Share on Facebook

Main News Page

ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ
-: ਨਿਰਮਲ ਸਿੰਘ ਕੰਧਾਲਵੀ

ਨੀਲਧਾਰੀ ਸਾਧ ਤੇ ਸਾਧ ਦੇ ਹਿਮਾਇਤੀ ਇਕਬਾਲ ਸਿਉਂ ਵਰਗੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਕਿਰਦਾਰ ‘ਤੇ ਸਾਧ ਵਲੋਂ ਸੁੱਟੇ ਹੋਏ ਚਿੱਕੜ ਨੂੰ ਅਖਾਉਤੀ ਗ੍ਰੰਥਾਂ ਦਾ ਹਵਾਲਾ ਦੇ ਕੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਕਬਾਲ ਸਿਉਂ ਤਾਂ ਸਾਧ ਵਲੋਂ ਦਿਤੇ ਗਏ ਇਕਵੰਜਾ ਲੱਖ ਦੇ ਚੈੱਕ ਨਾਲ਼ ਹੀ ਸੰਗਤਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਕਿਸੇ ਵੀ ਐਰੇ ਗ਼ੈਰੇ ਨੱਥੂ ਖੈਰੇ ਨੂੰ ਮਾਇਆ ਦੀ ਝਲਕ ਨਾਲ਼ ਗੁਰੂ ਸਾਹਿਬਾਨ ਦੀ ਸ਼ਾਨ ‘ਤੇ ਹਮਲੇ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ?

ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਗ੍ਰੰਥਾਂ ਦੀ ਪ੍ਰਮਾਣਿਕਤਾ ਕੀ ਹੈ? ਇਹ ਲਿਖਾਰੀ ਪਤਾ ਨਹੀਂ ਕਿਹੜੇ ਮੰਡਲਾਂ ‘ਚ ਬੈਠ ਕੇ ਇਹ ਗ੍ਰੰਥ ਲਿਖਦੇ ਰਹੇ ਹਨ। ਇਹਨਾਂ ਵਿਚੋਂ ਕਈ ਲਿਖਾਰੀ ਤਾਂ ਅਫ਼ੀਮ, ਭੰਗ ਆਦਿਕ ਨਸ਼ਿਆਂ ਦਾ ਸੇਵਨ ਵੀ ਕਰਦੇ ਸਨ ਤੇ ਗੁਰਮਤਿ ਤੋਂ ਉਲਟ ਨਿਰਮਲੀ/ ਉਦਾਸੀ ਵਿਚਾਰਧਾਰਾ ਦੇ ਅਨੁਯਾਈ ਸਨ। ਤੱਤ ਗੁਰਮਤਿ ਨੂੰ ਪਰਣਾਏ ਮਰਜੀਵੜੇ ਤਾਂ ਜੰਗਲਾਂ ਵਿਚ ਜ਼ਾਲਮਾਂ ਨਾਲ਼ ਲੋਹਾ ਲੈ ਰਹੇ ਸਨ। ਸੋ, ਜਿਹਨਾਂ ਲੋਕਾਂ ਦੇ ਹੱਥ ਵਿਚ ਕਲਮ ਸੀ ਉਹਨਾਂ ਨੇ ਆਪਣੀ ਮਰਜ਼ੀ ਨਾਲ਼ ਜੋ ਮਨ ਵਿਚ ਆਇਆ ਲਿਖ ਮਾਰਿਆ।

ਜੇ ਇਹਨਾਂ ਸਾਧਾਂ ਨੇ ਗੁਰਬਾਣੀ ਦਾ ਮੁਤਾਲਿਆ ਕੀਤਾ ਹੋਵੇ ਤਾਂ ਹੀ ਇਹਨਾਂ ਨੂੰ ਗੁਰੂ ਸਾਹਿਬਾਨ ਦੇ ਫ਼ਲਸਫੇ ਦੀ ਸਮਝ ਆਵੇ। ਇਹ ਲੋਕ ਤਾਂ ਭੇਖ ਧਾਰ ਕੇ ਹੀ ਭੋਲ਼ੇ-ਭਾਲ਼ੇ ਸਿੱਖਾਂ ਨੂੰ ਮਗਰ ਲਾਈ ਫਿਰਦੇ ਹਨ। ਸਿੱਖਾਂ ਦੀ ਵੀ ਤ੍ਰਾਸਦੀ ਹੈ ਕਿ ਇਹ ਵੀ ਆਪ ਗੁਰਬਾਣੀ ਸਮਝ ਕੇ ਨਹੀਂ ਪੜ੍ਹਦੇ ਬਸ ਮਣਕੇ ‘ਤੇ ਮਣਕਾ ਮਾਰਨ ਨੂੰ ਹੀ ਮੁਕਤੀ ਸਮਝਦੇ ਹਨ। ਹੁਣ ਤਾਂ ਬਹੁਤਾ ਕਰ ਕੇ ਕੀਤੇ ਕਰਾਏ ਪਾਠਾਂ ਅਤੇ ਕੀਤੀਆਂ ਕਰਾਈਆਂ ਅਰਦਾਸਾਂ ‘ਤੇ ਹੀ ਟੇਕ ਰੱਖੀ ਜਾ ਰਹੀ ਹੈ। ਧਰਮ ਦਾ ਵਿਉਪਾਰੀਕਰਣ ਕਰ ਦਿੱਤਾ ਗਿਆ ਹੈ।

ਅਕਾਲ ਤਖ਼ਤ ਦੇ ਜਥੇਦਾਰ ਵਲੋਂ ਇਸ ਸਾਧ ਨੂੰ ਸ਼ਾਨਿ-ਖ਼ਾਲਸਾ ਦਾ ਖ਼ਿਤਾਬ ਦੇਣਾ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ। ਇਹ ਸਭ ਕੁਝ ਬੜੀ ਸੋਚੀ ਸਮਝੀ ਪਲਾਨਿੰਗ ਦੁਆਰਾ ਹੋ ਰਿਹਾ ਹੈ। ਜਥੇਦਾਰ ਵੀ ਬੈਂਕਾਕ ਜਾ ਕੇ ਸਾਧ ਦੀ ਸੋਨੇ ਦੀ ਕੁਰਸੀ ‘ਤੇ ਬਹਿ ਕੇ ਫੋਟੋ ਸੈਸ਼ਨ ਕਰਵਾਉਂਦਾ ਹੈ ਸੋ ਕਰਜ਼ਾ ਤਾਂ ਉਤਾਰਨਾ ਹੀ ਪੈਂਦਾ ਹੈ। ਪੰਜਾਬੀ ਦਾ ਅਖਾਣ ਹੈ ‘ਨਿਉਂਦੇ ਭਾਜੀਆਂ’। ਇਹ ਵੀ ਹੋ ਸਕਦੈ ਕਿ ਇਹ ਖ਼ਿਤਾਬ ਦੇਣ ਦੇ ਹੁਕਮ ‘ਉੱਪਰੋਂ’ ਆਏ ਹੋਣ। ਪਿਛਲੇ ਕੁਝ ਸਮੇਂ ਤੋਂ ਸਿੱਖ ਸਿਧਾਂਤ ਉੱਪਰ ਬਹੁਤ ਮਾਰੂ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਘਟਨਾਵਾਂ ਇਕੋ ਕੜੀ ਦਾ ਹਿੱਸਾ ਹਨ। ਵਾਰ ਵਾਰ ਇਹੋ ਜਿਹੀਆਂ ਵਾਰਦਾਤਾਂ ਕਰ ਕੇ ਆਮ ਸਿੱਖਾਂ ਦੇ ਮਨ ਚੋਂ ਸਿੱਖ ਸਿਧਾਂਤ ਨੂੰ ਪੇਤਲ਼ਾ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੁਰੂ ਸਾਹਿਬਾਨ ਨੂੰ ਰਾਸ਼ਟਰ ਦੇ ਲੈਵਲ ‘ਤੇ ਲਿਆ ਕੇ ਸਿੱਖ ਅਤੇ ਗੁਰੂ ਸਾਹਿਬ ਜੀ ਦੇ ਰੂਹਾਨੀ ਰਿਸ਼ਤੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਕਦੀ ਸਵਾਮੀ ਵਿਵੇਕਾਨੰਦ ਤੇ ਕਦੀ ਸ਼ਿਵਾ ਜੀ ਮਰਹੱਟਾ ਨਾਲ ਤੁਲਨਾ ਕਰਨੀ ਇਸ ਦਾ ਸਬੂਤ ਹੈ। ਪਿੱਛੇ ਜਿਹੇ ਤਾਂ ਦਿੱਲੀ ਦੀ ਇਕ ਸੰਸਥਾ ਨੇ ਗੁਰੂ ਸਾਹਿਬ ਜੀ ਨੂੰ ਪਰਸ਼ੂਰਾਮ ਦਾ ਅਵਤਾਰ ਗਰਦਾਨ ਦਿੱਤਾ ਸੀ। ਦਿੱਲੀ ਦੇ ਜਾਗਰੂਕ ਸਿੱਖਾਂ ਨੇ ਉਸ ਸੰਸਥਾ ਦੇ ਕਰਤਾ ਧਰਤਾ ਨੂੰ ਮੁਆਫ਼ੀ ਮੰਗਣ ਅਤੇ ਪ੍ਰੋਗਰਾਮ ਕੈਂਸਲ ਕਰਨ ਲਈ ਮਜਬੂਰ ਕਰ ਦਿੱਤਾ। ਸਾਢੇ ਤਿੰਨ ਸੌ ਸਾਲਾ ਵਾਲਾ ਚੱਕਰ ਵੀ ਇਸੇ ਕਰ ਹੀ ਚਲਾਇਆ ਗਿਆ ਹੈ।

ਸਿੱਖੋ ਸਾਵਧਾਨ ਹੋ ਜਾਉ! ਇਹ ਕਾਲ਼ੀਆਂ ਸ਼ਕਤੀਆਂ ਕੂੜ-ਕਬਾੜ ਦਾ ਸਹਾਰਾ ਲੈ ਕੇ ਸਿੱਖੀ ਦੇ ਸ਼ੁੱਧ ਸੋਨੇ ਵਿਚ ਖੋਟ ਰਲ਼ਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਲਾਜ ਇਕੋ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਘੁੱਟ ਕੇ ਫੜੀ ਰੱਖੋ, ਕੂੜ-ਕਬਾੜ ਤੋਂ ਬਚੋ। ਆਲ਼ੇ ਦੁਆਲ਼ੇ ਨਾ ਝਾਕੋ। ਚੱਕੀ ਦੀ ਕੀਲੀ ਨਾਲ ਲੱਗੇ ਹੋਏ ਦਾਣੇ ਹੀ ਬਚਣਗੇ।

ਸਤਿਗੁਰ ਭਲੀ ਕਰਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top