਰ ਧਿਆਨ ਦੇਵੇਗਾ?

- ਮਗਰੋਂ ਝੂਠੇ ਪੁਲਿਸ ਮੁਕਾਬਲੇ ਅਤੇ ਇੰਤਹਾ ਕਿਸਮ ਦੇ ਪਾਪ, ਕੀ ਉਨ੍ਹਾਂ ਦਾ ਕੋਈ ਲੇਖਾ-ਜੋਖਾ ਕੀਤਾ ਜਾਏਗਾ?

ਬਾਦਲਾਂ ਦੀ ਛਤਰੀ ਥੱਲੇ ਹੋ ਰਿਹਾ ‘ਸਰਬੱਤ ਖਾਲਸਾ’ ਕਿੰਨਾ ਲਾਹੇਵੰਦ ਹੁੰਦਾ ਹੈ। ਸ਼ਹੀਦ ਜਸਵੰਤ ਸਿੰਘ ਖਾਲੜਾ ਵੱਲੋਂ ‘ਅਣਪਛਾਤੀਆਂ’ ਲਾਸ਼ਾਂ ਤੇ ਉਨ੍ਹਾਂ ਦੇ ਕਾਤਲਾਂ ਦੀ ਖੋਜ ਵੱਲ ‘ਸਰਬੱਤ ਖਾਲਸਾ’ ਕਿੰਨਾ ਕੁ ਧਿਆਨ ਦਿੰਦਾ ਹੈ, ਇਹ ਸਮਾਂ ਦੱਸੇਗਾ।

‘ਸਾਕਾ ਨੀਲਾ ਤਾਰਾ’ ਦੀ ਕਹਾਣੀ ਬੜੇ ਅਧੂਰੇ ਜਿਹੇ ਰੂਪ ਵਿੱਚ ਅਸੀਂ ਦਰਜ ਕੀਤੀ ਹੈ। ਅਸਲ ਗੱਲ ਇਸ ਤੋਂ ਬਹੁਤ ਵੱਡੀ ਹੈ। ਬਾਦਲਕੇ (ਅਕਾਲੀ), ਅਮਰਿੰਦਰਕੇ (ਕਾਂਗਰਸੀ), ਸਾਰੇ-ਸਾਰੇ ਲਾਣੇ ਦੀਆਂ ਲੁੱਟਾਂ ਅਤੇ ਉਨ੍ਹਾਂ ਤੇ ਕਤਲੇਆਮ ਦੇ ਦੋਸ਼ ਵੱਡੀ ਅਦਾਲਤੀ ਖੋਜ ਮੰਗਦੇ ਹਨ। ਪਰ ਭਾਰਤ ਦੀਆਂ ਬ੍ਰਾਹਮਣਵਾਦੀ, ਬਾਣੀਆਵਾਦੀ ਅਦਾਲਤਾਂ ਏਨੀਆਂ ਬੇਸ਼ਰਮ ਨੇ ਕਿ ਉਹ ਆਪਣੇ ਆਪ ਏਡੀਆਂ ਵੱਡੀਆਂ ਦੁੱਖਦਾਈ ਘਟਨਾ ਦੇ ਪੜਤਾਲ ਵੱਲ ਧਿਆਨ ਦੇਣ ਲਈ ਤਿਆਰ ਹੀ ਨਹੀਂ। ਕੀ ‘ਸਰਬੱਤ ਖਾਲਸਾ’ ਇਹ ਸਭ ਕੁਝ ਵੱਲ ਧਿਆਨ ਦੇ ਕੇ ਕੋਈ ਪੈਂਤੜੇ ਲਏਗਾ? ਭਾਰਤ ਨੂੰ ਅੰਨ੍ਹ ਸਪਲਾਈ ਕਰਨ ਵਾਲਾ ਪੰਜਾਬ ਦਾ ਕਿਸਾਨ ਆਤਮ ਹੱਤਿਆਵਾਂ ਕਰੇ ਤੇ ਪੰਜਾਬ ਦੇ ਬਾਣੀਏ ਬ੍ਰਾਹਮਣ ਐਸ਼ ਉਡਾਉਣ ਲੱਖ ਲਾਹਣਤ ਹੈ ਹਾਕਮਾਂ ਨੂੰ। ਬਾਦਲ ਗਰਜ-ਗਰਜ ਕੇ ਕਹੇ, ਅਸੀਂ ਪਾਣੀ ਦੇ ਮਾਲਕ ਹਾਂ, ਅਸੀਂ ਨਹੀਂ ਦੇਣਾ, ਇਹ ਭਲਾਮਾਣਸ ਦੱਸੇ ਕਿ ਦੇਵੀ ਲਾਲ ਤੋਂ 2 ਕਰੋੜ ਰੁਪਇਆ ਜਦ ਨਹਿਰ ਪੁੱਟਣ ਲਈ ਲਿਆ, ਉਹਦਾ ਕੀ ਉੱਤਰ ਆ? ਅਤੇ ਸਾਢੇ 17 ਏਕੜ ਜ਼ਮੀਨ ਤੇਰੇ ਪੁੱਤ ਨੂੰ ਗੁੜਗਾਉਂ ਵਿੱਚ ਮਿਲੀ, ਉਹ ਕੀ ਸੀ? ਉੱਥੇ ਤੂੰ ਵੱਡੇ ਮਹਿਲ ਉਸਾਰੇ ਹੋਏ ਨੇ, ਅੱਜ ਵੀ ਹਰਿਆਣੇ ਦੇ ਵਿੱਚ ਉਹਦੀ ਹਿੱਕ ਤੇ ਤੇਰੇ ਮਹਿਲ ਬਣੇ ਹੋਏ ਨੇ, ਉਹ ਕਿੱਥੋਂ ਆ ਗਏ? ਤੁਹਾਡਾ ਤਾਂ ਸਾਰਾ ਖਾਨਦਾਨ ਵੱਡੇ ਲੁਟੇਰਿਆਂ ਦਾ ਟੋਲਾ ਹੈ।

‘ਸਰਬੱਤ ਖਾਲਸਾ’ ਜੀਓ! ਥੋੜ੍ਹੀ ਸ਼ਰਮ ਰੱਖਿਓ, ਇਨ੍ਹਾਂ ਦੀ ਛਤਰੀ ਤੁਹਾਡੇ ਕੰਮ ਨਹੀਂ ਆਉਣੀ। ਰਹਿ ਗਿਆ ਸਵਾਲ ਅਮਰਿੰਦਰ ਦਾ। ਇਹ ਕਾਹਦੀਆਂ ਬੜਕਾਂ ਮਾਰਦਾ, ਆਪਣੇ ਪਰਿਵਾਰ ਦਾ ਇਤਿਹਾਸ ਵੇਖੇ। ਸਰਦਾਰ ਸਾਹਬ ਕੋਈ ਸ਼ਰਮ ਆਉਂਦੀ? ਅਜੋਕੇ ਸਮੇਂ ਅੰਮ੍ਰਿਤਸਰ ਅਤੇ ਲੁਧਿਆਣੇ ਦੇ ਕੇਸਾਂ ਦਾ ਕੀ ਬਣਿਆ? ਸੁਖਬੀਰ ਬਾਦਲ ਪੰਜਾਬ ਦਾ ਬਾਬਰ ਬਣਿਆ ਬੈਠਾ ਹੈ। ਗੁਰਮੁਖਾ ਤੇਰੇ ਪਾਪਾਂ ਤੇ ਪਰਦੇ ਪਏ ਨਹੀਂ ਰਹਿਣੇ? ਤੇਰੇ ਲਈ ਉਨ੍ਹਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਪਾਪ ਤਾਂ ਤੁਹਾਡੇ ਏਨੇ ਨੇ, ਕਿ ਗਿਣਨੇ ਔਖੇ ਹਨ। ਕਹਿਣ ਲੱਗਿਆਂ ਸਾਡਾ ਆਪਣਾ ਸਿਰ ਹੀ ਸ਼ਰਮ ਨਾਲ ਝੁਕਦਾ ਹੈ।

‘ਸਰਬੱਤ ਖਾਲਸਾ’ ਜੀਓ! ਕੱਲ੍ਹ 2 ਨਵੰਬਰ ਨੂੰ ਕਸ਼ਮੀਰ ਵਿੱਚ ਵਾਪਰੀ ਘਟਨਾ ਵੱਡੇ ਅਖਬਾਰਾਂ ਵਿੱਚ ਦਰਜ ਹੈ। ਤਿੰਨ ਨਿੱਕੀਆਂ-ਨਿੱਕੀਆਂ ਬੱਚੀਆਂ ਅੰਨ੍ਹੀਆਂ ਹੋ ਗਈਆਂ। ਮੋਦੀ ਤੈਨੂੰ ਲੱਖ ਲਾਹਣਤ ਜਾਂ ਵਧਾਈ?

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top