Share on Facebook

Main News Page

" ਰਾਜ ਕਰੇਗਾ ਖਾਲਸਾ " ਦੇ ਇਤਿਹਾਸ ਬਾਰੇ ਜਾਣਕਾਰੀ
-: ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਇਹ ਪੰਗਤੀ, “ਰਾਜ ਕਰੇਗਾ ਖਾਲਸਾ” ਜਿਸ ਬਾਰੇ ਪੰਜਾਬੀ ਪਾਰਟੀ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ, “ਭਗਵੰਤ ਵੱਲੋਂ ਗੁਰਬਾਣੀ ਦੇ ਸ਼ਬਦ ਨਾਲ ਖਿਲਵਾੜ, ਨੀਚ ਕਿਰਦਾਰ ਦਾ ਪ੍ਰਗਟਾਵਾ”। ਭਗਵੰਤ ਮਾਨ ਨੂੰ ਅਗਿਆਨੀ ਦੱਸਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਖ਼ੁਦ ਇਹ ਵੀ ਨਹੀਂ ਪਤਾ ਕਿ ਇਹ ਪੰਗਤੀ ਗੁਰਬਾਣੀ ਨਹੀਂ ਹੈ।

ਇਸ ਚਰਚਾ ਦਾ ਆਰੰਭ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਵੱਲੋਂ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਈ ਸਾਲ ਪਹਿਲਾ ਕਿਸੇ ਸਟੇਜ ਤੇ ਇਕੱਤਰ ਹੋਏ ਕਲਾਕਾਰਾਂ ਦੇ ਇਕੱਠ ਵਿੱਚ, “ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ” ਨੂੰ ਵਿਗਾੜ ਕੇ “ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨ ਕੋਇ” ਉਚਾਰਿਆ ਸੀ। ਇਸ ਕਾਰਨ ਉਸ ਦਾ ਹਿਰਦਾ ਵਲੂੰਧਰਿਆ ਗਿਆ ਹੈ। ਆਰ ਪੀ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਿਖਤੀ ਸ਼ਿਕਾਇਤ ਅਤੇ ਸਬੂਤ ਵੱਜੋਂ ਇਕ ਸੀ ਡੀ ਦੇ ਕੇ ਅਪੀਲ ਕੀਤੀ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਇਸ ਅਵੱਗਿਆ ਲਈ ਉਸ ਖਿਲਾਫ਼ ਗੁਰਮਤਿ ਅਨੁਸਾਰ ਕਾਰਵਾਈ ਕੀਤੀ ਜਾਵੇ।

ਗਿਆਨੀ ਗੁਰਬਚਨ ਸਿੰਘ ਨੇ ਇਸ ਸ਼ਿਕਾਇਤ ਬਾਰੇ ਕਿਹਾ ਕਿ ਇਸ ਤੇ ਪੰਜ ਸਿੰਘ ਸਾਹਿਬ ਦੀ 12 ਦਸੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਭਗਵੰਤ ਮਾਨ ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਜਾਤੀ ਸੂਚਕ ਸ਼ਬਦ ਦੀ ਵਰਤੋ ਕੀਤੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਸਾਲ ਪੁਰਾਣੀ ਵੀਡਿਓ ਵੇਖ ਕੇ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਦਾ ਹਿਰਦਾ ਤਾਂ ਛਲਨੀ ਹੋ ਗਿਆ ਹੈ ਪਰ ਜਿਸ ਲਈ ਜਾਤੀ ਸੂਚਕ ਸ਼ਬਦ ਵਰਤਿਆ ਗਿਆ ਹੈ; ਭਾਵ ਸਰਦੂਲ ਸਿਕੰਦਰ ਨੇ ਤਾਂ ਕਦੇ ਕੋਈ ਇਤਰਾਜ਼ ਨਹੀਂ ਕੀਤਾ। ਉਂਝ ਜੇ ਫ਼ੋਟੋ ਨੂੰ ਧਿਆਨ ਨਾਲ ਵੇਖੀਏ ਤਾਂ ਭਾਰਤੀ ਜੰਤਾ ਪਾਰਟੀ ਦਾ ਇਹ ਨੇਤਾ, ਸਿੱਖ ਰਹਿਤ ਮਰਿਯਾਦਾ ਮੁਤਾਬਕ ਖ਼ੁਦ ਹੀ ਤਨਖ਼ਾਹੀਆਂ ਹੈ। ਅਸਲ ਦੋਸ਼ੀ ਤਾਂ ਆਰ ਪੀ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਹਨ ਜੋ ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਦੱਸ ਰਹੇ ਹਨ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫ਼ਤ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਵੀ ਇਹ ਪੰਗਤੀਆਂ ਪੜ੍ਹਨ ਦੀ ਹਦਾਇਤ ਨਹੀਂ ਕੀਤੀ ਗਈ। ਅੱਜ ਵੀ ਤੁਸੀਂ ਹਰਿਮੰਦਰ ਸਾਹਿਬ ਤੋਂ ਅਰਦਾਸ ਸੁਣ ਸਕਦੇ ਹੋ। ਇਹ ਪੰਗਤੀਆਂ ਨਹੀਂ ਪੜ੍ਹੀਆਂ ਜਾਂਦੀਆਂ। ਆਪੂ ਬਣੇ ਸੰਤ ਸਮਾਜ ਵੱਲੋਂ ਅਪ੍ਰੈਲ 1994 ਈ: ਵਿਚ ਬਣਾਈ ਗਈ ਰਹਿਤ ਮਰਯਾਦਾ ਵਿੱਚ ਇਹ ਪੰਗਤੀਆਂ ਪੜ੍ਹਨ ਲਈ ਲਿਖਿਆ ਗਿਆ ਹੈ। ਇਹ ਦੋਹਰੇ ਪੰਨਾ 5 ਤੇ ਹੇਠ ਲਿਖੇ ਅਨੁਸਾਰ ਦਰਜ ਹੈ।

ਆਗਿਆ ਭਈ ਅਕਾਲ ਕੀ ਤਭੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੈ ਖੋਜ ਸਬਦ ਮੈਂ ਲੇਹ।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖ੍ਵਾਰ ਹੋਇ ਸਭ ਮਿਲੈਗੇ ਬਚੈ ਸ਼ਰਨ ਜੋ ਹੋਇ।

ਇਸ ਵਿਚ ਪਹਿਲੀਆਂ ਚਾਰ ਪੰਗਤੀਆਂ (ਦੋ ਦੋਹਰੇ) ਗਿਆਨੀ ਗਿਆਨ ਸਿੰਘ ਦੀਆਂ ਅਤੇ ਆਖਰੀ ਦੋ ਪੰਗਤੀਆਂ (ਇਕ ਦੋਹਰਾ) ਭਾਈ ਨੰਦ ਲਾਲ ਜੀ ਦੀਆਂ ਲਿਖੀਆਂ ਹੋਈਆਂ ਹਨ।

ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਦੋ ਦੋਹਰੇ ਵੀ ਕਈ ਵਾਰ ਸੁਨਣ ਨੂੰ ਮਿਲਦੇ ਹਨ।

ਵਾਹਿਗੁਰੂ ਨਾਮ ਜਹਾਜ ਹੈ ਚੱੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਂਵਦੇ ਗੁਰ ਪਾਰ ਉਤਾਰਨ ਹਾਰ।
ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ।
ਸੋ ਹਮਰੀ ਰਖਸ਼ਾ ਕਰੇ ਕਲਗੀਧਰ ਜਗਦੀਸ਼।


ਕਿਉਂਕਿ ਪੰਥ ਪ੍ਰਮਾਣਤ ਰਹਿਤ ਮਰਯਾਦਾ ਵਿੱਚ ਦੋਹਰੇ ਪੜ੍ਹਨ ਲਈ ਕੋਈ ਹਦਾਇਤ ਨਹੀਂ ਕੀਤੀ ਹੋਈ, ਇਸ ਕਾਰਨ ਉਪ੍ਰੋਕਤ ਦੋਹਰਿਆਂ ਵਿਚੋਂ ਕਿਹੜੇ ਦੋਹਰੇ ਪੜ੍ਹਨੇ ਹਨ, ਇਹ ਅਰਦਾਸੀਏ ਸਿੰਘ ਹੀ ਤੇ ਨਿਰਭਰ ਕਰਦਾ ਹੈ।

ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਸਵਾਲ ਦੇ ਜਵਾਬ ਵਿੱਚ ਲਿਖੇ ਗਏ ਪੱਤਰ ਨੰ: 36672, ਮਿਤੀ 3-8-73 ਈ: ਵਿਚ ਇਸ ਸਬੰਧੀ ਦਰਜ ਹੈ, “ਆਪ ਜੀ ਦੀ ਪੱਤਰਕਾ ਮਿਤੀ 6-7-1973 ਦੇ ਸਬੰਧ ਵਿੱਚ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜੱਥੇਦਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਦੀ ਰਾਏ ਹੇਠ ਲਿਖੇ ਅਨੁਸਾਰ ਆਪ ਜੀ ਨੂੰ ਭੇਜੀ ਜਾਂਦੀ ਹੈ:-

1. "ਰਾਜ ਕਰੇਗਾ ਖਾਲਸਾ" ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਪੜ੍ਹਿਆ ਜਾਂਦਾ ਹੈ, ਇਹ ਗੁਰਮਤਿ ਦੇ ਅਨੁਕੂਲ ਹੈ, ਕਿਉਂਕਿ ਦੋਹਰੇ ਪੜ੍ਹਨੇ ਪੰਥਕ ਫੈਸਲਾ ਹੈ। ਇਸ ਫੈਸਲੇ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ”। (ਦਸਮ ਗ੍ਰੰਥ ਬਾਰੇ ਚੋਣਵੇਂ ਲੇਖ, ਪੰਨਾ 50)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਰਹਿਤ ਮਰਯਾਦਾ ਵਿੱਚ ਦੋਹਰੇ ਪੜ੍ਹਨ ਦਾ ਕੋਈ ਜਿਕਰ ਨਹੀਂ ਹੈ ਤਾਂ ਇਹ ਪੰਥਕ ਫੈਸਲਾ ਕਿਵੇਂ ਹੋਇਆ? ਕੀ ਪੰਥ ਨੇ ਇਹ ਫੈਸਲਾ 1945 ਈ: ਤੋਂ ਪਿਛੋਂ (1973 ਈ: ਤੋਂ ਪਹਿਲਾ) ਕੀਤਾ ਹੈ? ਜੇ ਅਜੇਹਾ ਹੋਇਆ ਹੈ ਤਾਂ ਇਸ ਫੈਸਲੇ ਨੂੰ ਰਹਿਤ ਮਰਯਾਦਾ ਵਿੱਚ ਦਰਜ ਕਿਉਂ ਨਹੀਂ ਕੀਤਾ ਗਿਆ?
ਆਓ ਇਨ੍ਹਾਂ ਪੰਗਤੀਆਂ ਦੀ ਪੈੜ ਵੇਖੀਏ।

ਦਮਦਮੀ ਟਕਸਾਲ ਦੀ ਇਕ ਕਿਤਾਬ, ‘ਗੁਰਬਾਣੀ ਪਾਠ ਦਰਪਣ’ ਵਿੱਚ ਇਹ ਦੋਹਰੇ ਹੇਠ ਲਿਖੇ ਅਨੁਸਾਰ ਹਨ;

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ।1।
ਗੁਰੂ ਗ੍ਰੰਥ ਜੀ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।2।
ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖੁਆਰ ਹੋਇ ਸਭ ਮਿਲੈਂਗੇ ਬਚੇ ਸ਼ਰਨ ਜੋ ਹੋਇ ।3।

ਇਹ ਤਿੰਨ ਸ਼੍ਰੀ ਮੁਖਵਾਕ ਪਾਤਿਸ਼ਾਹੀ ਦਸਵੀਂ ਜੀ ਦੇ ਹਨ ਬਾਕੀ ਦੇ ਦੋਹਰੇ ਗਿਆਨੀ ਗਿਆਨ ਸਿੰਘ ਜੀ ਦੇ ਹਨ। (ਗੁਰਬਾਣੀ ਪਾਠ ਦਰਪਣ ਪੰਨਾ 153)

ਸਰਦਾਰ ਕਪੂਰ ਸਿੰਘ ਜੀ ਵੀ ਇਸ ਦੋਹਰੇ ਨੂੰ ‘ਮੁਖਵਾਕ’ ਹੀ ਮੰਨਦੇ ਹਨ, “ਜਿਹੜਾ ਦੋਹਰਾ ਗੁਰੂ ਗੋਬਿੰਦ ਸਿੰਘ ਜੀ ਦੇ 1708 ਈ: ਵਿੱਚ ਜੋਤੀ-ਜੋਤ ਸਮਾਉਣ ਤੋਂ ਲੈ ਕੇ ਹੁਣ ਤਕ ਸਿੱਖ ਹਰ ਰੋਜ ਆਪਣੇ ਸੁਤੰਤਰ ਇਕੱਠਾਂ ਵਿੱਚ ਉਚਾਰਦੇ ਆਏ ਹਨ ਅਤੇ ਜਿਹੜਾ ਦੋਹਰਾ ‘ਸ੍ਰੀ ਮੁਖਵਾਕ’ ਭਾਵ ਗੁਰੂ ਸਾਹਿਬ ਦੇ ਨਿੱਜੀ ਮੁਕਾਰਬਿੰਦ ਤੋਂ ਉਚਾਰਨ ਹੋਏ ਅਸਲੀ ਪਵਿੱਤਰ ਸ਼ਬਦ ਹਨ:

ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ।
ਖਵਾਰ ਹੋਇ ਸਭ ਮਿਲੈਂਗੇ ਬਚੈ ਸ਼ਰਨ ਜੋ ਹੋਇ”।

(ਰਾਜ ਕਰੇਗਾ ਖਾਲਸਾ ਅਤੇ ਹੋਰ ਨਿਬੰਧ ,ਪੰਨਾ 144) ਯਾਦ ਰਹੇ ਸਰਦਾਰ ਕਪੂਰ ਸਿੰਘ ਜੀ ਦਾ ਇਹ ਲੇਖ ਧਰਮ ਪ੍ਰਚਾਰ ਕਮੇਟੀ ਵੱਲੋਂ ਵੀ ਅੰਗਰੇਜੀ ਵਿਚ ਛਾਪਿਆ ਗਿਆ ਹੈ।

ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਦੀ ਅਸਲ ਲਿਖਤ;

ਤਥਾ ਹੀ ਸ਼੍ਰੀ ਮੁਖ ਵਾਕਯ ਪਾਤਸ਼ਾਹੀ ੧੦

ਦੋਹਰਾ
ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਹਰਿ ਅਵਤਾਰ।
ਜਗਮਗ ਜੋਤਿ ਬਿਰਾਦਰੀ ਸ਼੍ਰੀ ਗੁਰੂ ਗ੍ਰੰਥ ਮਜਾਰ।89।

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ।
ਸਭ ਸਿੱਖਨਿ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।90।

ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਯੋ ਚਹੈ ਖੋਜ ਸਬਦ ਮੈਂ ਲੇਹ।91।

ਦਰਸਯੋ ਚਹਿ ਸਤਿਗੁਰੂ ਜੋ ਸੈ ਦਰਸੇ ਗੁਰ ਗ੍ਰੰਥ।
ਪਢੈ ਸੁਨੇ ਸਵਾਰਥ ਲਹੈ ਪਰਮਾਰਥ ਕੋ ਪੰਥ।92।

ਵਾਹਿਗੁਰੂ ਗ੍ਰੰਥ ਜੀ ਉਭੈ ਜਹਾਜ ਉਦਾਰ।
ਸਰਧਾ ਕਰ ਜੋ ਸੇਵ ਹੇ ਸੋ ਉਤਰੈਂ ਭਵ ਪਾਰ।93।
(ਪੰਥ ਪ੍ਰਕਾਸ਼)

ਅਜੇਹਾ ਹੀ ਇਕ ਦੋਹਰਾ ਭਾਈ ਦਯਾ ਸਿੰਘ ਵੱਲੋ ਲਿਖੇ ਰਹਿਤਨਾਮੇ ਵਿਚ ਵੀ ਦਰਜ ਹੈ;

ਸ਼੍ਰੀ ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟਿਓ ਪੰਥ ਮਹਾਨ
ਗ੍ਰੰਥ ਪੰਥ ਗੁਰੂ ਮਾਨੀਏ ਤਾਰੇ ਸਕਲ ਕੁਲਾਲ ।
(ਰਹਿਤਨਾਮੇ ਪੰਨਾ 71)

ਦੋ ਦੋਹਰੇ ਭਾਈ ਪ੍ਰਹਿਲਾਦ ਸਿੰਘ ਜੀ ਦੇ ਰਹਿਤ ਨਾਮੇ ਵਿਚ ਵੀ ਹੇਠ ਲਿਖੇ ਮੁਤਾਬਕ ਦਰਜ ਹਨ:

ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ
ਜੋ ਸਿਖ ਮੋ ਮਿਲਬੇ ਚਹਿਹ, ਖੋਜ ਇਨਹੁ ਮਹਿ ਲੇਹ।25।

ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ।30।
(ਰਹਿਤਨਾਮੇ, ਪੰਨਾ 67)

ਭਾਈ ਪ੍ਰਹਿਲਾਦ ਸਿੰਘ ਜੀ ਦੇ ਇਹ ਦੋਹਰੇ ਗੁਰਮਤਿ ਦੀ ਕਸਵੱਟੀ ਤੇ ਪੂਰੇ ਢੁੱਕਦੇ ਹਨ। ਦੇਹ ਰੂਪ ਵਿਚ ਤਾਂ ਖਾਲਸਾ ਪੰਥ ਹੈ, ਨਾਕਿ ਗੁਰੂ ਗ੍ਰੰਥ। ਗਿਆਨੀ ਗਿਆਨ ਸਿੰਘ ਵੱਲੋਂ ਭਾਈ ਪ੍ਰਹਿਲਾਦ ਸਿੰਘ ਜੀ ਦੇ ਇਕ ਦੋਹਰੇ ਨੂੰ ਬਦਲ ਕੇ ਲਿਖਿਆ ਗਿਆ ਹੈ। ਜੇ ਭਾਈ ਨੰਦ ਲਾਲ ਜੀ ਵੱਲੋ ਲਿਖੀ ਪੰਗਤੀ ਵਿਚ ਇਕ ਸ਼ਬਦ ਬਦਲੀ ਕਰਨ ਲਈ ਭਗਵੰਤ ਮਾਨ ਦੋਸ਼ੀ ਹੈ ਤਾਂ ਭਾਈ ਪ੍ਰਹਿਲਾਦ ਸਿੰਘ ਦੀ ਪੰਗਤੀ ਨੂੰ ਬਦਲ ਕੇ ਲਿਖਣ ਕਾਰਨ ਗਿਆਨੀ ਗਿਆਨ ਸਿੰਘ ਬਾਰੇ ਕੀ ਖਿਆਲ ਹੈ?

ਗਿਆਨੀ ਗਿਆਨ ਸਿੰਘ ਵੱਲੋਂ, ਪ੍ਰਹਿਲਾਦ ਸਿੰਘ ਜੀ ਦੀ ਪੰਗਤੀ “ਗੁਰੂ ਖਾਲਸਾ ਮਾਨੀਅਹਿ, ਪਰਗਟ ਗੁਰੂ ਕੀ ਦੇਹ” ਨੂੰ ਬਦਲ ਕੇ ਲਿਖੀ ਪੰਗਤੀ, “ਗੁਰੂ ਗ੍ਰੰਥ ਜੂ ਮਾਨੀਓ ਪ੍ਰਗਟ ਗੁਰਾਂ ਕੀ ਦੇਹ” ਕਾਰਨ ਹੀ ਅੰਨੀ ਸ਼ਰਧਾ ਵੱਸ ਕਈ ਗੁਰਦਵਾਰਿਆਂ ਦੀਆਂ ਕਮੇਟੀਆਂ ਵੱਲੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ, ਗੁਰੂ ਦੀ ਦੇਹ ਮੰਨ ਕੇ, ਠੰਡੇ-ਤੱਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀਆਂ ਘਟਨਾਵਾਂ ਨਿਤ ਵਾਪਰਦੀਆਂ ਹਨ। ਕੀ ਸਿੰਘ ਸਾਹਿਬ ਆਪਣੀ 12 ਦਸੰਬਰ ਦੀ ਮੀਟਿੰਗ ਵਿੱਚ ਇਸ ਪਾਸੇ ਵੀ ਧਿਆਨ ਦੇਣਗੇ ਜਾਂ ਆਪਣੇ ਰਿਜ਼ਕ ਦਾਤਿਆਂ ਨੂੰ ਖੁਸ਼ ਕਰਨ ਲਈ ਭਗਵੰਤ ਮਾਨ ਨੂੰ ਬਲੀ ਦਾ ਬਕਰਾ ਬਣਾਉਣ ਦੀ ਅਸਫਲ ਕੋਸ਼ਿਸ਼ ਕਰਕੇ, ਜੱਗ ਹਸਾਈ ਕਰਵਾਉਣਗੇ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top