ਸਿੱਖ ਵਿਚਾਰਧਾਰਾ ਦੀ ਵਿਲੱਖਣਤਾ ਦਾ ਮੂਲ ਸਰੂਪ
ਹੈ ਗੁਰਬਾਣੀ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਕੋਲ
ਮੌਜੂਦ ਹੈ। ਇਸੇ ਗੁਰਮਤਿ ਦੀ ਰੌਸ਼ਨੀ ਵਿੱਚ ਅਸੀਂ ਆਪਣੇ ਇਤਿਹਾਸ ਨੂੰ
ਵਾਚਣ ਦਾ ਯਤਨ ਕਰਨਾ ਹੈ । ਜਿਸ ਗੁਰਮਤਿ ਦੇ ਗਿਆਨ ਦਾ ਸਦਕਾ ਇਹ ਇਤਿਹਾਸ
ਸਿਰਜਿਆ ਗਿਆ ਉਸੇ ਧੁਰੇ ਨੂੰ ਅੱਖੋਂ ਪਰੋਖੇ ਕਰਨਾ ਸਾਡੀ ਬੱਜਰ ਗ਼ਲਤੀ ਹੈ ।
ਸੰਸਾਰ ਦਾ ਇਤਿਹਾਸ ਗਵਾਹ ਹੈ ਜਿਨ੍ਹਾਂ ਕੌਮਾਂ ਨੇ ਆਪਣੇ ਮੂਲ ਨੂੰ ਅੱਖੋਂ
ਪਰੋਖੇ ਕੀਤਾ ਉਹ ਦੁਨੀਆਂ ਦੇ ਨਕਸ਼ੇ ਤੇ ਆਪਣੀ ਹੋਂਦ ਨਹੀਂ ਬਚਾ ਸਕੀਆਂ ।
ਅੱਜ ਸਿੱਖ ਵਿਚਾਰਧਾਰਾ ਅਜਿਹੇ ਮੋੜ ਤੇ ਖੜ੍ਹੀ
ਨਜ਼ਰੀਂ ਪੈਂਦੀ ਹੈ ਜਿਥੇ ਆਪਣੇ ਆਪ ਨੂੰ ਇਸ ਕੌਮ ਦੇ ਪੈਰੋਕਾਰ ਅਖਵਾਉਣ ਵਾਲੇ
ਆਪਣੇ ਹੀ ਇਤਿਹਾਸ ਨੂੰ ਅੱਖਾਂ ਬੰਦ ਕਰਕੇ ਪੜ੍ਹਦੇ, ਸੁਣਦੇ, ਤੇ ਲਿਖਦੇ ਹਨ।
ਕੌਮ ਵਿਚਲੀ ਬਹੁਤੀ ਦੁਬਿਧਾ ਦਾ ਕਾਰਣ ਵੀ ਇਹੋ ਹੈ । ਅੱਜ ਬਹੁਤੇ ਆਪਣੇ ਆਪ
ਨੂੰ ਵਿਦਵਾਨ ਅਖਵਾਉਣ ਵਾਲੇ ਸਿਰਫ - ਕਦੋਂ , ਕਿਥੇ ਤੇ ਕਿਵੇਂ ਹੋਇਆ ਦੀ
ਕਸਵੱਟੀ ਨੂੰ ਹੀ ਇਤਿਹਾਸ ਮੰਨਦੇ ਹਨ ਜਾਂ ਬਹੁਤੇ ਇੰਝ (ਇਤਿ) ਹੋਇਆ (ਹਾਸ
) ਨੂੰ ਕਸਵੱਟੀ ਮੰਨ ਕੇ ਜੋ ਵੀ ਲਿਖੀਂ ਗਏ ਅਸੀਂ ਉਸ ਨੂੰ ਹੀ ਆਪਣਾ
ਇਤਿਹਾਸ ਮੰਨ ਲਿਆ। "ਗੁਰਮਤਿ ਦੀ ਰੌਸ਼ਨੀ" ਜੋ ਸਭ ਤੋਂ ਜਰੂਰੀ ਸੀ ਅਸੀਂ ਉਸ
ਵੱਲ ਧਿਆਨ ਹੀ ਨਹੀਂ ਦਿੱਤਾ । ਧਿਆਨ ਮਾਰ ਕੇ ਵੇਖੋ ਜੋ ਕਸਵੱਟੀਆਂ ਅਸੀਂ
ਲਾਈਆਂ ਓਹਨਾ ਨੇ ਕਿੰਨ੍ਹਾ ਮਿਥਿਹਾਸ ਸਾਡੇ ਪੱਲੇ ਪਾ ਦਿੱਤਾ ਗਿਆ ਹੈ ।
ਸਿੱਖ ਵਿਚਾਰਧਾਰਾ ਦੀਆਂ ਵਿਰੋਧੀ ਤਾਕਤਾਂ ਆਪਣੇ
ਮਕਸਦ ਵਿੱਚ ਇਸ ਤੋਂ ਵੀ ਅੱਗੇ ਤਕ ਸਫਲ ਹੋ ਚੁਕੀਆਂ ਹਨ, ਜੋ ਅੱਜ ਦੀ ਸਾਡੀ
ਸਭ ਤੋਂ ਤ੍ਰਾਸਦੀ ਹੈ, ਉਹ ਹੈ ਸਿੱਖਾਂ ਵਿੱਚ ਆਪਣੇ ਇਤਿਹਾਸ ਨੂੰ ਗੁਰਮਤਿ
ਦੀ ਰੌਸ਼ਨੀ ਵਿੱਚ ਪੜਨ ਦੀ ਰੁਚੀ ਨਾ ਹੋਣਾ ।
ਗੱਲ ਤਾ ਹੈਰਾਨੀ ਦੀ ਹੈ
ਨਾ ਗਿਆਨ ਨੂੰ ਗੁਰੂ ਕਹਿਣ ਵਾਲੀ ਕੌਮ, ਗਿਆਨ ਗੁਰੂ ਦੇ ਨਾਮੁ ਤੇ ਹੀ
ਅਣਗਿਣਤ ਅਗਿਆਨਤਾ ਵਾਲ਼ੀਆਂ ਕਹਾਣੀਆਂ ਨੂੰ ਅੱਜ ਇਤਿਹਾਸ ਮੰਨੀ ਬੈਠੀ ਹੈ ।
ਇਹ ਸੁਧਾਰ ਓਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਅਸੀਂ ਆਪਣੇ ਇਤਿਹਾਸ ਨੂੰ
ਗੁਰਮਤਿ ਦੀ ਰੌਸ਼ਨੀ ਵਿੱਚ ਪੜ੍ਹਨਾਂ ਸ਼ੁਰੂ ਨਹੀਂ ਕਰਦੇ। ਵਰਤਮਾਨ ਸਮੇ ਵਿੱਚ
ਸਿੱਖ ਨੇ ਜਦੋਂ ਵੀ ਆਪਣੇ ਬੀਤ ਚੁੱਕੇ ਸਮੇ ਬਾਰੇ ਕੋਈ ਵੀ ਗੱਲ ਕਰਨੀ ਹੈ
ਤਾਂ ਸਭ ਤੋਂ ਜਰੂਰੀ ਹੈ ਕੇ ਗੁਰਮਤਿ ਦਾ ਗਿਆਨ ਸਿੱਖ ਕੋਲ ਹੋਵੇ । ਨਹੀਂ
ਤਾ ਅੰਧੀ ਸ਼ਰਧਾ ਵੱਸ ਬਹੁਤਾ ਕੁਝ ਐਸਾ ਸਾਡੇ ਝੋਲੀ ਪੈ ਜਾਵੇਗਾ ਜੋ ਗੁਰਮਤਿ
ਦੀ ਰੌਸ਼ਨੀ ਤੇ ਖਰਾ ਨਹੀਂ ਉਤਰੇਗਾ ਤੇ ਸਾਡੀ ਇਸ ਗ਼ਲਤੀ ਨੂੰ ਆਉਣ ਵਾਲਾ
ਭਵਿੱਖ ਸਾਨੂੰ ਕਦੇ ਮਾਫ ਨਹੀਂ ਕਰੇਗਾ ।
ਇਕ ਤਰਲਾ, ਜੇ ਕੌਮ ਦਾ ਭਵਿੱਖ ਸਵਾਰਨਾ ਚਾਹੁੰਦੇ
ਹੋ, ਤਾਂ ਅੱਜ ਸਵਾਰਨਾ ਪਵੇਗਾ। ਇਤਿਹਾਸ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ
ਪੜ੍ਹਨ ਦੀ ਰੁਚੀ ਹੀ ਸਾਡਾ ਅਜੇ ਸਵਾਰ ਸਕਦੀ ਹੈ ।
ਭੁਲਾਂ ਚੁੱਕਾਂ ਦੀ ਖਿਮਾ ਬਖ਼ਸ਼ਣੀ