Share on Facebook

Main News Page

ਆਪਸੀ ਲੜਾਈ ਝਗੜੇ ਤੋਂ ਬਚਾ ਕੇ ਯਹੂਦੀਆਂ ਦੀ ਤਰ੍ਹਾਂ ਸਮੁੱਚੀ ਕੌਮ ਨੂੰ ਵਿਦਵਾਨ ਬਣਾੳਣਾ ਸਾਡਾ ਮੁੱਖ ਟੀਚਾ
-:
ਭਾਈ ਪੰਥਪ੍ਰੀਤ ਸਿੰਘ

* ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਦੀ ਛਿਮਾਹੀ ਮੀਟਿੰਗ ਵਿੱਚ ਇੱਕ ਲੱਖ ਤੋਂ ਵੱਧ ਸੰਗਤ ਨੇ ਭਰੀ ਹਾਜਰੀ


*
ਮੌਜੂਦਾ ਦੌਰ ਵਿੱਚ ਸਿੱਖ ਪੰਥ ਵਿੱਚ ਏਕਤਾ ਦਾ ਆਧਾਰ ਕੇਵਲ ਸਿੱਖ ਰਹਿਤ ਮਰਿਆਦਾ ਹੋਵੇ: ਭਾਈ ਪੰਥਪ੍ਰੀਤ ਸਿੰਘ


ਟਿੱਪਣੀ: ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ, ਉਨ੍ਹਾਂ ਦੇ ਉੱਦਮ 'ਤੇ ਸਾਨੂੰ ਮਾਣ ਹੈ, ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਵਿੱਚ ਚੋਖਾ ਯੋਗਦਾਨ ਪਾਇਆ ਹੈ, ਅਤੇ ਹੋਰ ਪ੍ਰਚਾਰਕ ਵੀ ਤਿਆਰ ਕੀਤੇ ਹਨ।

 

ਪਰ ਐਸੇ ਪ੍ਰਚਾਰਕ ਨੂੰ ਵੀ ਇਹ ਸੰਸਾ ਕਿਉਂ ਹੈ ਕਿ "ਸਮੁੱਚੀ ਕੌਮ ਵਿੱਚ ਏਕਤਾ ਦੀ ਭਾਰੀ ਲੋੜ ਹੈ ਜੋ ਕਿ ਮੌਜੂਦਾ ਦੌਰ ਵਿੱਚ ਕੇਵਲ ਤੇ ਕੇਵਲ ਸਿੱਖ ਰਹਿਤ ਮਰਿਆਦਾ ਨੂੰ ਆਧਾਰ ਮੰਨ ਕੇ ਹੀ ਸੰਭਵ ਹੋ ਸਕਦੀ ਹੈ।" ਏਕਤਾ ਦਾ ਆਧਾਰ ਗੁਰਬਾਣੀ ਹੀ ਹੋ ਸਕਦੀ ਹੈ, ਜੋ ਗੁਰੂ ਸਾਹਿਬ ਨੇ ਆਪ ਲਿਖੀ। ਕੀ ਗੁਰਬਾਣੀ ਤੋਂ ਵੀ ਉਪਰ ਹੈ ਸਿੱਖ ਰਹਿਤ ਮਰਿਆਦਾ, ਜੋ ਸ਼੍ਰੋਮਣੀ ਕਮੇਟੀ ਨੇ ਬਣਵਾਈ ਹੈ, ਜੋ ਕਿ ਕੌਮੀ ਏਕਤਾ ਨੂੰ ਖੇਰੂੰ ਖੇਰੂੰ ਕਰਣ ਦਾ ਵੱਡਾ ਕਾਰਣ ਹੈ, ਤੇ ਤੁਸੀਂ ਇਸਨੂੰ ਏਕਤਾ ਦਾ ਆਧਾਰ ਕਹਿ ਰਹੇ ਹੋ? ਕੀ ਗੁਰਬਾਣੀ ਵਿੱਚ ਸਿੱਖ ਲਈ ਮਰਿਆਦਾ ਨਿਰਧਾਰਿਤ ਨਹੀਂ ਹੈ?

 

ਸਾਧਾਰਣ ਸਿੱਖ ਜੋ ਮਾੜੀ ਜਿਹੀ ਵੀ ਜਾਗਰਤ ਸੋਚ ਰੱਖਦਾ ਹੈ, ਉਸਨੂੰ ਵੀ ਪਤਾ ਚੱਲ ਚੁਕਾ ਹੈ ਕਿ ਸਾਰਾ ਅਖੌਤੀ ਦਸਮ ਗ੍ਰੰਥ, ਗੁਰੂ ਦੀ ਕਿਰਤ ਨਹੀਂ.... ਤੇ ਇਸੀ ਰਹਿਤ ਮਰਿਆਦਾ ਦੀ ਦੇਣ ਹੈ ਨਿਤਨੇਮ, ਪਾਹੁਲ ਅਤੇ ਅਰਦਾਸ ਵਿੱਚ ਇਸ ਬਿਪਰਵਾਦੀ ਗ੍ਰੰਥ ਦੀਆਂ ਰਚਨਾਵਾਂ ਸ਼ਾਮਿਲ ਕਰਨਾ.... ਤੇ ਹਾਲੇ ਵੀ ਇਸਨੂੰ ਆਰ.ਐਸ.ਐਸ. ਦੀਆਂ ਚਾਲਾਂ ਕਹਿ ਕੇ, ਵਿਸ਼ੇ ਤੋਂ ਆਪਣੀ ਜਾਨ ਛੁੜਾਉਣਾ, ਕੋਈ ਨਿਧਰੜਕਤਾ ਨਹੀਂ।

 

ਇਹ ਸੱਚਾਈ ਅੱਜ ਕਬੂਲ ਕਰ ਲਵੋ, ਭਾਂਵੇਂ ਕੱਲ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਆਧਾਰ ਨਹੀਂ ਬਣਾਇਆ ਜਾਵੇਗਾ, ਏਕਤਾ ਨਹੀਂ ਹੋ ਸਕਦੀ, ਹਾਂ ਸਮਝੌਤੇ ਜ਼ਰੂਰ ਹੋ ਸਕਦੇ ਨੇ...... ਤੇ ਗੁਰਬਾਣੀ ਸਮਝੌਤੇ ਨਹੀਂ ਸਿਖਾਉਂਦੀ, ਰਹਿਤ ਮਰਿਆਦਾ ਜ਼ਰੂਰ ਸਿਖਾਉਂਦੀ ਹੈ, ਜੋ ਕਿ ਹੈ ਹੀ ਸਮਝੌਤੇ ਦੀ ਨੀਂਹ 'ਤੇ ਖੜੀ। ਜੇ ਤੁਹਾਡੇ ਵਰਗੇ ਪ੍ਰਚਾਰਕ ਨੂੰ ਇਹ ਭੁਲੇਖਾ ਹੈ ਤਾਂ ਸਾਧਾਰਣ ਸਿੱਖ ਇਸ ਸ਼ਸ਼ੋਪੰਜ ਵਿੱਚੋਂ ਕਿਵੇਂ ਨਿਕਲੇਗਾ?

 

ਇਹ ਸਮਝਣਾ ਜ਼ਰੂਰੀ ਹੈ ਕਿ ਏਕਤਾ ਤੇ ਸਮਝੌਤੇ 'ਚ ਬਹੁਤ ਫਰਕ ਹੁੰਦਾ ਹੈ, ਪਰ ਬਹੁਤਾਤ ਸਿੱਖ ਅਖਵਾਉਣ ਵਾਲੇ ਇਨ੍ਹਾਂ ਦੋਵਾਂ ਨੂੰ ਰਲਗੱਡ ਕਰ ਰਹੇ ਨੇ।

 

ਇਹ ਵੀ ਪਤਾ ਹੈ ਕਿ ਕਈ ਪਾਠਕਾਂ ਨੂੰ ਇਹ ਟਿੱਪਣੀ ਜੱਚਣੀ ਨਹੀਂ, ਪਰ ਸੱਚਾਈ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਗੁਰੂ ਭਲੀ ਕਰੇ।

- ਸੰਪਾਦਕ ਖ਼ਾਲਸਾ ਨਿਊਜ਼


ਸੰਗਤ, 27 ਨਵੰਬਰ (): ਗੁਰੂ ਕੀ ਗੋਲਕ ਨੂੰ ਕੇਵਲ ਗਰੀਬਾਂ ਦੇ ਮੂੰਹ ਲਈ ਵਰਤ ਕੇ ਅਤੇ ਕੌਮ ਨੂੰ ਆਪਸੀ ਲੜਾਈ ਝਗੜੇ ਤੋਂ ਬਚਾ ਕੇ ਜਹੂਦੀਆਂ ਦੀ ਤਰ੍ਹਾਂ ਸਮੁੱਚੀ ਸਿੱਖ ਕੌਮ ਨੂੰ ਵਿਦਵਾਨ ਤੇ ਗਿਆਨਵਾਨ ਬਣਾ ਕੇ ਬੁਲੰਦੀਆਂ ’ਤੇ ਪਹੁੰਚਾਣਾ ਸਾਡਾ ਮੁੱਖ ਟੀਚਾ ਹੈ, ਪਰ ਇਸ ਟੀਚੇ ਨੂੰ ਸਰ ਕਰਨ ਲਈ ਸਮੁੱਚੀ ਕੌਮ ਵਿੱਚ ਏਕਤਾ ਦੀ ਭਾਰੀ ਲੋੜ ਹੈ ਜੋ ਕਿ ਮੌਜੂਦਾ ਦੌਰ ਵਿੱਚ ਕੇਵਲ ਤੇ ਕੇਵਲ ਸਿੱਖ ਰਹਿਤ ਮਰਿਆਦਾ ਨੂੰ ਆਧਾਰ ਮੰਨ ਕੇ ਹੀ ਸੰਭਵ ਹੋ ਸਕਦੀ ਹੈ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਨੇ ਅੱਜ ਇੱਥੇ ਸੰਸਥਾ ਦੀ ਛਿਮਾਹੀ ਮੀਟਿੰਗ ਅਤੇ ਗੁਰਮਤਿ ਸਮਾਗਮ ਵਿੱਚ ਸੰਗਤਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਬਿਨਾਂ ਅਸੂਲਾਂ ਤੋਂ ਏਕਤਾ ਵਕਤੀ ਤੌਰ ’ਤੇ ਅਹੁੱਦੇ ਪ੍ਰਾਪਤ ਕਰਨ ਲਈ ਸਹਾਈ ਤਾਂ ਹੋ ਸਕਦੀ ਪਰ ਐਸੀ ਏਕਤਾ ਨਾ ਤਾਂ ਚਿਰ ਸਥਾਈ ਹੋ ਸਕਦੀ ਹੈ ਅਤੇ ਨਾ ਹੀ ਕੌਮ ਦਾ ਕੁਝ ਸੰਵਾਰ ਸਕਦੀ ਹੈ। ਇਸ ਲਈ ਕੌਮ ਦੀ ਵਿਗੜੀ ਸੰਵਾਰਨ ਲਈ ਸਿਧਾਂਤਕ ਤੌਰ ’ਤੇ ਏਕਤਾ ਕਰਨ ਵਾਸਤੇ ਅਸੀਂ ਹਰ ਵਿਅਕਤੀ ਅਤੇ ਸੰਸਥਾ ਨਾਲ ਮਿਲ ਕੇ ਚੱਲਣ ਲਈ ਤਿਆਰ ਹਾਂ ਪਰ ਸਿੱਖ ਰਹਿਤ ਮਰਿਆਦਾ ਤੋਂ ਆਕੀ ਅਤੇ ਗੱਦੀਆਂ ਲਾ ਕੇ ਮੱਥੇ ਟਿਕਾਉਣ ਦਾ ਸ਼ੌਂਕ ਪੂਰਾ ਕਰਨ ਹਿੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਨੂੰ ਵੰਗਾਰਣ ਦੇ ਰਾਹ ਪਏ ਹੋਏ ਕਿਸੇ ਬਾਬੇ ਨਾਲ ਸਾਡੀ ਕੋਈ ਸਾਂਝ ਨਹੀਂ ਹੋ ਸਕਦੀ।


ਗੁਰਬਾਣੀ ਤੇ ਵਿਦਿਆ ਦੇ ਗਿਆਨ ਤੋਂ ਬਿਨਾਂ ਮਨੁੱਖ ਦੀ ਹਾਲਤ “ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥” ਵਾਲੀ ਹੀ ਬਣੀ ਰਹਿੰਦੀ ਹੈ। ਇਸ ਹਾਲਤ ਵਿੱਚੋਂ ਨਿਕਲਣ ਲਈ ਹਰ ਪ੍ਰਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਗੁਰਬਾਣੀ ਨੂੰ ਅਰਥਾਂ ਸਮੇਤ ਖ਼ੁਦ ਪੜ੍ਹਨ ਦਾ ਸੱਦਾ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਧਰਮ ਨੂੰ ਸਿਆਸਤ ਲਈ ਵਰਤਣ ਵਾਲੇ ਰਾਜਨੀਤਕਾਂ ਨੂੰ ਗੁਰਦੁਆਰਿਆਂ ਤੋਂ ਦੂਰ ਰੱਖ ਕੇ ਗੁਰੂ ਕੀ ਗੋਲਕ ਨੂੰ ਗਰੀਬਾਂ ਲਈ ਵਰਤਣਾ ਤੇ ਗੁਰਬਾਣੀ ਅਤੇ ਉੱਚ ਪਾਏ ਦੀ ਦੁਨਿਆਵੀ ਵਿਦਿਆ ਦੇਣ ਲਈ ਗੁਰਦੁਆਰਿਆਂ ਵਿੱਚ ਗੁਰਮਤਿ ਕਲਾਸਾਂ ਤੋਂ ਇਲਾਵਾ ਆਈਏਐੱਸ ਤੇ ਮੈਡੀਕਲ ਕਾਲਜਾਂ ਵਿੱਚ ਸਿੱਖ ਨੌਜਵਾਨਾਂ ਨੂੰ ਦਾਖ਼ਲੇ ਦਿਵਾਉਣ ਲਈ ਕੋਚਿੰਗ ਸੈਂਟਰ ਖੋਲ੍ਹੇ ਜਾਣਾ ਹੈ ਤਾਂ ਕਿ ਵੱਧ ਤੋਂ ਵੱਧ ਸਿੱਖ ਨੌਜਵਾਨ ਸਿਰਦਾਰ ਕਪੂਰ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਤੇ ਪ੍ਰੋ: ਸਾਹਿਬ ਸਿੰਘ ਵਰਗੇ ਸਿੱਖ ਵਿਦਵਾਨ, ਚੰਗੇ ਗੁਰਸਿੱਖ ਅਫਸਰ, ਉਚ ਕੋਟੀ ਦੇ ਡਾਕਟਰ, ਵਕੀਲ ਤੇ ਜੱਜ ਬਣ ਕੇ ਮਾਨਵਤਾ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦੇ ਯੋਗ ਹੋ ਸਕਣ।

 

ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣਾ ਵੀ ਤਰਜੀਹੀ ਸੂਚੀ ਵਿੱਚ ਦਸਦਿਆਂ ਉਨ੍ਹਾਂ ਕਿਹਾ ਰਾਜ ਕਿਸੇ ਵੀ ਪਾਰਟੀ ਦਾ ਹੋਵੇ ਪਰ ਅਸਲੀ ਮਾਹਨਿਆਂ ਵਿੱਚ ਲੋਕਤੰਤਰ ਹੋਵੇ ਭਾਵ ਉਹ ਲੋਕਾਂ ਦਾ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੋਵੇ ਨਾ ਕਿ ਨਸ਼ੇ ਵੰਡਣ ਵਾਲੇ ਤੇ ਲੱਚਰਤਾ ਫੈਲਾਉਣ ਵਾਲਿਆਂ ਦਾ ਗੁੰਡਾ ਮਾਫ਼ੀਆ ਰਾਜ ਹੋਵੇ। ਐਸਾ ਲੋਕਤੰਤਰ ਤਾਂ ਹੀ ਸੰਭਵ ਹੋ ਸਕਦਾ ਜੇ ਲੋਕ ਆਪਣੇ ਫਰਜ ਸਮਝ ਕੇ ਜ਼ਮੀਰ ਦੇ ਆਧਾਰ ’ਤੇ ਵੋਟ ਪਾਉਣ ਦੇ ਸਮਰੱਥ ਹੋਣਗੇ। ਜੇਕਰ ਨਸ਼ਿਆਂ ਅਤੇ ਪੈਸਿਆਂ ਪਿੱਛੇ ਵੋਟ ਪਾਉਣ ਦਾ ਰੁਝਾਨ ਹੁਣ ਦੀ ਤਰ੍ਹਾਂ ਜਾਰੀ ਰਿਹਾ ਤਾਂ ਸਹੀ ਅਰਥਾਂ ਵਿੱਚ ਲੋਕਤੰਤਰ ਕਦੀ ਵੀ ਸੰਭਵ ਨਹੀਂ ਹੋ ਸਕਦਾ। ਭਾਈ ਪੰਥਪ੍ਰੀਤ ਸਿੰਘ ਨੇ ਸਮੁੱਚੀ ਲੋਕਾਈ ਨੂੰ ਸੱਦਾ ਦਿੱਤਾ ਕਿ ਕੁਝ ਕੁ ਪੈਸਿਆਂ ਅਤੇ ਨਸ਼ਿਆਂ ਪਿੱਛੇ ਵੋਟ ਪਾ ਕੇ ਆਪਣਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਾਉਣ ਤੋਂ ਗੁਰੇਜ਼ ਕਰਨ ਤੇ ਲੰਬੀ ਸੋਚ ਵੀਚਾਰ ਕਰ ਕੇ ਹੀ ਫੈਸਲਾ ਕਰਨ ਕਿ ਕਿਹੜੀ ਪਾਰਟੀ ਤੇ ਉਮੀਦਵਾਰ ਕੌਮ ਤੇ ਸਮਾਜ ਦੇ ਭਲੇ ਲਈ ਕੰਮ ਕਰਨ ਲਈ ਕੀਤੇ ਵਾਅਦਿਆਂ ’ਤੇ ਖਰਾ ਉੱਤਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਚੋਣਾਂ ਜਿੱਤਣ ਦੇ ਮਕਸਿਦ ਨਾਲ ਪੈਸੇ ਵੰਡ ਰਿਹਾ ਹੋਵੇ ਤਾਂ ਲੁੱਟ ਦਾ ਮਾਲ ਲੁੱਟਣ ਵਿੱਚ ਕੋਈ ਹਰਜ਼ ਨਹੀਂ ਹੈ ਪਰ ਵੋਟ ਸੋਚ ਸਮਝ ਕੇ ਆਪਣੀ ਜ਼ਮੀਰ ਦੀ ਅਵਾਜ਼ ਦੇ ਅਧਾਰ ’ਤੇ ਹੀ ਪਾਉਣੀ ਚਾਹੀਦੀ ਹੈ।


ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ, ਭਾਈ ਹਰਜੀਤ ਸਿੰਘ ਢਪਾਲੀ, ਭਾਈ ਸਤਿਨਾਮ ਸਿੰਘ ਚੰਦੜ, ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਹਰਦੀਪ ਸਿੰਘ ਚੀਮਾ ਆਦਿਕ ਨੇ ਵੀ ਸੰਬੋਧਨ ਕੀਤਾ। ਉਕਤ ਸਾਰੇ ਪ੍ਰਚਾਰਕਾਂ ਤੇ ਸਮੁੱਚੀ ਸੰਗਤਾਂ ਨੇ ਭਾਈ ਪੰਥਪ੍ਰੀਤ ਸਿੰਘ ਦੇ ਵੀਚਾਰਾਂ ਦੀ ਪ੍ਰੋੜਤਾ ਕਰਦੇ ਹੋਏ ਜੈਕਾਰੇ ਛੱਡ ਕੇ ਇੱਕ-ਮੁਠਤਾ ਦਾ ਪ੍ਰਗਟਾਵਾ ਕੀਤਾ। ਭਾਈ ਕੁਲਦੀਪ ਸਿੰਘ ਲਾਈਵ ਸਿੱਖ ਵਰਲਡ ਅਤੇ ਭਾਈ ਕਮਲਦੀਪ ਸਿੰਘ ਗੁਰ ਕੀ ਬਾਣੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ।


ਇਸੇ ਦੌਰਾਨ ਪਹਿਲੀ ਤੋਂ ਬਾਰਵੀਂ ਕਲਾਸ ਤੱਕ ਦੇ ਸਾਢੇ ਤਿੰਨ ਸੌ ਬੱਚਿਆਂ ਦੇ ਪ੍ਰਾਈਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਤਿੰਨ ਗੁਰੱਪ ਬਣਾ ਕੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦੇ ਲਿਖਤੀ ਟੈਸਟ ਲੈ ਕੇ ਮੈਰਿਟ ਵਿੱਚ ਆਉਣ ਵਾਲਿਆਂ ਨੂੰ ਨਕਦੀ ਇਨਾਮ ਤੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸ਼ੀਲਡਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ ਹੋਰਨਾਂ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ, ਕਵੀਸ਼ਰੀ ਤੇ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾ ਕੇ ੳਨ੍ਹਾਂ ਨੂੰ ਅਲਗ ਇਨਾਮ ਦਿੱਤੇ ਗਏ ਤੇ ਸਨਮਾਨਿਤ ਕੀਤੇ ਗਏ।

ਜਾਰੀ ਕਰਤਾ: ਜਸਵਿੰਦਰ ਸਿੰਘ ਸਪੰਰਕ ਨੰ: 94632-12147, ਕਿਰਪਾਲ ਸਿੰਘ 98554-80797


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top