Share on Facebook

Main News Page

ਇਤਿਹਾਸ ਨੂੰ ਮਿਥਿਹਾਸ ਬਣਾਇਆ ਜਾ ਰਿਹਾ ਹੈ ਚਾਰ ਸਾਹਿਬਜ਼ਾਦੇ-2 (ਬਾਬਾ ਬੰਦਾ ਸਿੰਘ ਬਹਾਦਰ) ਵਰਗੀਆਂ ਫਿਲਮਾਂ ਨਾਲ
-: ਜਸਵਿੰਦਰ ਸਿੰਘ ਰੁੜਕੀ ਕਲਾਂ

ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਵਿਗਾੜਨ ਦੇ ਯਤਨ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਏ ਸਨ। "ਮੀਣੇ ਪਾਂਦੇ ਨੇ ਰਲਾ ਵਿੱਚ ਰਲਾ ਨਾ ਧਰੀਏ" ਇਹ ਇਸ ਗੱਲ ਦਾ ਸਬੂਤ ਹੈ ਕਿ ਅਗਲਿਆਂ ਨੇ ਗੁਰਬਾਣੀ ਵਿੱਚ ਵੀ ਰਲਾ ਪਾਉਣ ਦੀ ਕੋਸ਼ਿਸ਼ ਕੀਤੀ। ਗੁਰਬਾਣੀ ਵਿੱਚ ਰਲਾ ਪਾਉਣ ਦਾ ਜ਼ੋਰ ਤਾਂ ਨਹੀਂ ਚੱਲਿਆ, ਪਰ ਉਹਨਾਂ ਇਤਿਹਾਸ ਨੂੰ ਨਹੀਂ ਬਖਸ਼ਿਆ।

ਆਉ ਅੱਜ ਕੇਵਲ ਹੁਣੇ ਆਈ ਫਿਲਮ ਚਾਰ ਸਾਹਿਬਜ਼ਾਦੇ 2 ਬਾਰੇ ਵਿਚਾਰ ਕਰਦੇ ਹਾਂ। ਦੁਖਦ ਗੱਲ ਇਹ ਹੈ ਕੇ ਬਹੁਤਿਆਂ ਨੇ ਕੇਵਲ ਭਾਵਨਾ ਦੀਆਂ ਅੱਖਾਂ ਨਾਲ ਵੇਖਿਆ, ਇਸ ਮਸਲੇ 'ਤੇ ਤਾਂ ਸੂਝਵਾਨ ਅਖਵਾਉਣ ਵਾਲਿਆਂ ਦੀ ਵੀ ਗਿਆਨ ਦੀ ਬੰਦ ਨਜ਼ਰੀਂ ਪਈ। ਜਿੱਥੇ ਕੌਂਮੀ ਇਤਿਹਾਸ ਨੂੰ ਸੰਗਤ ਸਾਹਮਣੇ ਰੱਖਣ ਵਾਲਿਆਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਉਥੇ ਨਾਲ ਹੀ ਇਸ ਗੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਕੋਈ ਗੁੜ 'ਚ ਲਪੇਟ ਸਾਨੂੰ ਜ਼ਹਿਰ ਹੀ ਨਾ ਦੇਈ ਜਾਵੇ, ਤੇ ਅਸੀਂ ਮਿੱਠਾ ਮਿੱਠਾ ਕਹਿ ਕੇ ਖਾਈ ਜਾਈਏ।

ਕੁੱਝ ਇਤਿਹਾਸਕ ਪੱਖ :

1- ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮਹਾਨ ਜੀਵਨ :- ਬਾਬਾ ਬੰਦਾ ਸਿੰਘ ਬਹਾਦਰ ਕੋਈ ਬੈਰਾਗੀ ਸਾਧੂ ਨਹੀਂ ਸਨ। ਗੁਰੂ ਗੋਬਿੰਦ ਸਿੰਘ ਜੀ ਵਲੋਂ ਉਹਨਾਂ ਦੀ ਚੋਣ ਕਰਕੇ ਉਹਨਾਂ ਨੂੰ ਇੰਨੀ ਵੱਡੀ ਜਿੰਮੇਵਾਰੀ ਦੇਣੀ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨੂੰ ਸਮਝਣ ਲਈ ਕਾਫੀ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਜੀਵਨ ਨੂੰ ਸਹੀ ਤਰੀਕੇ ਨਾ ਜਾਨਣ ਲਈ ਡਾਕਟਰ ਸੁਖਦਿਆਲ ਸਿੰਘ ਜੀ ਲਿਖੀ ਪੁਸਤਕ ਨੂੰ ਇਕ ਵਾਰ ਜਰੂਰ ਪੜ੍ਹੋ।

2- ਸੋਭਾ ਸਿੰਘ ਚਿੱਤਰਕਾਰ ਨੇ 1935 ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਬਣਾਈ। ਇਹ ਤਸਵੀਰ ਬਚਪਨ ਦੀ ਸੀ। 1937 ਵਿੱਚ ਗੁਰੂ ਸਾਹਿਬ ਜੀ ਦੀ ਇਕ ਹੋਰ ਤਸਵੀਰ ਬਣੀ। ਫਿਰ ਅਨੇਕਾਂ ਤਸਵੀਰਾਂ ਬਣੀਆਂ। ਫਿਰ ਛੋਟੀ ਜਿਹੀ ਉਸੇ ਸਰੂਪ ਦੀ ਪੱਥਰ ਦੀ ਮੂਰਤੀ, ਮੂਰਤੀ ਥੋੜੀ ਥੋੜੀ ਵੱਡੀ ਹੁੰਦੀ ਗਈ ਤੇ ਅੱਜ ਲਗਭਗ 80 ਸਾਲ ਬਾਅਦ ਦੇ ਹਾਲਾਤ ਤੁਹਾਡੇ ਸਾਹਮਣੇ ਹਨ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਸੇ ਸਮੇਂ ਇਸ ਤਸਵੀਰ ਦੀ ਵਿਰੋਧਤਾ ਵੀ ਕੀਤੀ, ਪਰ ਜਿਨ੍ਹਾਂ ਨੇ 100 ਸਾਲਾਂ ਦੇ ਪਲਾਨ ਬਣਾਏ ਹੋਣ, ਉਹ ਕਦੋਂ ਕਿਸ ਦੀ ਸੁਣਦੇ। ਇਸ ਗੇਮ ਦਾ ਸਾਡੇ ਆਪਣੇ ਕਿੰਨੇ ਸ਼ਿਕਾਰ ਹੋਏ ਤੁਸੀਂ ਆਪੇ ਹਿਸਾਬ ਲਗਾ ਲਉ।

ਹੁਣ ਇਸੇ ਗੱਲ ਨੂੰ ਫਿਲਮ ਵਿੱਚਲੇ ਗੁਰੂ ਸਾਹਿਬ ਦੇ ਸਰੂਪ ਤੇ ਲਗਾ ਕੇ ਵੇਖ ਲਓ। ਪਹਿਲੀ ਫ਼ਿਲਮ ਵਿੱਚ ਕੇਵਲ ਮੂਰਤ ਸੀ, ਹੁਣ ਹਲਕੀ ਜਿਹੀ ਹਿਲਜੁਲ ਹੋਈ ਹੈ, ਜੇਕਰ ਫਿਲਮ ਨੂੰ ਧਿਆਨ ਨਾਲ ਵੇਖੋਗੇ ਤਾਂ ਸਮਝ ਆ ਜਾਵੇਗੀ। ਇਹ ਤਾਂ ਸ਼ੁਰੂਆਤ ਆ, 100 ਸਾਲ ਬਾਅਦ ਕੀ ਹੋਣਾ, ਇੱਕ ਵਾਰ ਹਿਸਾਬ ਲਗਾ ਕੇ ਵੇਖੋ।

3- ਤੀਸਰੀ ਗੱਲ ਜੋ ਬਹੁਤ ਹੀ ਜ਼ਿਆਦਾ ਧਿਆਨ ਮੰਗਦੀ ਹੈ ਉਹ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਬਾਰੇ ਦਿਖਾਏ ਗਏ ਦ੍ਰਿਸ਼ ਬਾਰੇ। ਸਿੱਧੀ ਗੱਲ ਕਹਾਂ ਤਾਂ ਇਤਿਹਾਸ ਨੂੰ ਮਿਥਿਹਾਸ ਬਣਾਇਆ ਜਾ ਰਿਹਾ ਹੈ। ਕਾਬਜ਼ ਧਿਰਾਂ ਕਿਵੇਂ ਮਿਥਿਹਾਸ ਨੂੰ ਇਤਿਹਾਸ ਬਣਾ ਰਹੀਆਂ ਹਨ, ਜੇ ਇਹ ਸਮਝਣਾ ਦਾ ਸਟਾਰ ਪਲੱਸ 'ਤੇ ਆਉਣ ਵਾਲਾ ਸੀਰੀਅਲ "ਸੀਆ ਕੇ ਰਾਮ" ਵੇਖੋ। ਤੇ ਝਾਤੀ ਮਾਰੋ ਆਪਣੇ ਵੱਲ ਅਸੀਂ ਕਿਵੇਂ ਆਪਣੇ ਇਤਿਹਾਸ ਨੂੰ ਮਿਥਿਹਾਸ ਬਣਦਾ ਵੇਖ ਰਹੇ ਹਾਂ। ਤੁੰਬੂ ਵਿੱਚ ਗੁਰੂ ਸਾਹਿਬ ਜੀ ਗਏ ਤਾਂ ਰੌਸਨੀ ਦਿਖਾ ਕੇ ਗਾਇਬ ਕਰ ਦਿਤੇ ਗਏ। ਉਸ ਵੱਧ ਹੈਰਾਨੀ ਵਾਲੀ ਗੱਲ ਜੋ ਬਾਅਦ ਵਿੱਚ ਭਾਈ ਦਇਆ ਸਿੰਘ ਜੀ ਤੇ ਮਾਤਾ ਸੁੰਦਰੀ ਜੀ ਵਿੱਚ ਆਪਸੀ ਗੱਲਬਾਤ ਦਿਖਾਈ ਗਈ। ਮਾਤਾ ਜੀ ਦੇ ਫਿਲਮ ਵਿੱਚ ਸ਼ਬਦ ਇਸ ਤਰਾਂ ਦੇ ਹਨ- ਭਾਈ ਦਇਆ ਸਿੰਘ ਜੀ ਤੁਸੀਂ ਗੁਰੂ ਜੀ ਗੋਦਾਵਰੀ ਵੱਲ ਵੇਖ ਆਉ, ਜਿੱਦਾਂ ਗੁਰੂ ਨਾਨਕ ਸਾਹਿਬ ਜੀ ਵੇਈਂ ਨਦੀ ਵੱਲ ਚਲੇ ਗਏ ਸਨ ਕਿਤੇ ਓਸੇ ਤਰ੍ਹਾਂ ਗੁਰੂ ਜੀ ਨਾ ਗਏ ਹੋਣ। ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਗੁਰੂ ਕੇ ਮਹਿਲਾਂ ਨੇ ਆਪਣੇ ਜੀਵਨ ਵਿੱਚ ਅਪਣਾਇਆ , ਉਹਨਾਂ ਦੇ ਮੁੱਖ ਤੋਂ ਇਸ ਤਰਾਂ ਦੀ ਸ਼ਬਦਾਵਲੀ ਸ਼ੋਭਾ ਨਹੀਂ ਦਿੰਦੀ । ਜਿਨ੍ਹਾਂ ਨੇ ਆਪਣੇ ਪੁੱਤਰਾਂ ਦਾ ਵਿਛੋੜਾ ਗੁਰੂ ਭਾਣੇ ਵਿੱਚ ਮੰਨਿਆ, ਉਹ ਪਤੀ ਦੇ ਸਰੀਰ ਰੂਪ ਵਿਚ ਜਾਣ ਦੇ ਇਸ ਤਰਾਂ ਦੁਖੀ ਕਿਉਂ ਹੋਣਗੇ?

ਆਖਰੀ ਗੱਲ ਉਹਨਾਂ ਬਾਰੇ ਜਿਨ੍ਹਾਂ ਨੇ ਵੀ ਹੁਣ ਤੱਕ ਫਿਲਮ ਦੇਖੀ ਹੈ ਤੇ ਆਪਣੇ ਆਪ ਨੂੰ ਸੂਝਵਾਨਾਂ ਦੀ ਸ਼੍ਰੇਣੀ ਵਿਚ ਗਿਣਦੇ ਹਨ। ਇਕ ਵਾਰ ਦੁਬਾਰਾ ਗਿਆਨ ਦੀ ਐਨਕ ਲਗਾ ਕੇ ਫਿਲਮ ਨੂੰ ਦੇਖੋ। ਸਾਡੀ ਭਾਵਨਾ ਨੂੰ ਵਰਤ ਕੇ ਅਕਸਰ ਸਾਨੂੰ ਗੁੰਮਰਾਹ ਕੀਤਾ ਜਾਂਦਾ ਹੈ, ਤੇ ਅਸੀਂ ਹੋ ਜਾਂਦੇ ਹਾਂ। ਗੁੜ 'ਚ ਲਪੇਟ ਕੇ ਦਿੱਤੇ ਜਾ ਰਹੇ ਜ਼ਹਿਰ ਸਵਾਦ ਸਵਾਦ 'ਚ ਖਾ ਰਹੇ ਹਾਂ। ਬਾਕੀ ਤੁਹਾਨੂੰ ਬਹੁਤਾ ਕੁੱਝ ਨਹੀਂ ਕਹਿਣਾ, ਕਿਉਂਕਿ ਮੈਂ ਸ਼ਰੀਰਾਂ ਤੋਂ ਆਸ ਨਹੀਂ ਰੱਖਦਾ।

ਦੋਵੇਂ ਹੱਥ ਜੋੜ ਕੇ ਆਪ ਸਭ ਨੂੰ ਬੇਨਤੀ ਹੈ ਕੇ ਕੌਮ ਦੀਆਂ ਮਹਾਨ ਕੁਰਬਾਨੀਆਂ ਦਾ ਇਤਿਹਾਸ... ਮਿਥਿਹਾਸ ਬਣਦਾ ਜਾ ਰਿਹਾ ਹੈ। ਆਪਣੇ ਆਪ ਨੂੰ ਗਿਆਨਵਾਨ ਬਣਾਉ। ਆਪਣੇ ਆਪਣੇ ਫਰਜ਼ ਨੂੰ ਪਹਿਚਾਣੋ, ਆਪਣੀ ਆਪਣੀ ਜਿੰਮੇਵਾਰੀ ਨਿਭਾਉ।

ਕੌਮ ਦੀ ਲੀਡਰਸ਼ਿਪ ਨੂੰ ਬੇਨਤੀ, ਭਲਿਓ ਕਦੇ ਬਹਿ ਕੇ ਕੌਮ ਦੇ ਭਵਿੱਖ ਲਈ ਵੀ ਸੋਚ ਲਉ। ਕੌਮ ਨੂੰ ਚੜ੍ਹਦੀ ਕਲਾ ਵਿਚ ਲੈ ਕੇ ਜਾਣ ਲਈ ਕੋਈ 50 ਸਾਲ 100 ਸਾਲ ਦਾ ਪਲਾਨ ਤਿਆਰ ਕਰੋ। ਭਵਿੱਖ ਸਵਾਰਨ ਦੇ ਯਤਨ ਸ਼ੁਰੂ ਕਰੋ। ਵਰਤਮਾਨ ਵਿੱਚ ਆਪਸ ਵਿੱਚ ਹੀ ਨਾ ਉਲਝੀ ਜਾਉ। ਸਾਡੀਆਂ ਇਹਨਾਂ ਗ਼ਲਤੀਆਂ ਲਈ ਇਤਿਹਾਸ ਕਦੇ ਸਾਨੂ ਮਾਫ ਨਹੀਂ ਕਰੇਗਾ।

ਮੈਂ ਕੁੱਝ ਦਿਨ ਪਹਿਲਾਂ ਇਹ ਫਿਲਮ ਦੇਖਣ ਗਿਆ, ਜੋ ਮਹਿਸੂਸ ਕੀਤਾ, ਲਿਖ ਦਿੱਤਾ। ਮੈਂ ਕੋਈ ਵਿਦਵਾਨ ਨਹੀਂ, ਬਸ ਮਨ ਦੇ ਵਲਵਲੇ ਆਪ ਨਾਲ ਸਾਂਝੇ ਕੀਤੇ ਹਨ। ਤੁਹਾਡੇ ਸਭ ਦੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ। ਭੁੱਲ ਚੁੱਕ ਦੀ ਖਿਮਾਂ ਬਖਸਣੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top