Share on Facebook

Main News Page

ਹੁਣ ਬਹੁਤ ਸਮਝਦਾਰ ਹੋ ਗਏ ਹਨ ਸਿੱਖ...
-: ਇਕਵਾਕ ਸਿੰਘ ਪੱਟੀ

ਸਿੱਖ, ਭਾਵ ਸਿੱਖਣਾ। ਗੁਰੂ ਕਾਲ ਦੌਰਾਨ ਜਿਸ ਕਿਸੇ ਨੇ ਵੀ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਿਆ, ਉਹ ਹੋਰ ਸਮਝਣ ਲਈ ਤਿਆਰ ਹੋ ਗਿਆ, ਹੋਰ ਸਿੱਖਣ ਲਈ ਤਿਆਰ ਹੋ ਗਿਆ ਅਤੇ ਗੁਰੂ ਨਾਨਕ ਵਿਚਾਰਧਾਰਾ ਦੇ ਪਾਂਧੀਆਂ ਨੂੰ ਸਿੱਖ ਕਿਹਾ ਜਾਣਾ ਲੱਗ ਪਿਆ, ਅਤੇ ਇਸ ਤਰ੍ਹਾਂ ਗੁਰੂ ਵਾਕ ‘ਮਨਿ ਖੋਜੁ ਮਾਰਗ॥’ ਦੇ ਸਿਧਾਂਤ ਰਾਹੀਂ ਰੋਜ਼ਾਨਾ ਹੀ ‘ਬੰਦੇ ਖੋਜ ਦਿਲ ਹਰ ਰੋਜ ਨ ਫਿਰ ਪੇਰਸਾਨੀ ਮਾਹਿ॥’ ਵਾਲੀ ਗੁਰਮਤਿ ਪ੍ਰਾਪੰਰਾ ਨੂੰ ਸਿੱਖਣ ਵਾਲੇ ਸਿੱਖ, ਆਪਣੇ ਜੀਵਣ ਢੰਗ ਨੂੰ ਸੁਖਾਲਾ ਅਤੇ ਅਨੰਦਮਈ ਕਰਦੇ ਗਏ। ਸਮਾਂ ਜਾਂਦਿਆਂ ਇਸ ਨਵੀਂ ਨਰੋਈ ਵਿਚਾਰਧਾਰਾ ਨੂੰ ਅਪਨਾਉਣ/ਮੰਨਣ ਵਾਲੇ ਇਹਨਾਂ ਸਿੱਖਿਆਰਥੀਆਂ/ਸਿੱਖਾਂ ਦੇ ਇਸ ਕਾਫਲੇ ਨੂੰ, ‘ਸਿੱਖ ਧਰਮ’ ਵੱਜੋਂ ਮਾਨਤਾ ਮਿਲਣੀ ਸ਼ੁਰੂ ਹੋ ਗਈ। ਇਸਦੇ ਬਾਵਜੂਦ ਆਪਣੇ ਸੱਚ ਦੇ ਧਰਮ ਵਿੱਚ ਪੱਕਿਆਂ ਰਹਿੰਦੇ ਹੋਏ ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਨੇ, ਅਜਿਹਾ ਇਤਿਹਾਸ ਸਿਰਜਿਆ ਜਿਸਦਾ ਬਦਲ ਕੁੱਲ ਦੁਨੀਆ ਨੂੰ ਨਾ ਮਿਲਿਆ ਨਾ ਮਿਲ ਸਕੇਗਾ।

ਗੁਰਬਾਣੀ ਤੋਂ ਕੁਰਬਾਨੀ, ਭਗਤੀ-ਸ਼ਕਤੀ, ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਜਿੰਦਗੀ ਦਾ ਅਧਾਰ ਬਣਾ ਕੇ ਚੱਲਣ ਵਾਲੇ ਇਹਨਾਂ ਸਿੱਖਾਂ ਨੇ ਅਜਿਹੇ ਕੀਰਤੀਮਾਨ ਸਥਾਪਤ ਕੀਤੇ, ਜੋ ਦੁਨੀਆਂ ਦੇ ਇਤਿਹਾਸ ਤੋਂ ਕਿਤੇ ਵੱਖਰੇ ਸਨ। ਸਬਰ, ਦ੍ਰਿੜਤਾ, ਕੁਰਬਾਨੀ, ਮਨੁੱਖੀ ਹੱਕਾਂ, ਗੱਲ ਕੀ ਹਰ ਕਸਵੱਟੀ ਤੇ ਖਰਾ ਉੱਤਰਿਆ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੰਨਣ ਵਾਲਾ ਹਰ ਸਿੱਖ, ਭਾਵੇਂ ਕਿ ਉਹ ਕਿਸੇ ਹੋਰ ਦੂਜੇ ਮਜ਼ਹਬ/ਧਰਮ, ਜ਼ਾਤ/ਬਿਰਾਦਰੀ ਨਾਲ ਸਬੰਧ ਰੱਖਦਾ ਸੀ। ਪਰ ਮਨੁੱਖੀ ਹੱਕਾਂ ਲਈ ਜੂਝ ਕੇ ਲੜਿਆ ਅਤੇ ਮਰਿਆ ਗੁਰੂ ਦਾ ਸਿੱਖ। ਹਮੇਸ਼ਾਂ ਚੜ੍ਹਦੀ ਕਲਾ ਵਿੱਚ ਵਿਚਰਿਆ, ਰਾਜ ਤੱਕ ਸਥਾਪਤ ਕੀਤਾ, ਆਪਣੀ ਕਰੰਸੀ (ਆਪਣੇ ਸਿੱਕੇ) ਤੱਕ ਚਲਾ ਦਿੱਤਾ, ਹਰ ਮੈਦਾਨ ਫਤਿਹ ਕੀਤਾ। ਹਰ ਫੈਸਲਾ ਬੜੇ ਹੀ ਸੁਚੱਜੇ ਢੰਗ ਅਤੇ ਗੰਭੀਰਤਾ ਨਾਲ, ਬੜੀ ਹੀ ਸੰਵੇਦਨਸ਼ੀਲ਼ਤਾ ਅਤੇ ਦੂਰਅੰਦੇਸ਼ੀ ਨਾਲ ਕਰਦੇ ਰਹੇ, ਕਿਉਂਕਿ ਹਰ ਫੈਸਲਾ ਗੁਰੂ ਗ੍ਰੰਥ ਅਤੇ ਪੰਥ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਰਿਹਾ ਸੀ। ਸੱਚੀਂ ਬਹੁਤ ਹੀ ਸਮਝਦਾਰ ਸਨ ਸਾਡੇ ਬਜ਼ੁਰਗ ਸਿੱਖ।

ਮੁਆਫ ਕਰਨਾ, ਮੈਂ ਵਿਸ਼ੇ ਤੋਂ ਬਾਹਰ ਹੋ ਗਿਆ ਕਿਉਂਕਿ ਇਸ ਲੇਖ ਦਾ ਸਿਰਲੇਖ ਉਹਨਾਂ ਸਿੱਖਾਂ ਵਾਸਤੇ ਨਹੀਂ, ਜਿਨ੍ਹਾਂ ਦਾ ਸੰਖੇਪ ਜ਼ਿਕਰ ਉੱਪਰ ਕਰ ਆਇਆ ਹਾਂ, ਇਸ ਲੇਖ ਦਾ ਸਬੰਧ ਪੂਰਣ ਤੌਰ ਤੇ ਅੱਜ ਦੇ ਸਿੱਖਾਂ ਨਾਲ ਹੈ, ਸੋ ਆਉ! ਅੱਜ ਦੇ ਸਿੱਖਾਂ ਦੀ ਸਮਝਦਾਰੀ/ਸਿਆਣਪ ਦਾ ਨਮੂਨਾ ਦੇਖਦੇ ਹਾਂ:

- ਹੁਣ ਸਿੱਖ, ਨਾਨਕ ਵਿਚਾਰਧਾਰਾ ਨਾਲੋਂ, ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਨਾਲੋਂ ‘ਜ਼ਾਤਾਂ/ਪਾਤਾਂ ਦੇ ਨਾਮ ਤੇ ਬਣੇ ਸੰਗਮਰਮਰ’ ਵਾਲੇ ਗੁਰਦੁਆਰੇ ਨੂੰ ਮਾਨਤਾ ਦਿੰਦੇ ਹਨ।

- ਹੁਣ ਸਿੱਖ, ਕਾਹਲੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ, ਜੋਤ ਨੂੰ ਮੱਥਾ ਟੇਕਣ ਲਈ ਬੜੀ ਹੀ ਸ਼ਿੱਦਤ ਅਤੇ ਸਬਰ ਨਾਲ ਇੰਤਜ਼ਾਰ ਕਰਦੇ ਹਨ।

- ਹੁਣ ਸਿੱਖ, ਤਖਤੀ 'ਤੇ ਲਿਖਿਆ ਹੋਇਆ ਹੁਕਮਨਾਮਾ ਅਤੇ ਭਾਵ, ਕੜਾਵ ਪ੍ਰਸਾਦਿ ਲੈਣ ਵਾਲੇ ਕਾਉਂਟਰ ਤੱਕ ਪੁੱਜਦਿਆਂ ਭੁੱਲ ਜਾਂਦੇ ਹਨ, ਪਰ ਨਿਸ਼ਾਨ ਸਾਹਿਬ 'ਤੇ ਜਾ ਕੇ ਨੱਕ/ਸਿਰ ਰਗੜਨਾ ਨਹੀਂ ਭੁੱਲਦੇ।

- ਹੁਣ ਸਿੱਖਾਂ, ਨੂੰ ਆਪਣੇ ਘਰਾਂ ਵਿੱਚ ਗੁਰਮਤਿ/ਪੰਜਾਬੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਸਾਹਿਤ ਦੀ ਲੋੜ ਨਹੀਂ ਰਹੀ। ਹਿੰਦੀ/ਅੰਗਰੇਜੀ ਸਾਹਿਤ ਅਤੇ ਬੱਚਿਆਂ ਨਾਲ ਹਿੰਦੀ ਅੰ੍ਰਗੇਜੀ ਵਿੱਚ ਗੱਲ ਕਰਨਾ ਅਤੇ ਆਪਣੇ ਆਪ ਅਗਾਂਹਵਧੂ ਅਤੇ ਪੜ੍ਹੇ-ਲਿਖੇ ਸਿੱਖ ਸਾਬਤ ਕਰਨਾ ਪਸੰਦ ਹੈ।

- ਹੁਣ ਸਿੱਖ, ਨੂੰ ਰੋਜ਼ਾਨਾ ਨਿਤਨੇਮ ਦੀ ਲੋੜ ਉਕਾ ਹੀ ਨਹੀਂ ਰਹੀ, ਕਿਉਂਕਿ ਹਰ ਘਰ/ਦੁਕਾਨ ਵਿੱਚ ਡੇਢ-ਦੋ ਫੁੱਟ ਦਾ ਮੰਦਰਨੁਮਾ ਗੁਰਦੁਆਰਾ ਕੰਧਾਂ 'ਤੇ ਟੰਗ ਲਿਆ ਹੈ, ਜਿਸ ਵਿੱਚ ਗੁਰੂਆਂ ਦੀਆਂ ਕਾਲਪਨਿਕ ਫੋਟੋਆਂ ਸਮੇਤ ਅਨਮਤੀ ਫੋਟੋਆਂ ਦੇ, ਧੂਫ/ਬੱਤੀ, ਜਗਮਗ ਕਰਦੇ ਬਿਜਲਈ ਲਾਟੂ, ਅਗਰਬੱਤੀ, ਗੋਲਕ ਆਦਿ ਦੀ ਪੂਜਾ ਕਰਨ ਨਾਲ ਹੀ ਹੁਣ ਮਾਨਸਿਕ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।

- ਹੁਣ ਸਿੱਖ, ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣ ਲੈਣ ਤਾਂ ਬਰਦਾਸ਼ਤ ਨਹੀਂ ਕਰਦੇ, ਉਸੇ ਵੇਲੇ ਇਹ ਖ਼ਬਰ ਸਾਰੀਆਂ ਸੋਸ਼ਲਾਂ ਸਾਈਟਾ/ਵੱਟਸਐਪ 'ਤੇ ਪਾ ਕੇ ਸੱਚੇ ਸਿੱਖ ਹੋਣ ਦਾ ਫ਼ਰਜ਼ ਅਦਾ ਕਰ ਦਿੰਦੇ ਹਨ।

- ਹੁਣ ਸਿੱਖ, ਅੰਮ੍ਰਿਤ (ਪ੍ਰਚੱਲਿਤ ਸ਼ਬਦ) ਅਸਲ ‘ਪਾਹੁਲ’ ਲੈਣ ਤੋਂ ਬਾਅਦ ਆਪਣੀ ਸੋਖ ਅਨੁਸਾਰ ਗਾਤਰੇ ਦੀ ਥਾਂ ਜਨੇਊ ਦੀ ਇੱਕ ਕਿਸਮ ਵਰਗੀ ਡੋਰੀ/ਧਾਗਾ ਪਾ ਕੇ, ਉਸ ਵਿੱਚ ਇੱਕ ਤੋਂ ਤਿੰਨ ਇੰਚ ਤੱਕ ਦੀ ਵੱਡੀ ਕ੍ਰਿਪਾਨ ਪਾ ਲੈਂਦੇ ਹਨ।

- ਹੁਣ ਸਿੱਖ, ਬੱਚੇ/ਬੱਚੀ ਦਾ ਅਨੰਦ ਕਾਰਜ ਕਰਨ ਤੋਂ ਪਹਿਲਾਂ ਜ਼ਾਤ/ਪਾਤ, ਸਾਹਾ ਕਢਵਾਉਣਾ, ਬਾਅਦ ਵਿੱਚ ਜੈ-ਮਾਲਾ, ਅਖੌਤੀ ਸੱਭਿਆਚਾਰ ਗਰੁੱਪ, ਸ਼ਰਾਬ-ਸ਼ਬਾਬ ਅਤੇ ਸਾਰੀਆਂ ਅਨਮਤੀ ਰਸਮਾਂ ਮੰਗਣੀ ਤੋਂ ਲੈ ਕੇ ਵਿਆਹ ਤੋਂ ਬਾਅਦ ਨਿਆਣਾ ਜੰਮਣ ਤੱਕ ਕਰਦੇ ਹਨ, ਪਰ ਅਨੰਦ ਕਾਰਜ ਵੇਲੇ ‘ਲਾਵਾਂ’ ਵਾਲੀ ਰਸਮ 15-20 ਮਿੰਟ ਵਿੱਚ ਮੁਕਾ ਲੈਂਦੇ ਹਨ, ਕਿਉਂਕਿ ਭਾਈ ਸਮਾਂ ਬਹੁਤ ਕੀਮਤੀ ਹੈ।

- ਹੁਣ ਸਿੱਖ, ਗੁਰਦੁਆਰਿਆਂ ਵਿੱਚ ਰਜ ਕੇ ਸੇਵਾ ਕਰਦੇ ਹਨ, ਪਰ ਮਾਤਾ/ਪਿਤਾ ਨੂੰ ਬਿਰਧ ਆਸ਼ਰਮਾਂ ਵਿਚ ਛੱਡ ਆਉਂਦੇ ਹਨ, ਘਰ ਦਾ ਮਾਹੌਲ ਖੁਸ਼ਨੁਮਾ ਨਹੀਂ ਕਰ ਪਾਉਂਦੇ।

- ਹੁਣ ਸਿੱਖ, ਬਰਦਾਸ਼ਤ ਨਹੀਂ ਕਰਦੇ ਕਿ ਕੋਈ ਟੋਪੀ/ਜ਼ੁਰਾਬਾਂ ਪਾ ਕੇ ਗੁਰਦੁਆਰੇ ਆਵੇ, ਪਰ ਆਪਣੇ ਘਰਾਂ ਵਿੱਚ ਨਿਆਣੇ ਪਤਿੱਤ ਅਤੇ ਨਸ਼ਿਆਂ ਦੇ ਆਦੀ ਹਨ (ਸ਼ਰਾਬ ਤਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੈ, ਜੇ ਨਹੀਂ ਵੀ ਹੈ ਤਾਂ ਖੁਸ਼ੀ ਗਮੀ ਦੇ ਮੌਕੇ ਤੇ ਐਂਟਰੀ ਮਾਰ ਹੀ ਲੈਂਦੀ ਹੈ)।

- ਹੁਣ ਸਿੱਖ, ਇਸ ਵੱਲ ਧਿਆਨ ਨਹੀਂ ਦਿੰਦੇ ਕਿ ਨਿੱਤਨੇਮ ਦੀਆਂ ਬਾਣੀਆਂ ਦਾ ਸ੍ਰੋਤ ਕੀ ਹੈ? ਧਿਆਨ ਨਹੀਂ ਦਿੰਦੇ ਕਿ ਗੁਰ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗ ਹਨ, ਕੀ ਕਿੱਥੇ ਲਿਖਿਆ ਹੈ, ਪਰ ਇੰਨ੍ਹਾਂ ਗਿਆਨ ਜ਼ਰੂਰ ਹੈ ਕਿ ਸੰਕਟ ਮੋਚਨ ਗੁਟਕੇ ਵਿੱਚਲੇ ਫਲਾਣੇ ਸ਼ਬਦ ਨਾਲ ਫਲਾਣੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ, ਜਾਂ ਮਾਇਆ ਪ੍ਰਾਪਤ ਹੁੰਦੀ ਹੈ।

- ਹੁਣ ਸਿੱਖ, ਸਹਿਜ ਪਾਠ ਦੀ ਥਾਂ ਅਖੰਡ ਪਾਠ ਕਰਦੇ ਹਨ, ਜੇ ਨਾ ਵੀ ਕਰਨ ਤਾਂ ਉਹ ‘ਆਪ ਨਿਰੰਜਣ ਨੀਰਿ ਨਰਾਇਣ’ ਵਾਲੇ ਸ਼ਬਦ ਨੂੰ 17 ਵਾਰ ਪੜ੍ਹ ਲੈਂਦੇ ਹਨ। ਜਾਂ ਕਿਸੇ ਅਖੌਤੀ ਟਕਸਾਲ/ਟਰੱਸਟ ਦੇ ਅਖੌਤੀ ਮਹਾਂਪੁਰਸ਼ਾਂ ਦੇ ਕਹੇ ਕਿਸੇ ਖਾਸ ਬਾਣੀ ਦਾ ਰਟਨ ਕਰ ਲੈਂਦੇ ਹਨ, ਕਿਉਂਕਿ ਉਸ ਨਾਲ ਉਹਨਾਂ ਨੂੰ ਅਖੰਡਪਾਠ ਜਿੰਨਾਂ ਮਹਾਤਮ ਮਿਲ ਜਾਂਦਾ ਹੈ।

- ਹੁਣ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਕਿਸੇ ਡੇਰੇ ਦੇ ਸਾਧ ਵੱਲੋਂ ਦੱਸੀ ਮਰਿਯਾਦਾ/ਪ੍ਰੰਪਰਾ ਨੂੰ ਵੱਧ ਤਵਜੋਂ ਦਿੰਦੇ ਹਨ, ਕਿਉਂਕਿ ਡੇਰੇ ਦੇ ਬਾਬਾ ਜੀ ਦਾ ਜੀਵਨ ਬੜਾ ਉੱਚਾ ਹੈ।

- ਹੁਣ ਸਿੱਖ, ਜਿਆਦਾ ਸਮਝਦਾਰ ਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਨ ਦੀ ਜਾਚ ਆ ਗਈ ਹੈ, ਉਹਨਾਂ ਦੀ ਮਰਜ਼ੀ ਹੀ ਗੁਰੂ ਦੀ ਮਰਜ਼ੀ ਹੈ, ਕਿਉਂਕਿ ਉਹ ਜੋ ਕੁੱਝ ਵੀ ਕਰਦੇ ਹਨ, ਪ੍ਰਮਾਤਮਾ ਆਪ ਹੀ ਉਹਨਾਂ ਕੋਲੋਂ ਕਰਵਾ ਰਿਹਾ ਹੈ, ਇਹ ਉਹਨਾਂ ਦੀ ਸਭ ਤੋਂ ਵੱਡੀ ਦਲੀਲ ਹੈ।

ਹੁਣ ਬਹੁਤ ਸਮਝਦਾਰ ਹੋ ਗਏ ਹਨ ਸਿੱਖ.. ਖੈਰ! ਬਾਕੀ ਫਿਰ ਕਦੇ ਸਹੀ..


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top