Share on Facebook

Main News Page

"ਲੰਘ ਨਿਕਥੈ ਵਰੈ ਸਰਾਪੈ ॥" ਪੀਪਨੀ ਵਾਲੇ ਸਾਧ ਦੀ ਅਖੌਤੀ ਕਥਾ ਦੇ ਸੰਦਰਭ ਵਿੱਚ
-: ਇਕਵਾਕ ਸਿੰਘ ਪੱਟੀ

ਲੇਖ ਦਾ ਸਿਰਲੇਖ ‘ਲੰਘ ਨਿਕਥੈ ਵਰੈ ਸਰਾਪੈ’ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ, ਗੁਰਮੁੱਖ ਪੰਥ ਦੀ ਪਰਿਭਾਸ਼ਾ ਦੱਸਦੀ 23ਵੀਂ ਵਾਰ ਦੀ 19ਵੀਂ ਪਉੜੀ ਦੀ ਆਖਰੀ ਪੰਗਤੀ ਤੋਂ ਲਿਆ ਗਿਆ ਹੈ। ਜਿਸਦਾ ਸੰਖੇਪ ਭਾਵ ਹੈ ਕਿ ‘ਵਰ-ਸਰਾਪ (ਸਿੱਧੀਆਂ ਵਗੈਰਾ) ਤੋਂ ਲੰਘਕੇ (ਗੁਰਮੁਖ ਪੰਥ) ਹੈ। ਕਿਉਂਕਿ ਗੁਰਬਾਣੀ ਗੁਰਮਤਿ ਸਿਧਾਂਤਾਂ ਅਨੁਸਾਰ ਵੈਸੇ ਵੀ ਵਰ-ਸਰਾਪ ਨੂੰ ਕਿਸੇ ਤਰ੍ਹਾਂ ਦੀ ਕੋਈ ਥਾਂ ਸਿੱਖ ਜੀਵਣ ਜਾਂਚ ਵਿੱਚ ਨਹੀਂ ਦਿੱਤੀ ਗਈ।

ਬਿਨ੍ਹਾਂ ਸ਼ੱਕ ਪੁਰਾਤਨ ਸਮੇਂ ਤੋਂ ਹੁਣ ਤੱਕ ਚੱਲੀ ਆ ਰਹੀ ਰੀਤ ਕਿ, ‘ਘਰ ਦੇ ਵੱਡੇ-ਵਡੇਰਿਆਂ ਅਤੇ ਸਿਆਣੀ ਉਮਰ ਦੇ ਬਜ਼ੁਰਗਾਂ ਦਾ ਆਦਰ ਸਤਿਕਾਰ ਕਰਦਿਆਂ ਹੋਇਆਂ ਉਹਨਾਂ ਕੋਲੋਂ ਅਸੀਸ ਰੂਪ ਵਿੱਚ ਉਤਸ਼ਾਹ ਲੈਣਾ ਅਤੇ ਉਹਨਾਂ ਨੂੰ ਦੁਖੀ ਕਰਕੇ ਉਹਨਾਂ ਦੇ ਮੂੰਹੋਂ ਬਦ-ਅਸੀਸ ਨਿਕਲਣ ਦਾ ਡਰ, ਬਜ਼ੁਰਗਾਂ ਜਾਂ ਵਡੇਰਿਆਂ ਦਾ ਮਾਣ-ਸਤਿਕਾਰ ਬਣਾਈ ਰੱਖਣ ਲਈ ਇੱਕ ਚੰਗੀ ਰੀਤ ਹੈ ਜਾਂ ਸੋਹਣਾ ਉੱਦਮ ਉਪਰਾਲਾ ਹੈ ਅਤੇ ਅੱਜ ਵੀ ਇਹ ਮਨੁੱਖੀ ਸੋਚ ਤੇ ਹਾਵੀ ਹੈ। ਪਰ ਇਸ ਰੀਤੀ ਰਿਵਾਜ਼/ਪ੍ਰੰਪਰਾ ਰਾਹੀਂ ਅਖੌਤੀ ਧਾਰਮਿਕ ਆਗੂਆਂ/ਪੁਜਾਰੀਆਂ ਵੱਲੋਂ ਨਿੱਜੀ ਸੁਆਰਥ ਹਿੱਤ ਵਰਾਂ/ਸਰਾਪਾਂ, ਆਸੀਸਾਂ/ਬਦ-ਆਸੀਸਾਂ ਦਾ ਐਸਾ ਡਰ ਮਨੁੱਖੀ ਸੋਚ ਤੇ ਹਾਵੀ ਕਰਕੇ ਮਨੁੱਖਾਂ ਦੀ ਆਰਥਿਕ ਅਤੇ ਧਾਰਮਿਕ ਲੁੱਟ ਦਾ ਐਸਾ ਸਾਧਨ ਬਣਾ ਲਿਆ, ਜੋ ਹੁਣ ਵੀ ਜਾਰੀ ਹੈ ਅਤੇ ਇਹੋ ਜਿਹੀਆਂ ਕਹਾਣੀਆਂ/ਸਾਖੀਆਂ ਦੇਵੀ-ਦੇਵਤਿਆਂ ਦੇ ਨਾਂ ਤੇ ਜਾਂ ਫਿਰ ਹੁਣ ਸਿੱਖ ਪੁਜਾਰੀਆਂ ਵੱਲੋਂ ਗੁਰੂਆਂ ਦੇ ਨਾਂ ਤੇ ਸਾਲਾਂ ਤੋਂ ਪ੍ਰਚਾਰਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਧਾਰਮਿਕ ਗ੍ਰੰਥਾਂ/ਪੋਥੀਆਂ ਅਤੇ ਇਤਿਹਾਸਕ ਸਾਖੀਆਂ/ਕਹਾਣੀਆਂ ਵਿੱਚ ਇਸ ਢੰਗ ਨਾਲ ਸ਼ਾਮਲ (ਫਿੱਟ) ਕਰ ਦਿੱਤੀਆਂ ਕਿ ਮਨੁੱਖ ਤਾਂ ਇੱਕ ਪਾਸੇ ਰਿਹਾ, ਸਗੋਂ ਉਕਤ ਵਰਾਂ-ਸਰਾਪਾਂ ਨਾਲ ਵੱਡੇ ਵੱਡੇ ਦੇਵੀ-ਦੇਵਤਿਆਂ ਨੂੰ ਮੁਸੀਬਤਾਂ ਬਣਦੀਆਂ ਵਿਖਾ ਦਿੱਤੀਆਂ ਅਤੇ ਪ੍ਰਚਾਰ ਦਿੱਤੀਆਂ। ਵਰ-ਸਰਾਪ ਦਾ ਐਸਾ ਡਰ ਮਨੁੱਖੀ ਮਨਾਂ ਅੰਦਰ ਪੈਦਾ ਕਰ ਦਿੱਤਾ ਜਿਸਦਾ ਸਾਫ ਮਕਸਦ ਲੋਕਾਂ ਦੀ ਆਰਿਥਕ ਅਤੇ ਸ਼ਰਧਾ ਦੇ ਨਾਂ ਤੇ ਮਾਨਸਿਕ ਲੁੱਟ ਕਰਨਾ ਸੀ, ਜੋ ਹੁਣ ਵੀ ਜਾਰੀ ਹੈ, ਇੱਥੋਂ ਤੱਕ ਕਿ ਇਹਨਾਂ ਵਰ-ਸਰਾਪਾਂ ਦੀਆਂ ਪ੍ਰਚਾਰੀਆਂ ਹੋਈਆਂ ਸਾਖੀਆਂ/ਕਥਾਵਾਂ ਨਾਲ ਸਬੰਧਿਤ ਗੁਰਦੁਆਰੇ ਤੱਕ ਉਸਾਰ ਦਿੱਤੇ ਗਏ ਅਤੇ ਹੁਣ ਇਸ ਤੋਂ ਵੀ ਅੱਗੇ ਕਦਮ ਵਧਾਉਂਦਿਆਂ ਹੋਇਆਂ ਸ਼ਰੇਆਮ ਸਾਡੇ ਕੁੱਝ ਅਖੌਤੀ ਸਾਧਾਂ ਵੱਲੋਂ ਅਜਿਹੀਆਂ ਊਲ-ਜਲੂਲ ਨੂੰ ਸਾਖੀਆਂ ਨੂੰ ਸੁਣਾਉਣਾ ਆਰੰਭ ਕਰ ਦਿੱਤਾ ਹੈ, ਜਿਸ ਤੋਂ ਇਹ ਭਾਵ ਬਣਦਾ ਹੈ ਕਿ, ਗੁਰੂ ਸਾਹਿਬਾਨ ਧੁਰ ਕੀ ਬਾਣੀ ਤੋਂ ਉਲਟ ਕਰਮ ਕਰਿਆ ਕਰਦੇ ਸਨ ਅਤੇ ਉਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਬੜਾ ਅੰਤਰ ਹੁੰਦਾ ਸੀ।

ਜਿਸਦੀ ਤਾਜ਼ਾ ਮਿਸਾਲ ਸਤਨਾਮ ਸਿੰਘ ਪਿਪਲੀ ਵਾਲੇ ਨੇ ਆਪਣੀ ਕਥਾ ਰਾਹੀਂ ਵਰ-ਸਰਾਪਾਂ ਦੇ ਕਲਪਿਤ ਡਰਾਵੇ ਨੂੰ ਪ੍ਰਚਾਰਣ ਹਿਤ ਆਪਣੀ ਮਤ ਅਨੁਸਾਰ ਕੁੱਝ ਅਜਿਹਾ ਹੀ ਪ੍ਰਚਾਰ ਦਿੱਤਾ, ਜੋ ਪੂਰੀ ਤਰ੍ਹਾਂ ਗੁਰਮਤਿ ਸਿਧਾਂਤਾਂ, ਗੁਰ ਮਰਿਯਾਦਾ ਅਤੇ ਸਿੱਖ ਪ੍ਰੰਪਰਾ ਤੋਂ ਉਲਟ ਹੈ, ਉਸਦੀ ਸੋਸ਼ਲ ਮੀਡੀਏ 'ਤੇ ਵਾਇਰਲ ਹੋਈ ਉਕਤ ਕਥਾ ਵਿੱਚ ਉਸਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਅਤੇ ਮਾਤਾ ਗੁਜ਼ਰੀ ਜੀ ਬਾਰੇ ਕੀ ਅਪਸ਼ਬਦ ਵਰਤੇ, ਉਸ ਮੈਂ ਆਪਣੀ ਕਲਮ ਨਾਲ ਲਿਖਣਾ ਤਾਂ ਨਹੀਂ ਚਾਹੁੰਦਾ ਹਾਂ, ਪਰ ਸਿੱਖ ਸੰਗਤ ਵਿੱਚ ਜਾਗਰੂਕਤਾ ਪੈਦਾ ਕਰਨ ਹਿੱਤ ਜ਼ਰੂਰੀ ਵੀ ਹੈ। ਪਰ ਇਸ ਤੋਂ ਪਹਿਲਾਂ ਅੱਗੇ ਚੱਲੀਏ ਉਸ ਤੋਂ ਪਹਿਲਾਂ ਵਰ-ਸਰਾਪਾਂ, ਬਾਰੇ ਗੁਰਬਾਣੀ ਸਿਧਾਂਤ ਨੂੰ ਥੋੜਾ ਸਮਝਦੇ ਜਾਈਏ ਅਤੇ ਗੁਰਬਾਣੀ ਗੁਰਮਤਿ ਸਿਧਾਂਤਾਂ ਵਿੱਚ ਸਰਾਪ ਨੂੰ ਫਿਟਕਾਰ ਤੋਂ ਵੱਧ ਕੋਈ ਮਹੱਤਵ ਨਹੀਂ ਦਿੱਤਾ ਗਿਆ। ਜੈਸਾ ਕਿ ਚੌਥੇ ਨਾਨਕ ਪਾਤਸ਼ਾਹ, ਗੁਰੂ ਰਾਮਦਾਸ ਜੀ ਦੇ ਬਚਨ:

ਜੋ ਮਾਰੈ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ॥ ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ॥ ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥  ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥
(ਗਉੜੀ ਕੀ ਵਾਰ:1 (ਮਃ 4) ਗੁਰੂ ਗ੍ਰੰਥ ਸਾਹਿਬ - ਅੰਕ 317)

ਭਾਵ: ਜਿਹੜੇ ਮਨੁੱਖ ਰੱਬ ਵੱਲੋਂ ਮੋਏ ਹੋਏ (ਭਾਵ: ਰੱਬ ਨਾਲੋਂ ਟੁੱਟੇ ਹੋਏ) ਹਨ, ਉਹ ਕਿਸੇ ਦੇ ਸਕੇ ਨਹੀਂ। ਨਿਰਵੈਰਾਂ ਨਾਲ ਵੀ ਵੈਰ ਕਰਦੇ ਹਨ ਅਤੇ ਪ੍ਰਮਾਤਮਾ ਦੇ ਧਰਮ ਨਿਆਂ/ਅਨੁਸਾਰ ਦੁੱਖੀ ਹੁੰਦੇ ਹਨ। ਜੋ ਜੋ ਮਨੁੱਖ ਸੰਤ (ਗੁਰੂ) ਵਲੋਂ ਫਿਟਕਾਰੇ (ਸਰਾਪੇ) ਹੋਏ ਹੁੰਦੇ ਹਨ (ਭਾਵ: ਗੁਰੂ ਦੇ ਦਰ ਤੋਂ ਵਾਂਝੇ ਹੋਏ ਹਨ) ਉਹ ਭਟਕਦੇ ਫਿਰਦੇ ਹਨ। ਜੋ ਰੁੱਖ ਮੁੱਢੋਂ ਪੁੱਟਿਆ ਜਾਵੇ, ਉਸਦੇ ਟਾਹਣ ਸੁੱਕ ਜਾਂਦੇ ਹਨ।

ਸੌਖੇ ਲਫਜ਼ਾਂ ਵਿੱਚ ਕਹੀਏ ਤਾਂ ਗੁਰੂ ਤੋਂ ਬੇਮੁੱਖ ਹੋ ਕੇ ਪ੍ਰਮਾਤਮਾ ਨੂੰ ਵਿਸਾਰ ਦੇਣਾ ਹੀ ਅਸਲ ਵਿੱਚ ਸਰਾਪੇ ਜਾਣ ਦੇ ਬਰਾਬਰ ਹੈ ਅਤੇ ਆਪਣੇ ਸੱਚੇ ਗੁਰੂ ਤੋਂ ਬੇਮੁੱਖ ਹੋਣਾ ਠੀਕ ਉਸੇ ਤਰ੍ਹਾਂ ਹੈ, ਜਿਵੇਂ ਕੋਈ ਰੁੱਖ ਮੁੱਢੋਂ ਪੁੱਟਿਆ ਗਿਆ ਹੋਵੇ ਅਤੇ ਸਿੱਖੀ ਦੀ ਜੜ੍ਹ ਤਾਂ ਹੀ ਗੁਰੂ ਮੱਤ, ਅਤੇ ਗੁਰੂ ਮੱਤ ਤੋਂ ਟੁੱਟ ਜਾਣਾ ਹੀ ਆਤਮਿਕ ਰੂਪ ਵਿੱਚ ਮਰ ਜਾਣਾ ਹੈ। ਇਸ ਲਈ ਗੁਰੂ ਦੇ ਗਿਆਨ ਨੂੰ ਵਿਸਾਰ ਕੇ ਆਪਣੀ ਮਤ ਅਨੁਸਾਰ ਚੱਲਣਾ ਹੀ ਸਰਾਪੇ ਜਾਣ ਦੇ ਬਰਾਬਰ ਹੈ। ਜੈਸਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਬਸੰਤ ਰਾਗ ਅੰਦਰ ਬਚਨ ਹੈ:

ਮਨੁ ਮੁਗਧੌ ਦਾਦਰੁ ਭਗਤਿਹੀਨੁ ॥ ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥
ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥ ਸਭਿ ਦੂਖ ਸਖਾਈ ਗੁਣਹ ਬੀਨ ॥
3॥
ਬਸੰਤੁ (ਮਃ 1) ਗੁਰੂ ਗ੍ਰੰਥ ਸਾਹਿਬ - ਅੰਕ 1188

ਭਾਵ: ਮੂਰਖ ਦਾ ਮਨ ਭਗਤੀ ਤੋਂ ਵਾਂਝਿਆਂ ਰਹਿੰਦਾ ਹੈ (ਇਹ ਮੂਰਖ ਮਨ, ਮਾਨੋਂ) ਖੂਹ ਦਾ ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕੌਲ ਫੁੱਲ ਦੀ ਕਦਰ ਨਹੀਂ ਜਾਣਦਾ)। (ਕੁਰਾਹੇ ਪਿਆ ਹੋਇਆ ਮਨ) ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, ਮਾਨੋਂ ਸਰਾਪਿਆ ਹੋਇਆ (ਦੁਰਕਾਰਿਆ ਹੋਇਆ) ਹੈ, ਪ੍ਰਮਾਤਮਾ ਦੇ ਨਾਮ ਤੋਂ ਸੱਖਣਾ ਹੈ। ਜਿਹੜਾ ਮਨੁੱਖ ਨਾਮ ਤੋਂ ਖਾਲੀ ਹੈ, ਉਸਦੀ ਨਾ ਕੋਈ ਚੰਗੀ ਜਾਤਿ ਮੰਨੀ ਜਾਂਦੀ ਹੈ, ਨਾ ਚੰਗੀ ਕੁੱਲ, ਕੋਈ ਉਸਦਾ ਨਾਮ ਤੱਕ ਨਹੀਂ ਲੈਂਦਾ, ਉਹ ਆਤਮਿਕ ਗੁਣਾ ਤੋਂ ਵਾਂਝਾ ਰਹਿੰਦਾ ਹੈ, ਸਾਰੇ ਦੁਖ ਉਸਦੇ ਸਾਥੀ ਬਣੇ ਰਹਿੰਦੇ ਹਨ।

ਸੌਖੇ ਲਫਜ਼ਾਂ ਵਿੱਚ ਕਿ, ਗੁਰੂ ਪਾਤਸ਼ਾਹ ਨੇ ਪੁਜਾਰੀਆਂ ਵੱਲੋਂ ਵਰ-ਸਰਾਪ ਦੇ ਨਾਂ ਤੇ ਪੈਦਾ ਕੀਤੇ ਹੋਏ ਡਰ ਨੂੰ ਕੋਈ ਮਹੱਤਵ ਨਹੀਂ ਦਿੱਤਾ ਅਤੇ ਇਹ ਗੱਲ ਮਨੁੱਖ ਨੂੰ ਸਮਝਾ ਦਿੱਤੀ ਕਿ ਕਿਸੇ ਵੀ ਮਨੁੱਖ ਕੋਲ ਐਸੀ ਕੋਈ ਸ਼ਕਤੀ ਨਹੀਂ ਕਿ ਉਹ ਰੱਬੀ ਹੁਕਮਾਂ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਤਬਾਹੀ ਕਰ ਸਕਦਾ ਹੋਵੇ। ਇੱਥੋਂ ਤੱਕ ਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਰਾਹੀਂ ਅਜਿਹੇ ਅਖੌਤੀ ਬਾਬਿਆਂ/ਸਾਧਾਂ-ਸੰਤਾਂ, ਗੱਦੀਦਾਰਾਂ, ਪੀਰਾਂ/ਫਕੀਰਾਂ ਨੂੰ ਝਾੜ ਪਾਉਂਦੇ ਹੋਏ ਉਹਨਾਂ ਨੇ ਇਹ ਵਰ-ਸਰਾਪ ਦੇ ਛਲਾਵੇ ਦੀ ਪੋਲ ਖੋਲਦਿਆਂ ਹੋਇਆ ਇਹ ਸਮਝਾ ਦਿੱਤਾ ਕਿ:

ਦੇਨਿਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥ ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥
ਮਲਾਰ ਕੀ ਵਾਰ (ਮਃ 1) ਗੁਰੂ ਗ੍ਰੰਥ ਸਾਹਿਬ - ਅੰਕ 1286

ਭਾਵ: ਗੱਦੀਆਂ ਥਾਪ ਕੇ, ਜੋ ਹੋਰਾਂ ਨੂੰ ਅਸੀਸਾਂ ਦਿੰਦੇ ਹਨ, ਉਹ ਵੀ ਮਰ-ਖਪ ਜਾਂਦੇ ਹਨ ਅਤੇ ਆਸੀਸਾਂ ਲੈਣ ਵਾਲੇ ਵੀ ਮਰ ਜਾਂਦੇ ਹਨ। ਪਰ ਹੇ ਨਾਨਕ! ਪ੍ਰਮਾਤਮਾ ਰੀ ਰਜ਼ਾ ਸਮਝੀ ਨਹੀਂ ਜਾ ਸਕਦੀ, ਕਿ ਉਹ (ਮਰ ਕੇ) ਕਿੱਥੇ ਜਾ ਪੈਂਦੇ ਹਨ (ਭਾਵ: ਨਿਰੀਆਂ ਸੇਹਲੀ ਟੋਪੀ ਤੇ ਆਸੀਸਾਂ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਪੈਣ ਲਈ ਕਾਫੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ ਟੋਪੀ ਜੀਵਣ ਦਾ ਸਹੀ ਰਸਤਾ ਨਹੀਂ ਹੈ।

ਸੌਖੇ ਲਫਜ਼ਾਂ ਵਿੱਚ ਕਿ, ‘ਅਜਿਹੀਆਂ ਅਸੀਸਾਂ ਜਾਂ ਬਦ-ਅਸੀਸਾਂ/ਵਰ-ਸਰਾਪਾਂ ਦਾ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਕੋਈ ਵੀ ਚੰਗਾ ਜਾਂ ਮਾੜਾ ਕੋਈ ਅਸਰ ਨਹੀਂ ਹੋ ਸਕਦਾ।

ਉਪਰੋਕਤ ਗੁਰਬਾਣੀ ਦੀ ਸੰਖੇਪ ਵਿਚਾਰ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਵਰ-ਸਰਾਪ ਦਾ ਮਾਇਆ-ਰੂਪੀ ਛਲਾਵਾ ਕੁੱਝ ਵੀ ਨਹੀਂ ਹੈ ਅਤੇ ਆਪਣੀ ਮਤ ਅਨੁਸਾਰ ਚੱਲਣ ਵਾਲਾ, ਪ੍ਰਮਾਤਮਾ ਦੇ ਦਰ ਤੋਂ ਦੁਰਕਾਰਿਆ ਹੋਇਆ ਹੋ ਅਸਲ ਵਿੱਚ ਸਰਾਪਿਆ ਹੋਇਆ ਹੁੰਦਾ ਹੈ, ਬਾਕੀ ਦੁਨਿਆਵੀ ਤੌਰ ਤੇ ਵਰ-ਸਰਾਪ ਦੇ ਨਾਂ ਤੇ ਡਰਾਵਾ ਪੈਦਾ ਕਰਕੇ ਲੋਕਾਂ ਦੀ ਕੇਵਲ ਲੁੱਟ ਹੀ ਕੀਤੀ ਜਾ ਰਹੀ ਹੈ ਹੋਰ ਕੁੱਝ ਨਹੀਂ। ਹੁਣ ਆ ਜਾਈਏ ਉਕਤ ਸਾਥ ਵੱਲ ਜਿਸ ਨੇ ਆਪਣੀ ਕਥਾ ਰਾਹੀਂ ਜੋ ਆਖਿਆ ਉਹ ਹੂ-ਬ-ਹੂ ਇਸ ਤਰ੍ਹਾਂ ਹੈ ਕਿ,

‘ਗੁਰੂ ਗੋਬਿੰਦ ਸਾਹਿਬ ਨੇ ਕਿਹਾ ਕਿ ਮੈਂ ਵੱਢਾ ਛੋਟਾ ਰਹਿਣ ਨਹੀਂ ਦੇਣਾ, ਸਭ ਨੂੰ ਇੱਕੋ ਜਿਹਾ ਕਰ ਦੇਣਾ... ਇਹ ਮਹਾਰਾਜ ਜੀ ਦੇ ਬੋਲ ਨੇ ਕਿਲੇ ਵਾਲਿਆਂ ਦੇ (ਹਰਨਾਮ ਸਿੰਘ ਕਿੱਲੇ ਵਾਲਾ, ਨੀਲਧਾਰੀਆਂ ਦਾ ਪਹਿਲਾ ਸਾਧ, ਜੋ ਹੁਣ ਮਰ ਗਿਆ ਹੈ, ਤੇ ਉਸਦੀ ਲਾਸ਼ ਦੱਬ ਦਿੱਤੀ ਸੀ, ਤੇ ਉਸਦੀ ਸਮਾਧ ਦੇ ਉੱਤੇ ਕਿੰਨਾਂ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਰਿਹਾ, ਜੋ ਕਾਫੀ ਚਿਰ ਬਾਅਦ ਥੱਲਿਓਂ ਕਢਿਆ ਗਿਆ)

ਕਹਿੰਦਾ ਕਿੱਲੇ ਵਾਲਿਆਂ ਨੇ ਕਿਹਾ ਸੀ ਕਿ ਖ਼ਾਲਸੇ ਦਾ ਰਾਜ ਹੋਵੇਗਾ ਗੁਰੂ ਨਾਨਕ ਸਾਹਿਬ ਤੋਂ 700 ਸਾਲ ਬਾਅਦ, ਹਾਲੇ ਸਾਡੇ ਪੰਜ ਸੌ ਸਾਲ ਹੋਇਆ ਹੈ। ਫਿਰ ਪੂਰਣ ਤੌਰ 'ਤੇ ਰਾਜ ਹੋਵੇਗਾ। ਮਾਇਆ ਜਦੋਂ ਸਤਲੁਜ 'ਚ ਸੁੱਟੀ ਤਾਂ ਕਿਹਾ ਕਿ ਇਹ ਪੂਜਾ ਦਾ ਧਨ ਹੈ, ਇਹ ਖਾਉਗੇ ਤਾਂ ਮੱਤ ਮਲੀਨ ਜੋ ਜਾਏਗੀ, ਇਹ ਵੱਢੀਆਂ ਲੈ ਲੈ ਕੇ ਲੋਕਾਂ ਨੇ ਤੁਹਾਨੂੰ ਮੱਥਾ ਟੇਕਿਆ ਹੈ, ਇਹ ਪਾਪਾਂ ਦੀ ਕਮਾਈ ਕਰਕੇ ਤੁਹਾਨੂੰ ਧਨ ਦਿੱਤਾ ਹੈ, ਇਹ ਸ਼ੁੱਧ ਕਰਕੇ ਤੁਹਾਨੂੰ ਵਾਪਸ ਦੇਵਾਂਗੇ, ਇਹ ਤੁਹਾਨੂਂ ਹੀ ਦੇਣਾ ਹੈ, ਕਿਤੇ ਲਿਜਾਂਦੇ ਨਹੀਂ, ਮੇਂ ਆਪਣੇ ਪੁੱਤਾਂ ਨੂੰ ਜ਼ਹਿਰ ਨਹੀਂ ਦੇ ਸਕਦਾ।

ਮਾਤਾ ਗੁਜਰੀ ਜੀ ਜਿਦੇ ਪੈ ਗਏ ਸਨ, ਮਹਾਰਾਜ ਕਹਿੰਦੇ ਸਾਰਾ ਧਨ ਸੁੱਟ ਦਿਓ, ਮਾਤਾ ਗੁਜਰੀ ਨੇ ਨਹੀਂ ਸੀ ਸਾਰਾ ਸੁਟਿੱਆ... ਤੁਹਾਨੂੰ ਪਤਾ ਗੰਗੂ ਲੈ ਗਿਆ ਸੀ ਧਨ ਕਰਕੇ, ਮਾਤਾ ਗੁਜਰੀ ਨੇ ਨਹੀਂ ਸੀ ਬਚਨ ਮੰਨਿਆ, ਮਾਇਆ ਰੱਖ ਲਈ ਸੀ, ਤਾਂ ਇਹ ਨੁਕਸਾਨ ਹੋਇਆ... ਮਹਾਰਾਜ ਕੋਲੋਂ ਬੋਲ ਵੀ ਹੋ ਗਿਆ ਸੀ... "ਗੁਜਰੀ.. ਉੱਜੜੀ !!" ਇਹ ਬੋਲ ਹੋ ਗਿਆ ਸੀ ਦਸਵੇਂ ਪਾਤਸ਼ਾਹ ਕੋਲੋਂ, ਆਪਣੀ ਮਾਂ ਨੂੰ ਹੀ ਸ਼ਰਾਪ ਦੇ ਦਿੱਤਾ ਸੀ...

ਕਈ ਕਹਿੰਦੇ ਕਿ ਮਹਾਰਾਜ ਸਰਾਪ ਨਹੀਂ ਦਿੰਦੇ, ਕਦੀ ਇਤਹਾਸ ਪੜੋ, ਹੁਣ ਇਤਹਾਸ ਹੀ ਬਦਲੀ ਜਾਂਦੇ ਨੇ, ਸਿੱਖਾਂ ਨੂੰ ਸਰਾਪ ਦਿੱਤੇ... ਜਿਸ ਆਖਿਆ ਨਾ ਕਿ ਗੁਰੂ ਗੋਬਿੰਦ ਸਿੰਘ ਉਜੱੜ ਕੇ ਆ ਗਿਆ, ਤੁਹਾਨੂੰ ਉਜਾੜਨ ਆ ਗਿਆ ਜੇ, ਮਹਾਰਾਜ ਕਿਹਾ ਉਹ ਵੀ ਉੱਜੜੇ, ਜਿਨਾਂ ਦਰਵਾਜੇ ਬੰਦ ਕੀਤੇ, ਉਨ੍ਹਾਂ ਦੇ ਵੀ ਦਰਵਾਜੇ ਬੰਦ ਹੋ ਗਏ।

ਮਹਾਰਾਜ ਨੇ ਕਿਹਾ ਸੀ ਕਿ ਇਹ ਧਨ ਦੌਲਤ ਵਰਤਣ ਵਾਸਤੇ ਹੈ, ਰੱਖਣ ਵਾਸਤੇ ਨਹੀਂ।...’

ਖੈਰ! ਅਸੀਂ ਤਾਂ ਪਹਿਲਾਂ ਹੀ ਗੁਰਬਾਣੀ ਸ਼ਬਦਾਂ ਰਾਹੀਂ ਅਖੌਤੀ ਵਰ/ਸਰਾਪ ਦੀ ਗੁਰੂ ਘਰ ਵਿੱਚ ਕਿੰਨੀ ਕੁ ਵੁੱਕਤ ਹੈ, ਪੜ/ਸਮਝ ਆਏ ਹਾਂ, ਪਰ ਅਜਿਹੇ ਸਾਧਾਂ ਨੇ ਗੁਰਬਾਣੀ ਸਿਧਾਂਤਾਂ/ਸਿੱਖ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਦਾ ਸ਼ਰੇਆਮ ਉਲੰਘਣ ਸ਼ੁਰੂ ਕੀਤਾ ਹੋਇਆ ਹੈ ਅਤੇ ਦਸਮੇਸ਼ ਪਿਤਾ ਦਾ ਖ਼ਾਲਸਾ ਪੰਥ ਘੁਕ ਸੁੱਤਾ ਪਿਆ ਹੈ। ਉਕਤ ਸਾਧ ਸਿੱਧੇ ਤੌਰ ‘ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਨੂੰ ਮਨੁੱਖਤਾ ਦੀ ਖਾਤਰ ਚੜ੍ਹਦੀ ਕਲਾ ਨਾਲ ਸ਼ਹੀਦ ਹੋਣ ਵਾਸਤੇ ਭੇਜਣ ਵਾਲੀ, ਬਾਲ ਗੋਬਿੰਦ ਸਿੰਘ ਨੂੰ ਗੁਰਮਤਿ ਦੀ ਗੁੜ੍ਹਤੀ ਦੇ ਕੇ ਜਵਾਨ ਕਰਨ ਵਾਲੀ, ਸਾਹਿਬਜ਼ਾਦਿਆਂ ਨੂੰ ਧਰਮ ਦੇ ਪੱਕਿਆਂ ਰਹਿਣ ਅਤੇ ਗੁਰਮਤਿ ਸਿਧਾਂਤਾਂ ਲਈ ਦ੍ਰਿੜਤਾ ਦਾ ਪਾਠ ਪੜਾਉਣ ਵਾਲੀ ਸਤਿਕਾਰਯੋਗ ਮਾਤਾ ਗੁਜ਼ਰੀ ਜੀ ਨੂੰ ਚੰਦ ਛਿੱਲੜਾਂ ਦੀ ਲਾਲਚਣ ਦਰਸਾ ਕੇ, ਦਸਮੇਸ ਪਿਤਾ ਦੇ ਮੁੰਹੋਂ ਅਖੌਤੀ ਸ਼ਰਾਪ ਆਪਣੀ ਹੀ ਮਾਤਾ ਨੂੰ ਦਿਵਾ ਕੇ, ਸਿੱਖ ਇਤਿਹਾਸ ਨਾਲ ਜੋ ਖਿਲਵਾੜ ਕੀਤਾ ਹੈ ਨਾ ਬਖਸ਼ਣਯੋਗ ਹੈ।

ਬਿਨ੍ਹਾਂ ਦੇਰੀ ਸਮੁੱਚੇ ਪੰਥ ਨੂੰ ਅਜਿਹੇ ਅਖੌਤੀ ਬਾਬਿਆਂ ਵਿਰੁੱਧ ਜੇਹਾਦ ਖੜਾ ਕਰ ਦੇਣਾ ਚਾਹੀਦਾ ਹੈ ਤਾਂਕਿ ਭਵਿੱਖ ਵਿੱਚ ਕੋਈ ਵੀ ਆਪਣੇ ਆਪ ਨੂੰ ਬਾਬਾ/ਸਾਧ/ਸੰਤ ਕਹਾਉਣ ਵਾਲੇ ਦੀ ਹਿੰਮਤ ਨਾ ਪਵੇ ਕਿ ਉਹ ਗੁਰੂਆਂ ਪ੍ਰਤੀ, ਗੁਰਮਤਿ ਸਿਧਾਂਤਾਂ ਪ੍ਰਤੀ ਆਪਣੀ ਮਰਜ਼ੀ ਦੀ ਕਥਾ ਆਪਣੇ ਡੇਰੇ ਵਿੱਚ ਕਰੀ ਜਾਵੇ ਅਤੇ ਇਸ ਨੂੰ ਇਤਿਹਾਸ ਦੱਸ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰੇ।

ਸੰਗਤ ਫੈਸਲਾ ਗੁਰਬਾਣੀ ਦੀ ਰੋਸ਼ਨੀ ਵਿੱਚ, ਇਤਿਹਾਸ ਤੋਂ ਸੇਧ ਲੈ ਕੇ ਗੁਰਮਤਿ ਸਿਧਾਂਤਾਂ ਪ੍ਰਤੀ ਆਪਣੀ ਦ੍ਰਿੜਤਾ ਕਾਇਮ ਕਰੇ ਤਾਂ ਕਿ ਅਜਿਹੇ ਸਾਧ ਸਿੱਖ ਇਤਿਹਾਸ/ਗੁਰਮਤਿ ਵਿਚਾਰਧਾਰਾ ਦਾ ਮਲੀਆਮੇਟ ਕਰਨ ਵਿੱਚ ਕਦਾਚਿਤ ਕਾਮਯਾਬ ਨਾ ਹੋ ਸਕਣ। ਰੱਬ ਰਾਖਾ!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top