ਕੱਲ੍ਹ ਇਕ ਗੋਲਡ
ਮੈਡਲਿਸਟ ਕਥਾਕਾਰ ਇਕ ਟੀ.ਵੀ.ਚੈਨਲ ‘ਤੇ ਕਥਾ ਕਰਦਾ ਹੋਇਆ ਸਾਧਾਂ
ਦੇ ਡੇਰਿਆਂ ‘ਚ ਲੰਗਰ ਨਾ ਬਣਾਉਣ/ ਪਕਾਉਣ ਦੀ ਪ੍ਰਥਾ ਨੂੰ ਸਹੀ ਦਰਸਾ ਰਿਹਾ
ਸੀ। ਉਸ ਦਾ ਕਹਿਣਾ ਸੀ ਕਿ ਡੇਰੇ ਦੇ ਬਾਬੇ
ਨੇ ਇਹ ਪ੍ਰਥਾ ਤਾਂ ਚਲਾਈ ਸੀ ਕਿ ਲੰਗਰ ਤਿਆਰ ਕਰਨ ਵਿਚ ਸਮਾਂ ਬਹੁਤ ਲੱਗਦਾ
ਸੀ ਤੇ ਨਾਮ ਜਪਣ ਨੂੰ ਸਮਾਂ ਘੱਟ ਮਿਲਦਾ ਸੀ।
ਪਾਠਕੋ! ਜ਼ਰਾ ਸੋਚੋ ਕਿ ਜਿਹੜੇ ਲੋਕ ਘਰਾਂ ‘ਚ
ਲੰਗਰ ਪਕਾ ਕੇ ਇਹਨਾਂ ਵਿਹਲੜ ਸਾਧਾਂ ਦੇ ਢਿੱਡ ਭਰਦੇ ਸਨ, ਉਹਨਾਂ ਵਿਚਾਰਿਆਂ
ਨੂੰ ਤਾਂ ਨਾਮ ਜਪਣ ਵਿੱਚ ਬਹੁਤ ਘਾਟਾ ਪੈਂਦਾ ਹੋਵੇਗਾ ਤੇ ਉਹਨਾਂ ਦਾ ਉਧਾਰ
ਕਿਵੇਂ ਹੁੰਦਾ ਹੋਵੇਗਾ? ਇਹ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਸਾਧਾਂ
ਨੇ ਹਰ ਕੰਮ ਸਿੱਖ ਸਿਧਾਂਤਾਂ ਦੇ ਉਲ਼ਟ ਹੀ ਕੀਤਾ ਹੈ। ਅਜਿਹੇ ਕਥਾਕਾਰ
ਗੁਰਦੁਆਰਿਆਂ ਵਿਚ ਕਥਾ ਕਰ ਕੇ ਮਾਇਆ ਤਾਂ ਗ੍ਰਹਿਸਥੀ ਅਤੇ ਕਿਰਤੀ ਸਿੱਖਾਂ
ਦੀਆਂ ਜੇਬਾਂ ‘ਚੋਂ ਲੈਂਦੇ ਹਨ ਪਰ ਗੁਣ ਡੇਰਿਆਂ ਦੇ ਸਾਧਾਂ ਦੇ ਗਾਉਂਦੇ ਹਨ।
ਇਸ ਕਥਾਕਾਰ ਮੁਤਾਬਿਕ ਤਾਂ ਫਿਰ ਗੁਰੂ ਨਾਨਕ
ਪਾਤਸ਼ਾਹ ਨੇ ਕਰਤਾਰ ਪੁਰ ਵਿਚ ਜੋ ਲੰਗਰ ਦੀ ਪ੍ਰਥਾ ਚਲਾਈ ਉਹ ਗ਼ਲਤ ਸੀ,
ਕਿਉਂਕਿ ਲੰਗਰ ਦੀ ਤਿਆਰੀ ਵਿਚ ਸਮਾਂ ਨਸ਼ਟ ਹੋ ਜਾਂਦਾ ਸੀ ਅਤੇ ਬਾਬਾ ਜੀ ਤੇ
ਉਹਨਾਂ ਦੇ ਸਿੱਖ ਉਤਨਾ ਸਮਾਂ ਨਾਮ ਜਪਣ ਤੋਂ ਵਾਂਝੇ ਰਹਿ ਜਾਂਦੇ ਸਨ। ਗੁਰੂ
ਅਮਰਦਾਸ ਜੀ ਨੇ ਤਾਂ ਬਹੁਤ ਹੀ ਵੱਡੀ ਗ਼ਲਤੀ ਕੀਤੀ ਕਿ ਪੰਗਤ ਵਿਚ ਲੰਗਰ ਛਕਣ
ਤੋਂ ਬਿਗ਼ੈਰ ਕਿਸੇ ਨੂੰ ਦਰਸ਼ਨ ਨਾ ਦੇਣ ਦੇ ਹੁਕਮ ਜਾਰੀ ਕਰ ਦਿੱਤੇ।
ਅਜਿਹੇ ਕਥਾਕਾਰ ਕਿਹੜੀ ਦੁਨੀਆਂ ‘ਚ ਰਹਿੰਦੇ
ਹਨ? ਸੰਸਾਰ ਭਰ ਵਿਚ ਗੁਰਦੁਆਰਿਆਂ ਵਿਚ ਲੋੜਵੰਦਾਂ ਨੂੰ ਛਕਾਏ
ਜਾ ਰਹੇ ਲੰਗਰ ਦੀ ਪ੍ਰਸ਼ੰਸਾ ਤਾਂ ਦੁਨੀਆਂ ਭਰ ਦੀਆਂ ਸਰਕਾਰਾਂ ਵੀ ਕਰਦੀਆਂ
ਹਨ। ਅਜੇ ਹੁਣੇ ਹੀ ਮੋਦੀ ਦੀ ਨੋਟਬੰਦੀ ਨਾਲ ਭਾਰਤ ਦੀ ਯਾਤਰਾ ਕਰਨ ਆਏ
ਵਿਦੇਸ਼ੀ ਲੋਕ ਜਦੋਂ ਫ਼ਸ ਗਏ ਤਾਂ ਗੁਰਦੁਆਰਿਆਂ ਨੇ ਹੀ ਉਹਨਾਂ ਨੂੰ ਲੰਗਰ
ਛਕਾਇਆ। ਕੀ ਇਹ ਕਥਾਕਾਰ ਕਹਿਣਾ ਚਾਹੁੰਦਾ ਹੈ ਕਿ ਗੁਰਦੁਆਰਿਆਂ ਵਿੱਚ ਲੰਗਰ
ਬੰਦ ਕਰ ਦੇਣੇ ਚਾਹੀਦੇ ਹਨ?
ਗੁਰੂ ਸਾਹਿਬ ਨੇ ਭੋਰਿਆਂ ਵਿੱਚ ਲੁੱਕ ਕੇ ਨਾਮ ਜਪਣ
ਦੀ ਸਿਖਿਆ ਕਿਤੇ ਨਹੀਂ ਦਿੱਤੀ, ਸਗੋਂ ਗ੍ਰਹਿਸਤ ਮਾਰਗ ਨੂੰ ਪਹਿਲ ਦਿਤੀ ਤੇ
“ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ” ਦਾ ਉਪਦੇਸ਼
ਦਿਤਾ। ਕੀ ਲੰਗਰ ਤਿਆਰ ਕਰਦਿਆਂ ਜਪਿਆ ਹੋਇਆ ਨਾਮ ‘ਨਾਮ’ ਨਹੀਂ ?
‘ਧੰਨ ਹਨ’ ਉਹ ਲੋਕ ਜੋ ਸਿੱਖ-ਸਿਧਾਂਤ ਦੀਆਂ ਜੜ੍ਹਾਂ
‘ਚ ਤੇਲ ਦੇਣ ਵਾਲ਼ੇ ਅਜਿਹੇ ਪ੍ਰਚਾਰਕਾਂ ਨੂੰ ਗੋਲਡ ਮੈਡਲਾਂ ਨਾਲ਼ ਸ਼ਿੰਗਾਰਦੇ
ਹਨ।