Share on Facebook

Main News Page

ਸਰਬੱਤ ਖਾਲਸਾ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ, ਧਿਆਨ ਸਿੰਘ ਮੰਡ ਸਮੇਤ 1,500 ਆਗੂ ਗ੍ਰਿਫਤਾਰ

ਅੰਮ੍ਰਿਤਸਰ 10 ਨਵੰਬਰ (ਜਸਬੀਰ ਸਿੰਘ ਪੱਟੀ): ਪੰਥਕ ਧਿਰਾਂ ਤੇ ਮੁਤਵਾਜੀ ਜਥੇਦਾਰਾਂ ਵੱਲੋ ਬੁਲਾਏ ਗਏ ਸਰਬੱਤ ਖਾਲਸਾ ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ èਤੇ ਪੁਲੀਸ ਨੇ ਪੰਜਾਬ ਵਿੱਚੋ ਕਰੀਬ 1500 ਲੀਡਰ ਗਿਰਫਤਾਰ ਕਰ ਲਏ ਹਨ, ਜਿਹਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੀ ਸ਼ਾਮਲ ਹਨ।

ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ‘ਸਰਬੱਤ ਖਾਲਸਾ’ ਕਿਸੇ ਇੱਕ ਧਿਰ ਦਾ ਨਹੀਂ, ਸਗੋ ਸਮੁੱਚੇ ਸਿੱਖਾਂ ਦਾ ਹੁੰਦਾ ਹੈ ਅਤੇ ਪਿਛਲੇ ਸਾਲ ਦੇ 10 ਨਵੰਬਰ ਨੂੰ ਹੋਏ ਸਰਬੱਤ ਖਾਲਸਾ ਦੌਰਾਨ ਹੀ ਚੁਣੇ ਗਏ ਮੁਤਵਾਜੀ ਤਖਤਾਂ ਦੇ ਜਥੇਦਾਰਾਂ ਵੱਲੋ ਹੀ ਬੁਲਾਇਆ ਗਿਆ ਹੈ, ਜੋ ਪੂਰਨ ਮਰਿਆਂਦਾ ਤੇ ਪਰੰਪਰਾਵਾਂ 'ਤੇ ਖਰਾ ਉਤਰਦਾ ਹੈ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਹੋਣ ਵਾਲੇ ਇਕੱਠ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਘਬਰਾਹਟ ਵਿੱਚ ਆ ਗਈ ਹੈ ਅਤੇ ਸਰਕਾਰ ਕੋਲ ਸਿਵਾਏ ਸਖਤੀ ਤੇ ਗ੍ਰਿਫਤਾਰੀਆ ਤੋਂ ਹੋਰ ਕੋਈ ਰਸਤਾ ਨਹੀਂ ਬਚਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਹਮੇਸ਼ਾਂ ਜਬਰ ਦਾ ਮੁਕਾਬਲਾ ਕਰਨਾ ਜਾਣਦੇ ਹਨ ਤੇ ਵੋਟ ਪ੍ਰਣਾਲੀ ਸਿਸਟਮ ਵਿੱਚ ਜਦੋਂ ਲੋਕ ਆਪਣੇ ਮਤਦਾਨ ਦਾ ਇਸਤੇਮਾਲ ਕਰਦੇ ਹਨ, ਤਾਂ ਫਿਰ ਵੱਡੀਆਂ ਵੱਡੀਆਂ ਤੋਪਾਂ ਦੇ ਵੀ ਮੂਧੜੇ ਮੂੰਹ ਡਿੱਗ ਪੈਦੀਆਂ ਹਨ। ਉਹਨਾਂ ਕਿਹਾ ਕਿ ਪੁਲਿਸ ਨੇ 1,500 ਲੀਡਰ ਗ੍ਰਿਫਤਾਰ ਕਰ ਲਏ ਹਨ ਅਤੇ ਪੁਲਿਸ ਬਾਕੀਆ ਨੂੰ ਵੀ ਗ੍ਰਿਫਤਾਰ ਕਰਨ ਲਈ ਵੀ ਛਾਪੇਮਾਰੀ ਕਰ ਰਹੀ ਹੈ।

ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਭਾਗ ਲੈਣ ਲਈ ਵਿਦੇਸਾਂ ਤੋ ਪੁੱਜਣ ਵਾਲਿਆ ਨੂੰ 500 ਕਿਲੋਮੀਟਰ ਦੂਰ ਦਿੱਲੀ ਹੀ ਗ੍ਰਿਫਤਾਰ ਕਰਕੇ ਸਾਬਤ ਕਰ ਦਿੱਤਾ ਹੈ, ਕਿ ਪ੍ਰਵਾਸੀ ਭਾਰਤੀਆ ਲਈ ਇਥੇ ਕੋਈ ਥਾਂ ਨਹੀਂ ਹੈ, ਜਿਹੜਾ ਸਿਰਫ ਪੰਜਾਬ ਸਰਕਾਰ ਹੀ ਲਈ ਹੀ ਨਹੀਂ, ਸਗੋ ਕੇਂਦਰ ਦੀ ਮੋਦੀ ਸਰਕਾਰ ਲਈ ਘਾਟੇਵੰਦਾਂ ਸੌਦਾ ਹੋਵੇਗਾ। ਉਹਨਾਂ ਕਿਹਾ ਕਿ ਤਲਵੰਡੀ ਸਾਬੋ ਵਿੱਚ ‘ਸਰਬੱਤ ਖਾਲਸਾ‘ ਦੇ ਇਕੱਠ ਲਈ ਮੰਗੀ ਗਈ ਥਾਂ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਤੇ ਜਿੱਥੇ ਥੋੜੀ-ਬਹੁਤ ਥਾਂ ‘ਤੇ ਉਨ੍ਹਾਂ ਵੱਲੋਂ ਸ਼ਾਮਿਆਨੇ ਲਾਏ ਗਏ ਸਨ, ਉਹ ਵੀ ਪੁਲਿਸ ਨੇ ਉਖਾੜ ਕੇ ਸੁੱਟ ਦਿੱਤੇ ਹਨ। ਸਰਕਾਰ ਨੇ ਪੂਰੇ ਇਲਾਕੇ ਵਿੱਚ ਪੁਲਿਸ ਮੁਸਤੈਦ ਕਰ ਦਿੱਤੀ ਹੈ। ਪੁਲਿਸ ਦੇ ਚੁੱਕੇ ਜਾਣ ਤੋਂ ਬਚਾਅ ਲਈ ਆਗੂ ਆਪਣੇ ਘਰਾਂ ਵਿੱਚ ਨਹੀਂ ਦਾਖਲ ਹੋ ਰਹੇ ਸਗੋ ਰੂਪੋਸ਼ ਹੋ ਗਏ ਹਨ। ਸਰਬੱਤ ਖਾਲਸਾ ਦੇ ਇਕੱਠ ਲਈ ਆਗੂਆਂ ਨੇ ਪੰਜਾਬ ਹਰਿਆਂਣਾ ਹਾਈਕੋਰਟ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਹੈ ਜਿਸ ‘ਤੇ ਭਲਕੇ ਫੈਸਲਾ ਆਵੇਗਾ।

ਸਰਬੱਤ ਖਾਲਸਾ ਦੇ ਆਗੂਆਂ ਵੱਲੋ ਭਾਂਵੇ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਹੈ, ਪਰ ਉਹਨਾਂ ਨੂੰ ਕਿਸੇ ਕਿਸਮ ਦੀ ਰਾਹਤ ਮਿਲਣ ਦੀ ਆਸ ਨਹੀਂ ਹੈ, ਕਿਉਕਿ ਅਜਿਹੇ ਵੱਡੇ ਫੈਸਲੇ ਸਰਕਾਰ ਦਾ ਪੱਖ ਸੁਣੇ ਬਗੈਰ ਨਹੀਂ ਲੈ ਜਾ ਸਕਦੇ। ਜੇਕਰ ਸਰਕਾਰ ਦੇ ਪੱਖ ਸੁਨਣ ਲਈ ਅਦਾਲਤ ਵੱਲੋ ਕੋਈ ਆਦੇਸ਼ ਦਿੱਤੇ ਜਾਂਦੇ ਹਨ ਤਾਂ ਫਿਰ 10 ਨਵੰਬਰ ਤੋ ਬਾਅਦ ਹੀ ਅਗਲੀ ਸੁਣਵਾਈ ਹੋ ਸਕੇਗੀ। ਦੂਸਰੇ ਪਾਸੇ ਜਦੋ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਣ ਕਾਰਨ ਲੋਕ ਵੀ ਨਹੀਂ ਆਉਣਗੇ ਤੇ ਸਰਬੱਤ ਖਾਲਸਾ ਸਿਰਫ ਇੱਕ ਰਸਮ ਬਣ ਕੇ ਰਹਿ ਜਾਵੇਗਾ। ਅਕਾਲੀ ਦਲ ਬਾਦਲ ਵੱਲੋ ਜਿਸ ਤਰੀਕੇ ਨਾਲ ਆਪਣੇ ਸਵਾਰਥ ਲਈ ਸਰਬੱਤ ਖਾਲਸਾ ਤੇ ਰੋਕ ਲਗਾਈ ਜਾ ਰਹੀ ਹੈ, ਉਹ ਭਵਿੱਖ ਵਿੱਚ ਅਕਾਲੀ ਦਲ ਬਾਦਲ ਨੂੰ ਹੱਥਾਂ ਨਾਲ ਦਿੱਤੀਆ ਗੰਢਾਂ ਮੂੰਹ ਨਾਲ ਖੋਹਲਣੀਆ ਪੈ ਸਕਦੀਆਂ ਹਨ ਕਿਉਕਿ ਗੈਰ ਪੰਥਕ ਸਰਕਾਰਾਂ ਇਸੇ ਨੂੰ ਆਧਾਰ ਬਣਾ ਕੇ ਭਵਿੱਖ ਵਿੱਚ ਕਿਸੇ ਵੀ ਪੰਥਕ ਸਮਾਗਮ ਤੇ ਰੋਕ ਲਗਾਏਗੀ ਤਾਂ ਉਸ ਕੋਲ ਸਪੱਸ਼ਟ ਕਰਨ ਲਈ ਸਰਬੱਤ ਖਾਲਸਾ ਤੇ ਰੋਕ ਲਗਾਏ ਜਾਣ ਦਾ ਵੱਡਾ ਸਬੂਤ ਹੋਵੇਗਾ ਤੇ ਫਿਰ ਪੰਥਕ ਧਿਰਾਂ ਦਾ ਰੌਲਾ ਰੱਪਾ ਮਹਿਜ ਆਪਣੇ ਆਪ ਨੂੰ ਤਸੱਲੀ ਦੇਣ ਤੱਕ ਹੀ ਰਹਿ ਜਾਵੇਗਾ। ਸਰਬੱਤ ਖਾਲਸਾ ਵਿੱਚ ਸਿਰਫ ਇਸ ਵਾਰੀ ਪੰਥਕ ਧਿਰਾਂ ਦੇ ਲੋਕ ਹੀ ਨਹੀਂ ਸਗੋ ਸਰਕਾਰ ਦੇ ਸਤਾਏ ਹੋਏ ਲੋਕਾਂ ਦੇ ਵੀ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਆਸ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top