12 ਦਸੰਬਰ 2016 ਦੀ ਸਵੇਰ
ਦੀ ਕਥਾ ਸਾਬਕਾ ਮੁੱਖ ਸੇਵਾਦਾਰ ਸ਼੍ਰੀ ਅਕਾਲ ਬੁੰਗਾ ਅੰਮ੍ਰਿਤਸਰ ਪ੍ਰੋ.
ਮਨਜੀਤ ਸਿੰਘ ਨੇ ਗੁਰਦੁਆਰਾ ਬੰਗਲਾ (ਸਾਹਿਬ) ਵਿੱਚ ਕੀਤੀ। ਉਨ੍ਹਾਂ
ਨੇ ਧੰਨੁ ਸ਼੍ਰੀ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਉਸਤਤਿ ਵਿੱਚ ਗਯੰਦ
ਭੱਟ ਦੇ ਉਚਾਰੇ ਦੋ ਸਵੱਈਆਂ ਦੀ ਵਿਆਖਿਆ ਕਰਦਿਆਂ ਇਹ ਸਾਬਤ ਕਰ ਦਿੱਤਾ
ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਕਾਲਬੋਧਕ ਕੋਈ ਸ਼ਬਦ
‘ਵਾਹਿਗੁਰੂ’ ਨਹੀਂ ਹੈ, ਕਿਉਂਕਿ ਇਹ ‘ਵਾਹਿਗੁਰੂ’ ਸ਼ਬਦ ਗ਼ਲਤ ਪਦ-ਛੇਦ
ਕਾਰਣ ਕੇਵਲ ਗਯੰਦ ਭੱਟ ਦੇ ਉਚਾਰੇ ਸਵੱਈਆਂ ਵਿੱਚ ਹੀ ਹੈ, ਹੋਰ ਕਿਤੇ
ਨਹੀਂ।
‘ਵਾਹਿਗੁਰੂ’
ਸ਼ਬਦ ਦੇ ਅਰਥ ਕਰਦਿਆਂ, ਗਯੰਦ ਭੱਟ ਦੀ ਭਾਵਨਾ ਸਪੱਸ਼ਟ ਕਰਦਿਆਂ, ਉਨ੍ਹਾਂ
ਕਿਹਾ - ਹੇ ਗੁਰੂ ਰਾਮਦਾਸ ਜੀ ! ਤੁਸੀਂ ਧੰਨੁ ਹੋ ਤੁਸੀ ਧੰਨੁ
ਹੋ। ਇਨ੍ਹਾਂ ਅਰਥਾਂ ਨੂੰ ਸਪੱਸ਼ਟ ਕਰਨ ਲਈ ਉਨ੍ਹਾਂ ਨੇ ਗੁਰਬਾਣੀ
ਵਿੱਚੋਂ ‘ਵਾਹੁ’ ਅਤੇ ‘ਧੰਨੁ’ ਸ਼ਬਦਾਂ ਵਾਲ਼ੀਆਂ ਪੰਕਤੀਆਂ ਪ੍ਰਮਾਣ ਵਜੋਂ
ਸੁਣਾਈਆਂ ਜਿਨ੍ਹਾਂ ਵਿੱਚ ‘ਵਾਹਿ, ‘ਵਾਹੁ’ ਅਤੇ ‘ਧੰਨੁ’ ਸ਼ਬਦਾਂ ਦਾ
ਅਰਥ ਸੀ ਗੁਰੂ ਨੂੰ ਧੰਨੁ ਧੰਨੁ ਕਹਿਣਾ। ਇਸ ਤੋਂ ਸਪੱਸ਼ਟ ਹੋਇਆ ਕਿ
‘ਵਾਹਿਗੁਰੂ’ ਸ਼ਬਦ ਦੇ ਸਹੀ ਜੋੜ ‘ਵਾਹਿ’ ਅਤੇ ‘ਗੁਰੂ’ ਵੱਖ-ਵੱਖ ਹਨ।
ਇਹੀ ਅਰਥ ਗੁਰਬਾਣੀ ਵਿਆਕਰਣ ਦੇ ਪ੍ਰਸਿੱਧ ਵਿਦਵਾਨ ਪ੍ਰੋ. ਸਾਹਿਬ
ਸਿੰਘ ਨੇ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਕੀਤੇ ਹਨ। ਪ੍ਰੋ.
ਮਨਜੀਤ ਸਿੰਘ ਭਾਵੇਂ ਵਾਰ-ਵਾਰ ਅਕਾਲਪੁਰਖ ਵਾਹਿਗੁਰੂ ਜੀ ਸ਼ਬਦ ਕਰਤਾ
ਪੁਰਖ ਲਈ ਵਰਤ ਰਹੇ ਸਨ, ਪਰ ਗੁਰਬਾਣੀ ਵਿੱਚ ਉਨ੍ਹਾਂ ਦੁਆਰਾ ਹੀ
‘ਵਾਹਿਗੁਰੂ’ ਸ਼ਬਦ ਦੇ ਕੀਤੇ ਅਰਥਾਂ ਅਨੁਸਾਰ ਅਕਾਲਪੁਰਖ ਨੂੰ
ਵਾਹਿਗੁਰੂ ਨਹੀਂ ਕਿਹਾ ਜਾ ਸਕਦਾ, ਕਿਉਂਕਿ ‘ਵਾਹਿਗੁਰੂ’ ਸ਼ਬਦ ਦਾ ਅਰਥ
ਹੀ ‘ਹੇ ਗੁਰੂ ਰਾਮਦਾਸ ਜੀ ਤੁਸੀਂ ਧੰਨੁ ਹੋ! ਹੈ।
ਸਹੀ ਅਰਥ ਕਰਨ ਲਈ ਪ੍ਰੋ. ਮਨਜੀਤ ਸਿੰਘ ਵਧਾਈ ਦੇ ਪਾਤ੍ਰ ਹਨ।
ਨੇੜੇ ਬੈਠੀਆਂ ਸੰਗਤਾਂ ਅਤੇ ਦੂਰ ਦੁਰਾਡੇ ਇਸ ਕਥਾ ਨੂੰ ਸੁਣਨ ਵਾਲ਼ੇ
ਜਗਿਆਸੂਆਂ ਨੂੰ ਵੀ ਹੁਣ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ
‘ਵਾਹਿਗੁਰੂ’ ਸ਼ਬਦ ਦਾ ਅਰਥ ਕਰਤ ਪੁਰਖੁ ਜਾਂ ਅਕਾਲ ਪੁਰਖੁ ਨਹੀਂ ਹੈ
ਸਗੋਂ- ਹੇ ਗੁਰੂ ਰਾਮਦਾਸ ਜੀ, ਤੁਸੀਂ ਧੰਨੁ ਹੋ! ਹਨ। ਪ੍ਰੋ. ਮਨਜੀਤ
ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਅਕਾਲ ਪੁਰਖ ਵਾਹਿਗੁਰੂ,
ਵਾਹਿਗੁਰੂ ਪਰਮੇਸ਼ਰ ਆਦਿਕ ਸ਼ਬਦਾਂ ਦੀ ਵਰਤੋਂ ਕਰਕੇ ਸੰਗਤ ਨੂੰ
‘ਵਾਹਿਗੁਰੂ’ ਸ਼ਬਦ ਦੇ ਅਰਥਾਂ ਪ੍ਰਤੀ ਚੱਕਰ ਵਿੱਚ ਨਾ ਪਾਉਣ ਅਤੇ ਕਰਤਾ
ਪੁਰਖ ਲਈ ਗੁਰਬਾਣੀ ਵਿੱਚ ਵਰਤੇ ਹੋਰ ਅਨੇਕਾਂ ਸ਼ਬਦਾਂ ਵਿੱਚੋਂ ਹੀ ਸ਼ਬਦ
ਵਰਤਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਣ ਦਾ ਅਰਥ ਹੈ -ਹੇ ਗੁਰੂ
ਰਾਮਦਾਸ ਜੀ, ਤੁਸੀਂ ਧੰਨੁ ਹੋ! ਤੁਸੀਂ ਧੰਨੁ ਹੋ! ਤੁਸੀਂ ਧੰਨੁ ਹੋ!
ਜਿਵੇਂ ਕਿ ਉਨ੍ਹਾਂ ਨੇ ਆਪ ਹੀ ਅਰਥ ਕੀਤੇ ਹਨ। ਇਸੇ ਤਰ੍ਹਾਂ
‘ਵਾਹਿਗੁਰੂ ਜੀ ਕਾ ਖ਼ਾਲਸਾ’ ਦਾ ਅਰਥ ਹੈ ਖ਼ਾਲਸਾ ਗੁਰੂ ਦੀ ਫ਼ੌਜ ਹੈ ਅਤੇ
ਗੁਰੂ ਜੀ ਧੰਨੁ ਹਨ। ‘ਵਾਹਿਗੁਰੂ ਜੀ ਕੀ ਫ਼ਤਿਹ’ ਦਾ ਅਰਥ ਹੈ- ਖ਼ਾਲਸੇ
ਨੂੰ ਮਿਲ਼ੀ ਜਿੱਤ ਵੀ ਗੁਰੂ ਜੀ ਦੀ ਹੀ ਜਿੱਤ ਹੈ ਅਤੇ ਗੁਰੂ ਜੀ ਧੰਨੁ
ਹਨ।
‘ਵਾਹਿ’ ਸ਼ਬਦ ਫ਼ਾਰਸੀ
ਤੋਂ ਹੈ ਅਤੇ ‘ਗੁਰੂ’ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ। ਪਦ-ਛੇਦ
ਕਰਨ ਵਾਲ਼ੇ ਦੀ ਗੁਰਬਾਣੀ ਵਿੱਚ ਵਰਤੀਆਂ ਭਾਸ਼ਾਵਾਂ ਪੱਖੋਂ ਅਗਿਆਨਤਾ
ਕਾਰਣ ਹੀ ਇਸ ਸ਼ਬਦ ਨੂੰ ‘ਵਾਹਿ’ ਅਤੇ ‘ਗੁਰੂ’ ਲਿਖਣ ਦੀ ਥਾਂ ਗ਼ਲਤੀ
ਨਾਲ਼ ‘ਵਾਹਿਗੁਰੂ’ ਲਿਖਿਆ ਗਿਆ ਹੈ ਜਿਸ ਦੀ ਸੁਧਾਈ ਕਰਨੀ ਅਜੇ ਬਾਕੀ
ਹੈ। ਗੁਰਬਾਣੀ ਦੇ ਸ਼ਬਦਾਂ ਦਾ ਕੋਸ਼ ਬਣਾਉਣ ਵਾਲ਼ਿਆਂ ਨੇ ਵੀ ਪਦ-ਛੇਦ
ਕਾਰਣ ਹੋਈ ਗ਼ਲਤੀ ਨੂੰ ਦੁਹਰਾਉਂਦਿਆਂ ‘ਵਾਹਿਗੁਰੂ’ ਸ਼ਬਦ ਦੀ ਅਲੱਗ
ਗਿਣਤੀ ਕਰ ਕੇ ਗੁਰਬਾਣੀ ਦੇ ਖੋਜੀਆਂ ਨੂੰ ਵੀ ਅਗਾਂਹ ਚੱਕ੍ਰ ਵਿੱਚ ਪਾ
ਦਿੱਤਾ।
ਕਿਸੇ ਵੀ ਸਿੱਖ ਗੁਰੂ
ਪਾਤਿਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਲਈ ਵਾਹਿਗੁਰੂ
ਜਾਂ ਵਾਹਗੁਰੂ ਸ਼ਬਦ ਨਹੀਂ ਵਰਤਿਆ, ਪਰ ਸਿੱਖ ਇਸ ਸ਼ਬਦ ਨੂੰ ਛੱਡ
ਕੇ ਹੀ ਰਾਜ਼ੀ ਨਹੀਂ। ਪਤਾ ਨਹੀਂ ਸਿੱਖਾਂ ਦੀ ਸੋਚ ਗੁਰੂ ਦੀ ਸੋਚ ਨਾਲੋਂ
ਕਿਵੇਂ ਅਗਾਂਹ ਲੰਘ ਗਈ! ਪ੍ਰੋ. ਮਨਜੀਤ ਸਿੰਘ ਨੇ ਹੇਠ ਲਿਖੇ ਦੋ
ਸਵੱਈਆਂ ਦੀ ਵਿਚਾਰ ਸੁਣਾਈ ਸੀ:-
ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ
ਜੀਉ ॥ ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ
ਦਹੀ ਭਾਤੁ ਖਾਹਿ ਜੀਉ ॥ ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥ ਕਾਲ ਕਲਮ ਹੁਕਮੁ ਹਾਥਿ ਕਹਹੁ
ਕਉਨੁ ਮੇਟਿ ਸਕੈ ਈਸੁ ਬੰਮ੍ਹੁ ਗ੍ਹਾਨੁ ਧ੍ਹਾਨੁ ਧਰਤ ਹੀਐ ਚਾਹਿ ਜੀਉ
॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ
॥1॥6॥ ਰਾਮ ਨਾਮ ਪਰਮ ਧਾਮ ਸੁਧ ਬੁਧ ਨਿਰੀਕਾਰ ਬੇਸੁਮਾਰ ਸਰਬਰ ਕਉ
ਕਾਹਿ ਜੀਉ ॥ ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ
ਬਿਦਾਰਿ ਜੀਉ ॥ ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ
ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ ਆਦਿ
ਪੁਰਖੁ ਸਦਾ ਤੁਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ
॥2॥7॥