Share on Facebook

Main News Page

ਅਖੌਤੀ ਦਸ਼ਮ ਗ੍ਰੰਥ ਲਈ ਮਸਾਲਾ ਕਿੱਥੋਂ ਆਇਆ ?
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਅਖੌਤੀ ਦਸ਼ਮ ਗ੍ਰੰਥ ਦੇ ਸਹੀ ਰੂਪ ਨੂੰ ਸਮਝਣ ਲਈ ਇਸ ਇੱਸ ਵਿੱਚ ਲਈ ਗਈ ਸਮੱਗ੍ਰੀ ਦੇ ਸ੍ਰੋਤਾਂ ਨੂੰ ਸਮਝਣਾ ਅਤੀ ਜ਼ਰੂਰੀ ਹੈ। ਡਾਕਟਰ ਰਤਨ ਸਿੰਘ ਜੱਗੀ ਨੇ ਇੱਸ ਗ੍ਰੰਥ ਦੇ ਕਰਤ੍ਰਿਤਵ ਉੱਤੇ ਪੀ ਐੱਚ.ਡੀ. ਕਰਨ ਸਮੇਂ ਚਾਰ ਮੁੱਖ ਪੋਥੀਆਂ ਦੀ ਪੜਤਾਲ਼ ਕਰਨ ਦਾ ਜ਼ਿਕਰ ਕੀਤਾ ਹੈ। ਇਸ ਗ੍ਰੰਥ ਦਾ ਨਾ ‘ਦਸ਼ਮ ਗ੍ਰੰਥ’ ਸੰਨ 1897 ਵਿੱਚ ਬਣਾਇਆ ਗਿਆ। ਇੱਸ ਵਿੱਚ ਸੰਕਲਿਤ ਰਚਨਾਵਾਂ ਮੁੱਖ ਚਾਰ ਪੋਥੀਆਂ ਵਿੱਚ ਦਰਜ ਰਚਨਾਵਾਂ ਵਿੱਚੋ ਹਨ। ਦਸਵੇਂ ਪਾਤਿਸ਼ਾਹ ਜੀ ਸੰਨ 1708 ਵਿੱਚ ਜੋਤੀ ਜੋਤਿ ਸਮਾਏ ਸਨ। ਆਓ ਵੇਖਦੇ ਹਾਂ ਕਿ ਚਾਰ ਪੋਥੀਆਂ ਦਸਵੇਂ ਪਾਤਿਸ਼ਾਹ ਜੀ ਦੇ ਜੋਤੀ ਜੋਤਿ ਸਮਾਉਣ ਉਪਰੰਤ ਕਦੋਂ ਹੋਂਦ ਵਿੱਚ ਆਈਆਂ:-

ਪਹਿਲੀ ਪੋਥੀ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ 110 ਸਾਲਾਂ ਬਾਅਦ,
- ਦੂਜੀ ਪੋਥੀ 67 ਸਾਲਾਂ ਪਿੱਛੋਂ,
- ਤੀਜੀ ਪੋਥੀ 149 ਸਾਲਾਂ ਪਿੱਛੋਂ ਅਤੇ
- ਚੌਥੀ ਪੋਥੀ ਦਾ ਲਿਖਣ ਸਮਾਂ ਪਤਾ ਨਹੀਂ,

...ਪਰ ਡਾਕਟਰ ਜੱਗੀ ਅਨੁਸਾਰ 200 ਸਾਲਾਂ ਤੋਂ ਘੱਟ ਪੁਰਾਣੀ ਹੈ, ਭਾਵ, ਸੰਨ 1799 ਤੋਂ ਵੀ ਬਾਅਦ ਦੀ ਹੈ, ਜੋਤੀ ਜੋਤਿ ਸਮਾਉਣ ਤੋਂ 91 ਸਾਲ ਪਿੱਛੋਂ। ਇਨ੍ਹਾਂ ਤੋਂ ਬਿਨਾਂ ਛੋਟੀਆ ਮੋਟੀਆਂ ਹੋਰ ਕਈ ਰਚਨਾਵਾਂ ਦੇ ਸੰਗ੍ਰਿਹ ਵੀ ਹਨ।

ਪਹਿਲੀ ਪੋਥੀ ਦੀ ਕਹਾਣੀ:

ਸੰਨ 1818 (ਦਸਵੇਂ ਗੁਰੂ ਜੀ ਦੇ ਜੌਤੀ ਜੋਤਿ ਤੋਂ 110 ਸਾਲ ਬਾਅਦ) ਵਿੱਚ ਪ੍ਰਗਟ ਹੋਈ ਕਹੀ ਜਾਂਦੀ ਭਾਈ ਮਨੀ ਸਿੰਘ ਵਾਲ਼ੀ ਪੋਥੀ ਡਾਕਟਰ ਰਤਨ ਸਿੰਘ ਜੱਗੀ ਨੇ ਸੰਨ 1959 ਵਿੱਚ ਰਾਜਾ ਗੁਲਾਬ ਸਿੰਘ ਸੇਠੀ (47-ਹਨੂਮਾਨ ਰੋਡ ਨਵੀਂ ਦਿੱਲੀ) ਕੋਲ਼ ਦੇਖੀ ਸੀ। ਇਹ ਪੋਥੀ ਉਨ੍ਹਾਂ ਦੇ ਦੱਸਣ ਮੁਤਾਬਕ ਮਹਾਂਰਾਜਾ ਰਣਜੀਤ ਸਿੰਘ ਦੇ ਇੱਕ ਸੈਨਿਕ ਨੂੰ ਮੁਲਤਾਨ ਦੀ ਜਿੱਤ (ਸੰਨ 1818) ਵਿੱਚ ਲੁੱਟਾਂ ਖੋਹਾਂ ਕਰਨ ਵਿੱਚ ਮਿਲ਼ੀ ਸੀ। ਸੈਨਿਕ ਨੂੰ ਮਹਾਂਰਾਜੇ ਨੇ ਹੈਦਰਾਬਾਦ (ਨਾਂਦੇੜ) ਇੱਕ ਸੈਨਿਕ ਟੁਕੜੀ ਨਾਲ਼ ਭੇਜ ਦਿੱਤਾ। ਉਸ ਸੈਨਿਕ ਪੋਥੀ ਵੀ ਨਾਲ਼ ਹੀ ਲੈ ਗਿਆ। {ਸੋਚਣ ਵਾਲੀ ਗੱਲ ਹੈ ਕਿ ਜੇ ਇਹ ਪੋਥੀ ਇੰਨੀਂ ਇਤਿਹਾਸਕ ਸੀ ਤਾਂ ਸੈਨਿਕ ਨੇ ਮਹਾਂਰਾਜੇ ਨਾਲ਼ ਇਹ ਗੱਲ ਸਾਂਝੀ ਕਿਉਂ ਨਹੀਂ ਕੀਤੀ?} ਉਹ ਸੈਨਿਕ ਫਿਰ ਨੰਦੇੜ ਹੀ ਵਸ ਗਿਆ। ਜਥੇਦਾਰ ਪਾਰਾ ਸਿੰਘ ਦੇ ਬੁੰਗੇ ਇਹ ਬੀੜ ਸੰਨ 1945 ਤਕ ਰਹੀ, ਜਿੱਥੋਂ ਰਾਜਾ ਗੁਲਾਬ ਸਿੰਘ ਨੇ ਖ਼ਰੀਦੀ ਅਤੇ ਦੇਸ਼-ਵੰਡ ਤੋਂ ਪਿੱਛੋਂ ਉਹ ਇਸ ਨੂੰ ਦਿੱਲੀ ਲੈ ਆਇਆ।

ਕਹਾਣੀ ਬੜੀ ਅਜੀਬ ਘੜੀ ਗਈ ਹੈ। ਪੋਥੀ ਕਹੀ ਜਾਂਦੀ ਹੋਵੇ ਭਾਈ ਮਨੀ ਸਿੰਘ ਜੀ ਵਾਲ਼ੀ ਤੇ ਮਿਲ਼ੇ ਭਾਈ ਮਨੀ ਸਿੰਘ ਜੀ ਦੇ ਅਕਾਲ ਚਲਾਣੇ (ਸੰਨ 1738) ਤੋਂ 80 ਸਾਲਾਂ ਬਾਅਦ। ਕੀ ਭਾਈ ਮਨੀ ਸਿੰਘ ਜੀ ਪੋਥੀ ਲਿਖ ਕੇ ਗਵਾ ਗਏ ਸਨ? ਜਾਂ ਸੌਦਾ ਕਰ ਕੇ ਕਿਸੇ ਮੁਸਲਮਾਨ ਨੂੰ ਵੇਚ ਗਏ ਸਨ? ਭਾਈ ਮਨੀ ਸਿੰਘ ਜੀ ਅਜਿਹਾ ਨਹੀਂ ਕਰ ਸਕਦੇ ਸਨ। ਸਾਫ਼ ਜ਼ਾਹਰ ਹੈ ਕਿ ਕਹਾਣੀ ਬਣੀ ਬਣਾਈ ਅਤੇ ਘੜੀ ਘੜਾਈ ਹੈ ਜਿਸ ਵਿੱਚ ਕੋਈ ਅਸਲੀਅਤ ਨਹੀਂ ਜਾਪਦੀ ਕਿ ਇਹ ਪੋਥੀ ਭਾਈ ਮਨੀ ਸਿੰਘ ਜੀ ਨੇ ਲਿਖੀ ਹੋਵੇ। ਬੜੀ ਬ੍ਰਾਹਮਣਵਾਦੀ ਚਾਲਾਕੀ ਨਾਲ਼ ਇਹ ਪੋਥੀ ਕਿਸੇ ਨੇ ਮੁਲਤਾਨ ਦੀ ਜੰਗ ਲੜਨ ਆਏ ਮੁਸਲਮਾਨਾਂ ਕੋਲ਼ ਪਹੁੰਚਾ ਦਿੱਤੀ। ਕੋਈ ਪੁੱਛੇ ਕਿ ਜੰਗ ਵਿੱਚ ਇਹ ਪੋਥੀ ਕਿੱਸ ਵਾਸਤੇ ਲਿਆਂਦੀ ਗਈ ਸੀ? ਕੀ ਇਸ ਪੋਥੀ ਨੇ ਜੰਗ ਵਿੱਚ ਕੋਈ ਕਰਾਮਾਤ ਕਰ ਕੇ ਮੁਸਲਮਾਨਾਂ ਨੂੰ ਜਿਤਾਉਣਾ ਸੀ? ਪੋਥੀ ਤਾਂ ਇਹ ਕਰਾਮਾਤ ਵੀ ਨਹੀਂ ਕਰ ਸਕੀ ਤੇ ਮੁਸਲਮਾਨ ਹਾਰ ਗਏ। ਇਹ ਪੋਥੀ ਮੁਸਲਮਾਨਾਂ ਦੇ ਹੱਥ ਮੁਲਤਾਨ ਕਿਵੇਂ ਚਲੇ ਗਈ? ਸਿੱਖਾਂ ਲਈ ਸੋਚਣ ਵਾਲੀ ਗੱਲ ਹੈ ਕਿ ਭਾਈ ਮਨੀ ਸਿੰਘ ਪਾਸੋਂ ਇਹ ਪੋਥੀ ਮੁਸਲਮਾਨ ਖੋਹ ਕੇ ਲੈ ਗਏ ਸਨ?

ਇਸ ਪੋਥੀ ਨੂੰ ਪ੍ਰਗਟ ਹੋਣ ਲਈ 80 ਸਾਲ ਕਿਉਂ ਲੱਗੇ? ਸਪੱਸ਼ਟ ਹੈ ਕਿ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਸਮੇਂ ਇਹ ਪੋਥੀ ਭਾਈ ਮਨੀ ਸਿੰਘ ਜੀ ਕੋਲ਼ ਹੈ ਹੀ ਨਹੀਂ ਸੀ। ਕਿਸੇ ਬ੍ਰਾਹਮਣਵਾਦੀ ਸੋਚ ਵਾਲ਼ੇ ਨੇ ਭਾਈ ਸਿੰਘ ਜੀ ਦਾ ਨਾਂ ਵਰਤ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਹੈ, ਤਾਂ ਜੁ ਸਿੱਖਾਂ ਨੂੰ ਹਿੰਦੂ ਮੱਤ ਦੀ ਲਪੇਟ ਵਿੱਚ ਲਿਆਾਂਦਾ ਜਾ ਸਕੇ। ਇੱਸ ਪੋਥੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਲਿਖੀ ਗਈ ਹੈ, ਪਰ ਪੰਜਵੇਂ ਗੁਰੂ ਜੀ ਦੀ ਬਣਾਈ ਤਰਤੀਬ ਦੇ ਉਲ਼ਟ। ਇੱਕ ਉੱਚ ਕੋਟੀ ਦੇ ਸਿੱਖ ਭਾਈ ਮਨੀ ਸਿੰਘ ਜੀ ਨੂੰ ਆਦਿ ਬੀੜ ਦੀ ਬਾਣੀ ਨੂੰ ਗ਼ਲਤ ਤਰਤੀਬ ਨਾਲ਼ ਲਿਖਦਾ ਦਰਸ਼ਾ ਕੇ ਇਸ ਸਿੱਖ ਦੀ ਤੌਹੀਨ ਨਹੀਂ ਕੀਤੀ ਗਈ ? ਇਸ ਪੋਥੀ ਦੇ ਲਿਖਾਰੀ ਦਾ ਨਾਂ ਜਾਂ ਲਿਖਣ ਦਾ ਸਮਾਂ ਪੋਥੀ ਵਿੱਚੋਂ ਨਹੀਂ ਮਿਲ਼ਦਾ। ਗਿਆਨੀ ਗਿਆਨ ਸਿੰਘ ਨੇ ‘ਪੰਥ’ ਪ੍ਰਕਾਸ਼’ ਵਿੱਚ ਲਿਖਿਆ ਹੈ ਕਿ ਇਹ ਪੋਥੀ ਭਾਈ ਮਨੀ ਸਿੰਘ ਜੀ ਦੀ ਲਿਖੀ ਨਹੀਂ ਹੈ ਕਿਉਂਕਿ ਭਾਈ ਮਨੀ ਸਿੰਘ ਨੇ ਆਦਿ ਬੀੜ ਦੀ ਬਾਣੀ ਪੋਥੀ ਵਿੱਚ ਨਹੀਂ ਲਿਖੀ ਸੀ।

ਦੂਜੀ ਪੋਥੀ ਦੀ ਕਹਾਣੀ:

ਇਹ ਪੋਥੀ ਮੋਤੀ ਬਾਗ਼ ਗੁਰਦੁਆਰੇ ਵਿੱਚ ਸੀ ਜਿਸ ਨੂੰ ਡਾਕਟਰ ਰਤਨ ਸਿੰਘ ਜੱਗੀ ਨੇ ਸੰਨ 1959 ਵਿੱਚ ਦੇਖਿਆ ਸੀ। ਇਹ ਪੋਥੀ ਕੇਵਲ ਸੁੱਖਾ ਸਿੰਘ ਪਟਨੇ ਵਾਲ਼ੇ ਦੀ ਸੰਨ 1775 ਵਿੱਚ ਲਿਖੀ ਪੋਥੀ (ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਤੋਂ 67 ਸਾਲਾਂ ਪਿੱਛੋਂ) ਦਾ ਹੀ ਉਤਾਰਾ ਹੈ। ਇੱਸ ਵਿੱਚ ਇੱਕ ਤੋਂ ਵੱਧ ਲਿਖਾਰੀਆਂ ਦੀਆਂ ਲਿਖੀਆਂ ਰਚਨਾਵਾਂ ਹਨ, ਜਿਸ ਕਾਰਨ ਇਹ ਇੱਕ ਹੱਥ ਦੀ ਲਿਖੀ ਸਿੱਧ ਨਹੀਂ ਹੁੰਦੀ। ਡਾਕਟਰ ਜੱਗੀ ਨੂੰ ਦੱਸੀ ਕਹਾਣੀ ਅਨੁਸਾਰ ਸੁੱਖਾ ਸਿੰਘ ਦੇ ਪੁੱਤਰ ਚੜ੍ਹਤ ਸਿੰਘ ਨੇ ਉਤਾਰਾ ਕਰਵਾ ਕੇ ਨਾਹਰ ਸਿੰਘ ਨੂੰ ਦਿੱਤਾ ਜਿਸ ਤੋਂ ਇਹ ਹਾਕਮ ਸਿੰਘ ਕੋਲ਼ ਗਿਆ ਤੇ ਹਾਕਮ ਸਿੰਘ ਤੋਂ ਮਹਾਂਰਾਜਾ ਪਟਿਆਲਾ ਕੋਲ਼ ਜਿਸ ਨੇ ਮੋਤੀ ਬਾਗ਼ ਗੁਰਦੁਆਰੇ ਪੋਥੀ ਨੂੰ ਰੱਖਿਆ। ਡਾਕਟਰ ਜੱਗੀ ਦੀ ਖੋਜ ਅਨੁਸਾਰ ਇਹ ਬੀੜ 200 ਸਾਲਾਂ ਤੋਂ ਵੱਧ ਪੁਰਾਣੀ ਨਹੀਂ।

ਤੀਜੀ ਪੋਥੀ ਦੀ ਕਹਾਣੀ:

ਸੰਗਰੂਰ ਵਾਲ਼ੀ ਪੋਥੀ ਦੀ ਬਣਾਈ ਕਹਾਣੀ ਅਨੁਸਾਰ ਜੀਂਦ ਦੇ ਰਾਜਾ ਸਰੂਪ ਸਿੰਘ (ਸੰਨ 1837 ਤੋਂ 1864) ਸੰਨ 1857 {ਦਸਵੇਂ ਪਾਤਿਸ਼ਾਹ ਦੇ ਜੋਤੀ ਜੋਤਿ ਤੋਂ 149 ਸਾਲਾਂ ਪਿੱਛੋਂ} ਦੇ ਗਦਰ ਸਮੇਂ ਅੰਗ੍ਰੇਜ਼ ਸਰਕਾਰ ਦੀ ਮੱਦਦ ਕਰਨ ਲਈ ਦਿੱਲ਼ੀ ਗਏ ਸਨ। ਦਿੱਲੀ ਜਿੱਤੇ ਜਾਣ ਪਿੱਛੋਂ ਓਥੇ ਇੱਕ ਪਠਾਣ ਨੇ ਰਾਜਾ ਸਰੂਪ ਸਿੰਘ ਨੂੰ ਇੱਕ ਖੜਗ, ਇੱਕ ਕਟਾਰ, ਇੱਕ ਗੁਰਜ ਅਤੇ ਦੋ ਗ੍ਰੰਥ ਭੇਟ ਕੀਤੇ {ਪਠਾਣ ਕੋਲ਼ ਇਹ ਪੋਥੀਆਂ ਕਿਵੇਂ ਚਲੇ ਗਈਆਂ? ਕੋਈ ਪਤਾ ਨਹੀਂ}। ਦੋ ਗ੍ਰੰਥਾਂ ਵਿੱਚ ਇੱਕ ਪੋਥੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਜਿਸ ਨੂੰ ਰਾਜੇ ਨੇ ਗੁਰਦੁਆਰਾ ਗੁਰੂ ਤੇਗ਼ ਬਹਾਦੁਰ ਜੀਂਦ ਵਿੱਚ ਸਥਾਪਤ ਕਰਵਾਇਆ, ਪਰ ਦੀਮਕ ਲੱਗਣ ਨਾਲ਼ ਇਹ ਪੋਥੀ ਖਰਾਬ ਹੋ ਗਈ ਤੇ ਪਿੱਛੋਂ ਜਲ ਪਰਵਾਹ ਕਰ ਦਿੱਤੀ ਗਈ {ਦੀਮਕ ਲੱਗਣ ਵਾਲ਼ੀ ਇਹ ਬਣਾਈ ਗੱਲ ਮਨਘੜਤ ਜਾਪਦੀ ਹੈ}। ਦੂਜੀ ਪੋਥੀ ਵਿੱਚ ਉਹ ਰਚਨਾਵਾਂ ਸਨ ਜਿਨ੍ਹਾਂ ਵਿੱਚੋਂ ਬਹੁਤੀਆਂ ਹੁਣ ਦਸ਼ਮ ਗ੍ਰੰਥ ਵਿੱਚ ਪਾਈਆਂ ਜਾ ਚੁੱਕੀਆਂ ਹਨ। ਰਾਜੇ ਨੇ ਇਸ ਨੂੰ ਸੰਗਰੂਰ ਦੇ ਦੀਵਾਨਖ਼ਾਨੇ ਦੇ ਗੁਰਦੁਆਰੇ ਰੱਖਿਆ। ਇਹ ਦੋਵੇ ਪੋਥੀਆਂ ਇਕੋ ਪੋਥੀ ਦੇ ਦੋ ਹਿੱਸੇ ਸਨ। ਪਹਿਲੀ ਪੰਨਾਂ 1 ਤੋਂ 600 ਤਨ ਅਤੇ ਦੂਜੀ 601 ਤੋਂ 1166 ਤਕ। ਡਾਕਟਰ ਜਗੀ ਦੀ ਖੋਜ ਅਨੁਸਾਰ ਇਹ ਪੋਥੀ 200 ਸਾਲਾਂ ਤੋਂ ਵੱਧ ਪੁਰਾਣੀ ਹੈ। ਇੱਸ ਪੋਥੀ ਵਿੱਚ ‘ਵਾਰ ਦੁਰਗਾ ਕੀ’ ਨਹੀਂ ਹੈ।

ਚੌਥੀ ਪੋਥੀ ਦੀ ਕਹਾਣੀ:

ਇਹ ਪੋਥੀ ਡਾਕਟਰ ਰਤਨ ਸਿੰਘ ਜੱਗੀ ਨੇ ਪਟਨੇ ਦੇਖੀ ਸੀ। ਹੋਰ ਵੀ ਕਈ ਪੋਥੀਆਂ ਓਥੇ ਪਈਆਂ ਸਨ। ਇਹ ਬੀੜ 713 ਪੱਤਰਿਆਂ ਵਾਲ਼ੀ ਹੈ। ਇਸ ਦੇ ਲਿਖਣ ਕਾਲ਼ ਦਾ ਇਸ ਵਿੱਚ ਕੋਈ ਸੰਕੇਤ ਨਹੀਂ ਅਤੇ ਇਹ ਸੁੱਖਾ ਸਿੰਘ ਪਟਨੇ ਵਾਲ਼ੇ ਦੀ ਪੋਥੀ ਤੋਂ ਭਿੰਨ ਹੈ। ਡਾਕਟਰ ਜੱਗੀ ਅਨੁਸਾਰ ਇਹ ਪੋਥੀ 200 ਸਾਲਾਂ ਤੋਂ ਘੱਟ ਪੁਰਾਣੀ ਹੈ, ਭਾਵ, ਸੰਨ 1799 ਤੋਂ (ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਤੋਂ 91 ਸਾਲਾਂ ਪਿੱਛੋਂ ਤੋਂ ਵੀ ਘੱਟ ਪੁਰਾਣੀ ਹੈ)।

ਉਪਰੋਕਤ ਚੋਹਾਂ ਪੋਥੀਆਂ ਵਿੱਚ ਪਈਆਂ ਕੁੱਝ ਰਚਨਾਵਾਂ ਜੋ ਸੰਨ 1897 ਵਿੱਚ ਬਣਾਏ ਅਖੌਤੀ ਦਸ਼ਮ ਗ੍ਰੰਥ ਵਿੱਚ ਸ਼ਾਮਲ ਨਹੀਂ ਕੀਤੀਆਂ ਗਈਆਂ ਇਸ ਤਰ੍ਹਾਂ ਹਨ:-

ਸਿਰਲੇਖ ਤੋਂ ਬਿਨਾਂ ਕੁੱਝ ਪਦ, ਭਗਵੰਤ ਗੀਤਾ, ਸੰਸਾਹਰ ਸੁਖਮਨਾ, ਸਦ, ਛਕਾ ਭਗਉਤੀ ਜੂ ਕਾ, ਵਾਰ ਭਗਉਤੀ ਜੂ ਕੀ {ਵਾਰ ਦੁਰਗਾ ਕੀ ਤੋਂ ਵੱਖਰੀ ਹੈ}, ਵਾਰ ਮਾਲਕੌਸ ਕੀ ਆਦਿਕ।

ਸਿੱਟਾ: ਉਪਰੋਕਤ ਬਿਆਨ ਕੀਤੀਆਂ ਚਾਰ ਪੋਥੀਆਂ ਦੀਆਂ ਰਚਨਾਵਾਂ ਆਪਸ ਵਿੱਚ ਮੇਲ਼ ਨਹੀਂ ਖਾਂਦੀਆਂ ਕਿਸੇ ਵਿੱਚ ਕੋਈ ਰਚਨਾ ਹੈ, ਕਿਸੇ ਵਿੱਚ ਉਹ ਨਹੀਂ ਹੈ। ਇਨ੍ਹਾਂ ਪੋਥੀਆਂ ਦੇ ਲਿਖਣ ਦਾ ਸਮਾਂ ਭਾਵੇਂ ਅਲੱਗ-ਅਲੱਗ ਦਿੱਤਾ ਗਿਆ ਹੈ, ਪਰ ਜਾਪਦਾ ਹੈ ਕਿ ਕਵੀਆਂ ਰਾਮ, ਸ਼ਯਾਮ, ਕਾਲ ਆਦਿਕ ਦੀਆਂ ਰਚਨਾਵਾਂ ਨੂੰ ਇੱਕ ਥਾਂ ਲਿਖ ਕੇ ਇੱਕ ਪੋਥੀ ਤਿਆਰ ਕਰ ਲਈ ਗਈ ਤੇ ਇਸੇ ਦੀਆਂ ਨਕਲਾਂ ਕਰ ਕੇ ਵਿੱਚ ਰਚਨਾਵਾਂ ਦਾ ਵਾਧਾ ਘਾਟਾ ਕੀਤਾ ਗਿਆ ਹੈ। ਇਨ੍ਹਾਂ ਪੋਥੀਆਂ ਨੂੰ ਨਕਲੀ ਕਹਾਣੀਆਂ ਬਣਾ ਕੇ ਵੱਖ-ਵੱਖ ਸਮਿਆਂ ਉੱਤੇ ਵੱਖ-ਵੱਖ ਥਾਵਾਂ ਤੋਂ ਨਾਟਕੀ ਢੰਗ ਨਾਲ਼ ਪ੍ਰਗਟ ਕੀਤਾ ਗਿਆ ਹੈ ਅਤੇ ਰਚਨਾਵਾਂ ਨਾਲ਼ ਪਾ: 10 ਲਿਖ ਕੇ ਸਿੱਖਾਂ ਨੂੰ ਹਿੰਦੂ ਮੱਤ ਵਿੱਚ ਪੂਰੀ ਤਰ੍ਹਾਂ ਲਪੇਟਣ ਦੀ ਬ੍ਰਾਹਮਣਵਾਦ ਵਲੋਂ ਇੱਕ ਸਾਜਸ਼ ਰਚੀ ਗਈ ਹੈ। ਇਸ ਵਿੱਚ ਉਹ ਬਹੁਤ ਹੱਦ ਤੱਕ ਸਫ਼ਲ ਵੀ ਹੋ ਚੁੱਕਾ ਹੈ।

ਇਸੇ ਤਰ੍ਹਾਂ ਹੀ ਨਕਲ ਕਰ ਕੇ ਉਹ 32 ਛੋਟੀਆਂ ਪੋਥੀਆਂ ਵੀ ਤਿਆਰ ਹੋਈਆਂ ਜਿਨ੍ਹਾਂ ਤੋਂ ਸੰਨ 1897 ਵਿੱਚ ਮੌਜੂਦਾ ਅਖੌਤੀ ਦਸ਼ਮ ਗ੍ਰੰਥ ਬਣਾਇਆ ਗਿਆ ਹੈ ਜਿਸ ਦੀਆਂ ਰਚਨਾਵਾਂ ਦਾ ਆਧਾਰ, ਸਿੱਖ ਵਿਦਵਾਨਾਂ ਦੀ ਖੋਜ ਅਨੁਸਾਰ, ਸ਼ਿਵ ਪੁਰਾਣ, ਭਾਗਵਤ ਪੁਰਾਣ ਅਤੇ ਮਾਰਕੰਡੇ ਪੁਰਾਣ ਵਰਗੇ ਹਿੰਦੂ ਮੱਤ ਦੇ ਗ੍ਰੰਥ ਹਨ। ਇਹ ਰਚਨਾਵਾਂ ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਇੱਕ ਦਮ ਪਿੱਛੋਂ ਕਿਉਂ ਨਹੀਂ ਇੱਕੱਠੀਆਂ ਹੋਈਆਂ? ਇਨ੍ਹਾਂ ਰਚਨਾਵਾਂ ਨੂੰ ਪ੍ਰਗਟ ਹੋਣ 67 ਤੋਂ 150 ਸਾਲਾਂ ਦਾ ਸਮਾਂ ਕਿਉਂ ਲੱਗਾ? ਹੈ ਕਿਸੇ ਕੋਲ਼ ਕੋਈ ਜਵਾਬ? ਜੇ ਜਵਾਬ ਹੈ ਤਾਂ ਕੇਵਲ ਇਹ ਕਿ ਸਿੱਖ ਕੌਮ ਦੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਚੱਲਦੀਆਂ ਰਹੁ-ਰੀਤਾਂ ਨੂੰ ਮਲ਼ੀਆਲੇਟ ਕਰ ਕੇ ਇੱਸ ਕੌਮ ਨੂੰ ਹਿੰਦੂ ਕੌਮ ਵਿੱਚ ਪੂਰੀ ਤਰਾਂ ਮਿਲ਼ਾ ਦੇਣ ਦੀ ਇਹ ਇੱਕ ਬਹੁਤ ਵੱਡੀ ਸਾਜਸ਼ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top