ਵਕਤਾ
ਸੰਸਕ੍ਰਿਤ ਦਾ ਸ਼ਬਦ, ਅਰਥ-ਬਕਤਾ, ਬੋਲਣ ਵਾਲਾ, ਕਹਿਣ ਵਾਲਾ, ਕਥਨ ਵਾਲਾ, ਕਥਾਕਾਰ, ਪ੍ਰਚਾਰਕ
ਅਤੇ ਉਪਦੇਸ਼ਕ ਆਦਿਕ ਹਨ। ਗੁਰੂ ਗ੍ਰੰਥ ਅਨੁਸਾਰ-
ਬਿਨ ਜਿਹਵਾ ਕਹਾ ਕੋ ਬਕਤਾ॥ (੧੧੪੦) ਗਿਆਨੀ ਅਤੇ ਬਕਤਾ ਕੌਣ ਹੈ?-ਕਉਣੁ
ਸੁ ਗਿਆਨੀ ਕਉਣੁ ਸੁ ਬਕਤਾ॥? ਉੱਤਰ ਹੈ-
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥(੧੩੧) ਭਾਵ:
ਗਿਆਨੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਅਤੇ ਗੁਰਮੁਖਿ ਗੁਰੂ ਦੀ ਸ਼ਰਨ ਵਿੱਚ
ਰਹਿਣ ਵਾਲਾ। ਸ਼ਬਦਾਂ ਰਾਹੀਂ ਉਪਦੇਸ਼ ਕਰਨ ਵਾਲਾ-
ਬਕਤੈ ਬਕਿ ਸਬਦੁ ਸੁਨਾਇਆ॥ ਸੁਨਤੈ ਸੁਨਿ ਮੰਨ ਬਸਾਇਆ॥(੯੭੨)
ਮਹਾਨ ਕੋਸ਼ ਅਤੇ ਗੁਰਮਤਿ ਅਨੁਸਾਰ ਵਕਤਾ
ਦੇ ਗੁਣ :
੧.
ਰਸਦਾਇਕ ਭਾਵ ਮਿੱਠੀ ਬਾਣੀ ਵਾਲਾ
੨. ਕਾਵਯ ਦਾ ਗਿਆਤਾ ਭਾਵ ਛੰਦਾਂ ਸ਼ਲੋਕਾਂ ਆਦਿ
ਦੀ ਲੈਅ ਮਿਣਤੀ ਮਾਪ ਜਾਨਣ ਵਾਲਾ
੩. ਸਰੋਤਿਆਂ ਦੀ ਰੁਚੀ ਅਨੁਸਾਰ ਅਰਥ ਦਾ
ਵਿਸਥਾਰ ਅਤੇ ਸੰਖੇਪ ਕਰਨ ਵਾਲਾ
੪. ਸਤਵਾਦੀ-ਸੱਚ ਬੋਲਣ ਵਾਲਾ
੫. ਦਲੀਲ ਨਾਲ ਖੰਡਨ ਮੰਡਨ ਵਿੱਚ ਚਤੁਰ
੬. ਪ੍ਰਸ਼ੰਗ ਅਨੁਸਾਰ ਪ੍ਰਮਾਣ ਦੇਣ ਵਾਲਾ
੭. ਅਨੇਕ ਮੱਤਾਂ ਦਾ ਜਾਣੂੰ
੮. ਧੀਰਜਵਾਨ (ਤਲਖੀ ਵਿੱਚ ਨਾਂ ਆਉਣ ਵਾਲਾ)
੯. ਚੰਚਲਤਾ ਰਹਿਤ
੧੦. ਸ਼ਰੋਤਾ ਦੀ ਬੁੱਧਿ ਆਨੁਸਾਰ ਉਸ ਦੀ ਸਮਝ
ਵਿੱਚ ਅਰਥ ਵਸਾਉਣ ਵਾਲਾ
੧੧. ਹੰਕਾਰ ਰਹਿਤ (ਵਿਦਵਤਾ ਦਾ ਘਮੰਡ ਨਾਂ ਕਰਨ
ਵਾਲਾ)
੧੨. ਸੰਤੋਖੀ
੧੩. ਧਰਮੀ (ਫਰਜਾਂ ਦੀ ਪਾਲਣਾਂ ਕਰਨ
ਵਾਲਾ)
੧੪. ਹੋਰਨਾਂ ਨੂੰ ਸੁਣਾਏ ਉਪਦੇਸ਼ ਤੇ ਅਮਲ ਕਰਨ
ਵਾਲਾ
੧੫. ਜਾਤ-ਪਾਤ ਛੂਆ-ਛਾਤ ਅਤੇ ਪਾਰਟੀ-ਧੜੇਬੰਦੀ
ਤੋਂ ਉੱਪਰ ਉੱਠ ਕੇ ਪ੍ਰਚਾਰ ਕਰਨ ਵਾਲਾ
੧੬. ਸਰਬੱਤ ਦਾ ਭਲਾ ਮੰਗਣ ਵਾਲਾ
੧੭. ਪਰਉਪਕਾਰੀ
੧੮. ਵੰਡ ਕੇ ਛੱਕਣ ਵਾਲਾ
੧੯. ਕਾਦਰ ਦੀ ਕੁਦਰਤ ਅਤੇ ਮਨੁੱਖਤਾ ਨਾਲ ਪਿਆਰ
ਕਰਨ ਵਾਲਾ
੨੦. ਦੇਸ਼ ਕਾਲ ਦੀਆਂ ਹੱਦ ਬੰਦੀਆਂ ਤੋਂ ਉੱਪਰ
ਉੱਠ ਕੇ ਪ੍ਰਚਾਰ ਕਰਨ ਵਾਲਾ ਆਦਿਕ ਸਫਲ ਵਕਤਾ ਦੇ ਗੁਣ ਹਨ।
ਉਪ੍ਰੋਕਤ ਗੁਣਾਂ ਆਦਿ ਦੇ ਧਾਰਨੀ ਨੂੰ ਪ੍ਰਚਾਰਕ
ਵਕਤਾ ਕਿਹਾ ਜਾ ਸਕਦਾ ਹੈ।
ਅਜਿਹੇ ਵਕਤੇ ਸੱਚ ਦਾ ਪ੍ਰਚਾਰ ਕਰਕੇ ਦੁਨੀਆਂ ਵਿੱਚ
ਮਾਨ ਪ੍ਰਾਪਤ ਕਰਦੇ ਹਨ। ਅੱਜ ਅਜਿਹੇ ਪ੍ਰਚਾਰਕ ਵਕਤਿਆਂ ਦੀ ਸੰਸਾਰ ਵਿੱਚ
ਅਤਿਅੰਤ ਲੋੜ ਹੈ। ਦੂਜੇ ਪਾਸੇ ਕਬੀਰ ਸਾਹਿਬ ਫੁਰਮਾਂਦੇ ਹਨ ਕਿ ਜੋ
ਪ੍ਰਚਾਰਕ ਦੂਜਿਆਂ ਨੂੰ ਮੱਤਾਂ ਦਿੰਦੇ, ਆਪ ਉਸ ਤੇ ਅਮਲ ਨਹੀਂ ਕਰਦੇ, ਉਹ
ਹੋਰਨਾਂ ਦੀ ਰਾਸ ਪੂੰਜੀ ਦੀ ਤਾਂ ਰਾਖੀ ਕਰਨ ਦਾ ਦਾਹਵਾ ਕਰਦੇ ਪਰ ਆਪਣੇ
ਗੁਣਾਂ ਰੂਪੀ ਖੇਤ ਨੂੰ ਖਾ ਭਾਵ ਗਵਾ ਲੈਂਦੇ ਹਨ-ਕਬੀਰ
ਅਵਰਹ ਕਉ ਉਪਦੇਸਤੇ ਮੁਖ ਮੈ ਪਰ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ
ਕਾ ਖੇਤੁ॥੯੮॥ (੧੩੬੯)
ਵਕਤਾ-ਪ੍ਰਚਾਰਕ ਸੱਚ ਉਪਦੇਸ਼ ਨੂੰ ਗੋਲ ਮੋਲ ਕਰਨ ਵਾਲਾ
ਵੀ ਨਹੀਂ ਹੋਣਾ ਚਾਹੀਦਾ ਸਗੋਂ ਦ੍ਰਿੜਤਾ ਨਾਲ ਪ੍ਰਚਾਰਨ ਵਾਲਾ ਹੋਵੇ, ਪਰ
ਵੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ ਬਹੁਤੇ ਬਕਤੇ ਪ੍ਰਚਾਰਕ ਮਾਇਆ ਖਾਤਰ
ਜਥਾਰਥ ਦੇ ਉੱਲਟ ਜੀ ਹਜ਼ੂਰੀ ਕਰਕੇ. ਮਿਥਿਹਾਸਕ ਪ੍ਰਚਾਰ ਜਿਆਦਾ ਕਰਦੇ ਹਨ।
ਸੋ, ਪ੍ਰਚਾਰਕਾਂ ਨੂੰ ਚੰਗੇ ਵਕਤੇ ਬਣਨ ਦੀ ਕਲਾ ਵਿਦਿਆਲੇ, ਸਕੂਲਾਂ, ਕਾਲਜਾਂ, ਚੰਗੇ
ਉਸਤਾਦਾਂ ਆਦਿ ਤੋਂ ਸਿੱਖਣੀ ਤੇ ਕਮਾਉਣੀ ਚਾਹੀਦੀ, ਨਾ ਕਿ ਦੇਖਾ ਦੇਖੀ ਵਕਤੇ
ਬਣਨਾ ਹੈ।