Share on Facebook

Main News Page

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖ਼ਾਂ
-: ਸਰਵਜੀਤ ਸਿੰਘ ਸੈਕਰਾਮੈਂਟੋ

ਸਿੱਖ ਇਤਿਹਾਸ ਵਿੱਚ ਸ਼ਹੀਦੀਆਂ, ਇਕ ਖਾਸ ਮੁਕਾਮ ਰੱਖਦੀਆਂ ਹਨ। ਗੁਰੂ ਸਾਹਿਬਾਨ ਨੇ ਬਾਣੀ ਰਾਹੀ ਸਿਰਫ ਉਪਦੇਸ ਹੀ ਨਹੀਂ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਿੜ ਵੀ ਕਰਵਾਇਆਂ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਆਰੰਭ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ ਦੀ ਰੱਖਿਆ ਕਰਦਿਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ, ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੀ ਖਾਤਰ ਲਾਸਾਨੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੇਕਾਂ ਸਿੰਘਾਂ ਸਮੇਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਿਲਸਿਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਿਕ ਸਮੇਂ ਤਾਈਂ ਨਿਰੰਤਰ ਜਾਰੀ ਹੈ। ਅੱਜ ਅਸੀਂ ਇਸੇ ਲੜੀ ਦੇ ਅਣਮੋਲ ਹੀਰੇ, ਨਿੱਕੀਆਂ ਉਮਰਾਂ 'ਚ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਿਥੇ ਸਾਹਿਬਜ਼ਾਦਿਆਂ ਵੱਲੋਂ ਨਿੱਕੀਆਂ ਉਮਰਾਂ 'ਚ ਕੀਤੇ ਗਏ ਵੱਡੇ ਸਾਕਿਆਂ ਦਾ ਇਤਿਹਾਸ ਅਤੇ ਇਤਿਹਾਸ ਅਸਥਾਨ ਸਾਡੇ ਪ੍ਰੇਰਨਾ ਸਰੋਤ ਹੈ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਪ੍ਰੇਰਣਾ ਸਰੋਤਾਂ ਦੀ ਉਸੇ ਰੂਪ 'ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਥੇ ਇਤਿਹਾਸਕ ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦਿੱਤਾ ਹੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਤਿਹਾਸਕ ਤਾਰੀਖ਼ਾਂ ਨੂੰ ਵਿਗਾੜਨ 'ਚ ਆਪਣਾ ਯੋਗਦਾਨ ਪਾ ਰਹੀ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਮਈ ਜੀਵਨ 'ਚ ਇਕ ਸਮਾ ਅਜੇਹਾ ਵੀ ਆਇਆ ਜਦੋਂ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰਨਾ ਪਿਆ। ਪਹਾੜੀ ਰਾਜਿਆਂ ਅਤੇ ਸ਼ਾਹੀ ਫੌਜਾਂ ਵੱਲੋਂ ਦਿਵਾਏ ਭਰੋਸੇ ਅਤੇ ਕਿਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ 6 ਪੋਹ ਸੰਮਤ 1761 ਬਿਕ੍ਰਮੀ (5 ਦਸੰਬਰ 1704 ਈ: ਜੂਲੀਅਨ) ਦੀ ਰਾਤ ਨੂੰ ਕਿਲਾ ਖਾਲੀ ਕਰ ਦਿੱਤਾ। ਵੈਰੀ ਦੀਆਂ ਫੌਜਾਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ, ਸਿੱਖਾਂ ਦਾ ਪਿੱਛਾ ਕਰਨਾ ਅਰੰਭ ਦਿੱਤਾ। ਬਹੁਤ ਸਾਰੇ ਸਿੰਘ, ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਇਸੇ ਦੌਰਾਨ ਗੁਰੂ ਜੀ ਸਰਸਾ ਨਦੀ ਨੂੰ ਪਾਰ ਕਰ ਨੇ ਚਮਕੌਰ ਦੇ ਚੌਧਰੀ ਦੀ ਇੱਕ ਕ'ਚੀ ਗੜੀ ਵਿੱਚ ਮੋਰਚੇ ਸੰਭਾਲ ਲਏ। ਮੁਗਲਾਂ ਨੇ ਰਾਤ ਦੇ ਸਮੇ ਹਜ਼ਾਰਾਂ ਦੀ ਗਿਣਤੀ 'ਚ ਫੌਜ ਨਾਲ ਗੜੀ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਜੀ, ਦੋ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਨੇ ਮੁਗਲ ਫੌਜ ਦਾ ਡਟ ਕੇ ਟਾਕਰਾ ਕੀਤਾ। ਪੰਜ–ਪੰਜ ਸਿੰਘਾਂ ਦਾ ਜਥਾ ਮੈਦਾਨ 'ਚ ਜਾਂਦਾ ਅਤੇ ਵੈਰੀ ਦੇ ਸੱਥਰ ਵਿਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਿਬਜ਼ਾਦਾ ਅਜੀਤ ਸਿੰਘ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ 'ਚ ਜਾ ਗੱਜਿਆ। ਕਈਆਂ ਨੂੰ ਪਾਰ ਬੁਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੱਗੇ ਵੱਧਦੇ-ਵੱਧਦੇ ਸ਼ਹੀਦੀ ਪ੍ਰਾਪਤ ਕਰ ਗਏ। ਇਹ ਯੁੱਧ 8 ਪੋਹ ਸੰਮਤ 1761 ਬਿਕ੍ਰਮੀ (7 ਦਸੰਬਰ 1704 ਈ: ਜੂਲੀਅਨ) ਦਿਨ ਵੀਰਵਾਰ ਨੂੰ ਹੋਇਆ ਸੀ। ਸਰਸਾ ਨਦੀ ਤੇ ਪਏ ਵਿਛੋੜੇ ਕਾਰਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰੀ ਜੀ, ਗੰਗੂ ਬ੍ਰਾਹਮਣ ਦੇ ਘਰ, ਉਸ ਦੇ ਪਿੰਡ ਖੇੜੀ ਪੁਜ ਗਏ ਸਨ। ਲੂਣ ਹਰਾਮੀ ਗੰਗੂ ਨੇ ਲਾਲਚ ਵੱਸ ਮੋਰਿੰਡਾ ਦੇ ਥਾਣੇ ਜਾ ਖ਼ਬਰ ਕਰ ਦਿੱਤੀ। ਅਹਿਲਕਾਰਾਂ ਨੇ ਮਾਤਾ ਗੁਜਰੀ ਅਤੇ ਦੋਵੇਂ ਮਾਸੂਮਾਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਸਪੁਰਦ ਕਰ ਦਿੱਤਾ। ਕਚਹਿਰੀ 'ਚ 11 ਅਤੇ 12 ਪੋਹ ਨੂੰ ਪੇਸ਼ੀਆਂ ਉਪ੍ਰੰਤ ਕਾਜ਼ੀ ਵੱਲੋਂ ਸੁਣਾਏ ਫ਼ਤਵੇ ਤੇ ਅਮਲ ਕਰਦਿਆਂ, ਸਾਹਿਬਜ਼ਾਦਿਆਂ ਨੂੰ ਦੀਵਾਰ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਬਿਕ੍ਰਮੀ (12 ਦਸੰਬਰ 1704 ਈ: ਜੂਲੀਅਨ) ਦਿਨ ਮੰਗਲਵਾਰ ਨੂੰ ਵਾਪਰਿਆ ਸੀ।

ਭਾਵੇ ਕਈ ਇਤਿਹਾਸਿਕ ਤਾਰੀਖ਼ਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਤਾਰੀਖ਼ਾਂ ਬਾਰੇ ਕੋਈ ਮੱਤ ਭੇਦ ਨਹੀਂ ਹੈ। ਇਹ ਦੋਵੇਂ ਤਾਰੀਖ਼ਾਂ ਸੂਰਜੀ ਬਿਕ੍ਰਮੀ ਕੈਲੰਡਰ ਦੀਆਂ ਹਨ ਅਤੇ ਇਸੇ ਮੁਤਾਬਕ ਹੀ ਇਹ ਦਿਹਾੜੇ ਮਨਾਏ ਜਾਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਛਾਪੀ ਗਈ 1992 ਈ: ਦੀ ਜੰਤਰੀ ਵਿੱਚ ਵੀ ਇਹ ਦਿਹਾੜੇ 8 ਪੋਹ ਅਤੇ 13 ਪੋਹ ਦੇ ਹੀ ਦਰਜ ਹਨ। ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਹ ਤਾਰੀਖ਼ਾਂ ਹੀ ਭਾਵ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 8, ਪੋਹ ਜੋ ਹਰ ਸਾਲ 21 ਦਸੰਬਰ (ਸੀ: ਈ:) ਨੂੰ ਆਉਂਦੀ ਹੈ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਤਾਰੀਖ 13 ਪੋਹ ਜੋ ਹਰ ਸਾਲ 26 ਦਸੰਬਰ (ਸੀ: ਈ:) ਨੂੰ ਆਉਂਦੀ ਹੈ, ਦਰਜ ਕੀਤੀ ਗਈ ਹੈ। 2003 ਈ: ਤੋਂ 2009 ਈ: ਤਾਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸੰਸਾਰ ਭਰ ਵਿੱਚ ਇਨ੍ਹਾਂ ਤਾਰੀਖ਼ਾਂ ਤੇ ਹੀ ਇਹ ਦਿਹਾੜੇ ਮਨਾਏ ਜਾਂਦੇ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਬਿਨਾ ਕਿਸੇ ਠੋਸ ਕਾਰਨ ਦੇ, 2010 ਈ: ਇਨ੍ਹਾਂ ਦੋਵਾਂ ਦਿਹਾੜਿਆਂ ਦੀਆਂ ਤਾਰੀਖ਼ਾਂ ਨੂੰ ਬਦਲ ਦਿੱਤਾ; ਜੋ ਕਿ ਚਾਰਟ ਵਿੱਚ ਵੇਖ ਸਕਦੇ ਹੋ।

ਪਰ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜ ਸਾਡੇ ਮੁੱਖੀਆਂ ਵੱਲੋਂ, ਸਾਹਿਬਜ਼ਾਦਿਆਂ ਵੱਲੋਂ ਪਾਏ ਪੂਰਨਿਆਂ 'ਤੇ ਚਲਣਾ ਤਾ ਇਕ ਪਾਸੇ, ਚੰਦ ਵੋਟਾਂ ਦੀ ਖਾਤਰ, ਸਿੱਖਾਂ ਦੇ ਦਿਲਾਂ ਤੇ ਉਕਰੀਆਂ ਹੋਈਆਂ ਇਤਿਹਾਸਕ ਤਾਰੀਖ਼ਾਂ, 8 ਪੋਹ ਅਤੇ 13 ਪੋਹ ਨਾਲ ਜਾਣ ਬੁਝ ਕੇ ਛੇੜ ਛਾੜ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋ ਰਾਸ਼ਟਰੀ ਸੰਤ ਸਮਾਜ ਨੂੰ ਖੁਸ਼ ਕਰਨ ਲਈ ‘ਨਾਨਕ ਸ਼ਾਹੀ ਕੈਲੰਡਰ’ ਨੂੰ ਵਿਗਾੜ ਕੇ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ 'ਚ ਇਹ ਇਤਿਹਾਸਿਕ ਦਿਹਾੜੇ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ, ਹਰ ਸਾਲ ਬਦਲ ਦਿੱਤੀ ਜਾਂਦੀ ਹੈ। ਕੀ ਸ਼੍ਰੋਮਣੀ ਕਮੇਟੀ ਸਾਡੇ ਇਤਿਹਾਸ ਨੂੰ ਵਿਗਾੜ ਨਹੀਂ ਰਹੀ? ਕੀ ਸ਼੍ਰੋਮਣੀ ਕਮੇਟੀ ਇਹ ਸਪੱਸ਼ਟ ਕਰੇਗੀ ਕਿ ਹਰ ਸਾਲ ਅਜੇਹਾ ਕਿਉਂ ਕੀਤਾ ਜਾ ਰਿਹਾ ਹੈ? ਜੇ ਹਰ ਸਾਲ ਇਹ ਦਿਹਾੜੇ ਅਸਲ ਤਾਰੀਖ਼ਾਂ ਭਾਵ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਣ ਤਾਂ ਕੀ ਨੁਕਸਾਨ ਹੋਵੇਗਾ?

ਖਾਲਸਾ ਜੀ ਜਾਗੋ! ਕੀ ਅਸੀਂ ਸਿਰਫ ਬੀਤੇ ਬਾਰੇ ਪਛਤਾਵਾ ਹੀ ਕਰਦੇ ਰਹਾਂਗੇ ਜਾਂ ਵਰਤਮਾਨ ਨੂੰ ਸਾਂਭਣ ਦਾ ਵੀ ਕੋਈ ਯਤਨ ਕਰਾਂਗੇ? ਆਓ, ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਦਿਹਾੜੇ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਇਤਿਹਾਸ ਨੂੰ ਨਿਰਮਲ ਰੱਖਣ ਦਾ ਯਤਨ ਅਰੰਭੀਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top