Share on Facebook

Main News Page

ਅਨੋਖੀ ਅਰਦਾਸਿ ਅਤੇ ਅਨੋਖਾ ਕੀਰਤਨ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਮਿਤੀ 5 ਨਵੰਬਰ.2016 ਨੂੰ ਸਵੇਰੇ ਅਰਦਾਸਿ ਸਮੇਂ, ਦਰਬਾਰ (ਸਾਹਿਬ) ਵਿੱਚ ਆਮ ਵਾਂਗ ਜਿੱਥੇ ਦੁਰਗਾ ਮਾਈ ਪਾਰਬਤੀ ਨੂੰ ਨਮਸਕਾਰ ਕਰਕੇ ਅਰਦਾਸਿ ਸ਼ੁਰੂ ਕੀਤੀ ਗਈ, ਓਥੇ ਅਗਿਆਨਤਾ ਦਾ ਸਬੂਤ ਦਿੰਦੇ ਹੋਏ ਗੁਰਬਾਣੀ ਵਿੱਚੋਂ ਦੋ ਤੁਕਾਂ ਪੜ੍ਹੀਆਂ ਗਈਆਂ- ‘ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥’ ਗ੍ਰੰਥੀ ਸਿੰਘ ਜੀ ਵਲੋਂ ਕਿਹਾ ਗਿਆ ਕਿ ਦਸਵੇਂ ਪਾਤਿਸ਼ਾਹ ਦੇ ਜੋਤੀ ਜੋਤਿ ਸਮਾਉਣ ਦਾ ਦਿਨ ਸੰਗਤਾਂ ਖ਼ੁਸ਼ੀ ਅਤੇ ਸ਼ਰਧਾ ਨਾਲ਼ ਮਨਾ ਰਹੀਆਂ ਹਨ।

ਸਵਾਲ ਇਹ ਹੈ ਕਿ ਗੁਰਬਾਣੀ ਦੇ ਅਰਥਾਂ ਪ੍ਰਤੀ ਅਗਿਆਨਤਾ ਦਾ ਹਨ੍ਹੇਰਾ ਕਦੋਂ ਦੂਰ ਹੋਵੇਗਾ? ਫਿਰ ਜਦੋਂ ਸਾਰੀ ਦੁਨੀਆਂ ਵਿੱਚ ਪ੍ਰੋਗ੍ਰਾਮ ਟੈਲੀਕਾਸਟ ਕੀਤਾ ਜਾ ਰਿਹਾ ਹੋਵੇ ਤਾਂ ਗ੍ਰੰਥੀ ਸਿੰਘ ਜੀ ਵਲੋਂ ਸੰਗਤਾਂ ਨੂੰ ਯੋਗ ਅਗਵਾਈ ਦੇਣ ਦੀ ਥਾਂ ਗੁਰਬਾਣੀ ਦੇ ਅਰਥਾਂ ਪ੍ਰਤੀ ਭੰਭਲ਼ਭੂਸੇ ਵਿੱਚ ਪਾ ਦੇਣਾ ਕਿੱਥੋਂ ਦਾ ਨਿਆਇ ਹੈ? ਕੁੱਝ ਅਜਿਹਾ ਹੀ ਗੁਰਦੁਆਰਾ ਬੰਗਲਾ (ਸਾਹਿਬ) ਵਿੱਚ ਮਿਲ਼ਗੋਭਾ "ਆਸਾ ਕੀ ਵਾਰ" ਦੇ ਕੀਰਤਨ ਵਿੱਚ ਵੀ “ਸੂਰਜ ਕਿਰਿਣਿ ਮਿਲੇ ਜਲ ਕਾ ਜਲੁ ਹੂਆ ਰਾਮ”॥ ਵਾਲ਼ਾ ਇੱਕ ਪਦਾ ਗਾ ਕੇ ਗੁਰਬਾਣੀ ਦੇ ਅਰਥਾਂ ਪੱਖੋਂ ਅਗਿਆਨਤਾ ਦਾ ਸਬੂਤ ਦਿੱਤਾ ਗਿਆ।

ਜੋਤੀ ਜੋਤਿ ਸਮਾਉਣ ਦੇ ਦਿਨ ਉੱਤੇ ਉੱਪਰੋਕਤ ਪੰਕਤੀਆਂ ਬੋਲਣੀਆਂ ਨਿਰੀ ਅਗਿਆਨਤਾ ਹੈ। ਕੋਈ ਪੁੱਛੇ ਕਿ ਦਸਵੇਂ ਪਾਤਿਸ਼ਾਹ ਜੋਤੀ ਜੋਤਿ ਸਮਾਉਣ ਤੋਂ ਬਾਅਦ ਹੀ ਸੰਪੂਰਨ ਹੋਏ? ਕੀ ਇਸ ਤੋਂ ਪਹਿਲਾਂ ਉਹ ਸ਼ਰੀਰਕ ਜਾਮੇ ਵਿੱਚ ਸੰਪੂਰਨ ਨਹੀਂ ਸਨ? ਜੇ ਗੁਰੂ ਜੀ ਚੋਲ਼ਾ ਛੱਡਣ ਤੋਂ ਪਿੱਛੋਂ ਹੀ ਸੰਪੂਰਨ ਹੋਏ ਤਾਂ ਇਸ ਦਾ ਲੋਕਾਈ ਨੂੰ ਕੀ ਲਾਭ ਹੋਇਆ? ਗੁਰਬਾਣੀ ਦੀਆਂ ਬੋਲੀਆਂ ਪੰਕਤੀਆਂ ਕਿਸੇ ਜੋਤੀ ਜੋਤਿ ਸਮਾਉਣ ਜਾਂ ਸ਼ਹੀਦੀ ਦੀ ਗੱਲ ਨਹੀਂ ਕਰਦੀਆਂ ਜਿਵੇਂ ਇਤਿਹਾਸਕ ਗੁਰ ਅਸਥਾਨਾਂ ਦੇ ਕਰਮਚਰੀਆਂ ਨੇ ਸੋਚਿਆ ਹੈ। ਜੋਤੀ ਜੋਤਿ ਸਮਾਉਣ ਨਾਲ਼ ਸੂਰਜ ਦੀ ਕਿਰਣ ਸੂਰਜ ਨਾਲ਼ ਨਹੀਂ ਮਿਲ਼ੀ। ਗ਼ਲਤ ਸੋਚਿਆ ਗਿਆ ਹੈ। ਕੋਈ ਪੁੱਛੇ, ਕੀ ਸੂਰਜ ਦੀ ਕਿਰਣ ਕਦੇ ਸੂਰਜ ਨਾਲੋਂ ਵਿੱਛੁੜੀ ਵੀ ਹੈ, ਜੋ ਉਹ ਜੋਤੀ ਜੋਤਿ ਸਮਾਉਣ ਸਮੇਂ ਸੂਰਜ ਨੂੰ ਮਿਲ਼ ਗਈ? ਕਿਰਣ ਤਾਂ ਆਉਂਦੀ ਹੀ ਸੂਰਜ ਤੋਂ ਹੈ। ਸੂਰਜ ਹੈ, ਤਾਂ ਕਿਰਣ ਹੈ। ਕਿਰਣ ਹੈ, ਤਾਂ ਸੂਰਜ ਦੀ ਹੋਂਦ ਆਪੇ ਹੀ ਪ੍ਰਗਟ ਹੁੰਦੀ ਹੈ। ਕੀ ਜੋਤੀ ਜੋਤਿ ਸਮਾਉਣ 'ਤੇ ਹੀ ਸੂਰਜ ਅਤੇ ਕਿਰਣ ਦਾ ਮਿਲ਼ਾਪ ਹੁੰਦਾ ਹੈ? ਕੀ ਇਸ ਤੋਂ ਪਹਿਲਾਂ ਇਹ ਦੋਵੇਂ ਵਿੱਛੁੜੇ ਹੀ ਰਹਿੰਦੇ ਹਨ? ਫਿਰ ਉੱਪਰੋਕਤ ਲਿਖੀਆਂ ਬੋਲੀਆਂ ਪੰਕਤੀਆਂ ਦੇ ਸਹੀ ਅਰਥ ਕੀ ਹਨ, ਆਓ ਦੇਖਦੇ ਹਾਂ ਪੂਰਾ ਸ਼ਬਦ:-

ਬਿਲਾਵਲੁ ਮਹਲਾ 5॥ ਪੰਨਾਂ 846

ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥ ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ॥ ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥ ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥ ਰਿਧਿ ਸਿਧਿ ਸੁਧਾ ਰਸੁ ਅੰਮ੍ਰਿਤੁ ਭਗਤਿ ਭਰੇ ਭੰਡਾਰਾ ॥ ਬਿਨਵੰਤਿ ਨਾਨਕ ਬਲਿਹਾਰਿ ਵੰਞਾ ਪਾਰਬ੍ਰਹਮ ਪ੍ਰਾਨ ਅਧਾਰਾ ॥1॥ ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥ ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥ ਕਰਿ ਪ੍ਰੇਮੁ ਰਾਵਹ ਤਿਸੈ ਭਾਵਹ ਇਕ ਨਿਮਖ ਪਲਕ ਨ ਤਿਆਗੀਐ ॥ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥ ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥ ਬਿਨਵੰਤਿ ਨਾਨਕ ਮਿਲਿ ਸੰਗਿ ਸਾਜਨ ਅਮਰ ਪਦਵੀ ਪਾਵਹ ॥2॥ ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥ ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥ ਗਹਿ ਭੁਜਾ ਲੀਨੀ ਦਾਸਿ ਕੀਨੀ ਅੰਕੁਰਿ ਉਦੋਤੁ ਜਣਾਇਆ ॥ ਮਲਨ ਮੋਹ ਬਿਕਾਰ ਨਾਠੇ ਦਿਵਸ ਨਿਰਮਲ ਆਇਆ ॥ ਦ੍ਰਿਸਟਿ ਧਾਰੀ ਮਨਿ ਪਿਆਰੀ ਮਹਾ ਦੁਰਮਤਿ ਨਾਸੀ ॥ ਬਿਨਵੰਤਿ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਿਨਾਸੀ ॥3॥ ਸੂਰਜ ਕਿਰਣਿ ਮਿਲੇ ਜਲਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀਂ ਜਾਣੀਐ ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨੀ ਹਰਿ ਰਸੁ ਪੀਆ॥4॥2॥

ਉੱਪਰ ਸਾਰਾ ਸ਼ਬਦ ਦਿੱਤਾ ਗਿਆ ਹੈ ਤਾਂ ਜੁ ਪਾਠਕ ਆਪ ਪੜ੍ਹ ਕੇ ਸੋਚ ਸਕਣ ਕਿ ਇਹ ਸ਼ਬਦ ਆਤਮਕ ਅਨੰਦ-ਮੰਗਲ-ਖੁਸ਼ੀ ਦਾ ਹੈ ਕਿ ਸ਼ਹੀਦੀ ਜਾਂ ਜੋਤੀ ਜੋਤਿ ਸਮਾਉਣ ਸਮੇਂ ਦਾ। ਸ਼ਹੀਦੀ ਤਾਂ ਪੰਜਵੇਂ ਗੁਰੂ ਜੀ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਸ਼ਬਦ ਸ਼ਹੀਦੀ ਤੋਂ ਪਹਿਲਾਂ ਹੀ ਲਿਖਿਆ ਜਾ ਚੁੱਕਾ ਸੀ। ਇਹ ਸ਼ਬਦ ਜੀਉਂਦੇ ਜੀਅ ਘਾਲਣਾ ਘਾਲਣ ਵਾਲ਼ੇ ਪ੍ਰਾਣੀਆਂ ਨਾਲ਼ ਸੰਬੰਧਤ ਹੈ। ਅਰਥ ਕੇਵਲ ਆਖ਼ਰੀ ਬੰਦ ਦੇ ਦਿੱਤੇ ਗਏ ਹਨ ਜੋ ਹੇਠ ਲਿਖੇ ਅਨੁਸਾਰ ਹਨ।

ਪਦ-ਅਰਥ:- ਮਿਲੇ-ਮਿਲਿ, ਮਿਲ ਕੇ । ਸੂਰਜ ਕਿਰਣਿ ਮਿਲੇ-ਸੂਰਜ ਦੀ ਕਿਰਣ ਨਾਲ ਮਿਲ ਕੇ । ਸੰਪੂਰਨੁ ਥੀਆ-ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ ਜਾਂਦਾ ਹੈ । ਦੀਸੈ-ਦਿੱਸਦਾ ਹੈ (ਹਰ ਪਾਸੇ) । ਸੁਣੀਐ-(ਹਰੇਕ ਵਿਚ ਬੋਲਦਾ) ਉਸ ਨੂੰ ਸੁਣਿਆ ਜਾਂਦਾ ਹੈ । ਵਖਾਣੀਐ-ਜ਼ਿਕਰ ਹੋ ਰਿਹਾ ਹੁੰਦਾ ਹੈ । ਪਸਾਰਾ-ਖਿਲਾਰਾ, ਪਰਕਾਸ਼ । ਕਾਰਣੁ ਕੀਆ-(ਜਗਤ ਦਾ) ਮੁੱਢ ਬੱਧਾ । ਸੇਈ-ਉਹੀ ਬੰਦੇ । ਜਾਣਹਿ-ਜਾਣਦੇ ਹਨ ।4।

ਅਰਥ:- ਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ), (ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ । (ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ । (ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ (ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ ।
(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ।4।2। ( ਪ੍ਰੋ. ਸਾਹਿਬ ਸਿੰਘ ਕ੍ਰਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚੋਂ)।

ਗੁਰਬਾਣੀ ਵਿਆਕਰਣ ਦੇ ਪੱਖੋਂ ਕੁੱਝ ਸ਼ਬਦ-ਜੋੜਾਂ ਦੀ ਵਿਚਾਰ:

‘ਸੂਰਜ ਕਿਰਣਿ ਮਿਲੇ’ ਵਾਕ-ਅੰਸ਼ ਦੇ ਅਰਥਾਂ ਦੀ ਸਮਝ ਨਾ ਹੋਣ ਕਾਰਣ ਦਰਬਾਰ (ਸਾਹਿਬ) ਅਤੇ ਬੰਗਲਾ (ਸਾਹਿਬ) ਗੁਰਦੁਆਰੇ ਇਹ ਪਦਾ ਪੜ੍ਹ ਗਾ ਕੇ ਸੁਣਾਇਆ ਗਿਆ। ਗ਼ਲਤੀ ਦਾ ਸੁਧਾਰ ਕਿਉਂ ਨਹੀਂ ਹੁੰਦਾ ? ਕਿਉਂਕਿ ਸੰਗਤ ਵਿੱਚੋਂ ਕੋਈ ਰੋਕਦਾ ਟੋਕਦਾ ਨਹੀਂ ਹੈ। ਸੰਗਤਾਂ ਨੂੰ ਚੰਗੇ ਗਿਆਨਵਾਨ ਸ਼੍ਰੋਤੇ ਬਣਨ ਦੀ ਲੋੜ ਹੈ, ਤਾਂ ਜੁ ਸੱਚ ਦਾ ਪ੍ਰਕਾਸ਼ ਹੋ ਸਕੇ ਨ,ਹੀਂ ਤਾਂ’ ਕੂੜੁ ਫਿਰੈ ਪਰਧਾਨੁ ਵੇ ਲਾਲੋ’ ਵਾਲ਼ੀ ਵਰਤ ਰਹੀ ਸਥਿਤੀ ਬਦਲੇਗੀ ਨਹੀਂ; ਕਮੇਟੀਆਂ ਦੇ ਡੰਗ-ਟਪਾਊ ਕਰਮਚਾਰੀ ਸੰਗਤਾਂ ਨੂੰ ਅਗਿਆਨਤਾ ਦੇ ਖੂਹ ਵਿੱਚ ਧੱਕੇ ਦਿੰਦੇ ਰਹਿਣਗੇ।

ਸੂਰਜ- ਇਹ ਸ਼ਬਦ ਸੰਬੰਧ ਕਾਰਕ (
Genitive case) ਵਿੱਚ ਹੈ ਅਰਥ ‘ਸੂਰਜ’ ਨਹੀਂ ਕਿਉਂਕਿ ਸ਼ਬਦ ਉਕਾਰਾਂਤ ਨਹੀਂ ਹੈ। ਅਰਥ ਹੈ - ਸੂਰਜ ਦੀ। ਕਿਰਣਿ- ਅਰਥ ਹੈ ਕਿਰਣ ਨਾਲ਼। ਮਿਲੇ- ਇਹ ਸ਼ਬਦ ਭੂਤ ਕਾਲ਼ (Past tense) ਦੀ ਕਿਰਿਆ ਨਹੀਂ ਹੈ, ਸਗੋਂ ਕਾਰਦੰਤਕ ਹੈ। ‘ਮਿਲੇ’ ਸ਼ਬਦ ‘ਮਿਲਿ’ ਦਾ ਰੂਪ ਹੈ ਜਿਵੇਂ ‘ਘਰੇ’ ( ਘਰ ਵਿੱਚ) ਸ਼ਬਦ ‘ਘਰਿ’ (ਘਰ ਵਿੱਚ) ਦਾ ਰੂਪ ਹੁੰਦਾ ਹੈ। ‘ਮਿਲੇ’- ਮਿਲਿ, ਮਿਲ਼ ਕੇ।

"ਸੋ ਸੂਰਜ ਕਿਰਣਿ ਮਿਲੇ..." ਵਾਕ-ਅੰਸ਼ ਦਾ ਅਰਥ ਹੋਇਆ - ਸੂਰਜ ਦੀ ਕਿਰਣ ਨਾਲ਼ ਮਿਲ਼ ਕੇ, ਸੂਰਜ ਤੋਂ ਤਪਸ਼ ਲੈ ਕੇ, ਸ਼ਿਫ਼ਤਿ ਸਾਲਾਹ ਦੀ ਬਰਕਤ ਲ਼ੇ ਕੇ। ਜਲ ਕਾ ਜਲੁ- ‘ਜਲ’ ਸ਼ਬਦ ਉਕਾਰਾਂਤ ਨਹੀਂ ਕਿਉਂਕਿ ਅੱਗੇ ਆਏ ‘ਕਾ’ ਸੰਬੰਧਕ ਨੇ ਅਜਿਹਾ ਕੀਤਾ ਹੈ। ਅਰਥ- ਪਾਣੀ (ਬਰਫ਼ ਬਣਿਆਂ, ਕਠੋਰ ਹਿਰਦਾ) ਦਾ ਪਾਣੀ (ਨਰਮ ਹੋ ਗਿਆ) ਬਣ ਗਿਆ। ਬ੍ਰਹਮੁ ਦੀਸੈ- ਜੀਉਂਦੇ ਨੂੰ , ਮਨ ਦੀ ਕਠੋਰਤਾ ਗਵਾਉਣ ਵਾਲ਼ੇ ਨੂੰ ਬ੍ਰਹਮ ਹੀ ਦਿਸਦਾ ਹੈ। ਸੁਣੀਐ- ਜੀਉਂਦੇ ਪ੍ਰਾਣੀ ਨੂੰ, ਮਨ ਦੀ ਕਠੋਰਤਾ ਅਤੇ ਰੁੱਖਾ-ਪਨ ਗਵਾਉਣ ਵਾਲ਼ੇ ਨੂੰ ਹਰ ਪਾਸੇ ਬ੍ਰਹਮ ਹੀ ਸੁਣੀਂਦਾ ਹੈ। ‘ਆਪਿ ਕਾਰਣੁ ਕੀਆ’ ਦਾ ਅਰਥ ਏਥੇ ਇਹ ਨਹੀਂ ਕਿ ਰੱਬ ਨੇ ਸ਼ਹੀਦੀ ਦਾ ਜਾਂ ਜੋਤੀ ਜੋਤਿ ਸਮਾਉਣ ਦਾ ਆਪ ਹੀ ਕਰਜ ਕੀਤਾ ਹੈ ਸਗੋਂ ਅਰਥ ਹੈ -ਆਪ ਹੀ ਜਗਤ ਦਾ ਮੁੱਢ ਬੰਨ੍ਹਿਆਂ ਹੈ।

ਕਾਸ਼! ਤੋਤਾ ਰਟਨੀ ਪਾਠ ਜਾਂ ਕੀਰਤਨ ਕਰਨ ਤੋਂ ਪਹਿਲਾਂ ਕਿਤੇ ਉਨ੍ਹਾਂ ਸ਼ਬਦਾਂ ਜਾਂ ਪੰਕਤੀਆਂ ਦੇ ਅਰਥ ਪੜ੍ਹਨ ਲਈ ਉਨ੍ਹਾਂ ਵਾਸਤੇ ਦਿਨ ਰਾਤਿ 25 ਘੰਟਿਆਂ ਦੇ ਬਣ ਗਏ ਹੁੰਦੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top